ਯੋਗ ਵਿਸ਼ਵ ਨੂੰ ਸ਼ਾਂਤੀ, ਸਿਹਤ ਅਤੇ ਏਕਤਾ ਵਲ ਲੈ ਜਾਵੇਗਾ: ਮੋਦੀ

ਵਿਸ਼ਾਖਾਪਟਨਮ:ਦੁਨੀਆ ‘ਚ ਇਸ ਸਮੇਂ ਕਈ ਦੇਸ਼ਾਂ ਵਿਚਾਲੇ ਸੰਘਰਸ਼ ਚੱਲ ਰਿਹਾ ਹੈ। ਰੂਸ-ਯੂਕਰੇਨ ਹੋਵੇ ਜਾਂ ਇਜ਼ਰਾਈ-ਫਲਸਤੀਨ ਤੇ ਹੁਣ ਈਰਾਨ। ਗੜਬੜੀ ਤੇ ਅਸਥਿਰਤਾ ਦਾ ਦੌਰ ਨਜ਼ਰ ਆ ਰਿਹਾ ਹੈ। ਅਜਿਹੇ ਸਮੇਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਸਮੁੰਦਰ ਤੱਟ ਤੋਂ ਯੋਗ ਜ਼ਰੀਏ ਸ਼ਾਂਤੀ ਦੇ ਰਸਤੇ ‘ਤੇ ਚੱਲਣ ਦੀ ਅਪੀਲ ਕੀਤੀ ਹੈ। ਸ਼ਨਿਚਰਵਾਰ ਨੂੰ ਵਿਸ਼ਵ ਯੋਗ ਦਿਵਸ ‘ਤੇ ਆਰ.ਕੇ ਬੀਚ ਤੋਂ ਭੋਗਪੁਰਮ ਦੇ ਬੀਚ ਤੱਕ 26 ਕਿਲੋਮੀਟਰ ਦੇ ਕਾਰੀਡੋਰ ‘ਤੇ ਤਿੰਨ ਲੱਖ ਲੋਕਾਂ ਦੀ ਮੌਜੂਦਗੀ ‘ਚ ਪੀਐੱਮ ਮੋਦੀ ਨੇ ਯੋਗ ਕੀਤਾ। ਇਸ ਦੌਰਾਨ ਉਨ੍ਹਾਂ ਨੇ ਯੋਗ ਨੂੰ ਜਨ ਅੰਦੋਰਨ ਬਣਾਉਣ ਦਾ ਸੱਦਾ ਦਿੱਤਾ ਜਿਹੜਾ ਦੁਨੀਆ ਨੂੰ ਸ਼ਾਂਤੀ, ਸਿਹਤ ਤੇ ਏਕਤਾ ਵੱਲ ਲੈ ਜਾਏ।

ਪੀ.ਐੱਮ. ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਦਕਿਸਮਤੀ ਨਾਲ ਅੱਜ ਪੂਰੀ ਦੁਨੀਆ ਕਿਸੇ ਨਾ ਕਿਸੇ ਤਣਾਅ ਤੋਂ ਲੰਘ ਰਹੀ ਹੈ। ਕਿੰਨੇ ਹੀ ਇਲਾਕਿਆਂ ‘ਚ ਗੜਬੜੀ ਤੇ ਅਸਥਿਰਤਾ ਵੱਧ ਰਹੀ ਹੈ। ਅਜਿਹੇ ‘ਚ ਯੋਗ ਨਾਲ ਸਾਨੂੰ ਸ਼ਾਂਤੀ ਦੀ ਦਿਸ਼ਾ ਮਿਲਦੀ ਹੈ। ਯੋਗ ਇਕ ਅਜਿਹਾ ਪਾਜ਼ ਬਟਨ ਹੈ, ਜਿਸਦੀ ਜ਼ਰੂਰਤ ਮਨੁੱਖਤਾ ਨੂੰ ਹੈ। ਉਨ੍ਹਾਂ ਨੇ ਇਸ ਯੋਗ ਦਿਵਸ ਨੂੰ ਮਨੁੱਖਤਾ ਲਈ ਯੋਗ 2.0 ਵਾਂਗ ਮਨਾਉਣ ਦੀ ਅਪੀਲ ਕੀਤੀ, ਤਾਂ ਜੋ ਇਹ ਦੇਸ਼ ਹਰ ਸਮਾਜ ਯੋਗ ਨੂੰ ਜੀਵਨਸ਼ੈਲੀ ਤੇ ਲੋਕ ਨੀਤੀ ਦਾ ਹਿੱਸਾ ਬਣਾਏ। ਯੋਗ ਦੁਨੀਆ ਨੂੰ ਤਕਰਾਰ ਤੋਂ ਸਹਿਯੋਗ ਤੇ ਤਣਾਅ ਤੋਂ ਹੱਲ ਵੱਲ ਲੈ ਜਾਏ। ਮੋਦੀ ਨੇ ਕਿਹਾ ਕਿ ਯੋਗ ਦਾ ਅਰਥ ਹੈ ਜੁੜਨਾ। ਇਹ ਦੇਖਣਾ ਸੁੱਖਦਾਈ ਹੈ ਕਿ ਕਿਵੇਂ ਯੋਗ ਨੇ ਇਕ ਦਹਾਕੇ ‘ਚ ਪੂਰੀ ਦੁਨੀਆ ਨੂੰ ਜੋੜਿਆ ਹੋਇਆ ਹੈ। ਸਾਲ 2014 ‘ਚ ਸੰਯੁਕਤ ਰਾਸ਼ਟਰ ‘ਚ ਭਾਰਤ ਨੇ ਪ੍ਰਸਤਾਵ ਰੱਖਿਆ ਸੀ ਕਿ 21 ਜੂਨ ਨੂੰ ਵਿਸ਼ਵ ਯੋਗ ਦਿਵਸ ਵਜੋਂ ਮਾਨਤਾ ਮਿਲੇ। ਤਾਂ ਹੀ ਘੱਟੋ-ਘੱਟ ਸਮੇਂ ‘ਚ 175 ਦੇਸ਼ ਸਾਡੇ ਨਾਲ ਖੜ੍ਹੇ ਹੋਏ। ਅਜਿਹੀ ਇਕਜੁੱਟਤਾ, ਅਜਿਹਾ ਸਮਰਥਨ ਸਾਧਾਰਨ ਘਟਨਾ ਨਹੀਂ ਹੈ। ਇਹ ਮਨੁੱਖਤਾ ਦੇ ਭਲੇ ਲਈ ਸਾਰੇ ਦੇਸ਼ਾਂ ਦੀ ਸਮੂਹਿਕ ਕੋਸ਼ਿਸ਼ ਸੀ। ਅੱਜ 11 ਸਾਲ ਬਾਅਦ ਯੋਗ ਕਰੋੜਾਂ ਲੋਕਾਂ ਦੀ ਜੀਵਨਸ਼ੈਲੀ ਦਾ ਹਿੱਸਾ ਬਣ ਚੁੱਕਾ ਹੈ। ਮੈਨੂੰ ਮਾਣ ਹੁੰਦਾ ਹੈ ਜਦੋਂ ਮੈਂ ਦੇਖਦਾ ਹਾਂ ਕਿ ਸਾਡੇ ਦਿਵਿਆਂਗ ਸਾਥੀ ਬਰੇਲ ਲਿਪੀ ‘ਚ ਯੋਗ ਸ਼ਾਸਤਰ ਪੜ੍ਹਦੇ ਹਨ। ਵਿਗਿਆਨੀ ਪੁਲਾੜ ‘ਚ ਯੋਗ ਕਰਦੇ ਹਨ। ਪਿੰਡ-ਪਿੰਡ ‘ਚ ਨੌਜਵਾਨ ਸਾਥੀ ਓਲੰਪੀਆਡ ‘ਚ ਹਿੱਸਾ ਲੈਂਦੇ ਹਨ। ਭਾਵੇਂ ਓਪੇਰਾ ਹਾਊਸ ਦੀਆਂ ਪੌੜ੍ਹੀਆਂ ਹੋਣ ਜਾਂ ਐਵਰੈਸਟ ਦੀ ਚੋਟੀ, ਜਾਂ ਫਿਰ ਸਮੁੰਦਰ ਦਾ ਵਿਸਥਾਰ ਹੋਵੇ। ਹਰ ਥਾਂ ਤੋਂ ਇਕ ਹੀ ਸੰਦੇਸ਼ ਆਉਂਦਾ ਹੈ, ਯੋਗ ਸਾਰਿਆਂ ਦਾ ਹੈ ਤੇ ਸਾਰਿਆਂ ਲਈ ਹੈ। ਯੋਗ ਹੱਦਾਂ, ਪਿਛੋਕੜ, ਉਮਰ ਤੇ ਯੋਗਤਾ ਤੋਂ ਪਰੇ ਹੈ। ਉਨ੍ਹਾਂ ਨੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡ, ਉਪ ਮੁੱਖ ਮੰਤਰੀ ਪਵਨ ਕਲਿਆਣ ਤੇ ਆਈਟੀ ਮੰਤਰੀ ਨਾਰਾ ਲੋਕੇਸ਼ ਦੀ ਪ੍ਰਸੰਸਾ ਵੀ ਕੀਤੀ।