ਵਾਸ਼ਿੰਗਟਨ:ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਾਡਲ ਟਰੰਪ ਨੇ ਵੀ ਰੂਸ ਵਿਰੁੱਧ ਮੁਹਿੰਮ ਛੇੜ ਦਿੱਤੀ ਹੈ। ਉਸਨੇ ਯੂਕਰੇਨ ਲਈ ਹਥਿਆਰਾਂ ਦੀ ਸਪਲਾਈ ਦਾ ਐਲਾਨ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਰੂਸ 50 ਦਿਨਾਂ ਦੇ ਅੰਦਰ ਸ਼ਾਂਤੀ ਸਮਝੌਤੇ ਲਈ ਤਿਆਰ ਨਾ ਹੋਇਆ ਤਾਂ ਉਹ ਰੂਸੀ ਉਤਪਾਦਾਂ ਨੂੰ ਖ਼ਰੀਦਣ ਵਾਲੇ ਮੁਲਕਾਂ ‘ਤੇ ਪਾਬੰਦੀ ਲਗਾਏਗਾ।
ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਦੇਸ਼ਾਂ ‘ਤੇ ਪਾਬੰਦੀ ਲਗਾਏਗਾ ਜੋ ਰੂਸੀ ਉਤਪਾਦਾਂ ਦੀ ਖਰੀਦਦਾਰੀ ਕਰ ਰਹੇ ਹਨ। ਇਹ ਫੈਸਲਾ ਰੂਸ ਦੇ ਖਿਲਾਫ਼ ਚੱਲ ਰਹੇ ਸੰਸਾਰ ਭਰ ਦੇ ਦਬਾਅ ਦੇ ਤਹਿਤ ਕੀਤਾ ਗਿਆ ਹੈ, ਜਿਸਦਾ ਮਕਸਦ ਰੂਸੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣਾ ਹੈ। ਅਜਿਹੇ ਦੇਸ਼ਾਂ ‘ਤੇ ਅਮਰੀਕਾ 100 ਫ਼ੀਸਦ ਟੈਰਿਫ ਲਗਾ ਸਕਦਾ ਹੈ। ਦੱਸਣਯੋਗ ਹੈ ਕਿ ਭਾਰਤ ਤੇ ਚੀਨ ਰੂਸੀ ਕੱਚੇ ਤੇਲ ਤੇ ਹੋਰਨਾਂ ਉਤਪਾਦਾਂ ਦੇ ਵੱਡੇ ਖ਼ਰੀਦਦਾਰ ਹਨ। ਜੇ ਟਰੰਪ ਰੂਸੀ ਉਤਪਾਦਾਂ ਦੀ ਖ਼ਰੀਦ ‘ਤੇ ਰੋਕ ਲਾਉਂਦੇ ਹਨ ਤਾਂ ਉਨ੍ਹਾਂ ਦਾ ਫ਼ੈਸਲਾ ਰੂਸ ਲਈ ਵੱਡਾ ਝਟਕਾ ਹੋਣ ਦੇ ਨਾਲ ਹੀ ਭਾਰਤ ਦੇ ਹਿੱਤਾਂ ਨੂੰ ਪ੍ਰਭਾਵਤ ਕਰਨ ਵਾਲਾ ਹੋਵੇਗਾ।
ਫ਼ੌਜੀ ਸੰਗਠਨ ਨਾਟੋ ਦੇ ਜਨਰਲ ਸਕੱਤਰ ਮਾਰਕ ਰੂਟ ਦੇ ਨਾਲ ਮੀਟਿੰਗ ਤੋਂ ਬਾਅਦ ਟਰੰਪ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਉਹ ਨਾਰਾਜ਼ ਹਨ। ਉਹ ਦਿਨ ਵੇਲੇ ਚੰਗੀਆਂ ਗੱਲਾਂ ਕਰਦੇ ਹਨ ਤੇ ਰਾਤ ਸਮੇਂ ਬੰਬਾਰੀ ਕਰਦੇ ਹਨ। ਹੁਣ ਅਮਰੀਕਾ ਯੂਕਰੇਨ ਨੂੰ ਲੜਣ ਲਈ ਅਰਥਾਂ ਡਾਲਰ ਮੁੱਲ ਦੇ ਹਥਿਆਰ ਦੇਵੇਗਾ। ਯੂਕਰੇਨ ਨੂੰ ਬਚਾਅ ਲਈ ਪੈਟ੍ਰੀਅਟ ਏਅਰ ਡਿਫੈਂਸ ਸਿਸਟਮ ਦੀਆਂ ਮਿਜ਼ਾਈਲਾਂ ਦੇਣ ਦੇ ਐਲਾਨ ਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਯੂਕਰੇਨ ਨੂੰ ਹਮਲੇ ਵਾਲੇ ਹਥਿਆਰ ਵੀ ਦਿੱਤੇ ਜਾਣਗੇ। ਇਸ ਸਬੰਧ ਵਿਚ ਉਨ੍ਹਾਂ ਕਿਹਾ ਕਿ ਪਹਿਲਾਂ ਅਸਲ੍ਹਾਖ਼ਾਨੇ ਵਿਚ ਇਨ੍ਹਾਂ ਮਿਜ਼ਾਈਲਾਂ ਦੀ ਕਮੀ ਦੇਖਦੇ ਹੋਏ ਇਨ੍ਹਾਂ ਦੀ ਸਪਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਦੌਰਾਨ
ਟਰੰਪ ਦੇ ਖ਼ਾਸ ਸਫ਼ੀਰ ਕੀਥ ਕੇਲੋਗ ਨੇ ਕੀਵ ਜਾ ਕੇ ਯੂਕਰੇਨੀ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੈਂਸਕੀ ਨਾਲ ਹਥਿਆਰਾਂ ਦੀ ਸਪਲਾਈ ਸਬੰਧੀ ਗੱਲਬਾਤ ਕੀਤੀ ਹੈ। ਰੂਸ-ਯੂਕਰੇਨ ਯੁੱਧ ਖ਼ਤਮ ਕਰਵਾਉਣ ਦੇ ਕਈ ਮਹੀਨਿਆਂ ਦੇ ਯਤਨ ਸਫਲ ਨਾ ਹੁੰਦੇ ਦੇਖ ਕੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਹੁਣ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਦਾ ਫ਼ੈਸਲਾ ਲਿਆ ਹੈ।
ਤਕਰੀਬਨ 6 ਮਹੀਨਿਆਂ ਦੇ ਕਾਰਜਕਾਲ ਵਿਚ ਰਾਸ਼ਟਰਪਤੀ ਟਰੰਪ ਨੇ ਪਹਿਲੀ ਵਾਰ ਯੂਕਰੇਨ ਨੂੰ ਹਥਿਆਰ ਦੇਣ ਦਾ ਐਲਾਨ ਕੀਤਾ ਹੈ। ਹਾਲੇ ਤੱਕ ਸਾਬਕਾ ਰਾਸ਼ਟਰਪਤੀ ਜੋ ਬਾਇਡਨ ਦੇ ਕਾਰਜਕਾਲ ਵਚ ਪ੍ਰਵਾਨਤ ਹਥਿਆਰਾਂ ਦੀ ਸਪਲਾਈ ਯੂਕਰੇਨ ਨੂੰ ਹੋ ਰਹੀ ਸੀ। ਇਸ ਤੋਂ ਪਹਿਲਾਂ ਟਰੰਪ ਨੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਯੁਕਰੇਨ ਜੰਗ ਨੂੰ ਲੈ ਕੇ ਰੁਖ਼ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੁਤਿਨ ਦਿਨ ਸਮੇਂ ਮਿੱਠੀਆਂ ਗੱਲਾਂ ਕਰਦੇ ਹਨ ਰਾਤ ਵੇਲੇ ਯੂਕਰੇਨ ‘ਤੇ ਬੰਬਾਰੀ ਕਰਵਾਉਂਦੇ ਹਨ, ਇਹ ਸਹੀ ਨਹੀਂ। ਟਰੰਪ ਨੇ ਕਿਹਾ ਕਿ ਯੂਕਰੇਨ ਨੂੰ ਹੁਣ ਅਸੀਂ ਬੇਹਦ ਸੰਵੇਦਨਸ਼ੀਲ ਹਥਿਆਰਾਂ ਦੀ ਸਪਲਾਈ ਕਰਾਂਗੇ। ਪਤਾ ਚੱਲਿਆ ਹੈ ਕਿ ਇਨ੍ਹਾਂ ਹਥਿਆਰਾਂ ਦੀ ਕੀਮਤ ਯੂਰਪੀ ਯੂਨੀਅਨ ਦੇ ਮੁਲਕ ਅਦਾ ਕਰਨਗੇ। ਇਸ ਸਿਲਸਿਲੇ ਵਿਚ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਇਸੇ ਹਫ਼ਤੇ ਵਾਸ਼ਿੰਗਟਨ ਆਉਣਗੇ ਤੇ ਹਮਰੁਤਬਾ ਪੀਟ ਹੇਗਸੇਥ ਨਾਲ ਗੱਲਬਾਤ ਕਰਨਗੇ।
ਟਰੰਪ ਦੇ ਨਾਲ ਤਿੰਨ ਜੁਲਾਈ ਨੂੰ ਆਪਣੀ ਅੰਤਮ ਟੈਲੀਫੋਨ ਗੱਲਬਾਤ ਵਿਚ ਰੂਸੀ ਰਾਸ਼ਟਰਪਤੀ ਪੁਤਿਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਯੂਕਰੇਨ ਵਿਚ ਟੀਚਿਆਂ ਦੀ ਪ੍ਰਾਪਤੀ ਹੋਣ ਮਗਰੋਂ ਹੀ ਉਥੇ ਜੰਗ ਰੁਕਾ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਯੂਕਰੇਨ ਦੇ ਨਾਲ ਇਸਤੰਬੁਲ ਵਿਚ ਹੋਈ ਗੱਲਬਾਤ ਵਿਚ ਰੂਸ ਨੇ ਸਾਫ਼ ਕਰ ਦਿੱਤਾ ਸੀ ਕਿ ਯੂਕਰੇਨ ਨੂੰ ਫ਼ੌਜੀ ਜਥੇਬੰਦੀ ਨਾਟੋ ਵਿਚ ਵਾੜਣ ਦੀ ਅਰਜ਼ੀ ਵਾਪਸ ਲੈਣੀ ਪਵੇਗੀ। ਨਾਲ ਹੀ ਜੰਗ ਦੌਰਾਨ ਰੂਸ ਦੇ ਕਬਜ਼ੇ ਵਿਚ ਲਏ ਗਏ ਇਲਾਕਿਆਂ ‘ਤੇ ਯੂਕਰੇਨ ਨੂੰ ਦਾਅਵਾ ਛੱਡਣਾ ਪਵੇਗਾ। ਯੂਕਰੇਨ ਵੱਲੋਂ ਇਨ੍ਹਾਂ ਦੋਵਾਂ ਸ਼ਰਤਾਂ ਨੂੰ ਨਾਂ ਮੰਨਣ ਦੀ ਵਜ੍ਹਾ ਨਾਲ ਦੋਵਾਂ ਮੁਲਕਾਂ ਵਿਚ ਸ਼ਾਂਤੀ ਬਾਰੇ ਗੱਲਬਾਤ ਅੱਗੇ ਨਹੀਂ ਵੱਧ ਸਕੀ ਸੀ।
