ਬਿਊਨਸ ਆਇਰਸ:ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਨਿਚਰਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਜੇਵੀਅਰ ਮਾਈਲੀ ਨਾਲ ਮੁਲਾਕਾਤ ਕੀਤੀ ਗਈ। ਪੰਜ ਦੇਸ਼ਾਂ ਦੇ ਦੌਰੇ ਦੇ ਤੀਜੇ ਪੜਾਅ ਤਹਿਤ ਦੋ ਦਿਨਾਂ ਦੀ ਯਾਤਰਾ ‘ਤੇ ਬਿਊਨਸ ਆਇਰਸ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਵਲੋਂ ਮਾਈਲੀ ਨਾਲ ਮੁੱਖ ਤੌਰ ‘ਤੇ ਵਪਾਰ, ਨਿਵੇਸ਼, ਊਰਜਾ, ਖੇਤੀਬਾੜੀ ਅਤੇ ਮਹੱਤਵਪੂਰਨ ਖਣਿਜਾਂ ਸਮੇਤ ਕਈ ਪ੍ਰਮੁੱਖ ਖੇਤਰਾਂ ‘ਚ ਭਾਰਤ-ਅਰਜਨਟੀਨਾ ਸੰਬੰਧਾਂ ਨੂੰ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਫਰਵਰੀ, 2019 ‘ਚ ਅਰਜਨਟੀਨਾ ਦੇ ਤਤਕਾਲੀ ਰਾਸ਼ਟਰਪਤੀ ਮੌਰੀਸੀਓ ਮੈਕਰੀ ਦੀ ਭਾਰਤ ਫੇਰੀ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸੰਬੰਧ ਰਣਨੀਤਕ ਭਾਈਵਾਲੀ ਤੱਕ ਉੱਚੇ ਹੋਏ ਸਨ। ਭਾਰਤ ਅਤੇ ਅਰਜਨਟੀਨਾ ਵਿਚਕਾਰ ਖਣਿਜ ਸਰੋਤ ਖੇਤਰ ‘ਚ ਮਹੱਤਵਪੂਰਨ ਸਹਿਯੋਗ ਹੈ, ਖਾਸ ਕਰਕੇ ਲਿਥੀਅਮ ‘ਚ, ਜੋ ਕਿ ਭਾਰਤ ਦੇ ਹਰੀ ਊਰਜਾ ਪਰਿਵਰਤਨ ਲਈ ਇਕ ਮਹੱਤਵਪੂਰਨ ਕਾਰਕ ਹੈ। ਅਗਸਤ 2022 ‘ਚ ਖਣਿਜ ਸਰੋਤਾਂ ਦੇ ਖੇਤਰ ‘ਚ ਸਹਿਯੋਗ ਬਾਰੇ ਇਕ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ। ਸਮਝੌਤਾ ਪੱਤਰ ਦੇ ਢਾਂਚੇ ਤਹਿਤ ਸਥਾਪਤ ਕੀਤੇ ਗਏ ਸਾਂਝੇ ਕਾਰਜ ਸਮੂਹ ਦੀ ਪਹਿਲੀ ਮੀਟਿੰਗ ਜਨਵਰੀ ‘ਚ ਹੋਈ ਸੀ। ਭਾਰਤ-ਅਰਜਨਟੀਨਾ ਦੁਵੱਲੇ ਵਪਾਰ ‘ਚ ਵਾਧਾ ਹੋ ਰਿਹਾ ਹੈ। 2019 ਤੋਂ 2022 ਤੱਕ ਤਿੰਨ ਸਾਲਾਂ ‘ਚ ਵਪਾਰ ਦੀ ਮਾਤਰਾ ਦੁੱਗਣੀ ਤੋਂ ਵੱਧ ਹੋ ਗਈ ਹੈ, ਜੋ 2022 ‘ਚ 6.4 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। 2021 ਅਤੇ 2022 ‘ਚ ਭਾਰਤ ਅਰਜਨਟੀਨਾ ਦਾ ਚੌਥਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਸੀ। 2024 ‘ਚ ਭਾਰਤ ਅਤੇ ਅਰਜਨਟੀਨਾ ਵਿਚਕਾਰ ਕੁੱਲ ਸਾਲਾਨਾ ਦੁਵੱਲਾ ਵਪਾਰ 5.23 ਅਰਬ ਅਮਰੀਕੀ ਡਾਲਰ ਸੀ, ਜਿਸ ਨਾਲ ਭਾਰਤ ਅਰਜਨਟੀਨਾ ਦੇ ਪੰਜਵੇਂ ਸਭ ਤੋਂ ਵੱਡੇ ਵਪਾਰਕ ਭਾਈਵਾਲ ਅਤੇ ਬਰਾਮਦ ਸਥਾਨ ਵਜੋਂ ਸਥਾਪਿਤ ਹੋਇਆ। ਜ਼ਿਕਰਯੋਗ ਹੈ ਕਿ ਇਹ 57 ਸਾਲਾਂ ‘ਚ ਪ੍ਰਧਾਨ ਮੰਤਰੀ ਪੱਧਰ ‘ਤੇ ਅਰਜਨਟੀਨਾ ਦੀ ਪਹਿਲੀ ਭਾਰਤੀ ਦੁਵੱਲੀ ਯਾਤਰਾ ਹੈ। ਇਹ ਪ੍ਰਧਾਨ ਮੰਤਰੀ ਵਜੋਂ ਅਰਜਨਟੀਨਾ ਦੀ ਮੋਦੀ ਦੀ ਦੂਜੀ ਯਾਤਰਾ ਹੈ, ਉਹ 2018 ‘ਚ ਜੀ-20 ਸੰਮੇਲਨ ਲਈ ਇਥੇ ਆਏ ਸਨ। ਪ੍ਰਧਾਨ ਮੰਤਰੀ ਦਾ ਹੋਟਲ ਪਹੁੰਚਣ ‘ਤੇ ਭਾਰਤੀ ਭਾਈਚਾਰੇ ਵਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਨ੍ਹਾਂ ਨਾਲ ਉਨ੍ਹਾਂ ਨੇ ਸੰਖੇਪ ਗੱਲਬਾਤ ਵੀ ਕੀਤੀ। ਉਨ੍ਹਾਂ ਦੇ ਸਵਾਗਤ ਲਈ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਪੰਜ ਦੇਸ਼ਾਂ ਦੇ ਦੌਰੇ ‘ਤੇ ਹਨ, ਜਿਸ ਤਹਿਤ ਉਹ ਤੀਜੇ ਪੜਾਅ ‘ਚ ਇਥੇ ਪਹੁੰਚੇ ਹਨ। ਮੋਦੀ ਆਪਣੀ ਫੇਰੀ ਦੇ ਚੌਥੇ ਪੜਾਅ ਤਹਿਤ 17ਵੇਂ ਬ੍ਰਿਕਸ ਸੰਮੇਲਨ ‘ਚ ਸ਼ਾਮਿਲ ਹੋਣ ਲਈ ਬ੍ਰਾਜ਼ੀਲ ਜਾਣਗੇ ਜਦਕਿ ਫੇਰੀ ਦੇ ਆਖਰੀ ਤੇ 5ਵੇਂ ਪੜਾਅ ‘ਚ ਨਾਮੀਬੀਆ ਜਾਣਗੇ।
