ਤਾਪ ਘਰ ਲਹਿਰਾ ਮੁਹੱਬਤ ਤੇ ਰੋਪੜ ਦੇ 1-1 ਯੂਨਿਟ ਦਾ ਬਿਜਲੀ ਉਤਪਾਦਨ ਠੱਪ

ਲਹਿਰਾ ਮੁਹੱਬਤ (ਬਠਿੰਡਾ):ਹੁੰਮਸ ਭਰੀ ਗਰਮੀ ਤੇ ਝੋਨੇ ਦੀ ਲਵਾਈ ਕਾਰਨ ਸੂਬੇ ਭਰ ਵਿਚ ਬਿਜਲੀ ਦੀ ਮੰਗ ਸ਼ਾਮ ਨੂੰ 12475 ਮੈਗਾਵਾਟ ਸੀ, ਸਵੇਰੇ 9.45 ਵਜੇ ਸਰਕਾਰੀ ਖੇਤਰ ਦੇ ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੇ 4 ਯੂਨਿਟਾਂ ‘ਚੋਂ ਸਟੇਜ 2 ਦਾ 4 ਨੰਬਰ ਯੂਨਿਟ ਬੋਆਇਲਰ ਵਿਚ ਲੀਕੇਜ ਕਾਰਨ ਬਿਜਲੀ ਉਤਪਾਦਨ ਠੱਪ ਹੋ ਗਿਆ।

ਹੁਣ 3 ਯੂਨਿਟ 512 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਸੁਪਰ ਤਾਪ ਬਿਜਲੀ ਘਰ ਰੋਪੜ ਦਾ ਇਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ ਪਿਆ ਹੈ, ਜਿਸ ਦੇ 3 ਯੂਨਿਟ 434 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਇਸ ਤੋਂ ਇਲਾਵਾ ਗੁਰੂ ਅੰਗਦ ਦੇਵ ਤਾਪ ਘਰ ਗੋਇੰਦਵਾਲ ਦੇ 2 ਯੂਨਿਟਾਂ ਨੂੰ ਮਿਲਾ ਕੇ 1269 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਸੀ।
ਪਾਵਰਕਾਮ ਦੇ ਪਣ ਬਿਜਲੀ ਘਰਾਂ ਤੋਂ 866 ਮੈਗਾਵਾਟ, ਸੋਲਰ ਤੇ ਨਾਨ ਸੋਲਰ 53 ਮੈਗਾਵਾਟ ਤੇ ਨਿੱਜੀ ਖੇਤਰ ਦੇ ਤਾਪ ਘਰ ਰੋਪੜ ਤੇ ਰਾਜਪੁਰਾ ਦੇ 5 ਯੂਨਿਟਾਂ ਦਾ ਉਤਪਾਦਨ 2075 ਸੀ। ਅੱਜ ਦੀ ਮੰਗ ਨੂੰ ਪੂਰਾ ਕਰਨ ਲਈ ਪਾਵਰਕਾਮ ਨੂੰ 8518 ਮੈਗਾਵਾਟ ਬਿਜਲੀ ਬੈਂਕਿੰਗ ਪ੍ਰਣਾਲੀ ਤੇ ਬਾਹਰੀ ਸਰੋਤਾਂ ਤੋਂ ਪ੍ਰਾਪਤ ਕਰਕੇ ਪੂਰੀ ਕਰਨੀ ਪਈ।
ਜ਼ਿਕਰਯੋਗ ਹੈ ਕਿ ਪੰਜਾਬ ਦਾ ਆਪਣਾ ਬਿਜਲੀ ਉਤਪਾਦਨ 3974 ਹੀ ਸੀ।