ਜਦੋਂ ਪਿੰਡ ਉਜਾੜੇ ਜਾਂਦੇ ਨੇ…ਫਿਰ ਰੌਲੇ ਪੈਂਦੇ ਨੇ!

ਸਰਬਜੀਤ ਧਾਲੀਵਾਲ
98141-23338
ਜਦੋਂ ਪਿੰਡ ਉਜਾੜੇ ਜਾਂਦੇ ਨੇ ਫਿਰ ਰੌਲੇ ਪੈਂਦੇ ਨੇ। ਤੇ ਹੁਣ ਪੰਜਾਬ ਵਿਚ ਪੈ ਰਹੇ ਹਨ। ਕਿੳਂੁਕਿ ਸਮੇਂ ਦੇ ਹਾਕਮਾਂ ਨੇ ਲੁਧਿਆਣਾ ਦੇ ਆਸ-ਪਾਸ ਅਤੇ ਕਈ ਹੋਰ ਥਾਂਵਾਂ `ਤੇ ਪਿੰਡਾਂ ਦਾ ਵਜੂਦ ਮਿਟਾ ਕੇ ਸ਼ਹਿਰ ਉਸਾਰਨ ਦਾ ਐਲਾਨ ਕਰ ਦਿੱਤਾ ਹੈ।

ਇਸ ਐਲਾਨ ਦੇ ਖ਼ਿਲਾਫ਼ ਪਿੰਡਾਂ `ਚ ਲਲਕਾਰੇ ਵੱਜ ਰਹੇ ਨੇ। ਪੰਜਾਬ ਦੇ ਕਿਸਾਨਾਂ ਤੇ ਲੋਕਾਂ ਨੇ ਇਕ ਵਾਰ ਫਿਰ ਆਪਣੀਆਂ ‘ਨਸਲਾਂ ਤੇ ਫ਼ਸਲਾਂ’ ਦੀ ਹੋਂਦ ਦੀ ਲੜਾਈ ਲੜਨ ਲਈ ਕਮਰਕੱਸੇ ਕਸ ਲਏ ਹਨ। ਸਰਕਾਰ ਦੇ ਐਲਾਨ ਦੇ ਖ਼ਿਲਾਫ ਘੋਲ ਦਾ ਰਣਸਿੰਗਾ ਵੱਜ ਚੁਕਾ ਹੈ। ਪਿੰਡਾਂ `ਚ ਗ੍ਰਾਮ ਸਭਾਵਾਂ ਹੋ ਰਹੀਆਂ ਹਨ।
ਸਰਕਾਰੀ ਤੰਤਰ ਲੋਕਾਂ ਨੂੰ, ਕਿਸਾਨਾਂ ਨੂੰ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਦੇ ਫਾਈਦੇ ਗਿਣਾ ਰਿਹਾ ਹੈ, ਪਰ ਲੋਕ ਪੈਰਾਂ ‘ਤੇ ਪਾਣੀ ਨਹੀਂ ਪੈਣ ਦੇ ਰਹੇ। ਗ੍ਰਾਮ ਸਭਾਵਾਂ ਨੇ ਸਰਕਾਰ ਵਲੋਂ ਜ਼ਮੀਨ ਹਥਿਆਉਣ ਖ਼ਿਲਾਫ ਮਤੇ ਪਾਸ ਕਰਨੇ ਸ਼ੁਰੂ ਕਰ ਦਿੱਤੇ ਹਨ।
ਲੋਕ ਕਹਿ ਰਹੇ ਨੇ ਜੇਕਰ ਲੈਂਡ ਪੂਲਿੰਗ ਨੀਤੀ ਐਨੀ ਹੀ ਵਧੀਆ ਹੈ ਤਾਂ ਮੁੱਖ ਮੰਤਰੀ ਪਹਿਲਾਂ ਇਹ ਆਪਣੇ ਪਿੰਡ ਤੋਂ ਸ਼ੁਰੂ ਕਰੇ ਤੇ ਉਸਨੂੰ ਸ਼ਹਿਰ `ਚ ਤਬਦੀਲ ਕਰੇ। ਸੋਸ਼ਲ ਮੀਡੀਆ `ਤੇ ਅੱਗ ਵਰਗੇ ਤੱਤੇ ਬਿਆਨ ਆ ਰਹੇ ਨੇ। ਇਕ ਅੰਦਾਜ਼ੇ ਮੁਤਾਬਕ ਸਾਰੇ ਪੰਜਾਬ `ਚ 116 ਪਿੰਡਾਂ ਦੀ 65,533 ਏਕੜ ਜ਼ਮੀਨ ਸਰਕਾਰ ਨੇ ਲੈਣ ਦੀ ਤਜਵੀਜ਼ ਬਣਾਈ ਹੈ। ਪਰ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਲੁਧਿਆਣਾ ਦੇ ਆਸ-ਪਾਸ ਦਾ ਇਲਾਕਾ ਹੈ, ਜਿਥੇ ਲਗਭਗ 25 ਪਿੰਡਾਂ ਦੀ 25,000 ਏਕੜ ਜ਼ਮੀਨ ਸ਼ਹਿਰੀਕਰਨ ਤੇ ਉਦਯੋਗਾਂ ਲਈ ਹਾਸਿਲ ਕੀਤੀ ਜਾਣੀ ਹੈ। ਲਗਭਗ 6 ਉਦਯੋਗਿਕ ਝੁੰਡ ਬਣਾਉਣ ਦੀ ਵਿਉਂਤ ਹੈ। ਜਿਨ੍ਹਾਂ ਪਿੰਡਾਂ `ਤੇ ਉਜਾੜੇ ਦੀ ਤਲਵਾਰ ਲਟਕਦੀ ਹੈ, ਉਨ੍ਹਾਂ ਵਿਚ ਦਾਖਾ, ਢੈਪੀ, ਅਲੀਗੜ੍ਹ, ਹੀਰਾਂ, ਰੁੜਕਾ, ਨੂਰਪੁਰ ਬੇਟ, ਜੋਧਾਂ, ਮਨਸੂਰਾਂ ਕੈਲਪੁਰ, ਮਲਕਪੁਰ, ਗੜਾ, ਪਮਾਲੀ, ਪਮਾਲ, ਲਲਤੋਂ ਕਲਾਂ, ਸ਼ੋਕਰਾਂ, ਰਤਨ, ਖਡੂਰ ਤੇ ਚੱਕ ਕਲਾਂ ਆਦਿ ਸ਼ਾਮਿਲ ਨੇ।
ਜਜ਼ਬਾਤ ਮੁਕਤ ਸਰਕਾਰੀ ਤੰਤਰ ਨੂੰ ਇਹ ਖ਼ਬਰ ਨਹੀਂ ਕਿ ਹਰ ਪਿੰਡ ਆਪਣੇ ਆਪ ਵਿਚ ਇਕ ਇਤਿਹਾਸਕ ਸ਼ਿਲਾਲੇਖ ਹੈ। ਸਾਡੇ ਵੱਡ-ਵਡੇਰਿਆਂ ਦੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਲੇਖਾ-ਜੋਖਾ ਇਨ੍ਹਾਂ ਪਿੰਡਾਂ ਦੀਆਂ ਗਲੀਆਂ, ਰਾਹਾਂ, ਖੇਤਾਂ ਤੇ ਕੰਧਾਂ `ਤੇ ਉਕਰਿਆ ਹੋਇਆ ਹੈ। ਹਰ ਪਿੰਡ ਦੀ ਆਪਣੀ ਕਥਾ, ਕਹਾਣੀ ਹੈ। ਕਿਸੇ ਦੀ ਛੋਟੀ ਤੇ ਕਿਸੇ ਦੀ ਵੱਡੀ। ਪਿੰਡ ਨੂੰ ਉਜਾੜਨਾ ਇਤਿਹਾਸਕ ਸ਼ਿਲਾਲੇਖ ਨੂੰ ਮਿਟਾਉਣਾ ਹੈ। ਕਿਸੇ ਵੀ ਵਿਅਕਤੀ ਦੀ ਮੁਢਲੀ ਪਛਾਣ ਉਸਦੀ ਜੰਮਣ-ਭੋਇੰ ਨਾਲ ਜੁੜੀ ਹੁੰਦੀ ਹੈ। ਇਸ ਪਛਾਣ ਨੂੰ ਬੰਦੇ ਤੋਂ ਸੱਤਾ-ਸ਼ਕਤੀ ਦੇ ਜ਼ੋਰ ਨਾਲ ਖੋਹਿਆ ਜ਼ਰੂਰ ਜਾ ਸਕਦਾ ਹੈ ਪਰ ਉਸਦੇ ਅੰਦਰੋਂ ਮਨਫ਼ੀ ਕਿਸੇ ਕਦਰ ਨਹੀਂ ਕੀਤਾ ਜਾ ਸਕਦਾ।
ਇਹ ਵੀ ਸਾਡੇ ਤੇ ਇਸ ਤੋਂ ਪਹਿਲੇ ਸਮਿਆਂ ਦਾ ਸੱਚ ਹੈ ਕਿ ਮਨੁੱਖਾਂ ਨੂੰ ਮਨੁੱਖ ਉਜਾੜਦੇ ਹੀ ਆਏ ਨੇ। ਨਵੇਂ ਸ਼ਹਿਰੀ ਇਲਾਕੇ ਵਸਾਉਣ ਲਈ ਪਿੰਡਾਂ ਨੂੰ ਉਜਾੜਨ ਦਾ ਬੀੜਾ ਉਸੇ ਸਿਲਸਿਲੇ ਦਾ ਹਿੱਸਾ ਹੈ।
ਦੇਸ਼ ਦੀ ਵੰਡ ਹੋਈ। ਲੱਖਾਂ ਲੋਕ ਆਪਣੇ ਪਿੰਡਾਂ ‘ਚੋਂ ਉਜਾੜ ਦਿੱਤੇ ਗਏ। ਬੇਸ਼ੁਮਾਰ ਲੋਕ ਬੇਘਰ ਹੋ ਕੇ ਨਵੇਂ ਥਾਈਂ ਆ ਕੇ ਵੱਸ ਗਏ। ਕਈਆਂ ਨੇ ਨਵੇਂ ਪਿੰਡ ਬਣਾ ਲਏ ਪਰ ਉਨ੍ਹਾਂ ਦੇ ਚੇਤਿਆਂ ‘ਚੋਂ ਆਪਣਾ ਜੱਦੀ ਪਿੰਡ ਆਖ਼ਰੀ ਸਾਹ ਤਕ ਮਨਫ਼ੀ ਨਹੀਂ ਹੋਇਆ। ਅਖ਼ੀਰ ਤੱਕ ਉਨ੍ਹਾਂ ਦੀ ਰੂਹ ਆਪਣੇ ਪਿੰਡ ਨੂੰ ਦੇਖਣ ਲਈ ਤਰਸਦੀ ਰਹੀ। ਮਹਾਨ ਫਿਲਮ ਐਕਟਰ ਸੁਨੀਲ ਦੱਤ ਜਦੋਂ ਬਿਮਾਰ ਹੋ ਕੇ ਮੰਜੇ ‘ਤੇ ਪੈ ਗਿਆ ਤਾਂ ਉਸ ਨੇ ਬੇਟੇ ਸੰਜੇ ਦੱਤ (ਮੁੰਨਾ ਭਾਈ) ਨੂੰ ਕਿਹਾ ਕਿ ‘ਮੈਨੂੰ ਮੇਰੇ ਪਿੰਡ ਲੈ ਚੱਲ।’ ਸੰਜੇ ਕਹੇ ਕਿ ਤੁਹਾਡਾ ਪਿੰਡ ਇੱਥੇ ਹੀ ਹੈ। ਸੁਨੀਲ ਦੱਤ, ਜਿਸਦਾ ਜਨਮ ਤੋਂ ਬਾਅਦ ਨਾਮ ਬਲਰਾਜ ਰੱਖਿਆ ਗਿਆ ਸੀ, ਕਹੇ ਨਹੀਂ ਇੱਥੇ ਮੇਰਾ ਪਿੰਡ ਨਹੀਂ। ਸੁਨੀਲ ਦੱਤ ਦਾ ਜਨਮ ਜੇਹਲਮ ਜ਼ਿਲੇ੍ਹ ਦੇ ਪਿੰਡ ਨਾਕਾ ਖੁਰਦ (ਹੁਣ ਪਾਕਿਸਤਾਨ) ਹੋਇਆ ਸੀ। ਵੰਡ ਤੋਂ ਬਾਅਦ ਉਸ ਦਾ ਪਰਿਵਾਰ ਯਮੁਨਾਨਗਰ ਦੇ ਪਿੰਡ ਮੜੋਲੀ `ਚ ਵੱਸ ਗਿਆ ਸੀ। ਉਹ ਨਾਕਾ ਖੁਰਦ ਜਾਣ ਨੂੰ ਤਰਸਦਾ ਮਰ ਗਿਆ। ਵੰਡ ਤੋਂ 78 ਸਾਲ ਬਾਅਦ ਵੀ ਵਾਗਿਓਂ ਪਾਰੋਂ ਆਏ ਲੱਖਾਂ ਲੋਕਾਂ ਨਾਲ ਰਿਫਿਊਜੀ ‘ਟੈਗ’ ਚਿਪਕਿਆ ਹੋਇਆ ਹੈ। ਇਹ ਵੰਡ ਦੌਰਾਨ ਹੋਏ ਉਜਾੜੇ ਦੀ ਹੀ ਦੇਣ ਹੈ।
ਪੰਜਾਬ ਦੇ ਸਿਰਮੌਰ ਕਵੀਸ਼ਰ ਕਰਨੈਲ ਸਿੰਘ ਪਾਰਸ (ਬਲਵੰਤ ਸਿੰਘ ਰਾਮੂਵਾਲੀਆ ਦਾ ਪਿਤਾ) ਜਦੋਂ ਬਿਮਾਰ ਹੋ ਗਿਆ ਤਾਂ ਉਸ ਸਮੇਂ ਉਹ ਕੈਨੇਡਾ ਵਿਚ ਸੀ। ਉਥੇ ਉਸਦੇ ਪੁੱਤ-ਪੋਤੇ ਤੇ ਨੂੰਹਾਂ ਰਹਿੰਦੇ ਨੇ। ਉਸ ਨੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਕਿਹਾ, ‘ਮੈਨੂੰ ਮੇਰੇ ਪਿੰਡ ਲੈ ਚਲੋ। ਮੈਂ ਉਥੇ ਜਾ ਕੇ ਹੀ ਆਖ਼ਰੀ ਸਾਹ ਲੈਣੇ ਨੇ।’ ਉਸਨੂੰ ਰਾਮੂਵਾਲ (ਮੋਗੇ ਨੇੜੇ) ਲਿਆਂਦਾ ਗਿਆ ਤੇ ਆਖ਼ਰੀ ਸਾਹ ਉਸਨੇ ਉਥੇ ਹੀ ਲਏ।
ਅਠਾਰਵੀਂ ਸਦੀ ਦੇ ਮੱਧ ਦੀ ਗੱਲ ਹੈ। ਪੱਛਮੀ ਅਫਰੀਕਾ ਦੇ ਗੈਮਬੀਆ ਦੇਸ਼ ਦਾ ਰਹਿਣ ਵਾਲਾ ਅਠਾਰਾਂ ਸਾਲਾ ਕੁੰਤਾ ਆਪਣੇ ਘਰ ਤੋਂ ਥੋੜ੍ਹੀ ਦੂਰ ਲੱਕੜੀਆਂ ਇਕੱਠੀਆਂ ਕਰ ਰਿਹਾ ਸੀ। ਅਚਾਨਕ ਅਮਰੀਕੀ ਗੋਰੇ ਉਸ ’ਤੇ ਇੱਲ ਵਾਂਗ ਆ ਝਪਟੇ ਤੇ ਚੁੱਕ ਕੇ ਬੰਦਰਗਾਹ ਦੇ ਨਜ਼ਦੀਕ ਘਰ ਵਿਚ ਲੈ ਗਏ। ਉਥੋਂ ਉਸਨੂੰ ਸਮੁੰਦਰੀ ਜਹਾਜ਼ ‘ਚ ਸੁੱਟਿਆ ਤੇ ਅਮਰੀਕਾ ਲੈ ਆਏ। ਰਾਹ ‘ਚ ਉਸ ਨੂੰ ਤੇ ਉਸਦੇ ਨਾਲ ਦੇ ਸੈਂਕੜੇ ਕਾਲੇ ਅਫ਼ਰੀਕਨਾਂ ਨੂੰ ਜੋ ਤਸੀਹੇ ਦਿੱਤੇ ਗਏ, ਉਹ ਸੁਣ ਕੇ ਮਨੁੱਖੀ ਮਨ ਕੰਬ ਜਾਂਦਾ ਹੈ। ਉਨ੍ਹਾਂ ‘ਚ ਬਹੁਤ ਸਾਰੇ ਤਾਂ ਰਸਤੇ ‘ਚ ਹੀ ਮਰ ਗਏ ਤੇ ਸਮੁੰਦਰ ਦੀ ਕੁੱਖ ‘ਚ ਸਮਾ ਗਏ। ਪੁਰਤਗੇਜ਼ੀ, ਡੱਚ, ਫਰਾਂਸੀਸੀ, ਅਮਰੀਕੀ, ਸਪੇਨੀ ਤੇ ਹੋਰ ਕਈ ਦੇਸ਼ ਕਾਲੇ ਲੋਕਾਂ ਨੂੰ ਗੁLਲਾਮ ਬਣਾ ਕੇ ਅੱਗੇ ਵੇਚ ਦਿੰਦੇ ਸਨ। ਅਸਲ ਵਿਚ ਇਹ ਵਪਾਰ ਪੁਰਤਗੇਜ਼ੀਆਂ ਨੇ 16ਵੀਂ ਸਦੀ ‘ਚ ਸ਼ੁਰੂ ਕੀਤਾ। ਕਾਲਿਆਂ ਦੇ ਸ਼ਿਕਾਰੀ ਗੋਰਿਆਂ, ਜਿਨ੍ਹਾਂ ਨੂੰ ‘ਬਲੈਕ ਹੰਟਰ’ ਕਿਹਾ ਜਾਂਦਾ ਸੀ, ਨੇ ਅਫ਼ਰੀਕਾ ਦੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਤੇ ਉਨ੍ਹਾਂ ਨੂੰ ਕਈ ਸਦੀਆਂ ਗੁLਲਾਮ ਬਣਾ ਕੇ ਆਪਣੇ ਦੇਸ਼ਾਂ ‘ਚ ਰੱਖਿਆ। ਗੋਰੇ ਜ਼ਿਆਦਾ ਔਰਤਾਂ ਤੇ ਬਚਿਆਂ ਨੂੰ ਗੁLਲਾਮ ਬਣਾ ਕੇ ਲਿਆਉਂਦੇ ਸੀ। ਉਨ੍ਹਾਂ ਨੂੰ ਅਫ਼ਰੀਕੀ ਜੰਗਲਾਂ ‘ਚ ਲੱਕੜਾਂ ਚੁੱਕਦਿਆਂ ਨੂੰ ਅਗਵਾ ਕਰ ਲੈਂਦੇ ਸੀ।
ਭਾਵੇਂ ਗ਼ੁਲਾਮਾਂ ਦਾ ਵਪਾਰ 1808 `ਚ ਬੰਦ ਹੋ ਗਿਆ ਸੀ, ਪਰ ਅਮਰੀਕਾ ਅੰਦਰ ਇਹ ਵਰਤਾਰਾ 1860 ਤਕ ਜਾਰੀ ਰਿਹਾ। ਫਿਰ ਪੰਜ ਸਾਲ ਸਿਵਲ ਵਾਰ ਹੋਇਆ ਤੇ ਗੁLਲਾਮ ਪ੍ਰਥਾ ਤੋਂ ਮੁਕਤੀ ਇਸ ਸਿਵਲ ਵਾਰ ਤੋਂ ਬਾਅਦ ਮਿਲੀ। ਫਰਾਂਸ ‘ਚ ਇਹ ਪ੍ਰਥਾ 1794 ‘ਚ ਫਰਾਂਸੀਸੀ ਇਨਕਲਾਬ ਤੋਂ ਬਾਅਦ ਬੰਦ ਕਰ ਦਿਤੀ ਗਈ ਪਰ 1808 ਵਿਚ ਇਸ ਨੂੰ ਨੈਪੋਲੀਅਨ ਨੇ ਫਿਰ ਸ਼ੁਰੂ ਕਰ ਦਿੱਤਾ। ਇਸਦਾ ਅੰਤ ਫਰਾਂਸ ਵਿਚ 1848 ‘ਚ ਸਰਕਾਰੀ ਤੌਰ ‘ਤੇ ਹੋਇਆ। ਸਦੀਆਂ ਪਹਿਲਾਂ ਉਜਾੜੇ ਕਾਲੇ ਲੋਕ ਆਪਣੀ ਪਛਾਣ ਤੇ ਪਿਛੋਕੜ ਦੀ ਤਲਾਸ਼ ਲਈ ਕਈ ਦਹਾਕੇ ਜੂਝਦੇ ਰਹੇ।
ਅਸੀਂ ਕੌਣ ਹਾਂ? ਇਹ ਸਵਾਲ ਉਨ੍ਹਾਂ ਨੂੰ ਪਰੇਸ਼ਾਨ ਕਰਦਾ ਰਿਹਾ। ਇਕ ਸਮਾਂ ਅਜੇਹਾ ਆਇਆ ਕਿ ਇਸ ਸਵਾਲ ਨੇ ਕਾਲੇ ਮੂਲ ਦੇ ਲੇਖਕ ਐਲੈਕਸ ਹੇਲੀ ਦੇ ਮਨ `ਚ ਖੌਰੂ ਪਾਉਣਾ ਸ਼ੁਰੂ ਕਰ ਦਿੱਤਾ। ਤੇ ਉਹ 1960 ਦੇ ਕਰੀਬ ਆਪਣੀਆਂ ਜੜ੍ਹਾਂ (ਆਪਣੇ ਪਿੰਡਾਂ) ਦੀ ਤਲਾਸ਼ ਵਿਚ ਅਫ਼ਰੀਕਾ ਨੂੰ ਨਿਕਲ ਪਿਆ। ਉਸਨੇ ਆਪਣੀ ਦਾਦੀ ਸੀਨਥਾ ਤੋਂ ਆਪਣੇ ਵੱਡ-ਵਡੇਰਿਆਂ ਦੀਆਂ ਕਹਾਣੀਆਂ ਸੁਣੀਆਂ ਸਨ। ਉਨ੍ਹਾਂ ਕਹਾਣੀਆਂ ਦੇ ਸਹਾਰੇ ਉਹ ਗੈਮਬੀਆ ਪੁਹੰਚ ਗਿਆ। ਉਸਨੇ ਸਥਾਨਕ ਲੋਕਾਂ ਦੀ ਮਦਦ ਨਾਲ ਆਪਣੇ ਵੱਡ-ਵਡੇਰੇ ਕੁੰਤੇ ਦਾ ਪਿੰਡ ਜਫੁਰਾ ਲੱਭ ਲਿਆ। ਐਲੈਕਸ ਆਪਣੇ ਵਡਾਰੂ ਕੁੰਤੇ ਦੀ ਛੇਵੀਂ ਪੀੜ੍ਹੀ (sixth generation) ‘ਚੋਂ ਸੀ। ਉਥੋਂ ਪਰਤ ਕੇ ਐਲੈਕਸ ਨੇ 10 ਸਾਲ ਲਾ ਕੇ ਇਕ ਨਾਵਲ ਲਿਖਿਆ ਜੋ 1976 ‘ਚ ਪ੍ਰਕਾਸ਼ਿਤ ਹੋਇਆ। ਉਸ ਨਾਵਲ ਨੇ ਅਮਰੀਕਾ ਹੀ ਨਹੀਂ ਦੁਨੀਆਂ ਦੇ ਕਈ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ। ਹੁਣ ਅਫ਼ਰੀਕਾ ‘ਚ ਅਮਰੀਕਾ ਤੋਂ ਜਾ ਕੇ ਆਪਣੇ ਪਿੰਡਾਂ ‘ਚ ਕਾਲੇ ਮੂਲ ਦੇ ਲੋਕ ਮੇਲੇ ਲਾਉਂਦੇ ਨੇ। ਥੋੜ੍ਹੀ ਦੇਰ ਪਹਿਲਾਂ ਐਲੈਕਸ ਦੇ ਪੋਤਾ ਤੇ ਪੋਤੀ ਉਥੇ ਜਾ ਕੇ ਆਏ ਨੇ। ਐਲੈਕਸ ਦੀ 1992 ‘ਚ ਮੌਤ ਹੋ ਗਈ।
ਜਿਵੇਂ ਲੈਂਡ ਪੂਲਿੰਗ ਨੀਤੀ ਦੇ ਫਾਇਦੇ ਗਿਣਾਉਣ ਵਾਲੇ ਲੁਧਿਆਣੇ ਦੇ ਆਸ-ਪਾਸ ਦੇ ਪਿੰਡਾਂ ‘ਚ ਤੁਰੇ ਫਿਰਦੇ ਨੇ ਉਸ ਤਰ੍ਹਾਂ ਅਮਰੀਕਾ ਵਿਚ ਵੀ ਅਜਿਹੇ ਬਹੁਤ ਲੋਕ ਹਨ ਜੋ ‘ਗੁLਲਾਮ ਵਪਾਰ’ ਦੇ ਹੱਕ ਵਿਚ ਬੋਲਦੇ ਨੇ। ਉਹ ਕਹਿੰਦੇ ਨੇ ਕਾਲੇ ਲੋਕਾਂ ਨੂੰ ਅਫ਼ਰੀਕਾ ਦੇ ਜੰਗਲਾਂ ‘ਚੋਂ ਕੱਢ ਕੇ ਸੱਭਿਅਕ ਮੁਲਕਾਂ `ਚ ਲੈ ਕੇ ਆਉਣਾ ਉਨ੍ਹਾਂ ਲਈ ਚੰਗਾ ਹੀ ਸਾਬਿਤ ਹੋਇਆ ਹੈ।
ਇਸ ਤਰ੍ਹਾਂ ਹੀ ਬਾਹਰੋਂ ਆ ਕੇ ਅਮਰੀਕਾ ‘ਤੇ ਕਾਬਜ਼ ਹੋਏ ਗੋਰੇ ਅਮਰੀਕੀਆਂ ਨੇ ਉਥੋਂ ਦੇ ਮੂਲ ਵਾਸੀਆਂ ‘ਤੇ, ਜਿਨ੍ਹਾਂ ਨੂੰ ਉਹ ‘ਇੰਡੀਅਨ’ ਕਹਿੰਦੇ ਸੀ, `ਤੇ ਕਿੰਨੇ ਜ਼ੁਲਮ ਕੀਤੇ ਉਹ ਅਮਰੀਕੀਆਂ ਦੇ ਮੱਥੇ ‘ਤੇ ਨਾ ਮਿਟਣ ਵਾਲਾ ਕਲੰਕ ਹੈ। ਪੰਜ ਵੱਡੇ ਕਬੀਲੇ- ਚੋਕਟਾ, ਕ੍ਰੀਕਸ, ਚਿਰੋਕੀ, ਸੇਮੀਨੋਲ ਤੇ ਚਿਕਸਵ ਦੱਖਣੀ ਪੂਰਬੀ ਅਮਰੀਕਾ ਦੇ ਅਮੀਰ ਖਿੱਤੇ ਜਿਸ ‘ਚ ਜੋਰਜੀਆ, ਫਲੋਰੀਡਾ, ਮੈਰੀਲੈਂਡ, ਵਰਜੀਨੀਆ, ਮਿਸੀਸਿਪੀ ਆਦਿ ਸ਼ਾਮਲ ਸਨ, ‘ਚ ਰਹਿੰਦੇ ਸੀ। ਸਾਲ 1830 ਵਿਚ ਅਮਰੀਕੀ ਕਾਂਗਰਸ ਨੇ ਕਾਨੂੰਨ Indian Removal Act -ਪਾਸ ਕਰ ਕੇ ਉਨ੍ਹਾਂ ਨੂੰ 1831 ਤੋਂ 1840 ਤੱਕ ਮਿਸੀਸਿਪੀ ਨਦੀ ਤੋਂ ਪਾਰ ਬਰਫੀਲੇ ਇਲਾਕੇ `ਚ ਛੱਡ ਦਿੱਤਾ। ਇਸ ਇਲਾਕੇ ਨੂੰ ਹੁਣ ਓਕਲਹੋਮਾ ਕਹਿੰਦੇ ਨੇ। ਸੋਨੇ ਦੀਆਂ ਖਾਣਾ ‘ਤੇ ਕਬਜ਼ਾ ਕਰਨ ਲਈ ਅਮੀਰ ਅਮਰੀਕੀਆਂ ਨੇ ਕਾਨੂੰਨ ਪਾਸ ਕਰਵਾ ਕੇ ਇਕ ਲੱਖ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਦੇ ਪਿੰਡ ‘ਤੋਂ ਉਜਾੜ ਕੇ ਕਈ ਹਜ਼ਾਰ ਮੀਲ ਦੂਰ ਦਵੱਲ ਦਿਤਾ। ਇਸ ਲਈ ਬਲ ਦਾ ਪ੍ਰਯੋਗ ਕੀਤਾ ਗਿਆ। ਕੁੱਟ-ਮਾਰ ਕਰਨ ਲਈ ਫੈਡਰਲ ਫੋਰਸ ਦੀ ਵਰਤੋਂ ਕੀਤੀ ਗਈ। ਕੋਈ 15 ਹਜ਼ਾਰ ਦੇ ਕਰੀਬ ਇੰਡੀਅਨ ਪਰਵਾਸ ਕਰਦੇ ਠੰਢ ਤੇ ਹੋਰ ਕਾਰਨਾਂ ਕਰਕੇ ਮਰ ਗਏ। ਬਾਅਦ `ਚ ਉਨ੍ਹਾਂ ਦੀ ਯਾਦ ਵਿਚ ਪਾਰਕ ‘Trail of Tears’ ਬਣਾ ਦਿਤੀ ਗਈ। ਤੇ ਇੰਗਲੈਂਡ ਤੇ ਹੋਰ ਦੇਸ਼ਾਂ ਤੋਂ ਪਰਵਾਸ ਕਰ ਕੇ ਅਮਰੀਕਾ ‘ਚ ਵਸੇ ਗੋਰੇ ਹੁਣ ਆਪਣੀਆਂ ਕਬਰਾਂ `ਤੇ ਪਾਉਣ ਲਈ ਮਰਨ ਤੋਂ ਪਹਿਲਾਂ ਹੀ ਆਪਣੇ ਪੁਰਖਿਆਂ ਦੀ ਧਰਤੀ ਤੋਂ ਮਹਿੰਗੇ ਭਾਅ ਮਿੱਟੀ ਮੰਗਵਾ ਲੈਂਦੇ ਨੇ। ਉਨ੍ਹਾਂ `ਚ ਆਪਣੀ ਮਿਟੀ ਦਾ ਮੋਹ ਕਈ ਸਦੀਆਂ ਬਾਅਦ ਵੀ ਬਰਕਰਾਰ ਹੈ।
ਜਦੋਂ ਪਿੰਡ ਉਜਾੜਿਆ ਜਾਂਦਾ ਹੈ ਤਾਂ ਉਸ ਦੇ ਨਾਲ ਹੋਰ ਏਨਾ ਕੁਝ ਉੱਜੜ ਜਾਂਦਾ ਹੈ ਜਿਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਬੋਲੀ, ਸੱਭਿਆਚਾਰ ਤੇ ਹੋਰ ਬਹੁਤ ਕੁਝ ਦਾ ਘਾਣ ਹੋ ਜਾਂਦਾ ਹੈ। ਇਸ ਤਰ੍ਹਾਂ ਪੱਛਮੀ ਕੈਕੇਸ਼ੀਆ ਦੇ ਖੋਸਤਾ ਤੇ ਸਾਖੇ ਦਰਿਆ ਦੇ ਆਸ-ਪਾਸ ਰਹਿਣ ਵਾਲੇ ਉਭੀਖ ਲੋਕਾਂ ਨਾਲ ਹੋਇਆ। ਉਨੀਵੀਂ ਸਦੀ `ਚ ਉਨ੍ਹਾਂ ਦੀ ਜ਼ਾਰਸ਼ਾਹੀ ਨਾਲ ਲੜਾਈ ਚਲ ਰਹੀ ਸੀ। ਉਹ ਬਹੁਤ ਬਹਾਦਰ ਕੌਮ ਗਿਣੀ ਜਾਂਦੀ ਸੀ ਤੇ ਉਸ ਨੇ ਜ਼ਾਰ ਅੱਗੇ ਗੋਡੇ ਟੇਕਣ ਤੋਂ ਨਾਂਹ ਕਰ ਦਿਤੀ। ਜ਼ਾਰ ਨੇ ਅਖੀਰ ਉਨ੍ਹਾਂ ਨੂੰ ਕਹਿ ਦਿੱਤਾ ਕਿ ਉਹ ਜਾਂ ਤਾਂ ਆਪਣੇ ਪਹਾੜ ਛੱਡ ਕੇ ਮੈਦਾਨੀ ਇਲਾਕੇ `ਚ ਆ ਕੇ ਵੱਸ ਜਾਣ ਜਾਂ ਫਿਰ ਤੁਰਕੀ ਨੂੰ ਪਰਵਾਸ ਕਰ ਜਾਣ। ਕੁਝ ਜਗੀਰਦਾਰਾਂ ਦੇ ਪ੍ਰਭਾਵ ਥੱਲੇ ਉਭੀਖ ਤੁਰਕੀ ਚਲੇ ਗਏ। ਬਹੁਤ ਸਾਰੇ ਤਾਂ ਰਸਤੇ ‘ਚ ਹੀ ਪਰਵਾਸ ਕਰਦੇ ਸਮੇਂ ਮਾਰੇ ਗਏ। ਜਿਹੜੇ ਨੌਜਵਾਨ ਸੀ ਉਹ ਤੁਰਕੀ ਦੇ ਸੁਲਤਾਨ ਨੇ ਧੱਕੇ ਨਾਲ ਫੌਜ ‘ਚ ਭਰਤੀ ਕਰ ਲਏ ਤੇ ਉਹ ਸੁਲਤਾਨ ਦੇ ਖ਼ਾਤਰ ਲੜਦੇ ਮਾਰੇ ਗਏ। ਉਨ੍ਹਾਂ ਦੀ ਜੋ ਤੁਰਕੀ `ਚ ਦੁਰਦਸ਼ਾ ਹੋਈ ਉਸਦੀ ਮਿਸਾਲ ਲੱਭਣੀ ਔਖੀ ਹੈ। ਜਦੋਂ ਰੂਸ `ਚ ਇਨਕਲਾਬ ਆਇਆ ਤਾਂ ਬਾਕੀ ਬਚੇ ਉਭੀਖਾਂ ਨੇ ਵਾਪਸ ਆਪਣੇ ਦੇਸ਼ ਪਰਤਣਾ ਚਾਹਿਆ। ਤੇ ਉਹ ਵਾਪਸੀ ਸਮੇਂ ਭੁੱਖ ਤੇ ਹੈਜੇ ਨਾਲ ਮਾਰੇ ਗਏ। ਜਾਗੀਰਦਾਰ ਤੁਰਕੀ ਦੀ ਸਲਤਨਤ ਦੇ ਟੋਡੀ ਬਣ ਗਏ ਤੇ ਆਪਣੇ ਉਭੀਖ ਲੋਕਾਂ ਨੂੰ ਸੁਲਤਾਨ ਲਈ ਲੜਨ ਵਾਸਤੇ ਤਿਆਰ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਰਹੇ। ਇਹ ਮੰਨਿਆ ਜਾਂਦਾ ਹੈ ਕਿ 1992 `ਚ ਉਭੀਖ ਬੋਲੀ ਬੋਲਣ ਵਾਲਾ ਆਖ਼ਰੀ ਵਿਅਕਤੀ ਮਰ ਗਿਆ। 100 ਸਾਲ `ਚ ਇਹ ਬਹਾਦਰ ਕੌਮ ਦੁਨੀਆ ਦੇ ਨਕਸ਼ੇ ਤੋਂ ਅਲੋਪ ਹੋ ਗਈ। ਇਸ ਸੰਬੰਧੀ ਰੂਸੀ ਲੇਖਕ ਬਗਰਾਤ ਸ਼ਿਨਕੁਬਾ ਨੇ ‘The Last of the Departed ਬਹੁਤ ਹੀ ਵਧੀਆ ਨਾਵਲ ਲਿਖਿਆ ਹੈ। ਨਾਵਲ ਦਾ ਅੰਤ ਉਹ ਇਸ ਕਥਨ ਨਾਲ ਕਰਦਾ ਹੈ ਕਿ ‘ਜੋ ਆਪਣਾ ਦੇਸ਼ ਗੁਆ ਦਿੰਦਾ ਹੈ, ਉਹ ਸਭ ਕੁਝ ਗੁਆ ਦਿੰਦਾ ਹੈ।’ ਇਸ ਤੋਂ ਸਪਸ਼ਟ ਹੈ ਕਿ ਜਿਸ ਤੋਂ ਉਸਦਾ ਪਿੰਡ ਖੋਹ ਲਿਆ ਜਾਂਦਾ ਹੈ ਉਸ ਤੋਂ ਉਸਦਾ ਸਭ ਕੁਝ ਖੋਹ ਲਿਆ ਜਾਂਦਾ ਹੈ।
ਚੰਡੀਗੜ੍ਹ ਨੂੰ ਹੀ ਲੈ ਲਵੋ। ਦੁਨੀਆਂ ਦਾ ਸੁੰਦਰ ਸਮਝਿਆ ਜਾਣ ਵਾਲਾ ਇਹ ਸ਼ਹਿਰ ਹਜ਼ਾਰਾਂ ਲੋਕਾਂ ਦੇ ਉਜਾੜੇ ‘ਤੇ ਉਸਰਿਆ ਹੋਇਆ ਹੈ। ਇਸ ਦੀਆਂ ਨੀਂਹਾਂ ਪਤਾ ਨਹੀਂ ਕਿੰਨੀਆਂ ਆਹਾਂ, ਬਦਅਸੀਸਾਂ ਤੇ ਹੰਝੂਆਂ ‘ਤੇ ਟਿਕੀਆਂ ਹੋਈਆਂ ਨੇ। ਮੈਂ ਉਨ੍ਹਾਂ ਬਹੁਤ ਸਾਰੇ ਲੋਕਾਂ ਨੂੰ ਮਿਲਿਆਂ ਜਿਨ੍ਹਾਂ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਹੈ। ਇਸ ਨੂੰ ਵਸਾਉਣ ਲਈ 28 ਪਿੰਡਾਂ ਦਾ ਵਜੂਦ ਮਿੱਟੀ ‘ਚ ਮਿਲਾ ਦਿੱਤਾ ਗਿਆ। ਕੁਝ ਪਿੰਡ ਜਿਵੇਂ ਡੱਡੂ ਮਾਜਰਾ, ਹਲੋ ਮਾਜਰਾ, ਬੁੜੈਲ, ਬੱਡਹੇੜੀ, ਰਾਏਪੁਰ ਆਦਿ ਮੂਲ ਵਾਸੀਆਂ ਦੇ ਯਤਨਾਂ ਸਦਕਾ ਬਚ ਗਏ। ਅੰਗਰੇਜ਼ ਸਿੰਘ ਬੱਡਹੇੜੀ ਨੇ ਇਨ੍ਹਾਂ ਪਿੰਡਾਂ ਦੇ ਵਜੂਦ ਨੂੰ ਮਿਟਣ ਤੋਂ ਬਚਾਉਣ ਲਈ ਬੜੀ ਜੱਦੋ-ਜਹਿਦ ਕੀਤੀ। 1971 ‘ਚ ਉਹ ਉਸ ਸਮੇਂ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲੇ। ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਆ ਕੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਹੋਰ ਕੋਈ ਪਿੰਡ ਨਹੀਂ ਢਾਹਿਆ ਜਾਵੇਗਾ। ਸਿਰਫ ਜ਼ਮੀਨ ਹੀ ਐਕੁਆਇਰ ਕੀਤੀ ਜਾਵੇਗੀ। ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਪਿੰਡਾਂ `ਚ ਕੁਝ ਰਾਜਸਥਾਨ, ਕੁਝ ਉੱਤਰ ਪ੍ਰਦੇਸ਼ ਤੇ ਕੁਝ ਪੰਜਾਬ ਦੇ ਅੱਲਗ ਪਿੰਡਾਂ ‘ਚ ਜਾ ਵਸੇ ਨੇ।
ਚੰਡੀਗੜ੍ਹ ਵਸਾਉਣ ਲਈ ਢਾਹੇ ਗਏ ਪਿੰਡਾਂ ਦੀ ਮਾਂ ਬੋਲੀ ਪੁਆਧੀ ਸੀ, ਪਰ ਹੁਣ ਉਨ੍ਹਾਂ ਦੇ ਬੱਚੇ ਆਪਣੀ ਮਾਂ ਬੋਲੀ ਤੋਂ ਟੁੱਟ ਗਏ ਨੇ। ਜਿਹੜੇ ਪਿੰਡ ‘ਚ ਹੁਣ ਵੱਸੇ ਨੇ ਉਥੇ ਉਹ ਅਜੇ ਵੀ ‘ਬਾਹਰਲੇ’ ਵੱਜਦੇ ਨੇ। ਇਕ ਦਿਨ ਮੈਨੂੰ ਉਮਰ ਦੇ 90 ਸਾਲਾਂ ਨੂੰ ਢੁਕਿਆ ਡਾਕਟਰ ਸ਼ੇਰ ਸਿੰਘ ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਲੈ ਗਿਆ। ਉਥੇ ਜਾ ਕੇ ਉਹ ਉੱਚੀ ਉੱਚੀ ਰੋਣ ਲੱਗ ਪਿਆ। ਨਾਲ ਲੱਗਦੇ ਲੇਕ ਕਲੱਬ ਵੱਲ ਉਂਗਲ ਕਰ ਕੇ ਕਹਿਣ ਲੱਗਿਆ, ਇਥੇ ਸਾਡੀ ਜ਼ਮੀਨ ਸੀ। ਆਹ ਜਿਹਨੂੰ ਲੋਕ ਹੁਣ ਸੁਖਨਾ ਲੇਕ (ਝੀਲ) ਕਹਿੰਦੇ ਨੇ ਇਹ ਛੱਪੜ ਸੀ। ਇਹ ਸੁਖਨਾ ਚੋਅ ਦੇ ਪਾਣੀ ਨਾਲ ਭਰ ਕੇ ਉਛਲਦਾ ਸੀ ਤੇ ਪਾਣੀ ਬਰਸਾਤੀ ਨਾਲੇ ਰਾਹੀਂ ਅਗੇ ਨਿਕਲ ਜਾਂਦਾ ਸੀ। ਜਿਥੇ ਅੱਜ-ਕੱਲ੍ਹ ਪੰਜਾਬ ਰਾਜ ਭਵਨ (ਗਵਰਨਰ ਦਾ ਰੈਣ ਬਸੇਰਾ) ਹੈ ਉਥੇ ਡਾਕਟਰ ਸ਼ੇਰ ਸਿੰਘ ਦਾ ਪਿੰਡ ਭੰਗੀ ਮਾਜਰਾ ਉਰਫ ਰਾਮਨਗਰ ਸੀ। ਜਿੱਥੇ 17 ਸੈਕਟਰ ਦਾ ਬੱਸ ਅੱਡਾ ਹੈ ਉਥੇ ਰੁੜਕੀ ਪੜਾਓ ਵਾਲੀ ਸੀ, ਜਿਥੇ ਰਾਹੀ ਰੁਕ ਕੇ ਖੂਹਾਂ ਦੇ ਪਾਣੀ ਪੀਂਦੇ ਸੀ। ਸੈਕਟਰ 17 ਵਾਲੇ ਇਲਾਕੇ ‘ਚ ਕੋਈ 15 ਦੇ ਕਰੀਬ ਖੂਹ ਸੀ। ਅਜਮੇਰ ਸਿੰਘ ਜੋ 102 ਸਾਲ ਦੀ ਉਮਰ ‘ਚ ਇਸ ਸੰਸਾਰ ਤੋਂ ਕੁਝ ਸਾਲ ਪਹਿਲਾਂ ਵਿਦਾ ਹੋਇਆ, ਦਾ ਪਿੰਡ ਕਾਲੀਬਾਰ ਸੈਕਟਰ 8 ਦੇ ਗੁਰਦੁਆਰੇ ਕੋਲ ਸੀ। ਪੀ.ਜੀ.ਆਈ. ਖੁੱਡਾ ਜੱਸੂ ਤੇ ਪੰਜਾਬ ਯੂਨੀਵਰਸਿਟੀ ਕਾਂਜੀ ਮਾਜਰਾ ਤੇ ਧਨਾਸ ਦੀ ਜ਼ਮੀਨ ‘ਚ ਬਣੀ ਹੈ। ਅਜੇ ਕੁਝ ਉਨ੍ਹਾਂ ਪਿੰਡਾਂ ਦੇ ਮੂਲ ਵਾਸੀ ਜਿਉਂਦੇ ਨੇ ਜਿਨ੍ਹਾਂ ਦੇ ਪਿੰਡਾਂ ਨੂੰ ਖਤਮ ਕਰ ਕੇ ਚੰਡੀਗੜ੍ਹ ਵਸਾਇਆ ਗਿਆ। ਉਹ ਆਪਣੇ ਪਿੰਡਾਂ ਨੂੰ ਯਾਦ ਕਰਕੇ ਧਾਹਾਂ ਮਾਰ ਕੇ ਰੋਂਦੇ ਨੇ।
ਕਿਹਾ ਜਾਂਦਾ ਹੈ ਕਿ ਸ਼ਹਿਰਾਂ ਦੀ ਆਪਣੀ ਕੋਈ ਰੂਹ ਨਹੀਂ ਹੁੰਦੀ। ਪਿੰਡਾਂ ਦੀ ਹੁੰਦੀ ਹੈ। ਪਿੰਡ ਦੀ ਉਸਾਰੀ ਸਾਂਝੇ ਖੂਨ ‘ਚੋ ਹੋਈ ਹੁੰਦੀ ਹੈ। ਸਮਾਜ ਵਿਗਿਆਨੀ ਕਹਿੰਦੇ ਨੇ ਕਿ ‘Root Shock’ (ਉਜਾੜੇ ਦਾ ਸਦਮਾ) ਸਭ ਤੋਂ ਖ਼ਤਰਨਾਕ ਹੁੰਦਾ ਹੈ। ਇਸ ਸਦਮੇ ‘ਚੋਂ ਉਭਰਨ ਲਈ ਦਹਾਕੇ ਲੱਗ ਜਾਂਦੇ ਨੇ। ਜਿਹੜੀ ਪੀੜ੍ਹੀ ਨੂੰ ਇਹ ਸਦਮਾ ਲੱਗਦਾ ਹੈ, ਉਸ ਨੂੰ ਇਸ ਤੋਂ ਬਾਹਰ ਨਿਕਲਣਾ ਨਾ-ਮੁਮਕਿਨ ਹੁੰਦਾ ਹੈ।
ਕੀ ਕਿਸੇ ਸਮੇਂ (ਅੱਜ ਤੋਂ 50-100 ਸਾਲ ਬਾਅਦ) ਉਸ ਸਵਾਲ ਦਾ ਸਾਹਮਣਾ ਸਾਡੇ ਲੋਕਾਂ ਨੂੰ ਵੀ ਕਰਨਾ ਪਵੇਗਾ ਜਿਸ ਦਾ ਐਲੈਕਸ ਹੇਲੀ ਨੂੰ ਆਪਣੀਆਂ ਛੇ ਪੁਸ਼ਤਾਂ ਬਾਅਦ 1960 ‘ਚ ਕਰਨਾ ਪਿਆ ਸੀ। ਮੈਨੂੰ ਲੱਗਦਾ ਹੈ ਕਿ ਹਰ ਹਾਲਤ ‘ਚ ਕਰਨਾ ਪਊ। ਸ਼ਾਇਦ ਉਨ੍ਹਾਂ ਨੂੰ ਹੁਣੇ ਕਰਨਾ ਪੈ ਰਿਹਾ ਹੋਵੇ, ਜਿਨ੍ਹਾਂ ਦੇ ਬਜ਼ੁਰਗ ਪਿਛਲੀ ਸਦੀ ਦੇ ਸ਼ੁਰੂ ‘ਚ ਹੀ ਅਮਰੀਕਾ, ਕੈਨੇਡਾ, ਸਿੰਗਾਪੁਰ, ਮਲਾਇਆ ਵਰਗੇ ਦੇਸ਼ਾਂ ਨੂੰ ਤੁਰ ਗਏ ਸਨ।
ਗੁਰਦਾਸ ਮਾਨ ਨੂੰ ਆਪਣੇ ਪਿੰਡ ਦੀ ਯਾਦ ਸਤਾਉਂਦੀ ਹੈ। ਇਸ ਲਈ ਉਸ ਨੇ ਲਿਖਿਆ ਹੈ ‘ਮੁੜ ਮੁੜ ਯਾਦ ਸਤਾਏ ਪਿੰਡ ਦੀ ਗਲੀਆਂ ਦੀ।’ ਅੱਜ ਤੋਂ ਕੁੱਝ ਪੀੜ੍ਹੀਆਂ ਬਾਅਦ ਇਹ ਯਾਦ ਉਨ੍ਹਾਂ ਨੂੰ ਵੀ ਸਤਾਊ, ਜੋ ਪੰਜਾਬ ਛੱਡ ਕੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਇਟਲੀ ਤੇ ਹੋਰ ਮੁਲਕਾਂ ਵਿਚ ਜਾ ਵਸੇ ਨੇ, ਤੇ ਉਨ੍ਹਾਂ ਨੂੰ ਵੀ ਜੋ ਪੰਜਾਬ ਛੱਡ ਕੇ ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਉਤਰਾਖੰਡ ਤੇ ਹੋਰ ਰਾਜਾਂ ‘ਚ ਮਜਬੂਰੀ ਵੱਸ ਜਾਂ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਸ਼ਹਿਰ ਵਸਾਉਣ ਦੀ ਜ਼ਿੱਦ ਕਰਕੇ ਉੱਜੜ ਕੇ ਗਏ ਨੇ। ਗੁਰਦਾਸ ਮਾਨ ਇਕੱਲਾ ਹੀ ਨਹੀਂ ਜਿਸਨੇ ਅਜੇਹਾ ਗੀਤ ਲਿਖਿਆ ਹੈ।
ਸਾਬ ਪੰਜਗੋਟੇ ਦਾ ਗੀਤ
‘ਇਕ ਵਾਰੀ ਤਾਂ ਮਨਾਂ ਪਿੰਡ ਹੋ ਆਈਏ ਓ,
ਆਪਣਿਆਂ ਤੋਂ ਵਿਛੜੇ ਨਾ ਮਰ ਜਾਈਏ ਓ,
ਦਿਲ ਦੀ ਪੰਜਗੋਟੇ ਵਾਲਾ ਸਾਫ ਕਹੇ,
ਮੇਰਾ ਤਨ ਰਹਿੰਦਾ ਪ੍ਰਦੇਸੀ ਰੂਹ ਪੰਜਾਬ ਰਹੇ।

ਧਰਮਵੀਰ ਥਾਂਦੀ ਦਾ ਗੀਤ:
ਖੇਤੀ ਖੂਹਾਂ `ਤੇ ਜਾ ਕੇ ਮੌਣਾਂ ਕੋਲ ਰੋ ਕੇ ਆਇਆਂ,
ਖਾਲੀ ਖੜੇ ਮੰਜਿਆਂ ਦੀਆਂ ਦੌਣਾਂ ਕੋਲ ਰੋ ਕੇ ਆਇਆਂ।
ਇਨ੍ਹਾਂ ਗੀਤਾਂ ਨੂੰ ਸੁਣ ਕੇ ਰੂਹ ਅੰਬਰਾਂ ਤਕ ਰੋਣ ਲਗ ਜਾਂਦੀ ਹੈ।