ਟਰੰਪ ਨੇ ਯੂਰਪੀਅਨ ਸੰਘ, ਮੈਕਸੀਕੋ ਵਿਰੁੱਧ 1 ਅਗਸਤ ਤੋਂ 30 ਫ਼ੀਸਦੀ ਟੈਰਿਫ ਲਗਾਉਣ ਦਾ ਕੀਤਾ ਐਲਾਨ

ਬ੍ਰਿਜਵਾਟਰ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਤੇ ਯੂਰਪੀ ਸੰਘ (ਈ.ਯੂ.) ‘ਤੇ 30 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇਸ਼ਾਂ ‘ਤੇ ਟੈਰਿਫ 1 ਅਗਸਤ ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਟਰੰਪ ਨੇ ਅਮਰੀਕਾ ਦੇ 7 ਛੋਟੇ ਵਪਾਰਕ ਭਾਈਵਾਲਾਂ ਨੂੰ ਇਕ ਟੈਰਿਫ ਪੱਤਰ ਭੇਜਿਆ ਸੀ,

ਜਿਸ ‘ਚ ਫਿਲੀਪੀਨਜ਼, ਬਰੂਨੇਈ, ਮੋਲਡੋਵਾ, ਅਲਜੀਰੀਆ, ਲੀਬੀਆ, ਇਰਾਕ ਤੇ ਸ਼੍ਰੀਲੰਕਾ ਵਰਗੇ ਦੇਸ਼ ਸ਼ਾਮਲ ਹਨ। ਟਰੰਪ ਨੇ ‘ਟਰੂਥ’ ਸੋਸ਼ਲ ਪਲੇਟਫਾਰਮ ‘ਤੇ ਆਪਣੇ ਹੈਂਡਲ ‘ਤੇ ਮੈਕਸੀਕੋ ਤੇ ਯੂਰਪੀਅਨ ਯੂਨੀਅਨ ਨੂੰ ਭੇਜੇ ਗਏ ਟੈਰਿਫ ਪੱਤਰ ਸਾਂਝੇ ਕੀਤੇ। ਟਰੰਪ ਨੇ ਮੈਕਸੀਕਨ ਰਾਸ਼ਟਰਪਤੀ ਨੂੰ ਲਿਖੇ ਇਕ ਪੱਤਰ ‘ਚ ਲਿਖਿਆ ਕਿ ਇਹ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ ਕਿ ਤੁਹਾਨੂੰ ਇਹ ਪੱਤਰ ਭੇਜ ਰਿਹਾ ਹਾਂ ਕਿਉਂਕਿ ਇਹ ਸਾਡੇ ਵਪਾਰਕ ਸੰਬੰਧਾਂ ਦੀ ਮਜ਼ਬੂਤੀ ਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਹ ਵੀ ਸੱਚ ਹੈ ਕਿ ਅਮਰੀਕਾ ਮੈਕਸੀਕੋ ਨਾਲ ਕੰਮ ਕਰਨਾ ਜਾਰੀ ਰੱਖਣ ਲਈ ਸਹਿਮਤ ਹੋਇਆ ਹੈ।
ਪੱਤਰ ‘ਚ ਕਿਹਾ ਗਿਆ ਹੈ ਕਿ ਇਹ ਅੰਸ਼ਕ ਤੌਰ ‘ਤੇ ਮੈਕਸੀਕੋ ਦੀ ਕਾਰਟੈਲ ਨੂੰ ਰੋਕਣ ‘ਚ ਅਸਫਲਤਾ ਕਾਰਨ ਹੈ। ਟਰੰਪ ਦੇ ਅਨੁਸਾਰ, ਮੈਕਸੀਕੋ ਮੇਰੀ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰ ਰਿਹਾ ਹੈ ਪਰ ਇਸ ਦੇਸ਼ ਨੇ ਜੋ ਕੀਤਾ ਹੈ ਉਹ ਕਾਫ਼ੀ ਨਹੀਂ ਹੈ। ਮੈਕਸੀਕੋ ਨੇ ਅਜੇ ਤੱਕ ਉਨ੍ਹਾਂ ਕਾਰਟੈਲਾਂ ਨੂੰ ਨਹੀਂ ਰੋਕਿਆ ਹੈ ਜੋ ਪੂਰੇ ਉੱਤਰੀ ਅਮਰੀਕਾ ਨੂੰ ਨਾਰਕੋ-ਤਸਕਰੀ ਦੇ ਮੈਦਾਨ ‘ਚ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਸਪੱਸ਼ਟ ਹੈ, ਮੈਂ ਅਜਿਹਾ ਨਹੀਂ ਹੋਣ ਦਿਆਂਗਾ। ਇਸ ਪੱਤਰ ਦੇ ਅਨੁਸਾਰ 1 ਅਗਸਤ, 2025 ਤੋਂ ਅਮਰੀਕਾ ਮੈਕਸੀਕੋ ਤੋਂ ਅਮਰੀਕਾ ਭੇਜੇ ਜਾਣ ਵਾਲੇ ਮੈਕਸੀਕਨ ਉਤਪਾਦਾਂ ‘ਤੇ 30 ਫ਼ੀਸਦੀ ਤੱਕ ਦਾ ਟੈਰਿਫ ਲਗਾਏਗਾ, ਜੋ ਕਿ ਸਾਰੇ ਖੇਤਰੀ ਟੈਰਿਫਾਂ ਤੋਂ ਵੱਖਰਾ ਹੋਵੇਗਾ।