ਘਟ ਰਿਹਾ ਹੈ ਪੰਜਾਬੀ ਭਾਸ਼ਾ ਪੜ੍ਹਨ ਦਾ ਰੁਝਾਨ

ਜਲੰਧਰ:ਭਾਸ਼ਾ ਮਾਹਿਰਾਂ ਦਾ ਮੰਨਣਾ ਹੈ ਕਿ ਪਹਿਲੀ ਉਮਰ ਵਿੱਚ ਬੱਚਾ ਜਿੰਨੀਆਂ ਵੀ ਭਾਸ਼ਾਵਾਂ ਚਾਹੇ, ਸਿੱਖ ਸਕਦਾ ਹੈ। ਇਸ ਕਰਕੇ ਸਰਕਾਰ ਵੱਲੋਂ ਸਿਖਿਆ ਸੰਸਥਾਵਾਂ ਨੂੰ ਭਾਸ਼ਾਵਾਂ ਪੜ੍ਹਾਉਣ ਲਈ ਸਹੂਲਤ ਦਿੱਤੀ ਗਈ ਹੈ। ਸਰਕਾਰ ਤਾਂ ਸਹੂਲਤ ਦੇ ਰਹੀ ਹੈ,

ਕੀ ਅਸੀਂ ਸੱਚਮੁੱਚ ਆਪਣੇ ਬੱਚਿਆਂ ਨੂੰ ਭਾਸ਼ਾਵਾਂ ਨਾਲ ਜੋੜ ਰਹੇ ਹਾਂ? ਅੱਜ ਸਾਡੇ ਕੋਲ ਭਾਸ਼ਾ ਦੇ ਨਾਂ ‘ਤੇ ਅੰਗਰੇਜ਼ੀ ਅਤੇ ਹਿੰਦੀ ਦੀ ਗੱਲ ਹੀ ਪ੍ਰਮੁੱਖਤਾ ਨਾਲ ਸਾਹਮਣੇ ਆਉਂਦੀ ਹੈ। ਗੱਲ ਕਰਦੇ ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਬਾਰੇ। ਦਿੱਲੀ ਇਕ ਬਹੁ-ਭਾਸ਼ਾਈ ਸ਼ਹਿਰ ਹੈ ਜਿੱਥੇ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਮੁੱਖ ਰੂਪ ਵਿਚ ਵਰਤੀ ਜਾਂਦੀ ਹੈ। ਭਾਵੇਂ ਦਿੱਲੀ ਵਿਚ ਇਸ ਸਮੇਂ ਸਰਕਾਰੀ ਪੱਧਰ ‘ਤੇ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਹੋਇਆ ਹੈ। ਇਸ ਕਰਕੇ ਦਿੱਲੀ ਦੇ ਸਰਕਾਰੀ, ਗ਼ੈਰ-ਸਰਕਾਰੀ ਅਤੇ ਪਬਲਿਕ ਸਕੂਲਾਂ ਦੇ ਨਾਲ-ਨਾਲ ਕਾਲਜਾਂ ਵਿਚ ਪੰਜਾਬੀ ਪੜ੍ਹਨ ਦੀ ਸਹੂਲਤ ਦਿੱਤੀ ਹੋਈ ਹੈ। ਸਰਕਾਰ ਨੇ ਤਾਂ ਆਪਣਾ ਕੰਮ ਕਰ ਦਿੱਤਾ। ਕੀ ਅਸੀਂ ਸੱਚਮੁੱਚ ਇਸ ਦਾ ਲਾਭ ਉਠਾ ਰਹੇ ਹਾਂ। ਮੈਂ ਆਪ ਵੀ ਇਕ ਵਿੱਦਿਅਕ ਅਦਾਰੇ ਨਾਲ ਜੁੜਿਆ ਹੋਇਆ ਹਾਂ। ਇਸ ਕਰਕੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਵਾਹ ਪੈਂਦਾ ਰਹਿੰਦਾ ਹੈ। ਅੱਜ ਵੇਖਣ ਵਾਲੀ ਗੱਲ ਇਹ ਹੈ ਕਿ ਦਿੱਲੀ ਵਿਚ ਸਕੂਲਾਂ ਤੇ ਕਾਲਜਾਂ ‘ਚ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਨੂੰ ਪੜ੍ਹਨ ਦੀ ਰੁਚੀ ਦਿਨ-ਪ੍ਰਤੀ-ਦਿਨ ਘਟਦੀ ਜਾ ਰਹੀ ਹੈ।
ਸਕੂਲਾਂ, ਕਾਲਜਾਂ ਵਿਚ ਅਧਿਆਪਕ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਉਣਾ ਚਾਹੁੰਦੇ ਹਨ ਪਰ ਕੀ ਵਿਦਿਆਰਥੀ ਤੇ ਕੀ ਉਨ੍ਹਾਂ ਦੇ ਮਾਪੇ, ਪੰਜਾਬੀ ਭਾਸ਼ਾ ਵੱਲੋਂ ਮੂੰਹ ਮੋੜ ਰਹੇ ਹਨ। ਦੂਜੇ ਪਾਸੇ ਅਨੇਕ ਸਰਕਾਰੀ ਤੇ ਗ਼ੈਰ-ਸਰਕਾਰੀ ਸੰਸਥਾਵਾਂ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕਾਰਜਸ਼ੀਲ ਹਨ। ਇਸ ਦੇ ਬਾਵਜੂਦ ਵਿਦਿਆਰਥੀਆਂ ਵਿਚ ਪੰਜਾਬੀ ਭਾਸ਼ਾ ਨੂੰ ਪੜ੍ਹਨ ਲਈ ਉਤਸ਼ਾਹ ਘਟਦਾ ਜਾ ਰਿਹਾ ਹੈ। ਇਸ ਦੇ ਕਿਹੜੇ ਮੂਲ ਕਾਰਨ ਹਨ, ਆਓ, ਉਨ੍ਹਾਂ ਬਾਰੇ ਗੱਲ ਕਰੀਏ ਤੇ ਵੇਖੀਏ ਕਿ ਵਿਦਿਆਰਥੀ ਪੰਜਾਬੀ ਭਾਸ਼ਾ ਕਿਉਂ ਨਹੀਂ ਪੜ੍ਹਨਾ ਚਾਹੁੰਦੇ? ਮੂਲ ਕਾਰਨ ਹਨ ਵਿਦਿਆਰਥੀ ਦੇ ਆਲੇ ਦੁਆਲੇ ਬਹੁ-ਭਾਸ਼ਾਈ ਵਾਤਾਰਵਨ ਦਾ ਹੋਣਾ। ਪੰਜਾਬੀ ਭਾਸ਼ਾ ਘਰੇਲੂ, ਸਮਾਜਿਕ ਤੇ ਰੋਜ਼ਾਨਾ ਦੇ ਵਰਤੋਂ-ਵਿਹਾਰ ਤੋਂ ਹਟ ਰਹੀ ਹੈ। ਮਾਪੇ ਆਪਣਿਆਂ ਬੱਚਿਆਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਪੜ੍ਹਨ ਵੱਲ ਪ੍ਰੇਰਰਿਤ ਕਰਦੇ ਹਨ।
ਪੰਜਾਬੀ ਭਾਸ਼ਾ ਨੂੰ ਘਰੋਗੀ ਭਾਸ਼ਾ ਵਜੋਂ ਜਾਣਿਆ ਜਾਂਦਾ ਹੈ। ਰੁਚੀਹੀਣ ਪਾਠਕ੍ਰਮ ਹੈ। ਪਾਠਕ੍ਰਮ ਨੂੰ ਨਵੇਂ ਢੰਗ ਨਾਲ ਅਪਡੇਟ ਨਾ ਕਰਨਾ। ਜਮਾਤ ਵਿਚ ਪੜ੍ਹਾਏ ਜਾਣ ਵਾਲੇ ਪਾਠ ਮੂਲ ਜੀਵਨ ਨਾਲ ਨਾ ਜੁੜਨੇ। ਪੰਜਾਬੀ ਪੜ੍ਹਨ ਵਾਲੇ ਬੱਚਿਆਂ ਨੂੰ ਕਈ ਵਾਰ ਦੂਜਿਆਂ ਵੱਲੋਂ ਹਾਸੇ ਜਾਂ ਭੇਦਭਾਵ ਭਰੀ ਨਜ਼ਰ ਨਾਲ ਵੇਖਣਾ। ਨੌਜਵਾਨ ਬੱਚੇ ਪੰਜਾਬੀ ਸੱਭਿਆਚਾਰ (ਜਿਵੇਂ ਲੋਕ-ਸੰਗੀਤ, ਗਿੱਧਾ, ਵਿਰਸਾ) ਨਾਲ ਨਹੀਂ ਜੁੜ ਰਹੇ। ਟੀਵੀ, ਸਿਨੇਮਾ, ਮੀਡੀਆ ਵਿਚ ਵੀ ਪੰਜਾਬੀ ਦੀ ਥਾਂ ਹੋਰ ਭਾਸ਼ਾਵਾਂ ਦਾ ਰਾਜ ਹੋਣਾ। ਪੰਜਾਬੀ ਭਾਸ਼ਾ ਦਾ ਰੁਜ਼ਗਾਰ ਦੀ ਭਾਸ਼ਾ ਨਾ ਬਣ ਸਕਣਾ ਆਦਿ। ਇਹੋ ਜਿਹੇ ਕਾਰਨ ਹਨ ਜਿਨ੍ਹਾਂ ਕਰਕੇ ਵਿਦਿਆਰਥੀ ਪੰਜਾਬੀ ਭਾਸ਼ਾ ਨਾਲ ਸਾਂਝ ਨਹੀਂ ਪਾ ਰਿਹਾ। ਵਿਦਿਆਰਥੀ ਤੇ ਮਾਪੇ ਪੰਜਾਬੀ ਪੜ੍ਹਨ ਵੱਲੋਂ ਮੂੰਹ ਮੋੜ ਰਹੇ ਹਨ। ਹੁਣ ਗੱਲ ਕਰਦੇ ਹਾਂ ਕਿ ਉਹ ਕਿਹੜੇ ਤਰੀਕੇ ਹਨ ਜਿਨ੍ਹਾਂ ਸਦਕਾ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਲਈ ਪ੍ਰੇਰਰਿਤ ਕੀਤਾ ਜਾ ਸਕੇ। ਕੁਝ ਸੁਝਾਅ ਇਹ ਹਨ-ਪੰਜਾਬੀ ਭਾਸ਼ਾ ਦੇ ਪਾਠਕ੍ਰਮ ਨੂੰ ਆਧੁਨਿਕ ਬਣਾਉਣਾ। ਨਵੀਆਂ ਕਵਿਤਾਵਾਂ, ਕਹਾਣੀਆਂ, ਨਾਟਕ ਅਤੇ ਸਮਕਾਲੀ ਵਿਸ਼ਿਆਂ ਨੂੰ ਪਾਠਕ੍ਰਮ ਵਿਚ ਸ਼ਾਮਲ ਕਰਨਾ। ਜਮਾਤ ‘ਚ ਵੱਧ ਤੋਂ ਵੱਧ ਗਤੀਵਿਧੀਆਂ ਕਰਾਉਣਾ ਭਾਵ ਐਕਟਿਵ ਲਰਨਿੰਗ ਜਿਵੇਂ ਰੋਲ ਪਲੇ, ਡਰਾਮਾ, ਵੀਡੀਓ ਲੈਸਨਾਂ ਦੀ ਵਰਤੋਂ ਕਰਨਾ। ਸਕੂਲਾਂ ਤੇ ਕਾਲਜਾਂ ਵਿਚ ਸੱਭਿਆਚਾਰਕ ਸਰਗਰਮੀਆਂ ਵੱਧ ਤੋਂ ਵੱਧ ਕਰਾਉਣਾ। ਪੰਜਾਬੀ ਦਿਵਸ, ਕਵੀ ਦਰਬਾਰ, ਗਿੱਧਾ/ ਭੰਗੜਾ ਮੁਕਾਬਲੇ, ਪੰਜਾਬੀ ਬੋਲੀ ਦੇ ਦਿਹਾੜੇ ‘ਤੇ ਵਿਸ਼ੇਸ਼ ਪ੍ਰੋਗਰਾਮ ਕਰਨਾ। ਮਾਪੇ ਘਰਾਂ ‘ਚ ਬੱਚਿਆਂ ਨਾਲ ਪੰਜਾਬੀ ਬੋਲਣ, ਪੰਜਾਬੀ ਕਿਤਾਬਾਂ ਪੜ੍ਹਨ ਤੇ ਗੁਰਬਾਣੀ/ ਸੱਭਿਆਚਾਰ ਨਾਲ ਜੋੜਨ ਲਈ ਉਤਸ਼ਾਹਤ ਹੋਣ। ਪੰਜਾਬੀ ਪੜ੍ਹਨ ਵਾਲੇ ਬੱਚਿਆਂ ਲਈ ਇਨਾਮ, ਸਰਟੀਫਿਕੇਟ, ਵਿਸ਼ੇਸ਼ ਪਹੁੰਚ ਜਾਂ ਐਕਟਿਵਿਟੀ ਪਾਸ ਜਾਰੀ ਕਰਨਾ। ਨੌਜਵਾਨਾਂ ਲਈ ਉਸਾਰੂ ਸੋਚ ਨੂੰ ਦਰਸਾਉਂਦੀਆਂ ਪੰਜਾਬੀ ਰੀਲਜ਼, ਯੂਟਿਊਬ ਚੈਨਲ, ਕਹਾਣੀਆਂ, ਪੌਡਕਾਸਟ ਆਦਿ ਬਣਾਉਣ ਲਈ ਵੱਧ ਤੋਂ ਵੱਧ ਮੋਟੀਵੇਟ ਕਰਨਾ ਆਦਿ।
ਜੇ ਇਨ੍ਹਾਂ ਤਰੀਕਿਆਂ ਨੂੰ ਅਪਣਾਇਆ ਜਾਵੇ ਤਾਂ ਉਮੀਦ ਕਰਦੇ ਹਾਂ ਕਿ ਵਿਦਿਆਰਥੀ ਸਕੂਲਾਂ, ਕਾਲਜਾਂ ‘ਚ ਪੰਜਾਬੀ ਪੜ੍ਹਨ ਲਈ ਅੱਗੇ ਆਉਣਗੇ ਤੇ ਆਪਣਾ ਸੁਨਹਿਰੀ ਭਵਿੱਖ ਵੀ ਪੰਜਾਬੀ ਭਾਸ਼ਾ ਦੀ ਸਹਾਇਤਾ ਨਾਲ ਬਣਾਉਣਗੇ।