ਅਮਰੀਕੀ ਯੂਨੀਵਰਸਿਟੀਆਂ ਵਿਚ ਸੁੰਗੜ ਰਹੀ ਜਮਹੂਰੀ ਸਪੇਸ

ਬੂਟਾ ਸਿੰਘ ਮਹਿਮੂਦਪੁਰ
ਯੂਸੀਐੱਸਐੱਫ ਵੱਲੋਂ ਡਾ. ਰੂਪਾ ਮਾਰੀਆ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਅਜਿਹਾ ਪਹਿਲਾ ਕੇਸ ਨਹੀਂ ਹੈ, ਇਹ ਅਮਰੀਕੀ ਯੂਨੀਵਰਸਿਟੀਆਂ ਵਿਚ ਅਕਾਦਮਿਕ ਸੁਤੰਤਰਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਘਟਣ ਵੱਲ ਇਸ਼ਾਰਾ ਹੈ। ਇਤਿਹਾਸਕ ਹਵਾਲੇ ਨਾਲ ਇਨ੍ਹਾਂ ਪੱਖਾਂ ਦੀ ਚਰਚਾ ਇਸ ਲੇਖ ਵਿਚ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤੀ ਹੈ।-ਸੰਪਾਦਕ॥

ਭਾਰਤੀ ਮੂਲ ਦੀ ਡਾਕਟਰ ਰੂਪਾ ਮਾਰੀਆ ਦੀ ਕੈਲੀਫੋਰਨੀਆ ਯੂਨੀਵਰਸਿਟੀ, ਸਾਨਫ੍ਰਾਂਸਿਸਕੋ ਤੋਂ ਬਰਖ਼ਾਸਤਗੀ ਨੇ ਅਮਰੀਕੀ ਸਟੇਟ ਦੀ ਤਾਨਾਸ਼ਾਹ ਖਸਲਤ ਇਕ ਵਾਰ ਫਿਰ ਪੂਰੀ ਦੁਨੀਆ ਨੂੰ ਦਿਖਾ ਦਿੱਤੀ ਹੈ। ਡਾ. ਮਾਰੀਆ ਨੂੰ 23 ਸਾਲ ਦੀ ਬੇਦਾਗ਼ ਨੌਕਰੀ ਦੇ ਬਾਵਜੂਦ ਕੱਢ ਦਿੱਤਾ ਗਿਆ, ਕਿਉਂਕਿ ਉਸਨੇ ਜ਼ਾਇਓਨਿਜ਼ਮ ਨੂੰ ਨਸਲਵਾਦੀ ਵਿਚਾਰਧਾਰਾ ਕਰਾਰ ਦਿੰਦੇ ਹੋਏ ਇਸਦੇ ਸਿਹਤ ਸੇਵਾਵਾਂ ਅਤੇ ਫਲਸਤੀਨੀ ਮਨੁੱਖੀ ਹੱਕਾਂ ਉੱਪਰ ਹਾਨੀਕਾਰਕ ਪ੍ਰਭਾਵਾਂ ਬਾਰੇ ਡੱਟ ਕੇ ਆਵਾਜ਼ ਉਠਾਈ ਸੀ। ਉਸ ਨੇ ਇਜ਼ਰਾਈਲ ਦੀ ਗਾਜ਼ਾ ਵਿਰੁੱਧ ਜੰਗ ਦੀ ਨਿੰਦਾ ਕੀਤੀ, ਉਹ ਫਲਸਤੀਨੀ ਸਿਹਤ ਕਾਮਿਆਂ ਦੇ ਹੱਕ ਵਿਚ ਖੜ੍ਹੀ, ਅਤੇ ਉਸਨੇ ਅਮਰੀਕੀ ਅਕਾਦਮਿਕ ਮੈਡੀਸਨ ਦੇ ਜ਼ਾਇਓਨਿਸਟ ਦਾਨੀਆਂ ਨਾਲ ਸਬੰਧਾਂ ਦੀ ਜਵਾਬਦੇਹੀ ਦੀ ਮੰਗ ਕੀਤੀ ਸੀ, ਇਸ ਕਾਰਨ ਉਸਨੂੰ ਜਾਬਰ ਸੰਸਥਾਗਤ ਪ੍ਰਤੀਕਰਮ ਦਾ ਸਾਹਮਣਾ ਕਰਨਾ ਪਿਆ। ਸਿਹਤ ਸੇਵਾਵਾਂ ਦੇ ਖੇਤਰ ਵਿਚ ਉਸਦੀ ਦਹਾਕੇ ਲੰਮੀ ਸਾਫ਼-ਸੁਥਰੀ ਕਾਰਗੁਜ਼ਾਰੀ ਦੇ ਬਾਵਜੂਦ, ਯੂਨੀਵਰਸਿਟੀ ਨੇ ਉਸਦੇ ਰਿਕਾਰਡ ਵਿਚ 10-ਸਾਲ ਦੀ ਨਾਂਹਪੱਖੀ ਰਿਪੋਰਟ ਦਰਜ ਕੀਤੀ ਹੈ, ਜੋ ਉਸਦੇ ਮੈਡੀਕਲ ਕਰੀਅਰ ਨੂੰ ਤਬਾਹ ਕਰਨ ਦੀ ਮਨਸ਼ਾ ਨਾਲ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਡਾ. ਮਾਰੀਆ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਯਹੂਦੀ-ਵਿਰੋਧੀ ਦੱਸਿਆ, ਜਦੋਂਕਿ ਮਾਰੀਆ ਅਤੇ ਉਸ ਵਰਗੇ ਹੋਰ ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਇਹ ਆਵਾਜ਼ ਸੰਵਿਧਾਨਿਕ ਹੱਕਾਂ, ਨੈਤਿਕ ਭਾਵਨਾਵਾਂ ਤੋਂ ਪ੍ਰੇਰਿਤ ਹੈ। ਮਾਰੀਆ ਝੁਕੀ ਨਹੀਂ, ਉਸਨੇ ਯੂਨੀਵਰਸਿਟੀ ਦੇ ਫ਼ਲਸਤੀਨੀਂ ਪੱਖੀ ਆਵਾਜ਼ਾਂ ਦੀ ਜ਼ੁਬਾਨਬੰਦੀ ਕਰਨ ਦੇ ਦਸਤੂਰ ਦਾ ਪਰਦਾਫਾਸ਼ ਕਰਦਿਆਂ ਅਮਰੀਕੀ ਸੰਵਿਧਾਨ ਵਿਚ ਦਰਜ ਨਾਗਰਿਕ ਹੱਕਾਂ ਦੀ ਸੁਰੱਖਿਆ ਅਤੇ ਨਾਗਰਿਕ ਹੱਕਾਂ ਦੇ ਹਵਾਲੇ ਨਾਲ ਮੁਕੱਦਮੇ ਦਾਇਰ ਕੀਤੇ ਹਨ।
ਡਾ. ਮਾਰੀਆ ਦਾ ਮਾਮਲਾ ਨਾ ਪਹਿਲਾ ਹੈ ਅਤੇ ਨਾ ਆਖ਼ਰੀ। ਬਹੁਤ ਸਾਰੀਆਂ ਆਵਾਜ਼ਾਂ ਨੂੰ ਲਗਾਤਾਰ ਕੁਚਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਰੀਅਰ ਤਬਾਹ ਕਰਕੇ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਨੀਆ ਭਰ ਵਿਚ ‘ਜਮਹੂਰੀਅਤ ਦੀ ਰਾਖੀ’ ਦੇ ਨਾਂ ਹੇਠ ਜਿਸ ਅਮਰੀਕੀ ਸਟੇਟ ਨੇ ਦੂਜੀ ਆਲਮੀ ਜੰਗ ਤੋਂ ਲੈ ਕੇ ਧਾੜਵੀ ਜੰਗਾਂ ਦਾ ਸਿਲਸਿਲਾ ਕਦੇ ਬੰਦ ਨਹੀਂ ਹੋਣ ਦਿੱਤਾ, ਉਸਦੀ ਆਪਣੀ ਸਰਜ਼ਮੀਨ ਉੱਪਰ ਜਮਹੂਰੀ ਸਪੇਸ ਵੀ ਹਮੇਸ਼ਾ ਤਾਨਾਸ਼ਾਹ ਹਮਲੇ ਦੀ ਮਾਰ ਹੇਠ ਰਹੀ ਹੈ। 20ਵੀਂ ਸਦੀ ਦੇ ਅੱਧ ’ਚ ‘ਮੈਕਾਰਥੀਵਾਦ’ ਨੇ ਪ੍ਰਗਟਾਵੇ ਦੀ ਆਜ਼ਾਦੀ ਅਤੇ ਅਸਹਿਮਤੀ ਦੀ ਸੰਘੀ ਘੁੱਟ ਕੇ ਨਾਗਰਿਕ ਹੱਕਾਂ ਦਾ ਜੋ ਘਾਣ ਕੀਤਾ, ਬਾਅਦ ਦੇ ਦਹਾਕਿਆਂ ’ਚ ਉਸਨੂੰ ਬਹੁਤ ਹੀ ਸਿਲਸਿਲੇਵਾਰ ਤਰੀਕੇ ਨਾਲ ਲੁਕਵੇਂ ਰੂਪ ’ਚ ਜਾਰੀ ਰੱਖਿਆ ਗਿਆ ਹੈ। ਜੋ ਹੁਣ ਇਜ਼ਰਾਇਲੀ ਦਹਿਸ਼ਤਵਾਦ ਦਾ ਵਿਰੋਧ ਕਰਨ ਵਾਲੇ ਬੌਧਿਕ ਸੂਝ ਰੱਖਦੇ ਲੋਕਾਂ ਉੱਪਰ ਖੁੱਲ੍ਹੇ ਹਮਲਿਆਂ ਦੇ ਰੂਪ ’ਚ ਦਣਦਣਾ ਰਿਹਾ ਹੈ। ਫਲਸਤੀਨ ਹਮਾਇਤੀ ਅਕਾਦਮਿਕਾਂ ਨੂੰ ਦਬਾਉਣ ਦਾ ਇਹ ਵਰਤਾਰਾ ਦਿਖਾਉਂਦਾ ਹੈ ਕਿ ਅਮਰੀਕਾ ਵਿਚ ਅਕਾਦਮਿਕ ਆਜ਼ਾਦੀ ਕਿੰਨੀ ਅਸੁਰੱਖਿਅਤ ਹੋ ਗਈ ਹੈ। ਜਦੋਂ ਯੂਨੀਵਰਸਿਟੀਆਂ ਰਾਜਨੀਤਿਕ ਅਤੇ ਆਰਥਕ ਦਬਾਅ ਅੱਗੇ ਝੁਕ ਕੇ ਆਲੋਚਨਾਤਮਕ ਵਿਚਾਰਾਂ ਨੂੰ ਦਬਾਉਂਦੀਆਂ ਹਨ, ਤਾਂ ਉਹ ਆਪਣੇ ਬੁਨਿਆਦੀ ਜਮਹੂਰੀ ਅਤੇ ਅਕਾਦਮਿਕ ਮੁੱਲਾਂ ਤੋਂ ਮੂੰਹ ਮੋੜ ਲੈਂਦੀਆਂ ਹਨ।
ਪੁਰਾਣੇ ਮੈਕਾਰਥੀਵਾਦ ਅਤੇ ਅਜੋਕੇ ਜਬਰ ਵਿਚ ਵੱਡਾ ਫ਼ਰਕ ਇਹ ਹੈ ਕਿ ਓਦੋਂ ਜਬਰ ਅਮਰੀਕੀ ਸਮਾਜ ਨੂੰ ‘ਕਮਿਊਨਿਸਟ ਘੁਸਪੈਠ’ ਦੇ ਖ਼ਤਰੇ ਤੋਂ ਬਚਾਉਣ ਦੇ ਨਾਂ ਹੇਠ ਕੀਤਾ ਜਾਂਦਾ ਸੀ, ਜਦਕਿ ਹੁਣ ਇਹ ਨਹਾਇਤ ਬੇਸ਼ਰਮੀਂ ਨਾਲ ਇਕ ਬਦੇਸ਼ੀ ਹਕੂਮਤ ਦਾ ਬਚਾਅ ਕਰਨ ਅਤੇ ਉਸਨੂੰ ਅਮਰੀਕੀ ਲੋਕਾਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਤੋਂ ਬਚਾਉਣ ਲਈ ਕੀਤਾ ਜਾ ਰਿਹਾ ਹੈ। ਇਹ ਜਾਗਰੂਕ ਨਾਗਰਿਕ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਟੈਕਸਾਂ ਦਾ ਪੈਸਾ ਇਜ਼ਰਾਇਲੀ ਦਹਿਸ਼ਤਵਾਦੀ ਜੰਗ ਲਈ ਖ਼ਰਚਿਆ ਜਾਵੇ। ਤਾਜ਼ਾ ਪਿਊ ਸਰਵੇਖਣ ’ਚ ਸਾਹਮਣੇ ਆਇਆ ਹੈ ਕਿ ਬਹੁਗਿਣਤੀ ਅਮਰੀਕੀਆਂ ਦੀ ਇਜ਼ਰਾਇਲ ਬਾਰੇ ਸੋਚ ਨਾਂਹਪੱਖੀ ਹੈ, ਇਜ਼ਰਾਇਲੀ ਦਹਿਸ਼ਤਵਾਦ ਨੂੰ ਥਾਪੜੇ ਦੀ ਨੀਤੀ ਵਿਰੁੱਧ ਵਧ ਰਹੇ ਵਿਰੋਧ ਕਾਰਨ ਅਮਰੀਕੀ ਹਕੂਮਤ ਦਾ ਬੁਖਲਾਹਟ ਵਿਚ ਆਉਣਾ ਸੁਭਾਵਿਕ ਹੈ।
ਅਕਤੂਬਰ 2023 ’ਚ ਹਮਾਸ ਦੇ ਕਥਿਤ ਹਮਲੇ ਦੇ ਬਹਾਨੇ ਪੂਰੀ ਗਾਜ਼ਾ ਪੱਟੀ ਨੂੰ ਹੀ ਕਬਰਸਤਾਨ ਬਣਾ ਦੇਣ ਦੀ ਅਮਰੀਕੀ-ਇਜ਼ਰਾਇਲੀ ਯੁੱਧਨੀਤੀ ਦੀ ਆਲੋਚਨਾ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀਆਂ ਕਾਰਵਾਈਆਂ ਤੇਜ਼ੀ ਨਾਲ ਵਧੀਆਂ ਹਨ। ਇਸੇ ਦੇ ਤਹਿਤ ਨਸਲਕੁਸ਼ੀ ਝੱਲ ਰਹੇ ਫਲਸਤੀਨੀ ਲੋਕਾਂ ਪ੍ਰਤੀ ਹਮਦਰਦੀ ਰੱਖਣ ਵਾਲੇ ਅਕਾਦਮਿਕਾਂ ਉੱਪਰ ਜਾਬਰ ਹਮਲਾ ਵੀ ਦਿਨੋ-ਦਿਨ ਹੋਰ ਵੀ ਵਹਿਸ਼ੀਆਨਾ ਹੁੰਦਾ ਜਾ ਰਿਹਾ ਹੈ। ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚ ਫਲਸਤੀਨ ਨਾਲ ਹਮਦਰਦੀ ਰੱਖਣ ਵਾਲੇ ਪ੍ਰੋਫੈਸਰਾਂ ਅਤੇ ਖੋਜਕਰਤਾਵਾਂ ਨੂੰ ਗਿਣ-ਮਿੱਥ ਕੇ ਸੈਂਸਰ ਅਤੇ ਦਹਿਸ਼ਤਜ਼ਦਾ ਕੀਤਾ ਜਾ ਰਿਹਾ ਹੈ, ਜਿਸ ਨਾਲ ਅਕਾਦਮਿਕ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਰਾਜਨੀਤਿਕ ਅਸਹਿਮਤੀ ਦਾ ਹੱਕ ਲਗਾਤਾਰ ਹਮਲੇ ਦੀ ਮਾਰ ਹੇਠ ਹੈ।
ਜ਼ਾਇਓਨਿਜ਼ਮ ਅਤੇ ਫਲਸਤੀਨ ਦਾ ਮੁਕਤੀ ਸੰਘਰਸ਼ ਅਮਰੀਕੀ ਯੂਨੀਵਰਸਿਟੀਆਂ ਵਿਚ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਹੈ । ਖ਼ਾਸ ਕਰਕੇ 1967 ਦੀ ਜੰਗ ਤੋਂ ਬਾਅਦ, ਅਮਰੀਕੀ ਅਕਾਦਮਿਕ ਸੰਸਥਾਵਾਂ ਇਜ਼ਰਾਈਲ ਦੀ ਹਮਾਇਤ, ਜ਼ਾਇਓਨਿਜ਼ਮ ਦੀ ਆਲੋਚਨਾ, ਅਤੇ ਫਲਸਤੀਨੀਆਂ ਦੇ ਅਧਿਕਾਰਾਂ ‘ਤੇ ਵਿਚਾਰ-ਵਟਾਂਦਰੇ ਦਾ ਪ੍ਰਮੁੱਖ ਮੰਚ ਬਣ ਗਈਆਂ। ਅਮਰੀਕਾ ਵਿਚ ਜ਼ਾਇਓਨਿਜ਼ਮ ਪੱਖੀ ਜਥੇਬੰਦੀਆਂ, ਖ਼ਾਸ ਕਰਕੇ ਏ.ਆਈ.ਪੀ.ਏ.ਸੀ. ਵਰਗੇ ਤਾਕਤਵਰ ਲਾਬੀ ਗਰੁੱਪਾਂ ਦੇ ਪ੍ਰਭਾਵ ਨੇ ਅਮਰੀਕੀ ਮੁੱਖਧਾਰਾ ਵਿਚ ਇਜ਼ਰਾਇਲੀ ਨਸਲਵਾਦ-ਪੱਖੀ ਸੋਚ ਨੂੰ ਉਤਸ਼ਾਹਤ ਕੀਤਾ ਅਤੇ ਫਲਸਤੀਨ-ਪੱਖੀ ਵਿਚਾਰਾਂ ਨੂੰ ਹਾਸ਼ੀਏ ‘ਤੇ ਧੱਕ ਦਿੱਤਾ।
ਇਸ ਦੇ ਬਾਵਜੂਦ, ਕਈ ਅਕਾਦਮਿਕ ਖੇਤਰਾਂ- ਜਿਵੇਂ ਮਿਡਲ ਈਸਟ ਸਟੱਡੀਜ਼, ਕ੍ਰਿਟੀਕਲ ਰੇਸ ਥਿਊਰੀ, ਅਤੇ ਐਥਨਿਕ ਸਟੱਡੀਜ਼- ਤੋਂ ਕੁਝ ਵਿਦਵਾਨਾਂ ਨੇ ਇਨ੍ਹਾਂ ਪ੍ਰਭਾਵੀ ਬਿਰਤਾਂਤਾਂ ਨੂੰ ਚੁਣੌਤੀ ਦਿੱਤੀ। ਐਡਵਰਡ ਸਈਦ, ਰਾਸ਼ਿਦ ਖ਼ਲੀਦੀ, ਨੂਰਾ ਇਰਕਾਤ ਅਤੇ ਜਸਬੀਰ ਪੁਆਰ ਵਰਗੇ ਵਿਦਵਾਨਾਂ ਨੇ ਜ਼ਾਇਓਨਿਜ਼ਮ ਅਤੇ ਬਸਤੀਵਾਦ ਦੀ ਆਲੋਚਨਾ ਕਰਦੇ ਹੋਏ ਫਲਸਤੀਨੀਆਂ ਦੇ ਸ਼ੋਸ਼ਣ ਨੂੰ ਕੇਂਦਰ ਵਿਚ ਰੱਖਿਆ। ਹਾਲਾਂਕਿ, ਇਸ ਆਲੋਚਨਾਤਮਕ ਨਜ਼ਰੀਏ ਦਾ ਭਾਰੀ ਮੁੱਲ ਵੀ ਤਾਰਨਾ (ਨਿੱਜੀ ਅਤੇ ਪੇਸ਼ੇਵਰ ਦੋਵੇਂ ਪੱਧਰਾਂ ‘ਤੇ) ਪਿਆ।
ਫਲਸਤੀਨ ਹਮਾਇਤੀ ਅਕਾਦਮਿਕਾਂ ਦੇ ਖਿਲਾਫ਼ ਜਬਰ ਕਈ ਰੂਪਾਂ ਵਿਚ ਸਾਹਮਣੇ ਆਉਂਦਾ ਹੈ: ਗਿਣ-ਮਿੱਥ ਕੇ ਭੰਡੀ, ਆਨਲਾਈਨ ਤੰਗ-ਪ੍ਰੇਸ਼ਾਨ ਕਰਨਾ, ਨੌਕਰੀ ਤੋਂ ਕੱਢਣਾ, ਅਜ਼ਮਾਇਸ਼ੀ ਸਮੇਂ ਤੋਂ ਬਾਅਦ ਪੱਕੀ ਨੌਕਰੀ ਨਾ ਦੇਣਾ, ਖੋਜ ਫੰਡਿੰਗ ਵਿਚ ਕਟੌਤੀ, ਆਦਿ। ਇਸ ਸੈਂਸਰਸ਼ਿਪ ਨੂੰ ਉਤਸ਼ਾਹਤ ਕਰਨ ਵਿਚ ਜ਼ਾਇਓਨਿਸਟ ਲਾਬੀ, ਸੱਜੇਪੱਖੀ ਨਿਗਰਾਨੀ ਸੰਸਥਾਵਾਂ, ਯੂਨੀਵਰਸਿਟੀਆਂ ਨੂੰ ਫੰਡ ਦੇਣ ਵਾਲੇ ਅਤੇ ਰਾਜਨੀਤਿਕ ਹਸਤੀਆਂ ਸ਼ਾਮਲ ਹੁੰਦੀਆਂ ਹਨ।
ਕੈਨੇਰੀ ਮਿਸ਼ਨ ਅਤੇ ਕੈਂਪਸ ਵਾਚ ਵਰਗੀਆਂ ਸੰਸਥਾਵਾਂ ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸੂਚੀ ਬਣਾਉਂਦੀਆਂ ਹਨ ਜੋ ਇਜ਼ਰਾਈਲ ਦੀ ਆਲੋਚਨਾ ਕਰਦੇ ਹਨ। ਇਹ ਅਨਸਰ ਸੋਸ਼ਲ ਮੀਡੀਆ ਪੋਸਟਾਂ, ਸੰਗਠਨਾਂ ਨਾਲ ਸੰਪਰਕ, ਅਤੇ ਜਨਤਕ ਟਿੱਪਣੀਆਂ ਨੂੰ ਅਧਾਰ ਬਣਾ ਕੇ ਉਨ੍ਹਾਂ ਨੂੰ ‘ਦਹਿਸ਼ਤਵਾਦ-ਹਮਾਇਤੀ’ ਜਾਂ ‘ਯਹੂਦੀ-ਵਿਰੋਧੀ’ ਕਰਾਰ ਦਿੰਦੇ ਹਨ। ਇਨ੍ਹਾਂ ਸੂਚੀਆਂ ਦੇ ਜ਼ਰੀਏ ਲੋਕਾਂ ਦਾ ਅਕਸ ਵਿਗਾੜਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਕਰੀਅਰ ਖ਼ਤਰੇ ਵਿਚ ਪਾ ਦਿੱਤਾ ਜਾਂਦਾ ਹੈ।
ਫਲਸਤੀਨ ਹਮਾਇਤੀ ਵਿਚਾਰਾਂ ਕਾਰਨ ਵਿਦਵਾਨਾਂ ਦਾ ਕਰੀਅਰ ਤਬਾਹ ਕਰਨ ਦੀ ਤਾਨਾਸ਼ਾਹੀ ਦੀਆਂ ਹੋਰ ਵੀ ਮਿਸਾਲਾਂ ਹਨ। ਡਾ. ਸਟੀਵਨ ਸਲਾਏਟਾ ਨੂੰ 2014 ਵਿਚ ਯੂਨੀਵਰਸਿਟੀ ਆਫ਼ ਇਲੀਨੋਇ ਤੋਂ ਇਸ ਲਈ ਕੱਢ ਦਿੱਤਾ ਗਿਆ ਕਿਉਂਕਿ ਉਸ ਨੇ ਗਾਜ਼ਾ ਵਿਚ ਇਜ਼ਰਾਈਲੀ ਫ਼ੌਜੀ ਕਾਰਵਾਈਆਂ ਦੀ ਆਲੋਚਨਾ ਕਰਦੇ ਹੋਏ ਟਵੀਟ ਕੀਤੇ ਸਨ। ਨੌਕਰੀ ਦੀ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ ਅਤੇ ਯੂਨੀਵਰਸਿਟੀ ਵੱਲੋਂ ਪਹਿਲਾਂ ਉਸ ਨੂੰ ਪੱਕੀ ਨੌਕਰੀ ’ਤੇ ਰੱਖਣ ਨੂੰ ਮਨਜ਼ੂਰੀ ਦੇਣ ਦੇ ਬਾਵਜੂਦ ਡੋਨਰਾਂ ਅਤੇ ਰਾਜਸੀ ਦਬਾਅ ਹੇਠ ਉਸ ਨੂੰ ਹਟਾ ਦਿੱਤਾ ਗਿਆ। ਬੇਸ਼ੱਕ ਬਾਅਦ ਵਿਚ ਅਦਾਲਤਾਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਉਸਦੇ ਕਾਂਟਰੈਕਟ ਹੱਕਾਂ ਦੀ ਉਲੰਘਣਾ ਕੀਤੀ ਹੈ ਪਰ ਉਸਦੇ ਅਕਾਦਮਿਕ ਕਰੀਅਰ ਦੇ ਹੋਏ ਨੁਕਸਾਨ ਦਾ ਤਾਂ ਹੁਣ ਕੁਝ ਨਹੀਂ ਸੀ ਹੋ ਸਕਦਾ।
ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਵਿਖੇ ਕਲੀਨੀਕਲ ਮਨੋਵਿਗਿਆਨ ਦੀ ਪ੍ਰੋਫੈਸਰ ਡਾ. ਲਾਰਾ ਸ਼ੀਹੀ ਨੂੰ ਜਾਂਚ ਦਾ ਸਾਹਮਣਾ ਕਰਨਾ ਪਿਆ। ਉਸ ਨੇ ਫਲਸਤੀਨੀ ਵਕਤਾ ਨੂੰ ਬੁਲਾ ਕੇ ਫਲਸਤੀਨੀ ਇਲਾਕਿਆਂ ਵਿਚ ਇਜ਼ਰਾਇਲੀਆਂ ਵੱਲੋਂ ਧੱਕੇ ਨਾਲ ਵਸਣ ਦੇ ਬਸਤੀਵਾਦ ਉੱਪਰ ਚਰਚਾ ਕਰਵਾਈ ਸੀ। ਵਿਦਿਆਰਥੀਆਂ ਵੱਲੋਂ ਕਥਿਤ ਰੂਪ ’ਚ ਉਸ ਉੱਪਰ ਯਹੂਦੀ ਵਿਰੋਧੀ ਹੋਣ ਦਾ ਦੋਸ਼ ਲਾਏ ਜਾਣ ਕਾਰਨ ਉਸ ਉੱਪਰ ਜਾਂਚ ਬਿਠਾ ਦਿੱਤੀ ਗਈ। ਹਾਲਾਂਕਿ ਉਸ ਨੂੰ ਕਲੀਨ ਚਿਟ ਮਿਲ ਗਈ, ਪਰ ਇਹ ਘਟਨਾ ਦਿਖਾਉਂਦੀ ਹੈ ਕਿ ਇਜ਼ਰਾਇਲੀ ਦਹਿਸ਼ਤਵਾਦ ਦੀ ਆਲੋਚਨਾ ਦੀ ਜ਼ੁਬਾਨਬੰਦੀ ਕਰਨ ਲਈ ਕਿਵੇਂ ਸੰਸਥਾਗਤ ਤੰਤਰ ਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ ਅਤੇ ਅਮਰੀਕਾ ਵਿਚ ਫਲਸਤੀਨ ਦੇ ਹੱਕ ਵਿਚ ਬੋਲਣਾ ਕਿਸ ਹੱਦ ਤੱਕ ਜੋਖ਼ਮ ਭਰਿਆ ਹੋ ਗਿਆ ਹੈ।
ਇਕ ਨਮੂਨੇ ਦੀ ਮਿਸਾਲ ਕੋਲੰਬੀਆ ਯੂਨੀਵਰਸਿਟੀ ਹੈ। ਟਰੰਪ ਪ੍ਰਸ਼ਾਸਨ ਨੇ ਯੂਨੀਵਰਸਿਟੀ ਦੇ 400 ਮਿਲੀਅਨ ਡਾਲਰ ਫੈਡਰਲ ਫੰਡ ਬੰਦ ਕਰ ਦਿੱਤੇ ਕਿ ਯੂਨੀਵਰਸਿਟੀ ਗਾਜ਼ਾ ਉੱਪਰ ਹਮਲੇ ਵਿਰੁੱਧ ਪ੍ਰਦਰਸ਼ਨਾਂ ਨੂੰ ਰੋਕਣ ’ਚ ਅਸਫ਼ਲ ਰਹੀ ਸੀ। ਪ੍ਰਦਰਸ਼ਨਾਂ ਦੇ ਮੋਹਰੀ ਮਹਮੂਦ ਖਾਲਿਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਟਰੰਪ ਨੇ ਖ਼ੁਦ ਉਸਨੂੰ ‘ਹਮਾਸ ਪੱਖੀ ਰੈਡੀਕਲ ਬਦੇਸ਼ੀ ਵਿਦਿਆਰਥੀ’ ਕਰਾਰ ਦਿੰਦਿਆਂ ਕਿਹਾ ਇਹ ਤਾਂ ‘ਹੋਣ ਵਾਲੀਆਂ ਗ੍ਰਿਫ਼ਤਾਰੀਆਂ `ਚੋਂ ਪਹਿਲੀ’ ਹੈ। ਇਸੇ ਮਹੀਨੇ, ਮਾਰਚ 2025 ’ਚ ਭਾਰਤੀ ਪੀਐੱਚ.ਡੀ. ਵਿਦਿਆਰਥਣ ਰੰਜਨੀ ਸ੍ਰੀਨਿਵਾਸਨ ਦਾ ਵੀਜ਼ਾ ਅਮਰੀਕੀ ਹੋਮਲੈਂਡ ਸਿਕਿਓਰਟੀ ਵੱਲੋਂ ਰੱਦ ਕਰ ਦਿੱਤਾ ਗਿਆ। ਉਸ ’ਤੇ ‘ਹਿੰਸਾ ਤੇ ਦਹਿਸ਼ਤਵਾਦ ਦੀ ਵਕਾਲਤ ਕਰਨ’ ਦਾ ਇਲਜ਼ਾਮ ਲਗਾਇਆ ਗਿਆ। ਅਮਰੀਕੀ ਪ੍ਰਸ਼ਾਸਨ ਨੇ ਖ਼ੁਸ਼ੀ ਜ਼ਾਹਿਰ ਕੀਤੀ ਕਿ ‘ਕੋਲੰਬੀਆ ਯੂਨੀਵਰਸਿਟੀ ਦੀ ਇਕ ਦਹਿਸ਼ਤਵਾਦ ਹਮਾਇਤੀ ਸੀਬੀਪੀ ਹੋਮ ਐਪ ਵਰਤ ਕੇ ਆਪ ਹੀ ਡਿਪੋਰਟ ਹੋ ਗਈ।’
ਅਮਰੀਕਾ ਦੇ 30 ਤੋਂ ਵੱਧ ਰਾਜਾਂ ਵਿਚ ਬੀ.ਡੀ.ਐੱਸ. (ਬਾਈਕਾਟ, ਡਾਇਵੈਸਟਮੈਂਟ, ਸੈਂਕਸ਼ਨਜ਼) ਅੰਦੋਲਨ ਦੇ ਖਿਲਾਫ਼ ਕਾਨੂੰਨ ਬਣਾਏ ਗਏ ਹਨ, ਜੋ ਫਲਸਤੀਨੀਆਂ ਵੱਲੋਂ ਇਜ਼ਰਾਇਲ ਦਾ ਬਾਈਕਾਟ ਕਰਨ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਮੁਜਰਮ ਕਰਾਰ ਦਿੰਦੇ ਹਨ ਜਾਂ ਸਜ਼ਾ ਦਿੰਦੇ ਹਨ। ਕੁਝ ਰਾਜਾਂ ਵਿਚ ਮੁਲਾਜ਼ਮਾਂ ਅਤੇ ਕਾਂਟਰੈਕਟਰਾਂ ਤੋਂ ਇਹ ਹਲਫ਼ਨਾਮਾ ਤੱਕ ਮੰਗਿਆ ਜਾਂਦਾ ਹੈ ਕਿ ਉਹ ਇਜ਼ਰਾਈਲ ਦੇ ਬਾਈਕਾਟ ਦੀ ਹਮਾਇਤ ਨਹੀਂ ਕਰਨਗੇ। ਇਸਦਾ ਅਕਾਦਮਿਕ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਗੰਭੀਰ ਅਸਰ ਪੈ ਰਿਹਾ ਹੈ।
ਇਸ ਦੇ ਨਾਲ ਹੀ, ਕਈ ਸੰਸਥਾਵਾਂ ਨੇ ਰਾਜਸੀ ਦਬਾਅ ਹੇਠ ਆਈ.ਐੱਚ.ਆਰ.ਏ. (ਇੰਟਰਨੈਸ਼ਨਲ ਹੋਲੋਕਾਸਟ ਰੀਮੈਂਬਰੈਂਸ ਅਲਾਇੰਸ) ਵੱਲੋਂ ਪੇਸ਼ ਕੀਤੀ ‘ਯਹੂਦੀ-ਵਿਰੋਧੀ’ ਦੀ ਪਰਿਭਾਸ਼ਾ ਨੂੰ ਅਪਣਾ ਲਿਆ ਹੈ, ਜੋ ਜ਼ਾਇਓਨਿਜ਼ਮ ਦੀ ਆਲੋਚਨਾ ਨੂੰ ਵੀ ਯਹੂਦੀ-ਵਿਰੋਧੀ ਐਲਾਨਦੀ ਹੈ। ਇਹ ਪਰਿਭਾਸ਼ਾ ਗਲਤ ਢੰਗ ਨਾਲ ਰਾਜਨੀਤਕ ਆਲੋਚਨਾ ਨੂੰ ਧਾਰਮਿਕ ਦੁਸ਼ਮਣੀ ਦੇ ਰੂਪ ਵਿਚ ਪੇਸ਼ ਕਰਦੀ ਹੈ। ਇਹ ਪਰਿਭਾਸ਼ਾ ਇਸ ਕਦਰ ਘਿਣਾਉਣੀ ਹੈ ਕਿ ਬਹੁਤ ਸਾਰੇ ਯਹੂਦੀ ਵਿਦਵਾਨਾਂ ਨੇ ਵੀ ਇਸਦਾ ਵਿਰੋਧ ਕੀਤਾ ਹੈ ਜਿਨ੍ਹਾਂ ਵਿਚ ‘ਜਿਊਸ਼ ਵਾਇਸ ਫਾਰ ਪੀਸ’ ਨਾਲ ਸੰਬੰਧਤ ਲੋਕ ਵੀ ਸ਼ਾਮਲ ਹਨ।
ਇਹ ਹਮਲਾ ਸਿਰਫ਼ ਫਲਸਤੀਨ-ਇਜ਼ਰਾਈਲ ਸਵਾਲ ਤੱਕ ਸੀਮਤ ਨਹੀਂ ਹੈ, ਇਹ ਜਬਰ 9/11 ਕਾਂਡ ਤੋਂ ਬਾਅਦ ਅਮਰੀਕਾ ਵਿਚ ਫੈਲਾਏ ਇਸਲਾਮ ਦੇ ਹਊਏ, ‘ਦਹਿਸ਼ਤਵਾਦ ਵਿਰੁੱਧ ਜੰਗ’ ਅਤੇ ਅਰਬ-ਮੁਸਲਿਮ ਭਾਈਚਾਰਿਆਂ ਦੀ ਨਿਗਰਾਨੀ ਦੇ ਵਿਸ਼ਾਲ ਪਿਛੋਕੜ ਦਾ ਹਿੱਸਾ ਹੈ। ਇਜ਼ਰਾਇਲੀ ਨੀਤੀਆਂ ਦੀ ਆਲੋਚਨਾ ਕਰਨ ਜਾਂ ਫਲਸਤੀਨੀ ਹੱਕਾਂ ਦੀ ਹਮਾਇਤ ਕਰਨ ਵਾਲੇ ਯੂਨੀਵਰਸਿਟੀ ਦੇ ਵਿਦਵਾਨਾਂ ਨੂੰ ‘ਰੈਡੀਕਲ’, ‘ਦਹਿਸ਼ਤਵਾਦ ਦੇ ਹਮਾਇਤੀ’ ਜਾਂ ‘ਗੈਰ-ਅਮਰੀਕੀ’ (ਜਿਨ੍ਹਾਂ ਦਾ ਦੇਸ਼ਪ੍ਰੇਮ ਸ਼ੱਕੀ ਹੈ) ਕਿਹਾ ਜਾਂਦਾ ਹੈ- ਇਹ ਸਭ ਮੈਕਾਰਥੀ ਯੁੱਗ ਦੇ ਸ਼ੱਕੀ ਕਮਿਊਨਿਸਟਾਂ ਨੂੰ ਅਕਾਦਮਿਕ ਖੇਤਰ ਵਿਚੋਂ ਚੁਣ-ਚੁਣ ਕੇ ਕੱਢਣ ਦੇ ਵਰਤਾਰੇ ਦੀ ਯਾਦ ਦਿਵਾਉਂਦਾ ਹੈ।
ਇਹ ਜਬਰ ਵਿਆਪਕ ਸੱਜੇਪੱਖੀ ਪਿਛਾਖੜੀ ਹਮਲੇ ਦਾ ਹਿੱਸਾ ਹੈ ਜੋ ਨਸਲ, ਲਿੰਗ ਅਤੇ ਬਸਤੀਵਾਦ ਵਿਸ਼ੇ ਪੜ੍ਹਾਉਣ ਵਾਲੇ ਪ੍ਰੋਫੈਸਰਾਂ ਦੇ ਖਿਲਾਫ਼ ਚੱਲ ਰਿਹਾ ਹੈ। ‘ਕ੍ਰਿਟੀਕਲ ਰੇਸ ਥਿਊਰੀ’ ਅਤੇ ਡੀ.ਈ.ਆਈ. (ਡਾਇਵਰਸਿਟੀ, ਇਕੁਵਿਟੀ, ਐਂਡ ਇਨਕਲੂਜ਼ਨ) ਪ੍ਰੋਗਰਾਮਾਂ ‘ਤੇ ਪਾਬੰਦੀ ਲਗਾਉਣ ਵਾਲੇ ਬਿੱਲ, ਅਤੇ ਸਿਲੇਬਸ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਵੀ ਇਸੇ ਸਿਲਸਿਲੇਵਾਰ ਵਿਚਾਰਧਾਰਕ ਹਮਲੇ ਦਾ ਹਿੱਸਾ ਹਨ ਜੋ ਸਿੱਖਿਆ ਨੂੰ ਰਾਜਨੀਤਕ ਸੂਝ ਤੋਂ ਵਾਂਝਾ ਕਰਨ ਅਤੇ ਅਸਹਿਮਤੀ ਵਾਲੀ ਸੋਚ ਨੂੰ ਕੁਚਲਣ ਦੇ ਮਨੋਰਥ ਨਾਲ ਹੈ।
ਇਨ੍ਹਾਂ ਹਮਲਿਆਂ ਦੇ ਬਾਵਜੂਦ, ਕਈ ਅਕਾਦਮਿਕ, ਵਿਦਿਆਰਥੀ ਜਥੇਬੰਦੀਆਂ ਅਤੇ ਨਾਗਰਿਕ ਅਧਿਕਾਰ ਸਮੂਹ ਇਸ ਦਾ ਡੱਟਵਾਂ ਵਿਰੋਧ ਕਰ ਰਹੇ ਹਨ। ਮਿਡਲ ਈਸਟ ਸਟੱਡੀਜ਼ ਐਸੋਸੀਏਸ਼ਨ (ਐੱਮ.ਈ.ਐੱਸ.ਏ.), ਪਾਲੇਸਟਾਈਨ ਲੀਗਲ, ਅਤੇ ਅਮੈਰੀਕਨ ਸਟੱਡੀਜ਼ ਐਸੋਸੀਏਸ਼ਨ (ਏ.ਐੱਸ.ਏ.) ਵਰਗੀਆਂ ਸੰਸਥਾਵਾਂ ਅਕਾਦਮਿਕਾਂ ਦੀ ਰੱਖਿਆ ਲਈ ਲੜ ਰਹੀਆਂ ਹਨ। ਸੈਂਕੜੇ ਪ੍ਰੋਫੈਸਰਾਂ ਅਤੇ ਵਿਦਿਆਰਥੀਆਂ ਨੇ ਇਕਮੁੱਠਤਾ ਬਿਆਨਾਂ, ਵਿਰੋਧ ਪ੍ਰਦਰਸ਼ਨਾਂ, ਜਨਤਕ ਪਟੀਸ਼ਨਾਂ ਅਤੇ ਜਨਤਕ ਮੁਹਿੰਮਾਂ ਰਾਹੀਂ ਆਪਣਾ ਵਿਰੋਧ ਦਰਜ ਕਰਾਇਆ ਹੈ, ਖ਼ਾਸ ਕਰਕੇ ਗਾਜ਼ਾ ‘ਤੇ ਇਜ਼ਰਾਈਲੀ ਹਮਲਿਆਂ ਤੋਂ ਬਾਅਦ। ਇਹ ਦਰਸਾਉਂਦਾ ਹੈ ਕਿ ਆਲੋਚਕ ਆਵਾਜ਼ਾਂ ਨੂੰ ਕੁਚਲਣਾ ਐਨਾ ਸੌਖਾ ਨਹੀਂ ਹੈ।
ਯਹੂਦੀਆਂ ਦੇ ਜ਼ਾਇਓਨਵਾਦ-ਵਿਰੋਧੀ ਗਰੁੱਪ – ਜਿਵੇਂ ਜਿਊਸ਼ ਵਾਇਸ ਫਾਰ ਪੀਸ, ਇਫਨਾਟਨਾਓ (ਜੇ ਹੁਣ ਨਹੀਂ ਤਾਂ ਫੇਰ ਕਦੋਂ) ਅਤੇ ਇੰਟਰਨੈਸ਼ਨਲ ਜਿਊਸ਼ ਐਂਟੀ-ਜ਼ਾਇਓਨਿਸਟ ਨੈੱਟਵਰਕ ਇਸ ਝੂਠੀ ਧਾਰਨਾ ਨੂੰ ਚੁਣੌਤੀ ਦੇਣ ਅਤੇ ਇਸ ਦਾ ਵਿਰੋਧ ਕਰਨ ’ਚ ਵੱਡੀ ਭੂਮਿਕਾ ਨਿਭਾ ਰਹੇ ਹਨ ਕਿ ਜ਼ਾਇਓਨਿਜ਼ਮ ਦਾ ਵਿਰੋਧ ਯਹੂਦੀ-ਵਿਰੋਧ ਹੈ।
ਇਸ ਦੇ ਨਾਲ ਹੀ, ਵਿਦਿਆਰਥੀਆਂ ਦੀ ਅਗਵਾਈ ’ਚ ਅਪਾਰਥਾਇਡ ਡਾਇਵੈਸਟਮੈਂਟ ਮੂਵਮੈਂਟ ਨੇ ਅਮਰੀਕਾ ਦੇ ਕਈ ਕੈਂਪਸਾਂ ਵਿਚ ਜ਼ੋਰ ਫੜਿਆ ਹੈ। ਇਹ ਅੰਦੋਲਨ ਦੱਖਣੀ ਅਫ਼ਰੀਕਾ ਦੇ ਐਂਟੀ-ਅਪਾਰਥਾਇਡ ਅੰਦੋਲਨ ਦੀ ਯਾਦ ਦਿਵਾਉਂਦਾ ਹੈ। ਇਨ੍ਹਾਂ ਅੰਦੋਲਨਾਂ ਵਿਚ ਸਿਰਫ਼ ਸਿੱਖਿਆ ਦਾ ਪਹਿਲੂ ਹੀ ਨਹੀਂ ਹੈ ਸਗੋਂ ਇਹ ਇਜ਼ਰਾਇਲੀ ਫ਼ੌਜੀਵਾਦ, ਫਲਸਤੀਨੀ ਖੇਤਰ ਉੱਪਰ ਨਜਾਇਜ਼ ਕਬਜ਼ੇ ਅਤੇ ਉੱਥੇ ਧੱਕੇ ਨਾਲ ਵਸਣ ਦੇ ਇਜ਼ਰਾਇਲੀ ਬਸਤੀਵਾਦ ’ਚ ਅਮਰੀਕੀ ਸਟੇਟ ਦੀ ਮਿਲੀਭੁਗਤ ਵਿਰੁੱਧ ਸਾਂਝੇ ਰੂਪ ’ਚ ਜੂਝਣ ਲਈ ਵੀ ਪ੍ਰੇਰਿਤ ਕਰਦੇ ਹਨ।
ਇਹ ਸਿਰਫ਼ ਮਿਡਲ ਈਸਟ ਸਟੱਡੀਜ਼ ਜਾਂ ਰਾਜਨੀਤਕ ਕਾਰਕੁਨਾਂ ਦੀ ਸਮੱਸਿਆ ਵੀ ਨਹੀਂ ਹੈ, ਦਰਅਸਲ ਇਹ ਚੇਤਾਵਨੀ ਹੈ ਕਿ ਜੇਕਰ ਅੱਜ ਫਲਸਤੀਨ ਬਾਰੇ ਬੋਲਣ ਵਾਲਿਆਂ ਨੂੰ ਚੁੱਪ ਕਰਵਾਇਆ ਜਾ ਸਕਦਾ ਹੈ, ਤਾਂ ਭਲਕ ਨੂੰ ਕਿਸੇ ਵੀ ਅਸਹਿਮਤ ਵਿਚਾਰ ਨੂੰ ਉਸਦਾ ਕਰੀਅਰ ਤਬਾਹ ਕਰਕੇ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਦੌਰ ਵਿਚ, ਜਦੋਂ ਅਸੀਂ ਗਾਜ਼ਾ ਵਿਚ ਭਿਆਨਕ ਕਤਲੇਆਮ ਅਤੇ ਫਲਸਤੀਨੀਂ ਆਵਾਮ ਦੀ ਨਸਲਕੁਸ਼ੀ ਦੇ ਗਵਾਹ ਬਣਨ ਲਈ ਮਜਬੂਰ ਹਾਂ, ਤਾਂ ਚੁੱਪ ਰਹਿਣਾ ਵੀ ਇਕ ਤਰ੍ਹਾਂ ਨਾਲ ਸਾਜ਼ਿਸ਼ ਵਿਚ ਭਾਈਵਾਲੀ ਬਣ ਜਾਂਦੀ ਹੈ। ਲਿਹਾਜ਼ਾ ਫਲਸਤੀਨ ਬਾਰੇ ਪੂਰੀ ਆਜ਼ਾਦੀ ਨਾਲ ਬੋਲਣ ਦੇ ਅਕਾਦਮਿਕਾਂ ਦੇ ਹੱਕ ਦੀ ਹਿਫਾਜ਼ਤ ਕਰਨਾ ਆਖਿæਰਕਾਰ ਯੂਨੀਵਰਸਿਟੀ ਨੂੰ ਨੈਤਿਕ ਜਾਂਚ, ਆਲੋਚਨਾਤਮਕ ਚਿੰਤਨ, ਡੂੰਘੀ ਸੋਚ-ਵਿਚਾਰ ਅਤੇ ਸਾਂਝੀ ਕਲਪਨਾ ਦੇ ਸਥਾਨ ਦੇ ਰੂਪ ’ਚ ਬਚਾਉਣਾ ਵੀ ਹੈ।
ਅੱਜ ਜਦੋਂ ਨਸਲਕੁਸ਼ੀ, ਨਸਲੀ ਰੰਗਭੇਦ ਅਤੇ ਧਾੜਵੀ ਬਸਤੀਵਾਦ ਬੇਖ਼ੌਫ਼ ਦਣਦਣਾ ਰਿਹਾ ਹੈ ਤਾਂ ਅਕਾਦਮਿਕਾਂ ਦਾ ਫਰਜ਼ ਮਾਨਵਤਾ ਲਈ ਸੰਵੇਦਨਸ਼ੀਲ ਸਵਾਲਾਂ ਤੋਂ ਮੂੰਹ ਮੋੜਣਾ ਨਹੀਂ ਹੈ, ਸਗੋਂ ਇਖਲਾਕੀ ਦਲੇਰੀ ਨਾਲ ਨਿਆਂ ਦੇ ਸਵਾਲਾਂ ਉੱਪਰ ਸਟੈਂਡ ਲੈਣਾ, ਸੱਤਾ ਦੀਆਂ ਸੱਚਾਈਆਂ ਨੂੰ ਉਜਾਗਰ ਕਰਨਾ ਅਤੇ ਉਨ੍ਹਾਂ ਰੋਸ਼ਨ-ਖਿæਆਲ ਵਿਦਵਾਨਾਂ ਦੇ ਨਾਲ ਡੱਟ ਕੇ ਖੜ੍ਹੇ ਹੋਣਾ ਹੈ ਜੋ ਅਜਿਹੀ ਆਵਾਜ਼ ਉਠਾਉਣ ਦਾ ਜੇਰਾ ਕਰਦੇ ਹਨ। ਦੁਨੀਆ ਭਰ ’ਚ ਘੋਰ ਸੱਜੇਪੱਖੀ ਵਿਚਾਰਧਾਰਾ ਦਾ ਸਟੇਟ ਉੱਪਰ ਕੰਟਰੋਲ ਵਧਦਾ ਜਾ ਰਿਹਾ ਹੈ। ਇਸਦਾ ਉਚੇਚਾ ਫੋਕਸ ਯੂਨੀਵਰਸਿਟੀ ਕੈਂਪਸਾਂ ਦੀ ਜਮਹੂਰੀ ਸਪੇਸ ਨੂੰ ਖ਼ਤਮ ਕਰਨ ਉੱਪਰ ਹੈ। ਭਾਰਤ ਵਿਚ ਵੀ ਆਰ.ਐੱਸ.ਐੱਸ.-ਭਾਜਪਾ ਨੇ ਸੱਤਾ ਵਿਚ ਆ ਕੇ ਕੇਂਦਰੀ ਯੂਨੀਵਰਸਿਟੀਆਂ ਉੱਪਰ ਸਿਲਸਿਲੇਵਾਰ ਤਰੀਕੇ ਨਾਲ ਹੱਲਾ ਬੋਲਿਆ ਅਤੇ ਜਮਹੂਰੀ ਸਪੇਸ ਬੁਰੀ ਤਰ੍ਹਾਂ ਸੁੰਗੇੜ ਦਿੱਤੀ ਗਈ ਹੈ। ਇਹ ਹਮਲਾ ਲਗਾਤਾਰ ਜਾਰੀ ਹੈ।
ਇਹ ਵੀ ਨੋਟ ਕਰਨਾ ਹੋਵੇਗਾ ਕਿ ਜ਼ਾਇਓਨਵਾਦ-ਵਿਰੋਧੀ ਕਈ ਭਾਰਤੀ ਵਿਦਵਾਨ ਨਾਲ ਦੀ ਨਾਲ ਹਿੰਦੂਤਵ ਅਤੇ ਭਾਰਤੀ ਰਾਜ ਦੇ ਫਾਸ਼ੀਵਾਦ ਵੱਲ ਮੋੜਾ ਕੱਟਣ ਦੇ ਵੀ ਤਿੱਖੇ ਆਲੋਚਕ ਹਨ। ਉਹ ਦੋਵਾਂ ਨੂੰ ਨਸਲੀ-ਰਾਸ਼ਟਰਵਾਦੀ ਪ੍ਰੋਜੈਕਟਾਂ ਵਜੋਂ ਵੇਖਦੇ ਹੋਏ ਆਪਣੀਆਂ ਲਿਖਤਾਂ ਵਿਚ ਹਿੰਦੂਤਵ ਅਤੇ ਜ਼ਾਇਓਨਵਾਦ ਵਿਚਕਾਰ ਸੰਬੰਧਾਂ ਨੂੰ ਦਰਸਾਉਂਦੇ ਹਨ ਭਾਵ ਦੋਵੇਂ ਮਜ਼ਲੂਮਾਂ ਨੂੰ ਉਜਾੜ ਕੇ ਉੱਥੇ ਧੱਕੇ ਨਾਲ ਵਸਣ, ਇਸਲਾਮੋਫੋਬੀਆ ਅਤੇ ਰਾਜ ਦੀ ਹਿੰਸਾ ‘ਤੇ ਆਧਾਰਤ ਹਨ। ਇਹ ਅੰਤਰ-ਸੰਬੰਧਤ ਆਲੋਚਨਾ ਉਨ੍ਹਾਂ ਨੂੰ ਦੁੱਗਣਾ ਅਸੁਰੱਖਿਅਤ ਬਣਾਉਂਦੀ ਹੈ: ਇਕ ਪਾਸੇ ਹਿੰਦੂਤਵ ਹਮਾਇਤੀ ਉਨ੍ਹਾਂ ਉੱਤੇ ਹਮਲਾ ਕਰਦੇ ਹਨ, ਦੂਜੇ ਪਾਸੇ ਅਮਰੀਕਾ ਵਿਚ ਜ਼ਾਇਓਨਵਾਦੀ ਨੈੱਟਵਰਕ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਕਈ ਵਾਰੀ ਤਾਂ ਇਕ ਦੂਜੇ ਨੂੰ ਪੂਰਾ ਸਹਿਯੋਗ ਦਿੰਦੇ ਹੋਏ। ਅਕਾਦਮਿਕਾਂ ਨੂੰ ਨਿਸ਼ਾਨਾ ਬਣਾਉਣਾ ਸਿਰਫ਼ ਵਿਅਕਤੀਗਤ ਹੱਕਾਂ ਦੀ ਉਲੰਘਣਾ ਨਹੀਂ ਹੈ, ਦਰਅਸਲ ਇਹ ਬੌਧਿਕ ਵੰਨਸੁਵੰਨਤਾ, ਵਿਸ਼ਵੀ ਸਵਾਲਾਂ ਉੱਪਰ ਸਰਹੱਦ ਪਾਰ ਇਕਜੁੱਟਤਾ ਅਤੇ ਆਮ ਇਨਸਾਫ਼ ਲਈ ਵੀ ਵੱਡਾ ਖ਼ਤਰਾ ਹੈ।
ਗਾਜ਼ਾ ਵਿਚ ਸਮੁੱਚੇ ਸਿਹਤ ਸੇਵਾਵਾਂ ਦੇ ਢਾਂਚੇ/ਇਲਾਜ ਸੇਵਾਵਾਂ, ਡਾਕਟਰਾਂ ਅਤੇ ਹੋਰ ਮੈਡੀਕਲ ਸਟਾਫ਼ ਨੂੰ ਉਚੇਚੇ ਤੌਰ ’ਤੇ ਕਤਲ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਨਾਮਾਤਰ ਵਸੀਲਿਆਂ ਨਾਲ ਜ਼ਖਮੀਆਂ ਦਾ ਇਲਾਜ ਕਰਕੇ ਅਮਰੀਕੀ-ਇਜ਼ਰਾਇਲ ਗੱਠਜੋੜ ਦੇ ਫਲਸਤੀਨੀ ਆਵਾਮ ਦੀ ਮੁਕੰਮਲ ਨਸਲਕੁਸ਼ੀ ਦੇ ਪ੍ਰੋਜੈਕਟ ਵਿਚ ਅੜਿੱਕਾ ਬਣਦੇ ਹਨ। ਇਸ ਪ੍ਰਸੰਗ ’ਚ ਡਾ. ਮਾਰੀਆ ਦੀ ਬਰਖ਼ਾਸਤਗੀ ਨਸਲਕੁਸ਼ੀ ਦਾ ਵਿਰੋਧ ਕਰਨ ਵਾਲੇ ਸਿਹਤ ਕਾਮਿਆਂ ਨੂੰ ਕੁਚਲਣ ਲਈ ਵਿਆਪਕ ਹਮਲੇ ਦਾ ਹਿੱਸਾ ਹੈ। ਡਾ. ਮਾਰੀਆ ਵਰਗੇ ਲੋਕ ਖ਼ਾਮੋਸ਼ ਹੋਣ ਅਤੇ ਦਹਿਸ਼ਤਵਾਦੀ ਸਟੇਟ ਅੱਗੇ ਝੁਕਣ ਦੀ ਬਜਾਏ, ਨਿਆਂ ਅਤੇ ਆਜ਼ਾਦੀ ‘ਤੇ ਅਧਾਰਤ ਮੈਡੀਸਨ ਖੇਤਰ ਦੀ ਲੋਕਪੱਖੀ ਪੁਨਰ-ਕਲਪਨਾ ਲਈ ਸੰਘਰਸ਼ਸ਼ੀਲ ਹਨ। ਆਓ, ਆਪਾਂ ਸਾਰੇ ਡਾ. ਰੂਪਾ ਮਾਰੀਆ ਵਰਗੀਆਂ ਨਿਆਂਪਸੰਦ ਆਵਾਜ਼ਾਂ ਨਾਲ ਇਕਮੁੱਠਤਾ ਪ੍ਰਗਟਾਉਂਦਿਆਂ ਅਮਰੀਕਨ-ਇਜ਼ਰਾਇਲੀ ਨਸਲਵਾਦ-ਦਹਿਸ਼ਤਵਾਦ ਦਾ ਡੱਟ ਕੇ ਵਿਰੋਧ ਕਰੀਏ।