ਹੈਦਰਾਬਾਦ:ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਕਸਲੀਆਂ ਨਾਲ ਕਿਸੇ ਵੀ ਗੱਲਬਾਤ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਪਾਬੰਦੀਸ਼ੁਦਾ ਸੰਗਠਨ ਦੇ ਕੇਡਰ ਨੂੰ ਹਥਿਆਰ ਛੱਡ ਦੇਣੇ ਚਾਹੀਦੇ ਹਨ, ਪੁਲਿਸ ਅੱਗੇ ਆਤਮ ਸਮਰਪਣ ਕਰਨਾ ਚਾਹੀਦਾ ਹੈ ਤੇ ਮੁੱਖ ਧਾਰਾ ‘ਚ ਸ਼ਾਮਿਲ ਹੋਣਾ ਚਾਹੀਦਾ ਹੈ।
ਤੇਲੰਗਾਨਾ ਦੇ ਨਿਜ਼ਾਮਾਬਾਦ ‘ਚ ਹਲਦੀ ਬੋਰਡ ਦੇ ਰਾਸ਼ਟਰੀ ਹੈਡਕੁਆਰਟਰ ਦਾ ਉਦਘਾਟਨ ਕਰਨ ਤੋਂ ਬਾਅਦ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਇਹ ਵੀ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ, ਜੋ ਅਜੇ ਵੀ ‘ਆਪ੍ਰੇਸ਼ਨ ਸੰਧੂਰ’ ‘ਤੇ ਸਵਾਲ ਉਠਾ ਰਹੇ ਹਨ, ਨੂੰ ਆਪ੍ਰੇਸ਼ਨ ਦੀ ਪ੍ਰਭਾਵਸ਼ੀਲਤਾ ਨੂੰ ਸਮਝਣ ਲਈ ਪਾਕਿਸਤਾਨ ਦੀ ਕਮਜ਼ੋਰ ਦਿੱਖ ਦੇਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਕਸਲੀਆਂ ਨਾਲ ਗੱਲਬਾਤ ਕਰਨ ਲਈ ਕਹਿੰਦੀ ਹੈ। ਜਦਕਿ ਸਾਡੀ ਸਰਕਾਰ ਦੀ ਨੀਤੀ ਹਥਿਆਰ ਰੱਖਣ ਵਾਲਿਆਂ ਨਾਲ ਕੋਈ ਗੱਲ ਕਰਨ ਦੀ ਨਹੀਂ ਹੈ। ਉਹ ਹਥਿਆਰ ਛੱਡਣ, ਆਤਮ ਸਮਰਪਣ ਕਰਨ ਤੇ ਮੁੱਖ ਧਾਰਾ ‘ਚ ਸ਼ਾਮਿਲ ਹੋਣ। ਉਨ੍ਹਾਂ ਅੱਗੇ ਕਿਹਾ ਕਿ ਉੱਤਰ-ਪੂਰਬ ‘ਚ ਲਗਭਗ 10,000 ਲੋਕਾਂ ਨੇ ਹਥਿਆਰ ਛੱਡ ਦਿੱਤੇ ਤੇ ਮੁੱਖ ਧਾਰਾ ‘ਚ ਸ਼ਾਮਿਲ ਹੋ ਗਏ। ਉਨ੍ਹਾਂ ਕਿਹਾ ਕਿ ਜੇਕਰ ਨਕਸਲੀ ਆਤਮ ਸਮਰਪਣ ਨਹੀਂ ਕਰਦੇ, ਤਾਂ ਅਸੀਂ 31 ਮਾਰਚ 2026 ਤੋਂ ਪਹਿਲਾਂ ਇਸ ਦੇਸ਼ ‘ਚੋਂ ਨਕਸਲਵਾਦ ਖ਼ਤਮ ਕਰਨ ਫ਼ੈਸਲਾ ਕੀਤਾ ਹੈ।
