ਤਿੰਨ ਪਾਕਿਸਤਾਨੀ ਅਤਿਵਾਦੀ ਢੇਰ

ਸ੍ਰੀਨਗਰ:ਸੰਸਦ ਭਵਨ ‘ਚ ਸੋਮਵਾਰ ਨੂੰ ਇਕ ਪਾਸੇ ਵਿਰੋਧੀ ਧਿਰ ਪਹਿਲਗਾਮ ਹਮਲੇ ਦੇ ਗੁਨਾਹਗਾਰਾਂ ਦੇ ਪਾਕਿਸਤਾਨ ਨਾਲ ਜੁੜਾਅ ‘ਤੇ ਸਵਾਲ ਚੁੱਕ ਰਹੀ ਸੀ ਤਾਂ ਦੂਜੇ ਪਾਸੇ ਸ੍ਰੀਨਗਰ ਦੇ ਦਾਚੀਗਾਮ ਮੂਲਨਾਰ ਵਿਚ ਸੁਰੱਖਿਆ ਬਲਾਂ ਨੇ ਤਿੰਨ ਪਾਕਿਸਤਾਨੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ।

ਇਨ੍ਹਾਂ ਵਿਚ ਪਹਿਲਗਾਮ ਹਮਲੇ ਦਾ ਮਾਸਟਰਮਾਈਡ ਸੁਲੇਮਾਨ ਉਰਫ਼ ਸੁਲੇਮਾਨੀ ਉਰਫ਼ ਹਾਸ਼ਿਮ ਮੂਸਾ ਤੇ ਉਸ ਦੇ ਦੋ ਸਾਥੀ ਸ਼ਾਮਲ ਹਨ। ਦੋ ਦਿਨ ਪਹਿਲਾਂ ਫ਼ੌਜ ਨੇ ‘ਆਪ੍ਰੇਸ਼ਨ ਮਹਾਦੇਵ’ ਸ਼ੁਰੂ ਕੀਤਾ ਸੀ, ਜਿਹੜਾ ਸੋਮਵਾਰ ਦੇਰ ਸ਼ਾਮ ਤੱਕ ਜਾਰੀ ਰਿਹਾ। ਪੁਲਿਸ ਨੇ ਸੁਲੇਮਾਨੀ ਤੇ ਦੋ ਹੋਰ ਅੱਤਵਾਦੀਆਂ ਦੀ ਪਛਾਣ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਹੈ ਪਰ ਉਨ੍ਹਾਂ ਵਿਚ ਇਕ ਹਮਜਾ ਅਫ਼ਗਾਨੀ ਤੇ ਇਕ ਜਿਬਰਾਨ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ, ਮਾਰਿਆ ਗਿਆ ਸੁਲੇਮਾਨੀ ਲਸ਼ਕਰ-ਏ-ਤਇਬਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਾਕਿਸਤਾਨੀ ਫ਼ੌਜ ਦੇ ਸਪੈਸ਼ਲ ਸਟ੍ਰਾਈਕ ਗਰੁੱਪ (ਐੱਸ.ਐੱਸ.ਜੀ) ਦਾ ਕਮਾਂਡੋ ਸੀ। ਇਸ ਨਾਲ ਪਹਿਲਗਾਮ ਹਮਲੇ ਦੀ ਸਾਜ਼ਿਸ਼ ਵਿਚ ਪਾਕਿਸਤਾਨੀ ਫ਼ੌਜ ਦੇ ਸ਼ਾਮਲ ਹੋਣ ਦਾ ਸੱਚ ਇਕ ਵਾਰ ਫਿਰ ਉਜਾਗਰ ਹੋ ਗਿਆ ਹੈ। ਮੁਕਾਬਲੇ ਵਾਲੀ ਥਾਂ ਤੋਂ ਇਕ ਐੱਮ-ਚਾਰ ਕਾਰਬਾਈਨ, ਦੋ ਅਸਾਲਟ ਰਾਈਫਲਾਂ, 17 ਰਾਈਫਲ ਗ੍ਰਨੇਡ ਤੇ ਹੋਰ ਸਾਜ਼ੋ-ਸਮਾਨ ਬਰਾਮਦ ਕੀਤਾ ਗਿਆ ਹੈ।
ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ ਦੇ ਬੈਸਰਨ ਵਿਚ 25 ਸੈਲਾਨੀਆਂ ਨੂੰ ਮਾਰ ਦਿੱਤਾ ਸੀ। ਇਕ ਸਥਾਨਕ ਘੋੜੇ ਵਾਲੇ ਨੂੰ ਵੀ ਅੱਤਵਾਦੀਆਂ ਨੇ ਮਾਰ ਦਿੱਤਾ ਸੀ। ਐੱਨਆਈਏ ਨੇ ਹਮਲੇ ਵਿਚ ਸ਼ਾਮਲ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਉਨ੍ਹਾਂ ਦੇ ਦੋ ਮਦਦਗਾਰਾਂ ਨੂੰ ਵੀ ਫੜਿਆ ਸੀ। ਸੁਲੇਮਾਨੀ ਤੇ ਉਸ ਨਾਲ ਪਹਿਲਗਾਮ ਹਮਲੇ ਵਿਚ ਸ਼ਾਮਲ ਹਰੇਕ ਅੱਤਵਾਦੀ ‘ਤੇ ਸੁਰੱਖਿਆ ਥਲਾਂ ਨੇ 20-20 ਲੱਖ ਰੁਪਏ ਦਾ ਇਨਾਮ ਐਲਾਨਿਆ ਹੋਇਆ ਹੈ। ਇਸ ਹਮਲੇ ਤੋਂ ਬਾਅਦ ਭਾਰਤੀ ਫ਼ੌਜ ਨੇ ਆਪ੍ਰੇਸ਼ਨ ਸਿੰਧੂਰ ਚਲਾ ਕੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ।