ਬ੍ਰਿਕਸ ਵਲੋਂ ਪਹਿਲਗਾਮ ਅਤਿਵਾਦੀ ਹਮਲੇ ਦੀ ਨਿੰਦਾ

ਰੀਓ ਡੀ ਜਨੇਰੀਓ:’ਬ੍ਰਿਕਸ’ ਸਮੂਹ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਿਆਂ ਅੱਤਵਾਦ ਪ੍ਰਤੀ ਜ਼ੀਰੋ ਸ਼ਹਿਣਸ਼ੀਲਤਾ ਪਹੁੰਚ ਅਪਣਾਉਣ ਅਤੇ ਇਸ ਖਤਰੇ ਦਾ ਮੁਕਾਬਲਾ ਕਰਨ ‘ਚ ਦੋਹਰੇ ਮਾਪਦੰਡਾਂ ਤੋਂ ਬਚਣ ਲਈ ਭਾਰਤ ਦੇ ਰੁਖ ਨੂੰ ਦੁਹਰਾਇਆ।

‘ਬ੍ਰਿਕਸ’ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਨੇ ਰੀਓ ਡੀ ਜਨੇਰੀਓ ‘ਚ ਸਮੂਹ ਦੇ ਦੋ ਰੋਜ਼ਾ ਸੰਮੇਲਨ ਦੇ ਪਹਿਲੇ ਦਿਨ ਅੱਤਵਾਦ ਨਾਲ ਲੜਨ ‘ਚ ਆਪਣਾ ਦ੍ਰਿੜ ਦ੍ਰਿਸ਼ਟੀਕੋਣ ਪ੍ਰਗਟ ਕੀਤਾ, ਜਿਸ ‘ਚ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ ਵੀ ਸ਼ਾਮਿਲ ਹੈ। ‘ਬ੍ਰਿਕਸ’ ਨੇਤਾਵਾਂ ਵਲੋਂ ਜਾਰੀ ਕੀਤੇ ‘ਰੀਓ ਡੀ ਜਨੇਰੀਓ ਐਲਾਨਨਾਮੇ’ ਵਿਚ ਅੱਤਵਾਦ ਦੇ ਖ਼ਤਰੇ, ਪੱਛਮੀ ਏਸ਼ੀਆ ਦੀ ਸਥਿਤੀ ਤੇ ਵਪਾਰ ਅਤੇ ਟੈਰਿਫ ਨਾਲ ਸੰਬੰਧਿਤ ਮੁੱਦਿਆਂ ਸਮੇਤ ਕਈ ਵਿਸ਼ਵਵਿਆਪੀ ਚੁਣੌਤੀਆਂ ‘ਤੇ ਸਮੂਹ ਦੀ ਸਥਿਤੀ ਨੂੰ ਦਰਸਾਇਆ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਰ ਸੰਮੇਲਨ ‘ਚ ਭਾਰਤੀ ਵਫ਼ਦ ਦੀ ਅਗਵਾਈ ਕੀਤੀ। ‘ਬ੍ਰਿਕਸ’ ਐਲਾਨਨਾਮੇ ਵਿਚ 22 ਅਪ੍ਰੈਲ ਨੂੰ ਜੰਮੂ ਅਤੇ ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ ਹੈ। ‘ਬ੍ਰਿਕਸ’ ਨੇ ਅੱਤਵਾਦ ਦੇ ਸਾਰੇ ਰੂਪਾਂ ਦਾ ਮੁਕਾਬਲਾ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ‘ਚ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ, ਅੱਤਵਾਦੀ ਵਿੱਤ ਪੋਸ਼ਣ ਅਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹਾਂ ਪ੍ਰਦਾਨ ਕਰਨਾ ਸ਼ਾਮਿਲ ਹੈ। ਐਲਾਨਨਾਮੇ ‘ਚ ਅੱਤਵਾਦ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਨੂੰ ਯਕੀਨੀ ਬਣਾਉਣ ਅਤੇ ਅੱਤਵਾਦ ਦਾ ਮੁਕਾਬਲਾ ਕਰਨ ‘ਚ ਦੋਹਰੇ ਮਾਪਦੰਡਾਂ ਨੂੰ ਰੱਦ ਕਰਨ ਦੀ ਤਾਕੀਦ ਕੀਤੀ ਗਈ ਹੈ। ਇਸ ‘ਚ ਅੱਤਵਾਦ ਦਾ ਮੁਕਾਬਲਾ ਕਰਨ ‘ਚ ਦੇਸ਼ਾਂ ਦੀ ਮੁੱਖ ਜ਼ਿੰਮੇਵਾਰੀ ‘ਤੇ ਜ਼ੋਰ ਦਿੱਤਾ ਗਿਆ ਹੈ ਅਤੇ ਇਹ ਕਿ ਅੱਤਵਾਦੀ ਖਤਰਿਆਂ ਨੂੰ ਰੋਕਣ ਅਤੇ ਮੁਕਾਬਲਾ ਕਰਨ ਲਈ ਵਿਸ਼ਵਵਿਆਪੀ ਯਤਨਾਂ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨੀ ਚਾਹੀਦੀ ਹੈ। ‘ਬ੍ਰਿਕਸ’ ਨੇ ਅੱਤਵਾਦ ਵਿਰੋਧੀ ਸਹਿਯੋਗ ਨੂੰ ਹੋਰ ਡੂੰਘਾ ਕਰਨ ਦਾ ਸੰਕਲਪ ਲਿਆ ਅਤੇ ਸੰਯੁਕਤ ਰਾਸ਼ਟਰ ਵਲੋਂ ਨਾਮਜ਼ਦ ਸਾਰੇ ਅੱਤਵਾਦੀਆਂ ਅਤੇ ਅੱਤਵਾਦੀ ਸੰਸਥਾਵਾਂ ਵਿਰੁੱਧ ਠੋਸ ਕਾਰਵਾਈਆਂ ਕਰਨ ਦੀ ਮੰਗ ਕੀਤੀ। ਸਮੂਹ ਦੇ ਨੇਤਾਵਾਂ ਨੇ ਇਕਪਾਸੜ ਟੈਰਿਫ ਅਤੇ ਗੈਰ-ਟੈਰਿਫ ਉਪਾਵਾਂ ਦੇ ਵਾਧੇ ਬਾਰੇ ਵੀ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ।