ਡਾ. ਗੁਲਾਮ ਮੁਸਤਫਾ ਡੋਗਰ
ਫੋਨ: 00447878132209
09417043564
ਪੰਜਾਬ ਦੇ 1947 ਵਾਲੇ ਉਜਾੜੇ ਨੂੰ 70 ਵਰ੍ਹੇ ਹੋ ਗਏ ਹਨ, ਪਰ ਇਹ ਦਰਦ ਅਜੇ ਤੱਕ ਥੰਮ੍ਹਣ ਦਾ ਨਾਂ ਨਹੀਂ ਲੈ ਰਿਹਾ। ਇਹ ਪੀੜ੍ਹੀ-ਦਰ-ਪੀੜ੍ਹੀ ਦਿਲਾਂ ਵਿਚ ਖੌਰੂ ਪਾ ਰਿਹਾ ਹੈ। ਇਸ ਬਾਰੇ ਸਾਹਿਤਕਾਰਾਂ, ਕਲਾਕਾਰਾਂ ਨੇ ਦਰਦ ਦੇ ਹੰਝੂ ਰੋਏ ਹਨ। ਚਿੱਤਰਕਾਰਾਂ ਨੇ ਵੀ ਆਪਣੀ ਕਲਾ ਕਿਰਤਾਂ ਵਿਚ ਇਸ ਦਰਦ ਨੂੰ ਬਿਆਨ ਕੀਤਾ ਹੈ। ਇਸ ਲੇਖ ਵਿਚ ਡਾ. ਗੁਲਾਮ ਮੁਸਤਫਾ ਡੋਗਰ ਨੇ 1947 ਵਿਚ ਹੋਈ ਪੰਜਾਬ ਦੀ ਵੰਡ, ਅਤੇ ਪੰਜਾਬੀਆਂ ਦੇ ਵੱਡੇ ਕਤੋਗਾਰਤ ਦੇ ਅਸਲ ਜ਼ਿੰਮੇਵਾਰਾਂ ਬਾਰੇ ਜਾਣਕਾਰੀ ਦਿੱਤੀ ਹੈ।
ਸੰਤਾਲੀ ਦੀ ਵੰਡ ਵੇਲੇ ਬਹੁਤ ਕੁਝ ਵੰਡਿਆ ਗਿਆ। ਹਿੰਦੁਸਤਾਨ ਦੇ ਕੁਝ ਸੂਬੇ ਇਸ ਤਰ੍ਹਾਂ ਵੰਡੇ ਗਏ ਕਿ ਇਨ੍ਹਾਂ ਦੇ ਕੁਝ ਹਿੱਸੇ ਪਾਕਿਸਤਾਨ ਤੇ ਕੁਝ ਭਾਰਤ ਚਲੇ ਗਏ। ਸਿੰਧ ਵੰਡਿਆ ਗਿਆ ਤੇ ਕਸ਼ਮੀਰ ਵੀ ਵੰਡਿਆ ਗਿਆ। ਪਰ ਪੰਜਾਬ ਤੇ ਬੰਗਾਲ ਦੀ ਵੰਡ ਵਿਚ ਬਹੁਤ ਕਤਲੋਗਾਰਤ ਹੋਈ। ਬੰਗਾਲ ਵਿਚ ਬੰਗਾਲੀ ਤੇ ਬਿਹਾਰੀ ਕਤਲ ਹੋਏ। ਪੰਜਾਬ ਵਿਚ ਇੰਨੇ ਪੰਜਾਬੀ ਕਤਲ ਹੋਏ ਕਿ ਅੱਜ ਦੀ ਤਾਰੀਖ ਵਿਚ ਇਸ ਦੀ ਮਿਸਾਲ ਨਹੀਂ ਮਿਲਦੀ। ਕਸ਼ਮੀਰ ਵਿਚ ਵੀ ਕਤਲੇਆਮ ਹੋਇਆ, ਪਰ ਵੱਡੇ ਪੱਧਰ ‘ਤੇ ਕਤਲੇਆਮ ਜੰਮੂ ਦੇ ਆਸ-ਪਾਸ ਦੇ ਇਲਾਕਿਆਂ ਵਿਚ ਹੋਇਆ। ਪੰਜਾਬੀਆਂ ਨੇ ਤਾਂ ਜਥੇ ਬਣਾ-ਬਣਾ ਕੇ ਇਕ ਦੂਜੇ ਨੂੰ ਰੇਲ ਗੱਡੀਆਂ ‘ਚੋਂ ਵੱਢ-ਵੱਢ ਕੇ ਤੇ ਕਾਫ਼ਲੇ ਲੁੱਟ-ਲੁੱਟ ਕੇ ਕੁੜੀਆਂ ਚੁੱਕ-ਚੁੱਕ ਕੇ ਤੇ ਛੋਟੇ ਬਾਲਾਂ ਨੂੰ ਵੀ ਅਗਵਾ ਕਰ ਕੇ ਇਕ ਦੂਜੇ ਦੀ ਤਬਾਹੀ ਕੀਤੀ। ਹਿੰਦੁਸਤਾਨ ਦੀ ਤਕਸੀਮ ਦਾ ਜ਼ਿੰਮੇਵਾਰ ਭਾਰਤ ਵਿਚ ਮੁਸਲਮਾਨਾਂ ਨੂੰ ਆਖਿਆ ਜਾਂਦਾ ਹੈ। ਪਰ ਪਾਕਿਸਤਾਨ ਵਿਚ ਕਾਂਗਰਸ ਨੂੰ ਇਹਦਾ ਦੋਸ਼ੀ ਠਹਿਰਾਇਆ ਜਾਂਦਾ ਹੈ। ਸਹੀ ਇਤਿਹਾਸ ਨੂੰ ਦੋਵਾਂ ਪਾਸੇ ਹੀ ਛੁਪਾਇਆ ਗਿਆ ਹੈ। ਪੰਜਾਬ ਤੇ ਬੰਗਾਲ ਦੀ ਤਕਸੀਮ ਪਿੱਛੇ ਮੁਸਲਮਾਨਾਂ ਦਾ ਕੋਈ ਕਸੂਰ ਨਹੀਂ ਸੀ। ਇਨ੍ਹਾਂ ਦੋਹਾਂ ਸੂਬਿਆਂ ਦੀ ਵੰਡ ਕਾਂਗਰਸ ਨੇ ਜ਼ੋਰ ਦੇ ਕੇ ਕਰਵਾਈ। ਜਦਕਿ ਮੁਸਲਿਮ ਲੀਗ ਇਨ੍ਹਾਂ ਦੋਵਾਂ ਸੂਬਿਆਂ ਨੂੰ ਹਰ ਸੂਰਤ ਵਿਚ ਇਕੱਠਾ ਰੱਖਣਾ ਚਾਹੁੰਦੀ ਸੀ। ਇਹਦੀ ਵਜਾਹ ਸਿਆਸੀ ਸੀ ਇਨਸਾਨੀ ਨਹੀਂ। 15 ਅਗਸਤ ਤੋਂ ਤਕਰੀਬਨ ਸਾਢੇ 3 ਮਹੀਨੇ ਪਹਿਲੇ 3 ਮਈ, 1947 ਨੂੰ ਮੁਹੰਮਦ ਜਿਨਾਹ, ਬੰਗਾਲ ਦੀ ਮੁਸਲਿਮ ਲੀਗ ਦੇ ਲੀਡਰ ਹੁਸੈਨ ਸ਼ਹੀਦ ਸੋਹਰਵਰਦੀ ਨੂੰ ਕਲਕੱਤੇ ਘਲਿਆ। ਤਾਂ ਜੋ ਉਹ ਉੱਥੇ ਜਾ ਕੇ ਕਾਂਗਰਸ ਦੇ ਲੀਡਰਾਂ ਨਾਲ ਗੱਲ ਕਰਕੇ ਬੰਗਾਲ ਨੂੰ ਇੱਕ ਅਣਵੰਡਿਆ ਮੁਲਕ ਰੱਖ ਕੇ ਹਕੂਮਤ ਬਣਾਈ ਜਾਵੇ ਜਿੱਥੇ ਮੁਸਲਮਾਨ ਅਤੇ ਹਿੰਦੂ ਦੋਵੇਂ ਹੋਣ। ਪਰ ਕਾਂਗਰਸ ਨੇ ਇਹ ਗੱਲ ਨਾ ਮੰਨੀ। ਉਹ ਹਰ ਸੂਰਤ ਵਿਚ ਬੰਗਾਲ ਦੀ ਵੰਡ ਚਾਹੁੰਦੇ ਸਨ। ਪੰਜਾਬ ਨੂੰ ‘ਕੱਠਿਆਂ ਰੱਖਣ ਦੇ ਮੁਸਲਿਮ ਲੀਗ ਨੇ ਬਹੁਤ ਯਤਨ ਕੀਤੇ ਖਾਸ ਤੌਰ ‘ਤੇ ਸਿੱਖਾਂ ਨੂੰ ਨਾਲ ਮਿਲਾਣ ਦੀ ਅਣਥੱਕ ਕੋਸ਼ਿਸ਼ ਕੀਤੀ। ਕਈ ਪੱਧਰਾਂ ‘ਤੇ ਕਈ ਵਕਤਾਂ ਵਿਚ ਕਈ ਮੁਸਲਿਮ ਲੀਡਰ ਇਸ ਬਾਰੇ ਕੋਸ਼ਿਸ਼ ਕਰਦੇ ਰਹੇ। ਖੁLਦ ਮਿਸਟਰ ਜਿਨਾਹ ਨੇ ਵੀ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨਾਲ ਕਈ ਮੁਲਾਕਾਤਾਂ ਕੀਤੀਆਂ। ਪਰ ਅਕਾਲੀ ਦਲ ਦੇ ਲੀਡਰ ਮਾਸਟਰ ਤਾਰਾ ਸਿੰਘ ਨਹੀਂ ਮੰਨੇ। ਮੇਜਰ ਸ਼ਾਰਟ ਤੇ ਪੈਨਡਰਲ ਮੂਨ ਬ੍ਰਿਟਿਸ਼ ਫ਼ੌਜ ਦੇ ਅਫ਼ਸਰ ਸਨ ਤੇ ਸਿੱਖਾਂ ਨਾਲ ਬੜੀ ਹਮਦਰਦੀ ਰੱਖਦੇ ਸਨ। ਉਨ੍ਹਾਂ ਸਿੱਖਾਂ ਨੂੰ ਬਹੁਤ ਵਾਰ ਸਮਝਾਇਆ ਕਿ ਉਹ ਪੰਜਾਬ ਨੂੰ ਇਕੱਠਾ ਰੱਖਣ ਲਈ ਮੁਸਲਮਾਨ ਲੀਗ ਦੇ ਨਾਲ ਗੱਲ-ਬਾਤ ਕਰਨ। ਪਰ ਬਲਦੇਵ ਸਿੰਘ ਤੇ ਮਾਸਟਰ ਤਾਰਾ ਸਿੰਘ ਇਸ ਪਾਸੇ ਨਹੀਂ ਆਏ। ਸਿੱਖ ਲੀਡਰ ਜ਼ਿਹਨੀ ਤੌਰ ‘ਤੇ ਭੰਬਲ-ਭੂਸੇ ਵਿਚ ਪਏ ਰਹੇ। ਇਸ ਤੋਂ ਇਲਾਵਾ ਇਨ੍ਹਾਂ ਕੋਲ ਇਕ ਕੌਮ ਦੇ ਭਵਿੱਖ ਵਾਸਤੇ ਕੋਈ ਅਮਲੀ ਮਨਸੂਬਾ ਵੀ ਸਿਰੇ ਤੋਂ ਨਹੀਂ ਸੀ। ਇਹ ਲੀਡਰ ਨਾ ਨਨਕਾਣਾ ਸਾਹਿਬ ਛੱਡਣਾ ਚਾਹੁੰਦੇ ਸਨ ਤੇ ਨਾ ਹੀ ਲਾਹੌਰ, ਪੰਜਾ ਸਾਹਿਬ ਨੂੰ ਵੀ ਆਪਣੇ ਕੋਲ ਰੱਖਣਾ ਚਾਹੁੰਦੇ ਸਨ ਤੇ ਅੰਮ੍ਰਿਤਸਰ ਨੂੰ ਵੀ। ਪਾਕਿਸਤਾਨ ਬਣਿਆ ਤੇ 70 ਲੱਖ ਤੋਂ ਜ਼ਿਆਦਾ ਮੁਸਲਮਾਨ ਆਪਣੇ ਘਰ-ਬਾਰ ਛੱਡ ਕੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਆ ਗਏ। ਸਿੱਖਾਂ ਨਾਲ ਵੀ ਇੰਝ ਹੀ ਹੋਇਆ। 17 ਲੱਖ ਸਿੱਖ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਆ ਗਏ, ਜੋ ਸਿੱਖਾਂ ਦੀ ਕੁਲ ਆਬਾਦੀ ਦਾ 30% ਸੀ। ਪਰ ਇਨ੍ਹਾਂ ਦੋਹਾਂ ਦੇ ਮਕਸਦ ਨੂੰ ਹਾਸਲ ਕਰਨ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। 8 ਮਈ, 1947 ਨੂੰ ਜਦੋਂ ਪੰਜਾਬ ਦੀ ਤਕਸੀਮ ਸਿਰ ‘ਤੇ ਆ ਪਹੁੰਚੀ, ਮਹਾਰਾਜਾ ਪਟਿਆਲਾ ਤੇ ਬਲਦੇਵ ਸਿੰਘ ਇੱਕ ਫਿੱਕਾ ਜਿਹਾ ਮਨਸੂਬਾ ਮਾਊਂਟਬੈਟਨ ਕੋਲ ਲੈ ਕੇ ਗਏ। ਉਸ ਨੂੰ ਕਹਿਣ ਲੱਗੇ ਕਿ ਪੰਜਾਬ ਦੀ ਵੰਡ ਸਿੱਖਾਂ ਦੇ ਧਰਮ ਸਥਾਨ ਤੇ ਜ਼ਮੀਨ ਦੀ ਮਲਕੀਅਤ ਉੱਤੇ ਹੋਣੀ ਚਾਹੀਦੀ ਹੈ। ਮਾਊਂਟਬੈਟਨ ਨੇ ਇਹ ਗੱਲ ਸਮਝਾਈ ਕਿ ਸਿੱਖ ਲਹਿੰਦੇ ਪੰਜਾਬ ਵਿਚ ਸਿਰਫ਼ 8% ਨੇ। ਉੱਥੇ ਵੱਡੀ ਗਿਣਤੀ ਮੁਸਲਮਾਨਾਂ ਦੀ ਹੋਣ ਕਾਰਨ ਹਕੂਮਤ ਨਹੀਂ ਦਿੱਤੀ ਜਾ ਸਕਦੀ। ਅਸਲ ਵਿਚ ਇੰਝ ਹੀ ਹੈ ਕਿ ਸਿੱਖ ਪੂਰੇ ਪੰਜਾਬ ਵਿਚ ਸਿਵਾਏ ਰਿਆਸਤ ਫ਼ਰੀਦਕੋਟ ਦੇ ਹੋਰ ਕਿਸੇ ਵੀ ਜ਼ਿਲ੍ਹੇ ਵਿਚ ਇਨ੍ਹਾਂ ਦੀ ਬਹੁਗਿਣਤੀ ਨਹੀਂ ਸੀ। ਇਹ 50% ਤੋਂ ਉੱਪਰ ਨਹੀਂ ਸਨ। ਸਿਰਫ਼ ਫ਼ਰੀਦਕੋਟ ਵਿਚ ਇਹ 57% ਸਨ। ਪੂਰੇ ਪੰਜਾਬ ਵਿਚ ਸਿੱਖਾਂ ਦੀ ਆਬਾਦੀ ਕੁਲ ਪੰਜਾਬ ਦੀ ਆਬਾਦੀ ਦਾ 14% ਸੀ। ਲਾਹੌਰ, ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਨੂੰ ਉਹ ਛੱਡਣਾ ਨਹੀਂ ਸਨ ਚਾਹੁੰਦੇ। ਪੰਜਾ ਸਾਹਿਬ ਰਾਵਲ ਪਿੰਡੀ ਜ਼ਿਲ੍ਹੇ ਵਿਚ ਸੀ, ਜਿੱਥੇ ਸਿੱਖ ਆਬਾਦੀ ਸਿਰਫ਼ 8% ਸੀ। ਇਸਦੇ ਨਾਲ ਲੱਗਦੇ ਜ਼ਿਲਿ੍ਹਆਂ ਵਿਚ ਸਿੱਖਾਂ ਦੀ ਆਬਾਦੀ ਹੋਰ ਵੀ ਘੱਟ ਸੀ। ਜਿਵੇਂ ਜ਼ਿਲ੍ਹਾ ਅਟਕ ਵਿਚ 3%, ਜੇਹਲਮ 4%, ਮੀਆਂਵਾਲੀ 1%, ਗੁਜਰਾਤ 6%, ਸਰਗੋਧਾ 5%, ਝੰਗ ਵਿਚ 1%। ਜਿੱਥੇ ਨਨਕਾਣਾ ਸਾਹਿਬ ਸੀ, ਯਾਨੀ ਜ਼ਿਲ੍ਹਾ ਸ਼ੇਖੂਪੁਰਾ, ਉੱਥੇ ਸਿੱਖ ਸਿਰਫ਼ 18.86% ਹੀ ਸਨ। ਲਾਹੌਰ ਨੂੰ ਰਣਜੀਤ ਸਿੰਘ ਦੀ ਹਕੂਮਤ ਦੇ ਕਾਰਨ ਇਹ ਛੱਡਣਾ ਨਹੀਂ ਚਾਹੁੰਦੇ ਸਨ। ਪਰ ਉੱਥੇ ਵੀ ਸਿੱਖਾਂ ਦੀ ਆਬਾਦੀ ਸਿਰਫ਼ 18.32% ਸੀ। 11%। ਸਿਆਲਕੋਟ ਵਿਚ ਮੁਸਲਮਾਨ ਲੋਕ ਅੱਡ ਮੁਲਕ ਮੰਗਦੇ ਸਨ। ਪਰ ਉਨ੍ਹਾਂ ਇਹ ਨਹੀਂ ਕਿਹਾ ਕਿ ਉਹ ਨਾ ਦਿੱਲੀ ਛੱਡਣਾ ਚਾਹੁੰਦੇ ਨੇ, ਨਾ ਸਰਹੰਦ ਸ਼ਰੀਫ਼ ਤੇ ਨਾ ਅਜਮੇਰ। ਉਨ੍ਹਾਂ ਸਭ ਕੁਝ ਛੱਡਿਆ ਤੇ ਇੱਕ ਪਾਸੇ ਹੋ ਕੇ ਅੱਡ ਮੁਲਕ ਲੈ ਲਿਆ। ਸਿੱਖ ਲੀਡਰ ਜ਼ਮੀਨ ਦੀਆਂ ਹਕੀਕਤਾਂ ਤੋਂ ਵਾਕਿਫ ਨਹੀਂ ਸਨ। ਉਹ ਅੱਖਾਂ ਬੰਦ ਕਰਕੇ ਬੈਠੇ ਰਹੇ। ਮੁਸਲਮਾਨਾਂ ਨੇ ਕਪੂਰਥਲਾ ਰਿਆਸਤ ਵੀ ਛੱਡੀ ਜਿੱਥੇ ਉਹ ਬਹੁਗਿਣਤੀ ਵਿਚ ਸਨ, ਯਾਨੀ 57%, ਸਿੱਖ ਤੇ ਉੱਥੇ ਸਿਰਫ਼ 23% ਹੀ ਸਨ। ਮੁਸਲਮਾਨਾਂ ਗੁਰਦਾਸਪੁਰ ਵੀ ਛੱਡਿਆ ਜਿੱਥੇ ਇਹ 51.14% ਸਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਮੁਸਲਮਾਨ 47%, ਜਲੰਧਰ ਵਿਚ 45%, ਫ਼ਿਰੋਜ਼ਪੁਰ ਵਿਚ 45%, ਮਲੇਰਕੋਟਲਾ ਵਿਚ 39%, ਲੁਧਿਆਣੇ ਵਿਚ 37%, ਹੁਸ਼ਿਆਰਪੁਰ ਵਿਚ 33%, ਦਿੱਲੀ ਵਿਚ 33%, ਫ਼ਰੀਦਕੋਟ ਵਿਚ 31% ਤੇ ਕਰਨਾਲ ਵਿਚ 31% ਸਨ। ਸਿੱਖ ਲੀਡਰਸ਼ਿਪ ਕੋਈ ਕੌੜਾ ਘੁੱਟ ਪੀਣ ਨੂੰ ਤਿਆਰ ਨਹੀਂ ਸੀ ਤੇ ਨਾ ਹੀ ਇਨ੍ਹਾਂ ਆਪਣੀ ਕੌਮ ਨੂੰ ਇਸ ਗੱਲ ਵਾਸਤੇ ਤਿਆਰ ਕੀਤਾ। ਇਨ੍ਹਾਂ ਆਪਣੇ ਆਪ ਨੂੰ ਖਿਲਾਰ ਕੇ ਰੱਖਿਆ ਤੇ ਕੱਠੇ ਹੋਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਮੁਸਲਮਾਨਾਂ ਨੇ ਕੀਤੀ ਸੀ। ਨਤੀਜਾ ਤੁਹਾਡੇ ਸਾਹਮਣੇ ਹੀ ਹੈ। ਮੁਸਲਮਾਨ ਪੂਰੇ ਪੰਜਾਬ ਵਿਚ 53% ਸਨ ਤੇ ਹਿੰਦੂ 30%, ਸਿੱਖ 14% ਆਬਾਦੀ ਦੇ ਨਾਲ ਤੀਜੀ ਧਿਰ ਸਨ। ਬਾਕੀ ਛੋਟੇ ਧਰਮ 2% ਦੇ ਕਰੀਬ ਸਨ। ਲਹਿੰਦੇ ਪੰਜਾਬ ਵਿਚ ਸਿੱਖ ਸਿਰਫ਼ ਸ਼ੇਖੁਪੂਰਾ ਜ਼ਿਲ੍ਹੇ ਵਿਚ ਹੀ 18.85% ਦੇ ਨਾਲ ਵੱਡੀ ਗਿਣਤੀ ਵਿਚ ਸਨ। ਉਹ ਵੀ ਵਿਰਕ ਸਿੱਖਾਂ ਦੀ ਆਬਾਦੀ ਤੇ ਨਨਕਾਣਾ ਸਾਹਿਬ ਦੀ ਵਜ੍ਹਾ ਨਾਲ। ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਵਿਚ ਸਿੱਖਾਂ ਦੀ ਆਬਾਦੀ ਜ਼ਿਆਦਾ ਨਹੀਂ ਸੀ। ਮੁਸਲਮਾਨਾਂ ਤੇ ਸਿੱਖਾਂ ਦੋਵਾਂ ਕੌਮਾਂ ਨੇ ਇੱਕ ਝੂਠਾ ਖੁਆਬ ਆਪਣੇ ਦਿਮਾਗ ਵਿਚ ਬਿਠਾਇਆ ਹੋਇਆ ਸੀ। ਸਿੱਖ ਪੱਕੇ ਪੈਰੀਂ ਦਾਅਵਾ ਕਰਦੇ ਸਨ ਕਿ ਪੰਜਾਬ ਦੀ ਹਕੂਮਤ ਅੰਗਰੇਜ਼ਾਂ ਨੇ ਸਿੱਖਾਂ ਕੋਲੋਂ ਲਈ ਸੀ। ਇਸ ਵਾਸਤੇ ਪੰਜਾਬ ਛੱਡਣ ਤੋਂ ਬਾਅਦ ਵਾਪਿਸ ਪੰਜਾਬ ਦੀ ਹਕੂਮਤ ਸਿੱਖਾਂ ਨੂੰ ਹੀ ਮਿਲਣੀ ਚਾਹੀਦੀ ਹੈ। ਆਮ ਸਿੱਖ ਆਵਾਮ ਇਹ ਗੱਲ ਆਪਸ ਵਿਚ ਜ਼ਰੂਰ ਕਰਦੀ ਸੀ। ਦੂਜੇ ਪਾਸੇ ਮੁਸਲਮਾਨਾਂ ਦਾ ਖਿਆਲ ਸੀ ਕਿ ਹਿੰਦੁਸਤਾਨ ਦੀ ਹਕੂਮਤ ਅੰਗਰੇਜ਼ਾਂ ਨੇ ਮੁਸਲਮਾਨਾਂ ਕੋਲੋਂ ਖੋਹੀ ਸੀ। ਇਸ ਵਾਸਤੇ ਇਹ ਵਾਪਿਸ ਉਨ੍ਹਾਂ ਨੂੰ ਹੀ ਮਿਲਣੀ ਚਾਹੀਦੀ ਹੈ। ਇਹ ਦਰਿਆਵਾਂ ਵਿਚ ਵਗੇ ਹੋਏ ਪਾਣੀ ਨੂੰ ਵਾਪਿਸ ਲਿਆਉਣ ਵਾਲੀ ਗੱਲ ਸੀ। ਦੁਨੀਆਂ ਵਿਚ ਇਹ ਕੰਮ ਕਦੇ ਨਹੀਂ ਹੁੰਦਾ। ਉਸ ਵਕਤ ਦੇ ਹਾਲਾਤ ਵਿਚ ਇੱਕ ਨਵਾਂ ਸਿਆਸੀ ਨਿਜ਼ਾਮ ਆ ਚੁੱਕਿਆ ਸੀ ਜਿਸ ਨੂੰ ਲੋਕਤੰਤਰ ਕਹਿੰਦੇ ਸੀ। ਇਸ ਵਿਚ ਰਾਜ ਬਹੁਗਿਣਤੀਆਂ ਨੂੰ ਹੀ ਮਿਲਦਾ ਸੀ ਤੇ ਭਾਰਤ ਵਿਚ ਬਹੁਗਿਣਤੀ ਸਿਰਫ਼ ਹਿੰਦੂ ਧਰਮ ਵਾਲਿਆਂ ਦੀ ਸੀ ਜੋ ਕੋਈ 80% ਦੇ ਕਰੀਬ ਸੀ। ਮੁਸਲਮਾਨਾਂ ਨੂੰ ਇਸ ਗੱਲ ਦੀ ਛੇਤੀ ਸਮਝ ਆ ਗਈ ਕਿਉਂਕਿ ਉਨ੍ਹਾਂ ਦੇ ਸਾਰੇ ਲੀਡਰ ਵਲਾਇਤ ਦੇ ਪੜ੍ਹੇ-ਲਿਖੇ ਸਨ। ਉਹ ਭਾਵੇਂ ਮੁਹੰਮਦ ਜਿਨਾਹ ਹੋਵੇ ਜਾਂ ਲਿਆਕਤ ਅਲੀ ਖਾਂ ਤੇ ਯਾਂ ਮਸ਼ਹੂਰ ਸ਼ਾਇਰ ਡਾ. ਇਕਬਾਲ ਜੋ ਕਿ ਬ੍ਰਾਹਮਣ ਖਾਨਦਾਨ ਨਾਲ ਤੁਅੱਲਕ ਰੱਖਦਾ ਸੀ। ਇਸ ਵਾਸਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਅੰਗਰੇਜ਼ਾਂ ਦੇ ਹੁੰਦਿਆਂ ਜੋ ਕੁਝ ਲੱਭਦਾ ਹੈ, ਲੈ ਲਉ। ਜਿਨਾਹ ਵੈਸੇ ਵੀ ਟੀ.ਬੀ. ਦਾ ਸ਼ਿਕਾਰ ਹੋ ਗਿਆ ਸੀ, ਜਿਸਦਾ ਉਸ ਸਮੇਂ ਕੋਈ ਇਲਾਜ ਨਹੀਂ ਸੀ। ਪਾਕਿਸਤਾਨ ਬਣਨ ਤੋਂ ਇਕ ਸਾਲ ਬਾਅਦ ਹੀ ਉਹ ਇਸ ਦੁਨੀਆਂ ਤੋਂ ਚਲਾ ਗਿਆ। ਦੂਜੇ ਪਾਸੇ ਸਿੱਖਾਂ ਦੀ ਲੀਡਰਸ਼ਿਪ ਇਕ ਮਾਸਟਰ ਸਾਹਿਬ ਕੋਲ ਸੀ ਦੂਜੇ ਬਲਦੇਵ ਸਿੰਘ ਸਨ।
ਸਿੱਖ ਲੀਡਰਸ਼ਿਪ ਕੋਈ ਫ਼ੈਸਲਾ ਨਾ ਕਰ ਸਕੀ ਅਤੇ ਬਾਕੀ ਸਿੱਖ ਕੌਮ ਵੀ ਇਸੇ ਭੁਲੇਖੇ ਵਿਚ ਰਹੀ। ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੇ ਦਰਬਾਰ ਵਿਚ ਮਹਿੰਦਰਗੜ੍ਹ ਦਾ ਇਕ ਜਿਉਤਸ਼ੀ ਮੁਲਾਜ਼ਮ ਰੱਖਿਆ ਹੋਇਆ ਸੀ ਜਿਸ ਨੇ ਰਾਜੇ ਨੂੰ ਭੁਲੇਖੇ ਵਿਚ ਪਾਇਆ ਸੀ ਕਿ ਪੁਰਾਣੀਆਂ ਕਿਤਾਬਾਂ ਅਨੁਸਾਰ ਇੱਕ ਸਿੱਖ ਲੀਡਰ ਆਉਣ ਵਾਲਾ ਹੈ, ਜਿਹੜਾ ਸਿੱਖਾਂ ਨੂੰ ਦੁਬਾਰਾ ਇਕੱਠਾ ਕਰਕੇ ਇਨ੍ਹਾਂ ‘ਤੇ ਹਕੂਮਤ ਕਰੇਗਾ। ਮਹਾਰਾਜਾ ਯਾਦਵਿੰਦਰ ਸਿੰਘ ਨੇ ਇਹ ਗੱਲ ਆਪਣੇ ਜ਼ਿਹਨ ਵਿਚ ਰੱਖ ਲਈ। ਉਹ ਇਹ ਸਮਝਦਾ ਰਿਹਾ ਇੱਕ ਸਿੱਖ ਮੁਲਕ ਬਣਨਾ ਹੈ ਜਿਸਦਾ ਉਹ ਹੁਕਮਰਾਨ ਹੋਏਗਾ। ਇਤਿਹਾਸ ਵਿਚ ਮਿਸਟਰ ਜਿਨਾਹ ਤੇ ਲਿਆਕਤ ਅਲੀ ਖਾਨ ਦੀਆਂ ਕੁਝ ਮੁਲਾਕਾਤਾਂ ਦਾ ਵੇਰਵਾ ਮਿਲਦਾ ਹੈ, ਜੋ ਸਿੱਖ ਲੀਡਰਸ਼ੀਪ ਨਾਲ ਹੋਈਆਂ। ਮਾਸਟਰ ਤਾਰਾ ਸਿੰਘ, ਮਹਾਰਾਜਾ ਪਟਿਆਲਾ, ਬਲਦੇਵ ਸਿੰਘ ਤੇ ਪਟਿਆਲਾ ਰਿਆਸਤ ਦੇ ਪ੍ਰਧਾਨ ਹਰਦਿਤ ਮਲਿਕ ਨਾਲ ਮੁਹੰਮਦ ਜਿਨਾਹ ਦੀਆਂ ਕੁਝ ਮੀਟਿੰਗਾਂ ਹੋਈਆਂ। ਪਹਿਲੀ ਮੀਟਿੰਗ 2 ਅਪ੍ਰੈਲ, 1946 ਨੂੰ ਦਿੱਲੀ ਵਿਚ ਹੋਈ। ਦੂਜੀ 5 ਅਪ੍ਰੈਲ, 1946 ਨੂੰ ਮਹਾਰਾਜਾ ਪਟਿਆਲਾ ਨਾਲ, ਜਿਸ ਵਿਚ ਮੁਹੰਮਦ ਜਿਨਾਹ ਨਾਲ ਲਿਆਕਤ ਅਲੀ ਖਾਂ ਵੀ ਸਨ। ਮਿਸਟਰ ਐਸ.ਐਸ. ਬੱਲ ਦਾ ਖਿਆਲ ਹੈ ਕਿ 5 ਅਪ੍ਰੈਲ, 1946 ਨੂੰ ਜੋ ਮੀਟਿੰਗ ਇਨ੍ਹਾਂ ਲੀਡਰਾਂ ਨਾਲ ਹੋਈ ਉਹ ਹਰਦਿਤ ਮਲਿਕ ਜੋ ਕਿ ਪਰਾਈਮ ਮਨਿਸਟਰ ਸੀ ਪਟਿਆਲਾ ਰਿਆਸਤ ਦਾ, ਉਸਦੇ ਭਰਾ ਹਰਜੀਤ ਮਲਿਕ ਦੇ ਘਰ ਹੋਈ ਜੋ ਇੱਕ ਇੰਜੀਨੀਅਰ ਸੀ। ਜਿਨਾਹ ਨੇ ਸਿੱਖ ਲੀਡਰਾਂ ਨੂੰ ਆਫ਼ਰ ਦਿੱਤੀ ਕਿ ਉਹ ਸਿੱਖ ਕੌਮ ਦੀਆਂ ਮੰਗਾਂ ਇਕ ਕਾਗਜ਼ ‘ਤੇ ਲਿਖ ਲਿਆਉਣ, ਜਿਸ ‘ਤੇ ਉਹ ਖ਼ੁਦ ਦਸਤਖ਼ਤ ਕਰੇਗਾ। ਉਨ੍ਹਾਂ ਨੇ ਮਿਸਰ ਦੇ ਜਗਲੂਲਪਾਸ਼ਾ ਐਗਰੀਮੈਂਟ ਦਾ ਹਵਾਲਾ ਦਿੱਤਾ ਜੋ ਉਨ੍ਹਾਂ ਮਿਸਰ ਦੇ ਇਸਾਈਆਂ ਨਾਲ ਕੀਤਾ ਸੀ। ਮਿਸਰ ਦੇ ਇਸਾਈਆਂ ਨੂੰ ਵੀ ਉਨ੍ਹਾਂ ਇਹੀ ਕਿਹਾ ਕਿ ਆਪਣੀਆਂ ਮੰਗਾਂ ਕਾਗਜ਼ ‘ਤੇ ਲਿਖ ਲਿਆਉ ਮੈਂ ਉਨ੍ਹਾਂ ‘ਤੇ ਦਸਤਖ਼ਤ ਕਰ ਦੇਵਾਂਗਾ। ਸਿੱਖ ਲੀਡਰਸ਼ਿਪ ਨੇ ਕਿਹਾ ਕਿ ਤੁਹਾਡੇ ਤੋਂ ਬਾਅਦ ਸਾਡੀ ਗੱਲ ਜੇ ਕਿਸੇ ਨਾ ਮੰਨੀ ਤਾਂ ਜਿਨਾਹ ਨੇ ਕਿਹਾ ਕਿ ਮੁਸਲਮਾਨ ਮੈਨੂੰ ਪੈਗੰਬਰ ਤੇ ਨਬੀ ਵਾਂਗੂੰ ਮੰਨਦੇ ਨੇ ਤੇ ਉਹ ਇਸ ਗੱਲ ਨੂੰ ਇਨਕਾਰ ਨਹੀਂ ਕਰਨਗੇ। ਮਈ, 1947 ਵਿਚ ਇੱਕ ਹੋਰ ਮੀਟਿੰਗ ਮਹਾਰਾਜਾ ਪਟਿਆਲਾ ਨਾਲ ਹੋਈ। ਉਹਦੇ ਵਿਚ ਮਹਾਰਾਜਾ ਨੇ ਸਿੱਖਾਂ ਵਾਸਤੇ ਅਲੱਗ ਮੁਲਕ ਦੀ ਮੰਗ ਕੀਤੀ। ਜਿਨਾਹ ਨੇ ਕਿਹਾ ਕਿ ਸਿੱਖ ਪੰਜਾਬ ਦਾ ਹਿੱਸਾ ਬਣ ਕੇ ਪਾਕਿਸਤਾਨ ਦੇ ਨਾਲ ਰਹਿਣ। ਮਾਊਂਟਬੈਟਨ ਨੇ ਵੀ ਮੁਸਲਿਮ ਲੀਗ ਤੇ ਸਿੱਖ ਲੀਡਰਾਂ ਦੀ ਆਪਸ ਵਿਚ ਮੁਲਾਕਾਤ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਮਿਸਟਰ ਏਰਿਕ ਮਿਊਲ ਦੀ ਇਸ ਕੰਮ ਵਾਸਤੇ ਡਿਊਟੀ ਵੀ ਲਾਈ। ਮਹਾਰਾਜਾ ਪਟਿਆਲਾ ਨੇ ਮਿਸਟਰ ਜਿਨਾਹ ਦੀ ਪੇਸ਼ਕਸ਼ ਨੂੰ ਸਾਫ਼ ਠੁਕਰਾ ਦਿੱਤਾ।
ਪਰ ਇਸ ਗੱਲ ਨੂੰ ਅਸੀਂ ਇੱਥੇ ਹੀ ਛੱਡ ਦਿੰਦੇ ਹਾਂ ਕਿਉਂਕਿ ਅਸੀਂ ਸਿਰਫ਼ ਇਹ ਵੇਖਣਾ ਹੈ ਕਿ ਅਸਲ ਵਿਚ ਹੋਇਆ ਕੀ ਸੀ। ਪੰਜਾਬ ਦੀ ਵੰਡ ਦੇ ਜ਼ਿੰਮੇਵਾਰ ਕੌਣ ਸਨ, ਨਵੀਂ ਨਸਲ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਜਦੋਂ ਪੰਜਾਬ ਨੂੰ ਇਕੱਠਾ ਰੱਖਣ ਦੀ ਕੋਈ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਗਵਰਨਰ ਪੰਜਾਬ ਈ.ਐਮ. ਜੈਨਕੀਨਸ ਨੇ ਪੰਜਾਬ ਦੇ ਅਸੈਂਬਲੀ ਮੈਂਬਰਾਂ ਨੂੰ ਕਿਹਾ ਕਿ ਤੁਸੀਂ ਖ਼ੁਦ ਇਕੱਠੇ ਹੋ ਕੇ ਫ਼ੈਸਲਾ ਕਰ ਲਵੋ ਕਿ ਤੁਸੀਂ ਪੰਜਾਬ ਨੂੰ ਇਕੱਠਾ ਰੱਖਣਾ ਹੈ ਜਾਂ ਵੰਡਣਾ ਹੈ। ਇਹ ਫ਼ੈਸਲਾ ਪੰਜਾਬ ਅਸੈਂਬਲੀ ਦੇ ਹਿੰਦੂ, ਸਿੱਖ ਤੇ ਮੁਸਲਮਾਨ ਮੈਂਬਰਾਂ ਨੇ ਕਰਨਾ ਸੀ। ਜੇ ਤਾਂ ਸਿੱਧੇ-ਸਿੱਧੇ ਵੋਟ ਪੈਂਦੇ ਤੇ ਫ਼ੈਸਲਾ ਬੜਾ ਆਸਾਨ ਸੀ। ਕੁੱਲ 175 ਮੈਂਬਰ ਸਨ ਜਿਨ੍ਹਾਂ ਵਿਚ 73 ਮੁਸਲਮਾਨ ਸਨ। 51 ਹਿੰਦੂ ਸਨ ਤੇ 22 ਅਕਾਲੀ ਦਲ ਦੇ। 19 ਮੈਂਬਰ ਯੂਨਿਸ ਪਾਰਟੀ ਦੇ ਸਨ ਜਿਨ੍ਹਾਂ ਵਿਚ ਹਿੰਦੂ, ਸਿੱਖ ਤੇ ਮੁਸਲਮਾਨ ਸਾਰੇ ਸ਼ਾਮਿਲ ਸਨ। 11 ਆਜ਼ਾਦ ਮੈਂਬਰ ਸਨ ਜਿਨ੍ਹਾਂ ਵਿਚ ਮੁਸਲਮਾਨ, ਸਿੱਖ ਤੇ ਹਿੰਦੂ ਤਿੰਨੋਂ ਸਨ। ਮੁਸਲਿਮ ਲੀਗ ਵਾਲੇ ਪੰਜਾਬ ਨੂੰ ਇਕੱਠਾ ਰੱਖਣਾ ਚਾਹੁੰਦੇ ਸਨ। ਯੂਨਿਸ ਪਾਰਟੀ ਦੀ ਪਹਿਲਾਂ ਹੀ ਪੰਜਾਬ ਨੂੰ ਇਕੱਠਾ ਰੱਖਣ ਦੀ ਖਾਹਿਸ਼ ਸੀ। ਇਸ ਵਾਸਤੇ 73 ਮੁਸਲਿਮ ਲੀਗ ਅਤੇ 9 ਮੈਂਬਰ ਮੁਸਲਮਾਨ ਯੂਨਿਸ ਪਾਰਟੀ ਦੇ, 2 ਆਜ਼ਾਦ ਮੁਸਲਿਮ ਮੈਂਬਰ ਤੇ 5 ਮੁਸਲਿਮ ਮੈਂਬਰ ਸਪੈਸ਼ਲ ਸੀਟਾਂ ਵਾਲੇ। ਇੱਕ ਮੁਸਲਮਾਨ ਕਾਂਗਰਸ ਦਾ ਮੈਂਬਰ ਸੀ। ਪੰਜਾਬ ਵਿਚ ਦੋ ਇਸਾਈ ਮੈਂਬਰ ਵੀ ਸਨ। ਕੁੱਲ 92 ਮੈਂਬਰ।
92 ਮੈਂਬਰ ਪੰਜਾਬ ਦੀ ਅਸੈਂਬਲੀ ਵਿਚ 50% ਤੋਂ ਜ਼ਿਆਦਾ ਵੋਟ ਰੱਖਦੇ ਸਨ। ਇਸ ਲਈ ਜੇ ਸਿੱਧੇ ਤੌਰ ‘ਤੇ ਵੋਟ ਪੈਂਦੇ ਤਾਂ ਪੰਜਾਬ ਇਕੱਠਾ ਰਹਿ ਸਕਦਾ ਸੀ। ਪਰ ਅੰਗਰੇਜ਼ਾਂ ਨੇ ਹੁਸ਼ਿਆਰੀ ਤੇ ਚਲਾਕੀ ਕੀਤੀ ਤੇ ਉਨ੍ਹਾਂ ਜਮਾਤਾਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਜਿਹੜੀਆਂ ਪੰਜਾਬ ਨੂੰ ਇਕੱਠਾ ਨਹੀਂ ਸੀ ਦੇਖਣਾ ਚਾਹੁੰਦੀਆਂ। ਉਨ੍ਹਾਂ ਨੇ ਇੱਕ ਚਾਲ ਚੱਲ ਕੇ ਇੱਕ ਤਰੀਕਾ ਸਾਹਮਣੇ ਲਿਆਂਦਾ ਜੋ 3 ਜੂਨ 1947 ਨੂੰ ਗਵਰਨਰ ਪੰਜਾਬ ਈ.ਐਮ. ਜੈਨਕੀਨਸ ਦੇ ਇੱਕ ਬਿਆਨ ਨੇ ਸਪਸ਼ਟ ਕੀਤਾ। ਜਿਸ ਤਹਿਤ ਇੱਕ ਇਜਲਾਸ 23 ਜੂਨ ਤੇ ਦੂਜਾ 4 ਜੁਲਾਈ, 1947 ਨੂੰ ਹੋਇਆ। ਪੰਜਾਬ ਅਸੈਂਬਲੀ ਦੇ ਮੁਸਲਮਾਨ ਮੈਂਬਰ ਚਾਹੇ ਉਹ ਮੁਸਲਿਮ ਲੀਗ ਨਾਲ ਸੰਬੰਧ ਰੱਖਦੇ ਸਨ ਜਾਂ ਯੂਨਿਸ ਪਾਰਟੀ ਨਾਲ ਤੇ ਜਾਂ ਆਜ਼ਾਦ, ਸਾਰੇ ਪੰਜਾਬ ਨੂੰ ਇਕੱਠਾ ਰੱਖਣਾ ਚਾਹੁੰਦੇ ਸਨ। ਪਰ ਦੂਸਰੇ ਪਾਸੇ ਕਾਂਗਰਸ ਤੇ ਅਕਾਲੀ ਦਲ ਦੇ ਮੈਂਬਰ ਹਰ ਕੀਮਤ ‘ਤੇ ਪੰਜਾਬ ਨੂੰ ਵੰਡਣਾ ਚਾਹੁੰਦੇ ਸਨ। ਗਵਰਨਰ ਨੇ ਹੁਕਮ ਦਿੱਤਾ ਕਿ ਪੰਜਾਬ ਅਸੈਂਬਲੀ ਦੇ ਮੈਂਬਰਾਂ ਨੂੰ ਦੋ ਹਿੱਸਿਆਂ ਵਿਚ ਤਕਸੀਮ ਕਰ ਦਿੱਤਾ ਜਾਵੇ। ਇੱਕ ਹਿੱਸੇ ਵਿਚ ਚੜ੍ਹਦੇ ਪੰਜਾਬ ਦੇ ਮੈਂਬਰ ਇਕੱਠੇ ਕੀਤੇ ਜਾਣ ਜਿਸ ਵਿਚ ਅੱਜ ਦੇ ਹਿਮਾਚਲ ਪ੍ਰਦੇਸ਼, ਹਰਿਆਣਾ, ਗੁਰਦਾਸਪੁਰ ਤੋਂ ਫ਼ਿਰੋਜ਼ਪੁਰ ਦੀ ਹੱਦ ਤੱਕ। ਦੂਸਰੇ ਹਿੱਸੇ ਵਿਚ ਲਹਿੰਦੇ ਪੰਜਾਬ ਦੇ ਮੈਂਬਰ ਇਕੱਠੇ ਕੀਤੇ ਜਾਣ ਜੋ ਗੁਰਦਾਸਪੁਰ ਤੋਂ ਲਹਿੰਦੇ ਵਾਲੇ ਪਾਸੇ ਅਟਕ ਤੱਕ ਤੇ ਦੱਖਣ ਵਾਲੇ ਪਾਸੇ ਮੁਲਤਾਨ ਤੇ ਡੇਰਾ ਗਾਜ਼ੀਖਾਨ ਤੱਕ। ਦੋਵਾਂ ਹਿੱਸਿਆਂ ਦੇ ਮੈਂਬਰਾਂ ਦੇ ਅਲਿਹਦਾ-ਅਲਿਹਦਾ ਵੋਟ ਪਵਾਏ ਜਾਣ। ਜੇ ਪੰਜਾਬ ਅਸੈਂਬਲੀ ਦੇ ਦੋਵੇਂ ਹਿੱਸਿਆਂ ਦੇ ਮੈਂਬਰ ਅਲਿਹਦਾ-ਅਲਿਹਦਾ ਵੋਟ ਪਵਾ ਕੇ ਕਹਿਣ ਕਿ ਪੰਜਾਬ ਵੰਡਿਆ ਨਹੀਂ ਜਾਣਾ ਚਾਹੀਦਾ ਤਾਂ ਪੰਜਾਬ ਇਕੱਠਾ ਹੀ ਰਹੇਗਾ। ਪਰ ਜੇ ਦੋਵੇਂ ਹਿੱਸਿਆਂ ਵਿਚੋਂ ਇੱਕ ਹਿੱਸੇ ਦੇ 20 ਮੈਂਬਰਾਂ ਨੇ ਜ਼ਿਆਦਾ ਵੋਟਾਂ ਨਾਲ ਇਹ ਕਹਿ ਦਿੱਤਾ ਕਿ ਪੰਜਾਬ ਵੰਡਿਆ ਜਾਣਾ ਹੈ ਤਾਂ ਪੰਜਾਬ ਵੰਡਿਆ ਹੀ ਜਾਵੇਗਾ। ਉਹ 23 ਜੂਨ, 1947 ਸੋਮਵਾਰ ਦਾ ਮੰਦਭਾਗਾ ਦਿਨ ਸੀ ਜਦੋਂ ਸਾਢੇ ਤਿੰਨ ਕਰੋੜ ਪੰਜਾਬੀਆਂ ਦਾ ਫ਼ੈਸਲਾ ਪੰਜਾਬ ਦੀਆਂ ਤਿੰਨ ਵੱਡੀਆਂ ਸਿਆਸੀ ਜਮਾਤਾਂ ਦੇ 175 ਮੈਂਬਰਾਂ ਨੇ ਕਰਨਾ ਸੀ। ਪੰਜਾਬ ਅਸੈਂਬਲੀ ਦੇ ਸਪੀਕਰ ਦੀਵਾਨ ਬਹਾਦਰ ਐਸ.ਪੀ. ਸਿੰਘਾ ਜੋ ਕਿ ਇਸਾਈ ਸਨ, ਦੀ ਅਗਵਾਈ ਹੇਠ ਲਹਿੰਦੇ ਪੰਜਾਬ ਦੀ ਮੀਟਿੰਗ ਪੰਜਾਬ ਅਸੈਂਬਲੀ ਦੇ ਟੀ-ਰੂਮ ਵਿਚ ਰੱਖੀ ਗਈ। ਦੂਸਰੇ ਪਾਸੇ ਡਿਪਟੀ ਸਪੀਕਰ ਸਰਦਾਰ ਕਪੂਰ ਸਿੰਘ ਨੇ ਪੰਜਾਬ ਅਸੈਂਬਲੀ ਦੇ ਕੈਬਨਿਟ ਰੂਮ ਵਿਚ ਚੜ੍ਹਦੇ ਪੰਜਾਬ ਦੇ ਮੈਂਬਰਾਂ ਦੀ ਮੀਟਿੰਗ ਰੱਖੀ। ਦੋਵੇਂ ਇਜਲਾਸ ਅਲਿਹਦਾ-ਅਲਿਹਦਾ 23 ਜੂਨ, 1947 ਨੂੰ ਸਵੇਰੇ ਦਸ ਵਜੇ ਹੋਏ।
(ਪੰਜਾਬ ਅਸੈਂਬਲੀ, ਲਾਹੌਰ)
ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਰਿਜ਼ਲਟ ਅਨੁਸਾਰ ਲਹਿੰਦੇ ਪੰਜਾਬ ਦੇ ਮੁਸਲਮਾਨ ਮੈਂਬਰ, ਜਿਨ੍ਹਾਂ ਦੀ ਗਿਣਤੀ 69 ਸੀ, ਨੇ ਵੋਟ ਪਾਏ ਕਿ ਪੰਜਾਬ ਕਿਸੇ ਕੀਮਤ ‘ਤੇ ਵੀ ਵੰਡਿਆ ਨਹੀਂ ਜਾਣਾ ਚਾਹੀਦਾ। ਲਹਿੰਦੇ ਪੰਜਾਬ ਦੀ ਅਸੈਂਬਲੀ ਦੇ ਸਾਰੇ ਸਿੱਖ ਤੇ ਹਿੰਦੂ ਮੈਂਬਰਾਂ ਨੇ ਵੋਟ ਪਾਏ ਕਿ ਪੰਜਾਬ ਹਰ ਸੂਰਤ ਵਿਚ ਵੰਡਿਆ ਜਾਣਾ ਚਾਹੀਦਾ ਹੈ। ਇਨ੍ਹਾਂ ਮੈਂਬਰਾਂ ਦੀ ਗਿਣਤੀ 27 ਸੀ। ਇਸ ਤਰ੍ਹਾਂ ਲਹਿੰਦੇ ਪੰਜਾਬ ਨੇ ਪੰਜਾਬ ਨੂੰ ਨਾ ਵੰਡਣ ਦੇ ਪੱਖ ਵਿਚ ਫ਼ੈਸਲਾ ਦੇ ਦਿੱਤਾ। ਲਹਿੰਦੇ ਪੰਜਾਬ ਦੇ ਜਿਨ੍ਹਾਂ ਮੈਂਬਰਾਂ ਨੇ ਪੰਜਾਬ ਦੀ ਵੰਡ ਕਰਨ ਦੇ ਪੱਖ ਵਿਚ ਵੋਟ ਪਾਇਆ ਉਨ੍ਹਾਂ ਵਿਚ 8 ਮੈਂਬਰ ਅਕਾਲੀ ਦਲ ਦੇ ਸਨ- ਸਰਦਾਰ ਅਜੀਤ ਸਿੰਘ ਲਾਇਲਪੁਰ ਦੱਖਣ ਪਾਸੇ ਤੋਂ ਸਨ, ਦਲੀਪ ਸਿੰਘ ਕਾਂਗ ਲਾਇਲਪੁਰ ਤੋਂ, ਸ. ਜਸਵੰਤ ਸਿੰਘ ਦੁੱਗਲ ਲਹਿੰਦਾ ਦੱਖਣੀ ਪੰਜਾਬ, ਜੁਗਿੰਦਰ ਸਿੰਘ ਮਾਨ ਗੁੱਜਰਾਂਵਾਲਾ, ਅਜਲ ਸਿੰਘ ਸ਼ਹਿਰੀ ਸੀਟ, ਨਰਿੰਦਰ ਸਿੰਘ ਮਿੰਟਗੁਮਰੀ, ਵਰਿਆਮ ਸਿੰਘ, ਕਰਤਾਰ ਸਿੰਘ, ਗੁਰਬਚਨ ਸਿੰਘ ਬਾਜਵਾ ਆਜਾਦ, ਸੱਜਨ ਸਿੰਘ ਕਸੂਰ, ਸਰਦਾਰ ਸਿੰਘ ਲਾਹੌਰ, ਸ਼ਿਵ ਸਿੰਘ ਕਾਂਗਰਸ, ਸੁੰਦਰ ਸਿੰਘ ਸਿਆਲਕੋਟ ਤੇ ਬਾਕੀ 14 ਮੈਂਬਰ ਕਾਂਗਰਸ ਦੇ ਸਨ। ਇਸ ਤਰ੍ਹਾਂ ਲਹਿੰਦੇ ਪੰਜਾਬ ਦੇ ਮੁਸਲਮਾਨ ਮੈਂਬਰਾਂ ਨੇ ਇਹ ਫ਼ੈਸਲਾ ਕਰ ਦਿੱਤਾ ਕਿ ਪੰਜਾਬ ਵੰਡਿਆ ਨਹੀਂ ਜਾਣਾ ਚਾਹੀਦਾ।
ਦੂਜੇ ਪਾਸੇ ਕੈਬਨਿਟ ਰੂਮ ਵਿਚ ਚੜ੍ਹਦੇ ਪੰਜਾਬ ਦੇ ਅਸੈਂਬਲੀ ਮੈਂਬਰਾਂ ਦੀ ਬੈਠਕ ਹੋਈ ਤੇ ਚੜ੍ਹਦੇ ਪੰਜਾਬ ਨਾਲ ਤੁਅੱਲਕ ਰੱਖਣ ਵਾਲੇ 22 ਮੁਸਲਮਾਨ ਮੈਂਬਰਾਂ ਨੇ ਪੈਰ ਬੰਨ੍ਹ ਕੇ ਵੋਟ ਪਾਏ ਕਿ ਪੰਜਾਬ ਨਹੀਂ ਵੰਡਿਆ ਜਾਣਾ ਚਾਹੀਦਾ। ਜਦੋਂ ਕਿ ਦੂਜੇ ਪਾਸੇ 50 ਸਿੱਖ ਤੇ ਹਿੰਦੂ ਮੈਂਬਰਾਂ ਨੇ ਵੋਟ ਪਾਏ ਕਿ ਪੰਜਾਬ ਹਰ ਸੂਰਤ ਵਿਚ ਵੰਡਿਆ ਜਾਣਾ ਚਾਹੀਦਾ ਹੈ। ਅਸਲ ਵਿਚ ਪੰਜਾਬ ਦੇ ਵੰਡਣ ਤੇ ਨਾ ਵੰਡਣ ਦੀ ਸਾਰੀ ਖੇਡ ਅਕਾਲੀ ਦਲ ਦੇ 22 ਮੈਂਬਰਾਂ ਦੀਆਂ ਵੋਟਾਂ ‘ਤੇ ਟਿਕੀ ਹੋਈ ਸੀ। ਅਕਾਲੀ ਦਲ ਦੇ ਇਹ ਵੋਟ ਜਿਸ ਪਾਸੇ ਜਾਂਦੇ, ਉਹ ਪਾਸਾ ਜਿੱਤ ਜਾਣਾ ਸੀ। ਗਵਰਨਰ ਪੰਜਾਬ ਦੀ ਸਕੀਮ ਮੁਤਾਬਿਕ ਪੰਜਾਬ ਅਸੈਂਬਲੀ ਦੇ ਮੈਂਬਰਾਂ ਦਾ ਇੱਕ ਹਿੱਸਾ ਲਹਿੰਦਾ ਜਾਂ ਚੜ੍ਹਦਾ ਪੰਜਾਬ ਦੀ ਵੰਡ ਦੇ ਹੱਕ ਵਿਚ ਵੋਟ ਪਾਏਗਾ ਤਾਂ ਪੰਜਾਬ ਲਾਜ਼ਮੀ ਹੀ ਵੰਡਿਆ ਜਾਣਾ ਹੈ। ਪੰਜਾਬ ਉਸੇ ਸੂਰਤ ਵਿਚ ਇੱਕ ਰਹਿ ਸਕਦਾ ਸੀ ਜਦੋਂ ਪੰਜਾਬ ਦੇ ਦੋਵੇਂ ਹਿੱਸਿਆਂ ਦੇ ਮੈਂਬਰ ਵਾਧੂ ਗਿਣਤੀ ਨਾਲ ਪੰਜਾਬ ਨਾ ਵੰਡਣ ਦੇ ਹੱਕ ਵਿਚ ਵੋਟ ਪਾਉਂਦੇ। ਚੜ੍ਹਦੇ ਪੰਜਾਬ ਦੇ ਮੈਂਬਰਾਂ ਦੀ ਵੱਧ ਗਿਣਤੀ ਨੇ ਪੰਜਾਬ ਵੰਡਣ ਦੇ ਹੱਕ ਵਿਚ ਵੋਟਾਂ ਪਾਈਆਂ ਜਿਸ ਨਾਲ ਪੰਜਾਬ ਨੂੰ ਵੰਡਣ ਦੇ ਫ਼ੈਸਲੇ ‘ਤੇ ਹਮੇਸ਼ਾਂ ਵਾਸਤੇ ਮੋਹਰ ਵੀ ਲੱਗ ਗਈ ਅਤੇ ਇੱਕ ਕਰੋੜ ਪੰਜਾਬੀਆਂ ਦੀ ਤਬਾਹੀ ਤੇ ਘਰੋਂ-ਬੇਘਰ ਹੋਣ ਦਾ ਰਾਹ ਵੀ ਸਿੱਧਾ ਹੋ ਗਿਆ। ਜਿਨ੍ਹਾਂ ਦਸ ਲੱਖ ਪੰਜਾਬੀਆਂ ਨੇ ਇੱਕ ਮਹੀਨੇ ਤੋਂ ਬਾਅਦ ਕਤਲ ਹੋਣਾ ਸੀ ਤੇ ਹਜ਼ਾਰਾਂ ਕੁੜੀਆਂ ਜਿਨ੍ਹਾਂ ਨੇ ਬੇਪਤ ਹੋਣਾ ਸੀ ਉਨ੍ਹਾਂ ਦਾ ਫ਼ੈਸਲਾ ਵੀ 23 ਜੂਨ, 1947 ਨੂੰ ਹੋ ਗਿਆ ਸੀ। ਉਨ੍ਹਾਂ ਵਿਚਾਰੀਆਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਸੀ ਕਿ ਲਾਹੌਰ ਦੀ ਅਸੈਂਬਲੀ ਵਿਚ ਉਨ੍ਹਾਂ ਦੀ ਮੌਤ ਦਾ ਪਰਵਾਨਾ ਜਾਰੀ ਹੋ ਗਿਆ ਹੈ। ਪੰਜਾਬ ਦੀ ਤਕਸੀਮ ਦਾ ਇਹ ਫ਼ੈਸਲਾ ਰੁਕ ਸਕਦਾ ਸੀ। ਲਹਿੰਦੇ ਪੰਜਾਬ ਵਿਚ ਮੁਸਲਮਾਨ ਮੈਂਬਰ ਬਹੁਤ ਜ਼ਿਆਦਾ ਸਨ। ਇਸ ਵਾਸਤੇ ਅਕਾਲੀ ਦਲ ਦੇ 8 ਤੇ 4 ਸਿੱਖ ਆਜ਼ਾਦ ਤੇ ਕਾਂਗਰਸ ਦੇ ਮੈਂਬਰਾਂ ਨਾਲ ਫ਼ਰਕ ਨਹੀਂ ਪਿਆ ਸੀ। ਫਰਕ 42 ਵੋਟਾਂ ਦਾ ਸੀ, ਜੋ ਬਹੁਤ ਵੱਡਾ ਸੀ। ਕੁੱਲ 96 ਵੋਟਾਂ ਵਿਚੋਂ 69 ਯਾਨੀ 72% ਪੰਜਾਬ ਨੂੰ ਨਾ ਵੰਡਣ ਵਾਸਤੇ ਪਏ। ਸਿਰਫ਼ 27 ਵੋਟ ਯਾਨੀ 28% ਪੰਜਾਬ ਦੀ ਵੰਡ ਵਾਸਤੇ ਪਏ। ਪੰਜਾਬ ਨੂੰ ਵੰਡਣ ਦਾ ਫ਼ੈਸਲਾ ਚੜ੍ਹਦੇ ਪੰਜਾਬ ਨੇ ਕੀਤਾ। ਇਸ ਵਿਚ ਅਕਾਲੀ ਦਲ ਦੀਆਂ 14 ਵੋਟਾਂ ਦਾ ਬਹੁਤ ਵੱਡਾ ਹੱਥ ਸੀ – ਗੁਰਬਚਨ ਸਿੰਘ ਫ਼ਿਰੋਜ਼ਪੁਰ, ਇੰਦਰ ਸਿੰਘ ਸ਼ਹਿਰੀ ਸੀਟ, ਈਸ਼ਰ ਸਿੰਘ ਮਝੈਲ ਅੰਮ੍ਰਿਤਸਰ, ਜਗਜੀਤ ਸਿੰਘ ਮਾਨ ਸਪੈਸ਼ਲ ਸੀਟ ਸੈਂਟਰਲ ਪੰਜਾਬ, ਕਪੂਰ ਸਿੰਘ ਲੁਧਿਆਣਾ, ਨਰਵਟਨ ਸਿੰਘ ਦੱਖਣ ਚੜ੍ਹਦਾ ਪੰਜਾਬ, ਪਿਆਰਾ ਸਿੰਘ ਹੁਸ਼ਿਆਰਪੁਰ, ਰਤਨ ਸਿੰਘ ਮੋਗਾ, ਸਵਰਨ ਸਿੰਘ ਜਲੰਧਰ, ਤਾਰਾ ਸਿੰਘ ਫ਼ਿਰੋਜ਼ਪੁਰ, ਉੱਧਮ ਸਿੰਘ ਅੰਮ੍ਰਿਤਸਰ, ਬਲਦੇਵ ਸਿੰਘ ਅੰਬਾਲਾ, ਸ਼ਿਵਸਰਨ ਸਿੰਘ ਹੁਸ਼ਿਆਰਪੁਰ, ਵਰਿਆਮ ਸਿੰਘ ਪਟਿਆਲਾ। ਜੇ ਅਕਾਲੀ ਦਲ ਦੇ ਚੜ੍ਹਦੇ ਪੰਜਾਬ ਦੇ 14 ਵੋਟ ਪੰਜਾਬ ਦੀ ਵੰਡ ਵਾਸਤੇ ਨਾ ਪੈਂਦੇ ਬਾਕੀ 36 ਵੋਟਾਂ ਰਹਿ ਜਾਣੀਆਂ ਸਨ। ਦੂਜੇ ਪਾਸੇ ਜੇ ਅਕਾਲੀ ਦਲ ਦੇ ਇਹੀ 14 ਵੋਟ ਪੰਜਾਬ ਦੇ ਇਕੱਠੇ ਰਹਿਣ ਵਾਲੇ ਪਾਸੇ ਰਹਿੰਦੇ ਤਾਂ 22+14=36 ਵੋਟ ਹੋ ਜਾਣੇ ਸਨ। ਇਸ ਤਰ੍ਹਾਂ ਇਹ ਵੰਡ ਰੁਕ ਜਾਣੀ ਸੀ।
ਪੰਜਾਬ ਅਸੈਂਬਲੀ ਦੇ ਕੁੱਲ ਮੈਂਬਰ 175 ਸਨ। ਪਰ ਇਨ੍ਹਾਂ ਵਿਚੋਂ ਕੁਝ ਯੂਰੋਪੀਅਨ ਮੈਂਬਰ ਵੀ ਸਨ। ਜਿਹੜੇ ਵੋਟ ਪਏ ਉਹ 168 ਸਨ। ਇਸ ਦਾ ਮਤਲਬ ਕੁੱਲ ਵਿਚੋਂ 7 ਵੋਟ ਨਹੀਂ ਪਏ। ਹੋ ਸਕਦਾ ਹੈ ਕੋਈ ਮੈਂਬਰ ਬਿਮਾਰ ਹੋਵੇ ਜਾਂ ਕਿਸੇ ਯੂਰੋਪੀਅਨ ਮੈਂਬਰ ਨੇ ਵੋਟ ਨਾ ਪਾਏ ਹੋਣ। ਵੰਡ ਦੇ ਹੱਕ ਵਿਚ ਲਹਿੰਦੇ ਪੰਜਾਬ ‘ਚੋਂ ਹਿੰਦੂਆਂ ਤੇ ਸਿੱਖਾਂ ਦੇ 27 ਵੋਟ ਤੇ ਚੜ੍ਹਦੇ ਪੰਜਾਬ ‘ਚੋਂ ਹਿੰਦੂਆਂ ਤੇ ਸਿੱਖਾਂ ਦੇ 50 ਵੋਟ ਕੁਲ 77 ਵੋਟ ਪੰਜਾਬ ਨੂੰ ਵੰਡਣ ਵਾਸਤੇ ਪਏ। ਜਦੋਂ ਕਿ ਪੰਜਾਬ ਨੂੰ ਨਾ ਵੰਡਣ ਵਾਸਤੇ ਲਹਿੰਦੇ ਪੰਜਾਬ ‘ਚੋਂ ਮੁਸਲਮਾਨਾਂ ਦੇ 69 ਵੋਟ ਤੇ ਚੜ੍ਹਦੇ ਪੰਜਾਬ ‘ਚੋਂ 22 ਕੁੱਲ 91 ਵੋਟ ਪਏ। 77 ਨਾਲੋਂ 91 ਵੋਟਾਂ ਜ਼ਿਆਦਾ ਸਨ ਕਿਉਂਕਿ ਇਨ੍ਹਾਂ ਨੂੰ ਦੋ ਹਿੱਸਿਆਂ ‘ਚ ਤਕਸੀਮ ਕੀਤਾ ਗਿਆ ਸੀ ਤੇ ਨੀਯਤ ਵੀ ਭੈੜੀ ਸੀ। ਉਨ੍ਹਾਂ ਨੂੰ ਪਤਾ ਸੀ ਕਿ ਚੜ੍ਹਦੇ ਪੰਜਾਬ ‘ਚ ਹਿੰਦੂ ਸਿੱਖ ਜ਼ਿਆਦਾ ਨੇ। ਉੱਥੇ ਇਹ ਗੱਲ ਨਹੀਂ ਮੰਨੀ ਜਾਣੀ। ਇਸ ਵਾਸਤੇ ਪੰਜਾਬ ਵੰਡਿਆ ਹੀ ਜਾਣਾ ਸੀ ਤੇ ਅਖ਼ੀਰ ਪੰਜਾਬ ਵੰਡਿਆ ਹੀ ਗਿਆ।
ਯੂਨਿਸ ਪਾਰਟੀ ਪੰਜਾਬ ਦੇ ਮੈਂਬਰ ਪੰਜਾਬ ਦੇ ਇਕੱਠ ਦੇ ਹਾਮੀ ਸਨ। ਇਸ ਦੇ ਵੀ ਕੁਝ ਮੈਂਬਰ ਚੜ੍ਹਦੇ ਪੰਜਾਬ ‘ਚ ਮੌਜੂਦ ਸਨ, ਜਿਵੇਂ ਹਾਂਸੀ ਤੋਂ ਸੂਰਜ ਮੱਲ, ਗੁੜਗਾਓਂ ਤੋਂ ਮਨੋਹਰ ਸਿੰਘ ਤੇ ਪ੍ਰੇਮ ਸਿੰਘ, ਹੁਸ਼ਿਆਰਪੁਰ ਤੋਂ ਮੰਗੂ ਰਾਮ, ਜਲੰਧਰ ਤੋਂ ਸੰਤ ਰਾਮ। ਸਿੱਖ ਪੰਥ ਦੇ ਸੱਤ ਹੋਰ ਮੈਂਬਰ ਵੀ ਸਨ ਜੋ ਕਾਂਗਰਸ ਵਿਚ ਸ਼ਾਮਿਲ ਸਨ। ਇਨ੍ਹਾਂ ਵਿਚੋਂ ਬਚਨ ਸਿੰਘ ਲੁਧਿਆਣੇ ਤੋਂ, ਕਿਹਰ ਸਿੰਘ ਜਗਰਾਓਂ ਤੋਂ, ਕਾਬਲ ਸਿੰਘ ਜਲੰਧਰ ਤੋਂ, ਰੂੜ ਸਿੰਘ ਫ਼ਿਰੋਜ਼ਪੁਰ ਤੋਂ, ਪ੍ਰਤਾਪ ਸਿੰਘ ਕੈਰੋਂ ਅੰਮ੍ਰਿਤਸਰ ਤੋਂ, ਸ਼ਿਵ ਸਿੰਘ ਗੁਰਦਾਸਪੁਰ ਤੋਂ, ਗੁਰਬੰਤਾ ਸਿੰਘ ਜਲੰਧਰ ਤੋਂ। ਇਨ੍ਹਾਂ ਵਿਚ ਕੁਝ ਆਜ਼ਾਦ ਮੈਂਬਰ ਵੀ ਸਨ। ਜੇ ਚੜ੍ਹਦੇ ਪੰਜਾਬ ਵਿਚ ਅਕਾਲੀ ਦਲ ਦੇ ਵੋਟ ਪੰਜਾਬ ਨੂੰ ਇਕੱਠੇ ਰੱਖਣ ਲਈ ਪੈਂਦੇ ਤੇ ਨਾਲ ਯੂਨੀਸ ਮੈਂਬਰਾਂ ਦੇ ਵੀ ਵੋਟ ਇਸ ਪਾਸੇ ਪੈਂਦੇ ਤੇ ਕਾਂਗਰਸ ਪਾਰਟੀ ਵਿਚ ਜਿਹੜੇ 7 ਸਿੱਖ ਵੋਟ ਸੀ ਉਹ ਵੀ ਇਸ ਪਾਸੇ ਪੈਂਦੇ ਤਾਂ ਇਸ ਤਰ੍ਹਾਂ ਪੰਜਾਬ ਨੂੰ ਇਕੱਠਾ ਰੱਖਿਆ ਜਾ ਸਕਦਾ ਸੀ। ਚੜ੍ਹਦੇ ਪੰਜਾਬ ਵਿਚ ਮੁਸਲਮਾਨਾਂ ਦੇ ਕੁੱਲ ਵੋਟ 22, ਅਕਾਲੀ ਦਲ ਦੇ 14, ਕਾਂਗਰਸ ਵਿਚ ਜੋ ਸਿੱਖ ਮੈਂਬਰ ਸਨ ਉਨ੍ਹਾਂ ਦੇ 7 ਵੋਟ ਸੀ ਤੇ ਯੂਨਿਸ ਪਾਰਟੀ ਦੇ ਵੋਟ 5 ਸਨ। ਇਹ ਸਾਰੀਆਂ ਵੋਟਾਂ ਕੁੱਲ 45 ਸਨ। ਇਸ ਤਰ੍ਹਾਂ ਪੰਜਾਬ ਦੀ ਵੰਡ ਵਾਸਤੇ 24 ਵੋਟ ਰਹਿ ਜਾਣੇ ਸਨ ਤੇ ਵੰਡ ਰੁਕ ਸਕਦੀ ਸੀ।
1947 ਵਿਚ ਅਕਾਲੀ ਦਲ ਦਾ ਕਿਰਦਾਰ ਪੰਜਾਬ ਨੂੰ ਵੰਡਣ ਜਾਂ ਇਕੱਠਿਆਂ ਰੱਖਣ ਵਿਚ ਬਹੁਤ ਵੱਡਾ ਸੀ ਭਾਵੇਂ ਇਹਦੇ ਮੈਂਬਰ ਘੱਟ ਸਨ। ਅਕਾਲੀ ਦਲ ਤੇ ਸਿੱਖ ਇਸ ਪੱਖੋਂ ਇੰਨੇ ਮਜ਼ਬੂਤ ਸਨ ਕਿ ਉਹ ਜੋ ਚਾਹੁੰਦੇ ਕਾਂਗਰਸ ਜਾਂ ਮੁਸਲਿਮ ਲੀਗ ਕੋਲੋਂ ਮਨਵਾ ਸਕਦੇ ਸੀ। ਇਹ ਦੋਵੇਂ ਜਮਾਤਾਂ ਬਹੁਤ ਮਜ਼ਬੂਤ ਸਨ ਕਿਉਂਕਿ ਇਨ੍ਹਾਂ ਨੇ ਜਿਸ ਪਾਸੇ ਜਾਣਾ ਸੀ ਉਸ ਪਾਸੇ ਪੂਰਾ ਪੰਜਾਬ ਹੀ ਜਾ ਸਕਦਾ ਸੀ। ਘੱਟ ਤੋਂ ਘੱਟ ਅੱਧਾ ਪੰਜਾਬ ਤਾਂ ਚਲਾ ਹੀ ਜਾਣਾ ਸੀ। ਸਿੱਖਾਂ ਦੀ ਉਸ ਵਕਤ ਇੰਨੀ ਅਹਿਮੀਅਤ ਸੀ ਕਿ ਜੇਕਰ ਇਹ ਸੌਦੇਬਾਜ਼ੀ ਕਰਦੇ ਦੋਵੇਂ ਜ਼ਮਾਤਾਂ ਨਾਲ ਤਾਂ ਆਪਣੀ ਆਬਾਦੀ ਜੋ 14-15% ਸੀ ਉਸ ਤੋਂ ਕਿਤੇ ਜ਼ਿਆਦਾ ਮਫਾਦਾਤ ਕਾਂਗਰਸ ਜਾਂ ਮੁਸਲਿਮ ਲੀਗ ਕੋਲੋਂ ਹਾਸਿਲ ਕਰ ਸਕਦੇ ਸੀ। ਪਰ ਇਨ੍ਹਾਂ ਨੇ ਸੌਦੇਬਾਜ਼ੀ ਨਹੀਂ ਕੀਤੀ। ਸਿੱਖ ਵੋਟਾਂ ਦੀ ਤਾਕਤ ਇੰਨੀ ਸੀ ਕਿ ਇਹ ਦੋਵੇਂ ਮੁਲਕਾਂ ਦੀ ਸੀਮਾ ਨੂੰ ਤਕਰੀਬਨ 400-450 ਮੀਲ ਲਹਿੰਦੇ ਜਾਂ ਚੜ੍ਹਦੇ ਵਾਲੇ ਪਾਸੇ ਸੁੱਟ ਸਕਦੇ ਸਨ। ਇਨ੍ਹਾਂ ਕੋਲ ਦੋ ਆਪਸ਼ਨਾਂ ਸੀ। ਜੇ ਸਿੱਖ ਮੁਸਲਿਮ ਲੀਗ ਨਾਲ ਜਾਂਦੇ ਤਾਂ ਇਨ੍ਹਾਂ ਦੀ ਸਰਹੱਦ ਰੋਹਤਕ ਤੱਕ ਚਲੀ ਜਾਣੀ ਸੀ ਅਤੇ ਪੰਜਾਬ ਦੀ ਸੀਮਾ ਦਿੱਲੀ ਤੱਕ ਪੁੱਜ ਜਾਣੀ ਸੀ। ਜੇ ਸਿੱਖ ਕਾਂਗਰਸ ਵੱਲ ਜਾਂਦੇ ਤਾਂ ਉਹੀ ਹੋਣਾ ਸੀ ਜੋ ਇਸ ਵੇਲੇ ਹੈ।
ਅਖੀਰ ਵਿਚ ਇਹ ਗੱਲ ਕਰਨੀ ਬਣਦੀ ਹੈ ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਚੰਗਾ ਯਾਂ ਮਾੜਾ ਨਹੀਂ ਹੁੰਦਾ। ਇਤਿਹਾਸ ਸਿਰਫ਼ ਗੁਜ਼ਰੇ ਹੋਏ ਵਕਤ ਦੀ ਕਹਾਣੀ ਹੈ। ਇਸ ਦਾ ਨਤੀਜਾ ਸਬਕ ਹੁੰਦਾ ਹੈ। ਜੇ ਕੋਈ ਇਸ ਸਬਕ ਨੂੰ ਆਪਣੇ ਭਵਿੱਖ ਵਾਸਤੇ ਸਿੱਖੇ। ਪਰ ਹਕੀਕਤ ਇਹ ਹੈ ਕਿ ਇਨਸਾਨ ਇਤਿਹਾਸ ਤੋਂ ਕਦੇ ਵੀ ਸਬਕ ਨਹੀਂ ਸਿੱਖਦਾ ਤੇ ਉਸਦਾ ਨੁਕਸਾਨ ਹੀ ਉਠਾਉਂਦਾ ਹੈ।
