ਪੁਤਰਜਯਾ:ਥਾਈਲੈਂਡ ਅਤੇ ਕੰਬੋਡੀਆ ਦੇ ਨੇਤਾ ਜੰਗਬੰਦੀ ਲਈ ਸਹਿਮਤ ਹੋ ਗਏ ਹਨ ਅਤੇ ਦੋਹਾਂ ਦੇਸ਼ਾਂ ਦੀ ਸੀਮਾ ‘ਤੇ ਇਹ ਸੋਮਵਾਰ ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। ਇਸ ਨਾਲ ਸੀਮਾ ‘ਤੇ ਸਥਿਤ ਸ਼ਿਵ ਮੰਦਰ ਨੂੰ ਲੈ ਕੇ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਪੰਜ ਦਿਨਾਂ ਤੋਂ ਚੱਲ ਰਹੀ ਲੜਾਈ ਰੁਕ ਗਈ ਹੈ। ਇਸ ਲੜਾਈ ਵਿਚ 38 ਲੋਕ ਮਾਰੇ ਗਏ, ਦਰਜਨਾਂ ਜ਼ਖਮੀ ਹੋਏ ਅਤੇ ਤਿੰਨ ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।
ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹੀਮ ਦੀ ਮੱਧਸਥਤਾ ਵਿਚ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਮਾਨੇਤ ਅਤੇ ਥਾਈਲੈਂਡ ਦੇ ਕਾਰਜਵਾਹਕ ਪ੍ਰਧਾਨ ਮੰਤਰੀ ਫੁਕਥਮ ਵੇਚਾਯਾਚਾਈ ਨੇ ਜੰਗਬੰਦੀ ਸਮਝੌਤਾ ਕੀਤਾ। ਇਬਰਾਹੀਮ ਨੇ ਦੋਹਾਂ ਨੇਤਾਵਾਂ ਦੇ ਹੱਥ ਮਿਲਵਾਏ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਕਿਹਾ ਹੈ ਕਿ ਜੰਗਬੰਦੀ ਦੇ ਫੈਸਲੇ ਵਿਚ ਮਲੇਸ਼ੀਆ ‘ਚ ਮੌਜੂਦ ਉਨ੍ਹਾਂ ਦੇ ਅਧਿਕਾਰੀਆਂ ਨੇ ਮਦਦ ਕੀਤੀ।
ਮਲੇਸ਼ੀਆ ਦੇ ਪੁਤਰਜਯਾ ਸ਼ਹਿਰ ਵਿਚ ਕੰਬੋਡੀਆ ਅਤੇ ਥਾਈਲੈਂਡ ਦੇ ਵਿਚਕਾਰ ਜੰਗਬੰਦੀ ਦਾ ਫੈਸਲਾ ਹੋਇਆ। ਦੋਹਾਂ ਦੇਸ਼ਾਂ ਨੂੰ ਇਸ ਫੈਸਲੇ ਤੱਕ ਪਹੁੰਚਾਉਣ ਲਈ ਕੰਬੋਡੀਆ ਦੇ ਪ੍ਰਧਾਨ ਮੰਤਰੀ ਮਾਨੇਤ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਦੋਹਾਂ ਪੱਖਾਂ ਵਿਚਕਾਰ ਬਹੁਤ ਚੰਗੀ ਗੱਲਬਾਤ ਹੋਈ ਹੈ।
ਇਸ ਗੱਲਬਾਤ ਦੇ ਨਤੀਜੇ ਵਜੋਂ ਹੋਣ ਵਾਲੇ ਜੰਗਬੰਦੀ ਨਾਲ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਚੇਗੀ, ਲੋਕ ਜ਼ਖਮੀ ਅਤੇ ਬੇਘਰ ਨਹੀਂ ਹੋਣਗੇ। ਜਦੋਂ ਕਿ ਥਾਈਲੈਂਡ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਵੇਚਾਯਾਚਾਈ ਨੇ ਕਿਹਾ ਕਿ ਜੰਗਬੰਦੀ ਹੋਣਾ ਦੋਹਾਂ ਦੇਸ਼ਾਂ ਲਈ ਚੰਗਾ ਹੋਵੇਗਾ।
ਗੱਲਬਾਤ ਦੇ ਜ਼ਰੀਏ ਲੜਾਈ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਗੱਲਬਾਤ ਦੇ ਜ਼ਰੀਏ ਮਤਭੇਦਾਂ ਨੂੰ ਦੂਰ ਕਰਨ ਦਾ ਰਸਤਾ ਖੁਲ ਗਿਆ ਹੈ, ਇਸ ਨਾਲ ਭਵਿੱਖ ਵਿਚ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸਧਾਰਨ ਬਣਾਉਣ ਵਿਚ ਮਦਦ ਮਿਲੇਗੀ।
