ਬਜ਼ੁਰਗ ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਸੜਕ ਹਾਦਸੇ ਵਿਚ ਮੌਤ

ਜਲੰਧਰ:ਦੁਨੀਆ ਦੇ ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ ਸੋਮਵਾਰ ਸ਼ਾਮ ਨੂੰ ਸੜਕ ਹਾਦਸੇ ‘ਚ ਜ਼ਖ਼ਮੀ ਹੋਣ ਤੋਂ ਬਾਅਦ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਉਹ 114 ਸਾਲਾਂ ਦੇ ਸਨ।
ਫੌਜਾ ਸਿੰਘ ਸੋਮਵਾਰ ਦੁਪਹਿਰ ਬਾਅਦ ਕਰੀਬ 3:30 ਵਜੇ ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ ‘ਤੇ ਸਥਿਤ ਬਿਆਸ ਪਿੰਡ ਨੇੜੇ ਸੈਰ ਕਰ ਰਹੇ ਸਨ।

ਸੈਰ ਕਰਨ ਦੌਰਾਨ ਉਹ ਸੜਕ ਪਾਰ ਕਰ ਕੇ ਦੂਜੇ ਪਾਸੇ ਜਾਣ ਲੱਗੇ, ਜਿਸ ਦੌਰਾਨ ਇਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲਾ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫ਼ਰਾਰ ਹੋ ਗਿਆ। ਪਿੰਡ ਦੇ ਲੋਕਾਂ ਨੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਸੜਕ ਕਿਨਾਰੇ ਦੇਖਿਆ ਤਾਂ ਇਲਾਜ ਲਈ ਜਲੰਧਰ ਦੇ ਸ੍ਰੀਮਨ ਹਸਪਤਾਲ ਲੈ ਗਏ। ਉੱਥੇ ਇਲਾਜ ਦੌਰਾਨ ਸ਼ਾਮ ਕਰੀਬ ਸਾਢੇ ਛੇ ਵਜੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਬਿਆਸ ਪਿੰਡ ਦੇ ਪੰਚਾਇਤ ਮੈਂਬਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ ‘ਚ ਕਾਫ਼ੀ ਸੱਟਾਂ ਲੱਗੀਆਂ ਸਨ ਤੇ ਖੂਨ ਵੀ ਵਗ ਰਿਹਾ ਸੀ। ਉਹ ਉਨ੍ਹਾਂ ਨੂੰ ਆਪਣੀ ਕਾਰ ‘ਚ ਬਿਠਾ ਕੇ ਸ੍ਰੀਮਨ ਹਸਪਤਾਲ ਲੈ ਗਏ। ਉਸ ਸਮੇਂ ਤੱਕ ਉਹ ਠੀਕ ਸਨ ਤੇ ਗੱਲ ਵੀ ਕਰ ਰਹੇ ਸਨ। ਡਾਕਟਰਾਂ ਨੇ ਜਾਂਚ ‘ਚ ਦੇਖਿਆ ਕਿ ਉਨ੍ਹਾਂ ਦੀਆਂ ਖੱਬੀਆਂ ਪਸਲੀਆਂ ਟੁੱਟ ਗਈਆਂ ਸਨ। ਰੀੜ੍ਹ ਤੇ ਸਿਰ ‘ਚ ਇਕ ਥਾਂ ਕਾਫੀ ਸੱਟ ਲੱਗੀ ਸੀ। ਫੌਜਾ ਸਿੰਘ ਉਦੋਂ ਡਾਕਟਰਾਂ ਦੀ ਗੱਲ ਦਾ ਜਵਾਬ ਦੇ ਰਹੇ ਸਨ। ਸ਼ਾਮ ਕਰੀਬ ਸਾਢੇ ਛੇ ਵਜੇ ਪਤਾ ਲੱਗਿਆ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਮੂਲ ਦੇ ਬ੍ਰਿਟਿਸ਼ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਦਾ ਜਨਮ 1 ਅਪ੍ਰੈਲ, 1911 ਨੂੰ ਜਲੰਧਰ ਦੇ ਬਿਆਸ ਪਿੰਡ ‘ਚ ਹੋਇਆ ਸੀ। ਫ਼ੌਜਾ ਸਿੰਘ ਦਾ ਬਚਪਨ ਆਸਾਨ ਨਹੀਂ ਸੀ।
ਉਹ ਪੰਜ ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦੇ ਸਨ। 1992 ‘ਚ ਪਤਨੀ ਗਿਆਨ ਕੌਰ ਦੀ ਮੌਤ ਤੋਂ ਬਾਅਦ ਉਹ ਆਪਣੇ ਪੁੱਤਰ ਨਾਲ ਲੰਡਨ ‘ਚ ਵਸ ਗਏ। ਅਗਸਤ 1994 ‘ਚ ਆਪਣੇ ਪੁੱਤਰ ਕੁਲਦੀਪ ਦੀ ਮੌਤ ਕਾਰਨ ਪੈਦਾ ਹੋਏ ਹਾਲਾਤ ‘ਚੋਂ ਨਿਕਲਣ ਲਈ 89 ਸਾਲ ਦੀ ਉਮਰ ‘ਚ ਉਨ੍ਹਾਂ ਦੌੜਾਕ ਬਣਨ ਦਾ ਫ਼ੈਸਲਾ ਕੀਤਾ। ਸਾਲ 2000 ‘ਚ ਉਨ੍ਹਾਂ ਨੇ ਲੰਡਨ ਮੈਰਾਥਨ ਪੂਰੀ ਕਰ ਕੇ ਪ੍ਰਸਿੱਧੀ ਪ੍ਰਾਪਤ ਕੀਤੀ। ਉਸ ਤੋਂ ਬਾਅਦ ਲਗਾਤਾਰ ਕਈ ਸਾਲ ਉਹ ਲੰਡਨ ਮੈਰਾਥਨ ਸਮੇਤ ਹੋਰ ਕਈ ਦੇਸ਼ਾਂ ‘ਚ ਮੈਰਾਥਨ ਮੁਕਾਬਲਿਆਂ ‘ਚ ਹਿੱਸਾ ਲੈਂਦੇ ਰਹੇ।