ਸੇਵਾਮੁਕਤੀ ਬਾਰੇ ਸੋਚ ਰਿਹਾ ਹੈ ਆਮਿਰ ਖਾਨ?

ਅਦਾਕਾਰ ਆਮਿਰ ਖਾਨ ਦੀ ਫ਼ਿਲਮ ‘ਸਿਤਾਰੇ ਜ਼ਮੀਨ ਪਰ’ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਜ਼ਰੀਏ ਆਮਿਰ ਖਾਨ ਨੇ ਲਗਭਗ ਤਿੰਨ ਸਾਲ ਬਾਅਦ ਵੱਡੇ ਪਰਦੇ ਵਾਪਸੀ ਕੀਤੀ ਹੈ। ਫ਼ਿਲਮ ‘ਸਿਤਾਰੇ ਜ਼ਮੀਨ ਪਰ’ (2025), ਸਾਲ 2007 ਵਿਚ ਆਈ ਫ਼ਿਲਮ ‘ਤਾਰੇ ਜ਼ਮੀਨ ਪਰ’ ਦਾ ਵਿਸਥਾਰ ਹੈ,

ਜਿਸ ਦਾ ਆਮਿਰ ਖਾਨ ਅਤੇ ਕਿਰਨ ਰਾਓ ਨੇ ਨਿਰਮਾਣ ਕੀਤਾ ਹੈ। ਆਮਿਰ ਖਾਨ ਇਸ ਤੋਂ ਪਹਿਲਾਂ ਸਾਲ 2022 ਵਿਚ ਰਿਲੀਜ਼ ਫ਼ਿਲਮ ‘ਲਾਲ ਸਿੰਘ ਚੱਢਾ’ ਵਿਚ ਨਜ਼ਰ ਆਏ ਸਨ। ਉਸ ਦੀ ਇਹ ਫ਼ਿਲਮ ਹਾਲੀਵੁੱਡ ਕਲਾਸਿਕ ‘ਫਾਰੈਸਟ ਗੰਪ’ ਦਾ ਵਿਸਥਾਰ ਸੀ, ਪਰ ਫ਼ਿਲਮ ਟਿਕਟ ਖਿੜਕੀ ‘ਤੇ ਫੇਲ੍ਹ ਹੋ ਗਈ। ਇਸ ਫ਼ਿਲਮ ਤੋਂ ਬਾਅਦ ਆਮਿਰ ਖਾਨ ਨੇ ਐਕਟਿੰਗ ਤੋਂ ਬ੍ਰੇਕ ਲੈ ਲਈ ਸੀ। ਆਮਿਰ ਖਾਨ ਨੇ ‘ਸਿਤਾਰੇ ਜ਼ਮੀਨ ਪਰ’ ਦੇ ਪ੍ਰੀਮੀਅਰ ‘ਤੇ ਐਲਾਨ ਕੀਤਾ ਸੀ ਕਿ ਇਸ ਫ਼ਿਲਮ ਤੋਂ ਬਾਅਦ ਹੁਣ ਉਹ ਆਪਣੇ ‘ਡ੍ਰੀਮ ਪ੍ਰਾਜੈਕਟ’ ਵੱਲ ਧਿਆਨ ਦੇਣਗੇ। ਖ਼ਬਰਾਂ ਅਨੁਸਾਰ ਆਮਿਰ ਖਾਨ ਦਾ ਡ੍ਰੀਮ ਪ੍ਰਾਜੈਕਟ ‘ਮਹਾਭਾਰਤ’ ਹੈ। ਉਹ ਆਪਣੇ ਇਸ ਡ੍ਰੀਮ ਪ੍ਰਾਜੈਕਟ ਨੂੰ ਵੱਡੇ ਪਰਦੇ ‘ਤੇ ਲਿਆਉਣਾ ਚਾਹੁੰਦੇ ਹਨ। ਆਮਿਰ ਨੇ ਦੱਸਿਆ ਕਿ ਉਸ ਦੇ ਕਰੀਅਰ ਦੀ ਆਖਰੀ ਫ਼ਿਲਮ ਉਸ ਦਾ ਡ੍ਰੀਮ ਪ੍ਰਾਜੈਕਟ ਹੀ ਹੋਵੇਗੀ ਜਿਸ ਤੋਂ ਬਾਅਦ ਉਸ ਕੋਲ ਕਰਨ ਲਈ ਕੁਝ ਨਹੀਂ ਬਚੇਗਾ। ਇਸ ਲਈ ਇਸ ਤੋਂ ਬਾਅਦ ਉਹ ਸੇਵਾਮੁਕਤੀ ਬਾਰੇ ਸੋਚ ਰਹੇ ਹਨ। ਹਾਲਾਂਕਿ ਆਮਿਰ ਖਾਨ ਆਪਣੇ ਇਸ ਡ੍ਰੀਮ ਪ੍ਰਾਜੈਕਟ ਵਾਲੀ ਫ਼ਿਲਮ ਦੇ ਨਾਲ ਫ਼ਿਲਮ ਨਿਰਮਾਤਾ ਰਾਜ ਕੁਮਾਰ ਹਿਰਾਨੀ ਨਾਲ ਇੰਡੀਅਨ ਸਿਨੇਮਾ ਦੇ ਜਨਕ ਦਾਦਾ ਸਾਹਿਬ ਫਾਲਕੇ ਦੀ ਬਾਇਓਪਿਕ ਵੀ ਕਰਨ ਜਾ ਰਹੇ ਹਨ। ਫ਼ਿਲਮ ਦੀ ਪਟਕਥਾ ‘ਤੇ ਪਿਛਲੇ ਸਾਲ ਤੋਂ ਕੰਮ ਹੋ ਰਿਹਾ ਸੀ ਅਤੇ ਹੁਣ ਜਾ ਕੇ ਆਮਿਰ ਦੇ ਨਾਲ ਇਸ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਦਾਦਾ ਸਾਹਿਬ ਫਾਲਕੇ ਦੀ ਬਾਇਓਪਿਕ ਵਿਚ ਭਾਰਤ ਦੇ ਦੇ ਸੁਤੰਤਰਤਾ ਸੰਗਰਾਮ ਦੇ ਬੈਕਡ੍ਰਾਪ ‘ਤੇ ਆਧਾਰਿਤ ਹੋ ਕੇ ਉਸ ਵਿਅਕਤੀ ਦੀ ਯਾਤਰਾ ਨੂੰ ਦਿਖਾਇਆ ਗਿਆ ਜਿਸ ਨੇ ਭਾਰਤੀ ਸਿਨੇਮਾ ਦੀ ਨੀਂਹ ਰੱਖੀ। ਫ਼ਿਲਮ ਦੀ ਸ਼ੂਟਿੰਗ ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਹੈ। ਰਾਜ ਕੁਮਾਰ ਹਿਰਾਨੀ ਦੇ ਨਾਲ ਆਮਿਰ ਖਾਨ ਦਾ ਤਾਲਮੇਲ ਗਜ਼ਬ ਦਾ ਰਿਹਾ ਹੈ। ਆਮਿਰ ਪਹਿਲੀ ਵਾਰ 2009 ਵਿਚ ਰਾਜ ਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਫ਼ਿਲਮ ‘ਥ੍ਰੀ ਇਡੀਅਟਸ’ ਵਿਚ ਦਿਸੇ ਸਨ। ਆਮਿਰ ਖਾਨ ਦੇ ਬੈਨਰ ਵਲੋਂ ਬਣਾਈਆਂ ਗਈਆਂ ਫ਼ਿਲਮਾਂ ਨਾ ਸਿਰਫ਼ ਮਨੋਰੰਜਕ ਹੁੰਦੀਆਂ ਹਨ, ਸਗੋਂ ਕਿਤੇ ਨਾ ਕਿਤੇ ਉਸ ਵਿਚ ਸਮਾਜ ਲਈ ਕੋਈ ਸੰਦੇਸ਼ ਵੀ ਛੁਪਿਆ ਹੁੰਦਾ ਹੈ, ਪਰ ਇਸ ਦੇ ਬਾਵਜੂਦ ਆਮਿਰ ਦਾ ਮੰਨਣਾ ਹੈ ਕਿ ਉਹ ਸਿਰਫ਼ ਇਕ ਮਨੋਰੰਜਨ ਕਰਨ ਵਾਲਾ ਕਲਾਕਾਰ ਹੈ, ਸਮਾਜਿਕ ਵਿਗਿਆਨੀ ਨਹੀਂ ਜੋ ਕਿਸੇ ਨੂੰ ਵੀ ਸਮਾਜ ਸ਼ਾਸਤਰ ਦਾ ਗਿਆਨ ਦੇਣ ਲੱਗ ਜਾਵੇ। ਆਮਿਰ ਦਾ ਕਹਿਣਾ ਹੈ ਕਿ ਜਦੋਂ ਲੋਕ ਥੀਏਟਰ ਵਿਚ ਟਿਕਟ ਲੈ ਕੇ ਆਉਂਦੇ ਹਨ ਤਾਂ ਉਹ ਸਿਰਫ਼ ਮਨੋਰੰਜਨ ਚਾਹੁੰਦੇ ਹਨ। ਜੇਕਰ ਉਨ੍ਹਾਂ ਨੇ ਸਮਾਜਿਕ ਗਿਆਨ ਪੜ੍ਹਣਾ ਹੋਵੇਗਾ ਤਾਂ ਉਹ ਕਾਲਜ ਜਾਣਗੇ। ਜਦੋਂ ਉਹ ਕਾਲਜ ਨਾ ਜਾ ਕੇ ਥੀਏਟਰ ਵਿਚ ਆਏ ਹਨ, ਤਾਂ ਇਸ ਦਾ ਮਤਲਬ ਉਨ੍ਹਾਂ ਨੂੰ ਸਿਰਫ਼ ਮੌਜ-ਮਸਤੀ ਚਾਹੀਦੀ ਹੈ।