ਆਪਣੇ ਆਪ ਨਾਲ ਤਾਂ ਲੜਿਆ ਹੀ ਨਹੀਂ

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਬੰਦਾ ਹਮੇਸ਼ਾਂ ਜੰਗ ‘ਚ। ਕਦੇ ਆਪਣੇ ਆਪ ਨਾਲ ਅਤੇ ਕਦੇ ਬੇਗਾਨਿਆਂ ਨਾਲ। ਕਦੇ ਮਿੱਤਰਾਂ ਨਾਲ ਤੇ ਕਦੇ ਗੈਰਾਂ ਨਾਲ। ਕਦੇ ਇਹ ਅੰਦਰਲੀ ਜੰਗ ਹੁੰਦੀ ਅਤੇ ਕਦੇ ਬਾਹਰਲੀ। ਕਦੇ ਇਹ ਥੋਪੀ ਜਾਂਦੀ ਅਤੇ ਕਦੇ ਅਸੀਂ ਖੁਦ ਇਸ ‘ਚ ਉਲਝ ਜਾਂਦੇ।

ਯੁੱਗਾਂ ਤੋਂ ਜੰਗ ਆਪਣੀ ਹੋਂਦ ਰਾਹੀਂ ਬੰਦੇ ਨੂੰ ਉਸਦੀ ਔਕਾਤ ਦਿਖਾਉਂਦੀ ਅਤੇ ਉਸਦੀ ਅਸਲੀਅਤ ਦੇ ਰੂਬਰੂ ਕਰਵਾਉਂਦੀ।
ਜੰਗ ਲੜਨ ਤੋਂ ਵੀ ਪਹਿਲਾਂ ਇਹ ਜ਼ਰੂਰ ਪਤਾ ਹੋਵੇ ਕਿ ਜੰਗ ਕਿਸ ਨਾਲ ਲੜਨੀ ਹੈ, ਕਿਉਂ ਲੜਨੀ ਹੈ, ਕਿਵੇਂ ਜਿੱਤਣੀ ਹੈ ਅਤੇ ਇਸ ਤੋਂ ਕੀ ਪ੍ਰਾਪਤ ਹੋਵੇਗਾ? ਜਦ ਅਸੀਂ ਹੋਣ ਵਾਲੀ ਜੰਗ ਪ੍ਰਤੀ ਸੁਚੇਤ ਹੋਵਾਂਗੇ। ਇਸ ਦੀਆਂ ਸਾਰੀਆਂ ਪਰਤਾਂ ਅਤੇ ਬਹੁ-ਪਸਾਰੀ ਆਯਾਮਾਂ ਦਾ ਪਤਾ ਹੋਵੇਗਾ ਤਾਂ ਅਸੀਂ ਪੂਰੀ ਤਿਆਰੀ ਨਾਲ ਜੰਗ ਲੜਾਂਗੇ ਵੀ ਅਤੇ ਜਿੱਤਾਂਗੇ ਵੀ।
ਜੰਗ ਹਮੇਸ਼ਾ ਬਾਹਰੀ ਦੁਸ਼ਮਣ ਨਾਲ ਹੀ ਨਹੀਂ ਲੜੀ ਜਾਂਦੀ। ਜੰਗ ਦਾ ਮੁੱਢ ਤਾਂ ਸਾਡੇ ਅੰਦਰੋਂ ਬੱਝਦਾ। ਸਾਨੂੰ ਇਹ ਸੁਰਤ ਹੀ ਨਹੀਂ ਕਿ ਅਸੀਂ ਕਸੂਰਵਾਰ ਹੁੰਦੇ ਹੋਵੇ ਵੀ ਖੁਦ ਨੂੰ ਬੇਕਸੂਰ ਸਾਬਤ ਕਰਨ ਲਈ ਹਰ ਹੀਲਾ ਵਰਤਦੇ।
ਐ ਬੰਦਿਆ! ਤੂੰ ਬਾਹਰ ਤਾਂ ਹਰ ਇਕ ਨਾਲ ਲੜਦਾ ਏਂ, ਕਦੇ ਖੁਦ ਨਾਲ ਤਾਂ ਲੜਿਆ ਹੀ ਨਹੀਂ। ਸੂਰਜਾਂ ਦੀ ਦੱਸ ਤਾਂ ਪਾਉਂਦਾ ਏਂ, ਤੇਰੇ ਅੰਦਰ ਤਾਂ ਚੰਦਰਮਾ ਚੜ੍ਹਿਆ ਹੀ ਨਹੀਂ। ਐਂਵੇਂ ਫੋਕੇ ਦਮਗਜੇ ਮਾਰਦਾ ਏਂ, ਕਦੇ ਖ਼ੁਦ ਦੇ ਸਾਹਵੇਂ ਤਾਂ ਖੜ੍ਹਿਆ ਹੀ ਨਹੀਂ। ਬਾਹਰੀ ਯਾਤਰਾ ‘ਤੇ ਸਦਾ ਰਹਿਨਾ, ਕਦੇ ਆਪਣੇ ਅੰਦਰ ਤਾਂ ਵੜਿਆ ਹੀ ਨਹੀਂ। ਕਈ ਗੰ੍ਰਥ, ਵੇਦ ਤੇ ਕਿਤਾਬਾਂ ਪੜ੍ਹ ਛੱਡੀਆਂ, ਕਦੇ ਆਪਣੇ ਆਪ ਨੂੰ ਤਾਂ ਪੜ੍ਹਿਆ ਹੀ ਨਹੀਂ। ਵੈਰੀ ਨੂੰ ਸਾੜਦਾ ਫਿਰਦਾ ਏਂ, ਤੇਰੇ ਅੰਦਰਲਾ ਨਫ਼ਸ ਤਾਂ ਸੜਿਆ ਹੀ ਨਹੀਂ। ਐਵੇਂ ਸ਼ਬਦਾਂ ਦੇ ਅੰਬਰੀਂ ਉਡੀ ਫਿਰੇਂ, ਇਕ ਪਿਆਰ ਦਾ ਸ਼ਬਦ ਤਾਂ ਘੜਿਆ ਹੀ ਨਹੀਂ। ਦੂਜੇ ਦੇ ਭਾਵਾਂ ਨੂੰ ਪੜ੍ਹਨ ਦਾ ਦਾਅਵਾ ਕਰਦੈਂ, ਕਦੇ ਬੇਚੈਨ ਮਨ ਨੂੰ ਤਾਂ ਪੜ੍ਹਿਆ ਹੀ ਨਹੀਂ। ਐਂਵੇਂ ਡੁਬਦੇ ਨੂੰ ਬਚਾਉਣ ਦਾ ਲਾਰਾ ਲਾਉਨੈਂ, ਕਦੇ ਖ਼ੁਦ ਡੁੱਬਦੇ ਨੂੰ ਤਾਂ ਫੜਿਆ ਹੀ ਨਹੀਂ। ਤੇਰੀ ਰੂਹ ਦਾ ਮੁਲੱਮਾ ਕਿਵੇਂ ਲੱਥੂ, ਜੇ ਆਪਣੇ ਅੰਦਰ ਤੂੰ ਵੜਿਆ ਹੀ ਨਹੀਂ।
ਜੰਗ ਕਦੇ ਦੁੱਖਾਂ ਨਾਲ, ਕਦੇ ਸੁੱਖਾਂ ਨਾਲ। ਕਦੇ ਬੇਬਸੀ ਨਾਲ, ਕਦੇ ਬੇਯਕੀਨੀ ਨਾਲ। ਕਦੇ ਬਦਹਾਲੀ ਨਾਲ, ਕਦੇ ਬਰਬਾਦੀ ਨਾਲ। ਕਦੇ ਬੇਖ਼ੁਦੀ ਨਾਲ, ਕਦੇ ਬੰਦਗੀ ਨਾਲ। ਕਦੇ ਬੇਪ੍ਰਵਾਹੀ ਨਾਲ, ਕਦੇ ਬੇਗਾਨਗੀ ਨਾਲ। ਕਦੇ ਬਿਹਤਰੀ ਲਈ ਤੇ ਕਦੇ ਬੇਰੁਹਮਤੀ ਲਈ। ਕਦੇ ਬਹੁਤਾਤ ਨਾਲ ਅਤੇ ਕਦੇ ਘਾਟ ਨਾਲ। ਜੰਗ ਤਾਂ ਜਾਰੀ ਹੈ ਹਰ ਸਾਹੇ, ਹਰ ਪਲ, ਹਰ ਦਿਨ ਅਤੇ ਹਰ ਰਾਤ। ਇਸ ਜੰਗ ਵਿਚ ਉਲਝਿਆ ਬੰਦਾ ਆਖਰ ਨੂੰ ਆਪਣੀ ਆਉਧ ਗਵਾ ਲੈਂਦਾ ਅਤੇ ਇਹ ਜੰਗ ਤੋਂ ਹਾਰਿਆਂ, ਆਪਣੇ ਸਾਹਾਂ ਤੋਂ ਵੀ ਹਾਰ ਜਾਂਦਾ।
ਯਾਦ ਰੱਖਣਾ! ਜੰਗ ਕਦੇ ਵੀ ਲੜ ਕੇ ਨਹੀਂ ਜਿੱਤੀ ਜਾਂਦੀ। ਜੰਗ ਤਾਂ ਆਪਣੇ ਆਪ ਨੂੰ ਮਿਲ ਕੇ, ਆਪਣੀ ਹਉਮੈਂ ‘ਤੇ ਕਾਬੂ ਪਾ, ਆਪਣੇ ਹੱਠੀ ਸੁਭਾਅ ਨੂੰ ਤਿਆਗ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ, ਹੀ ਜਿੱਤੀ ਜਾ ਸਕਦੀ।
ਇਹ ਸਰਹੱਦਾਂ ਤੇ ਹੱਦਾਂ, ਇਹ ਵਾੜਾਂ ਤੇ ਕੰਡਿਆਲੀਆਂ ਤਾਰਾਂ। ਇਹ ਵੱਖਰੇਵੇਂ ਅਤੇ ਵਰਣ-ਵੰਡ। ਇਹ ਜਾਤਾਂ-ਪਾਤਾਂ ਅਤੇ ਧਰਮ ਦੀਆ ਵੰਡੀਆਂ। ਇਹ ਊਚ-ਨੀਚ ਅਤੇ ਗਰੀਬ-ਅਮੀਰ ਦਾ ਪਾੜਾ। ਕਿਸੇ ਨੂੰ ਨੀਵਾਂ ਦਿਖਾ ਕੇ ਖ਼ੁਦ ਉਪਰ ਉਠਣ ਦੀ ਲਾਲਸਾ ਆਦਿ ਸਾਡੇ ਮਨ ਦੀ ਸੰਕੀਰਨਤਾ ਅਤੇ ਆਪਣੇ ਮਨ ਨੂੰ ਮਿਲਣ ਦੀ ਸਾਡੇ ਕੋਲ ਵਿਹਲ ਹੀ ਨਹੀਂ।
ਅਗਰ ਬੰਦਾ ਆਪਣੇ ਅੰਦਰਲੀ ਜੰਗ ਜਿੱਤ ਲਵੇ ਤਾਂ ਉਸ ਲਈ ਹਰ ਬਾਹਰੀ ਜੰਗ ਨੂੰ ਜਿੱਤਣਾ ਬਹੁਤ ਆਸਾਨ। ਜਦ ਕਿਸੇ ਦਾ ਅੰਦਰਲਾ ਹੀ ਕਮਜ਼ੋਰ ਅਤੇ ਕਮੀਨਗੀਆਂ ਤੇ ਕੁਹਜਾਂ ਨਾਲ ਭਰਿਆ ਹੋਵੇ ਤਾਂ ਬਾਹਰਲੀ ਜੰਗ ਨੂੰ ਬੰਦਾ ਕਦੇ ਵੀ ਜਿੱਤ ਨਹੀਂ ਸਕਦਾ।
ਬਾਹਰਲੀ ਜੰਗ ਤਾਂ ਸਾਨੂੰ ਹਰ ਵਕਤ ਹੀ ਲੜਨੀ ਪੈਂਦੀ। ਕਦੇ ਸਮਾਜ ਦੀਆਂ ਥੋਥੀਆਂ ਕਦਰਾਂ-ਕੀਮਤਾਂ ਨਾਲ। ਕਦੇ ਗਲਘੋਟੂ ਸਮਾਜਿਕ ਵਲਗਣਾਂ ਦੇ ਵਿਰੁੱਧ। ਕਦੇ ਬੇਇਨਸਾਫ਼ੀਆਂ ਵਿਰੁੱਧ ਅਤੇ ਕਦੇ ਆਪਣਿਆਂ ਵਲੋਂ ਹੀ ਆਪਣਿਆਂ ਨਾਲ ਕੀਤੀ ਧੱਕੇਸ਼ਾਹੀ, ਹੇਰਾ-ਫੇਰੀ ਜਾਂ ਬੇਇਨਸਾਫ਼ੀ ਖ਼ਿਲਾਫ਼। ਜੰਗ ਤਾਂ ਪਰਿਵਾਰ ਵਿਚ ਵੀ ਹੁੰਦੀ। ਭੈਣਾਂ, ਭਰਾਵਾਂ ਅਤੇ ਸਕੇ ਸਬੰਧੀਆਂ ਦਰਮਿਆਨ ਵੀ। ਫਰਕ ਸਿਰਫ਼ ਇੰਨਾ ਕਿ ਇਹ ਜੰਗ ਕਈ ਵਾਰ ਜੱਗ-ਜ਼ਾਹਰ ਹੁੰਦੀ। ਪਰ ਬਹੁਤੀ ਵਾਰ ਅਦਿੱਖ ਹੁੰਦੀ। ਸਭ ਤੋਂ ਖ਼ਤਰਨਾਕ ਹੁੰਦਾ ਹੈ ਅਦਿੱਖ ਜੰਗ ਦਾ ਸਾਹਮਣਾ ਕਰਦਿਆਂ ਜਿੱਤ ਪ੍ਰਾਪਤ ਕਰਨਾ। ਸਾਹਮਣੇ ਦਿਸਦੇ ਨੂੰ ਤਾਂ ਦੇਖ ਕੇ, ਸਮਝ ਕੇ ਅਤੇ ਇਸ ਦੀਆਂ ਚਾਲਾਂ ਸਮਝ ਕੇ ਅਸੀਂ ਆਪਣਾ ਪੈਂਤੜਾ ਬਦਲ ਸਕਦੇ ਹਾਂ। ਪਰ ਪਿੱਠ ਪਿੱਛੇ ਹੋਏ ਵਾਰਾਂ ਦਾ ਦਰਦ ਬਹੁਤ ਜ਼ਿਆਦਾ ਹੁੰਦਾ। ਜਦ ਇਹ ਜ਼ਖ਼ਮ ਆਪਣਿਆਂ ਦੇ ਦਿੱਤੇ ਹੋਣ ਤਾਂ ਇਸਦੀ ਚੀਸ ਤਾਅ ਉਮਰ ਚਸਕਦੀ ਹੈ।
ਸਫ਼ਰ ‘ਤੇ ਤੁਰਨ ਵੇਲੇ ਮਾਨਸਿਕ ਅਤੇ ਸਰੀਰਕ ਜੰਗ ਲੜਨ ਲਈ ਸਾਨੂੰ ਅੰਦਰੋਂ ਮਜ਼ਬੂਤ ਹੋਣ ਦੀ ਜ਼ਰੂਰਤ ਹੁੰਦੀ। ਰਸਤੇ ਦੀਆਂ ਖੱਡਾਂ-ਖਾਈਆਂ ਨੂੰ ਟੱਪਣਾ, ਰਾਹਾਂ ਵਿਚ ਵਿਛੇ ਕੰਡਿਆਂ ਨੂੰ ਚੁਗਣਾ ਅਤੇ ਆਲੇ-ਦੁਆਲੇ ਦੀਆਂ ਅਲਾਮਤਾਂ ਤੋਂ ਸੁਚੇਤ ਰਹਿਣਾ ਜਿਹੜੀਆਂ ਤੁਹਾਨੂੰ ਰਾਹਾਂ ਤੋਂ ਭਟਕਾਉਣ ਲਈ ਆਪਣੀ ਪੂਰੀ ਵਾਹ ਲਾਉਂਦੀਆਂ। ਮੌਸਮਾਂ ਅਤੇ ਵਕਤਾਂ ਦੀ ਮਾਰ ਤੋਂ ਖ਼ੁਦ ਨੂੰ ਬਚਾਉਣਾ ਅਤੇ ਮੰਜ਼ਲ ਨੂੰ ਸੇਧ ਵਿਚ ਰੱਖ ਕੇ ਆਪਣੀਆਂ ਤਰਜੀਹਾਂ ਤੇ ਤਦਬੀਰਾਂ ਰਾਹੀਂ ਆਪਣੀ ਤਕਦੀਰ ਦੀ ਸਿਰਜਣਾ ਕਰਨਾ।
ਜੰਗ ਤਾਂ ਅਸੀਂ ਉਸ ਸਮੇਂ ਵੀ ਲੜਦੇ ਜਦ ਸੁਪਨੇ ਨੂੰ ਦੀਦਿਆਂ ਵਿਚ ਧਰਨ, ਇਸਦੀ ਸਲਾਮਤੀ ਲਈ ਸੁਹਿਰਦਤਾ ਅਤੇ ਸੰਜਮੀ ਸੁਭਾਅ ਰਾਹੀਂ ਸਿਰੜ ਅਤੇ ਸਾਧਨਾ ਨੂੰ ਯਾਰ ਬਣਾ, ਸੁਪਨੇ ਦੀ ਅੱਖ ਵਿਚ ਪੈਦਾ ਹੋਣ ਵਾਲੀ ਕਿਸੇ ਵੀ ਰੜਕ ਤੋਂ ਬਚਾ, ਇਸਦੀ ਪ੍ਰਾਪਤੀ ਦਾ ਸ਼ਿਲਾਲੇਖ਼ ਮਨ-ਮਸਤਕ ‘ਤੇ ਉਕਰਨਾ ਹੁੰਦਾ। ਬਹੁਤ ਸਾਰੀਆਂ ਔਕੜਾਂ ਅਤੇ ਪ੍ਰੇਸ਼ਾਨੀਆਂ ਨੂੰ ਝੱਲ ਕੇ ਪੂਰੇ ਹੋਏ ਸੁਪਨਿਆਂ ਦੀ ਸੁਰਮਈ ਰੰਗਤ ਨੂੰ ਮਾਨਣ ਦਾ ਮਾਣ ਮਿਲਦਾ। ਕਈ ਵਾਰ ਮੈਂ ਸੋਚਦਾ ਹਾਂ ਕਿ ਕਿੰਨਾ ਕਠਿਨ ਹੁੰਦਾ ਕਿਸੇ ਸੁਪਨੇ ਨੂੰ ਚਾਲੀ ਸਾਲ ਤੀਕ ਜਿਊਂਦਾ ਰੱਖਣਾ, ਇਸਦੀ ਪੂਰਨਤਾ ਲਈ ਖ਼ੁਦ ਨਾਲ ਜੱਦੋ-ਜਹਿਦ ਕਰਨਾ। ਫਿਰ ਚਾਲੀ ਸਾਲਾਂ ਬਾਅਦ ਸੁਪਨੇ ਦੀ ਅੱਖ ਵਿਚ ਅੱਖ ਪਾ ਕੇ ਸੁਪਨੇ ਦੇ ਚਿਹਰੇ ‘ਤੇ ਆਏ ਹੁਲਾਸ, ਰੂਹਾਨੀਅਤ ਅਤੇ ਸਕੂਨਤਾ ਰਾਹੀਂ ਖ਼ੁਦ ਨੂੰ ਸ਼ਰਸ਼ਾਰ ਕਰਨਾ। ਵਿਦੇਸ਼ ਦੀ ਯੂਨੀਵਰਸਿਟੀ ਵਿਚ ਪੜ੍ਹਾਉਣ ਦਾ ਇਹ ਸੁਪਨਾ ਪੂਰਾ ਕਰਨ ਲਈ ਮੈਂ ਖੁLਦ ਨਾਲ ਕਿੰਨੀ ਵਾਰ ਲੜਿਆ, ਕਿੰਨੀ ਵਾਰ ਹਾਰਿਆ ਪਰ ਆਖ਼ਰ ਨੂੰ ਮੈਂ ਇਸ ਜੰਗ ਨੂੰ ਜਿੱਤਣ ਵਿਚ ਕਾਮਯਾਬ ਤਾਂ ਹੋ ਹੀ ਗਿਆ।
ਕਈ ਵਾਰ ਅਸੀਂ ਨਿੱਕੇ ਨਿੱਕੇ ਮੁਫ਼ਾਦਾਂ ਖਾਤਰ ਆਪਣੀ ਜ਼ਮੀਰ ਨਾਲ ਐਵੇਂ ਹੀ ਯੁੱਧ ਕਰੀ ਜਾਂਦੇ। ਬਹੁਤੀ ਵਾਰ ਅਸੀਂ ਆਪਣੀ ਜ਼ਮੀਰ ਵੀ ਦਾਅ ‘ਤੇ ਲਾ ਦਿੰਦੇ। ਚੇਤੇ ਰਹੇ ਕਿ ਆਪਣੀ ਜ਼ਮੀਰ ਦੀ ਕੀਮਤ ‘ਤੇ ਜਿੱਤੀ ਹੋਈ ਕੋਈ ਵੀ ਜੰਗ ਬੇਮਾਅਨੀ ਹੁੰਦੀ। ਵਿਕੀ ਹੋਈ ਜ਼ਮੀਰ ਵਾਲਾ ਬੰਦਾ ਹਰ ਪਲ ਮਰਦਾ ਅਤੇ ਇਹ ਮਰਨਾ ਇਕ ਵਾਰ ਮਰ ਜਾਣਾ ਨਾਲੋਂ ਬਹੁਤ ਜ਼ਿਆਦਾ ਭਿਆਨਕ ਅਤੇ ਤਬਾਹਕੁੰਨ ਹੁੰਦਾ।
ਜੰਗ ਜਿੱਤਣ ਲਈ ਕਈ ਵਾਰ ਅਸੀਂ ਕੋਹਝੇ ਹੱਥਕੰਡੇ ਅਪਣਾਉਂਦੇ। ਆਪਣੀਆਂ ਨਾਕਾਮੀਆਂ ਅਤੇ ਕੁਤਾਹੀਆਂ ਛੁਪਾਉਂਦੇ ਅਤੇ ਹਾਰ ਦਾ ਉਲ੍ਹਾਮਾ ਕਿਸੇ ਹੋਰ ਦੇ ਸਿਰ ਲਾ ਖ਼ੁਦ ਸੁਰਖਰੂ ਹੋਣ ਦਾ ਢੋਂਗ ਰਚਦੇ। ਪਰ ਖ਼ੁਦ ਨੂੰ ਤਾਂ ਪਤਾ ਹੀ ਹੁੰਦਾ ਕਿ ਕਿਸ ਵਿਅਕਤੀ ਨੇ ਕਿਹੜੇ ਮੋੜ ‘ਤੇ ਗਦਾਰੀ ਕੀਤੀ ਅਤੇ ਆਪਣੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੰਦਿਆਂ, ਆਪਣੀ ਵਫ਼ਾਦਾਰੀ ਅਤੇ ਸਮਰਪਿਤਾ ਨੂੰ ਜ਼ਲੀਲ ਕੀਤਾ?
ਜੰਗ ਵਿਚ ਜਿੱਤਣ ਵਾਲਿਓ! ਕਦੇ ਆਪਣੇ ਆਪ ਦੇ ਰੂਬਰੂ ਹੋ ਕੇ ਪੁੱਛਣਾ ਕਿ ਕੀ ਤੁਸੀਂ ਸੱਚੀਂ ਜੰਗ ਜਿੱਤੀ ਹੈ? ਕੀ ਤੁਸੀਂ ਆਪਣੀ ਅੰਦਰਲੀ ਜੰਗ ਹਾਰ ਕੇ ਇਹ ਜਿੱਤ ਪ੍ਰਾਪਤ ਕੀਤੀ ਹੈ ਜਾਂ ਅੰਦਰਲੀ ਜੰਗ ਜਿੱਤ ਕੇ ਬਾਹਰਲੀ ਜੰਗ ਹਾਰ ਕੇ ਆਪਣੇ ਆਪ ਨੂੂੰ ਖੁਸ਼ਗਵਾਰ ਸਮਝਦੇ ਹੋ। ਜੰਗ ਜਿੱਤਣਾ ਤਾਂ ਆਪਣੇ ਅੰਦਰਲੇ ਨੂੰ ਜਿੱਤਣਾ ਹੁੰਦਾ ਜਿਸ ਨਾਲ ਜਿੱਤ ਦੀ ਅਸੀਮ ਖੁਸ਼ੀ ਤੁਹਾਡੇ ਜੀਵਨੀ ਰੰਗ ਨੂੰ ਹੋਰ ਸੁਰਖ ਅਤੇ ਸੰਵੇਦਨਸ਼ੀਲ ਬਣਾਉਂਦੀ ਹੈ।
ਜੰਗ ਜਿੱਤਣ ਲਈ ਸੰਵੇਦਨਾ ਤੇ ਚੇਤਨਾ, ਸੁਹਜ ਤੇ ਸੋਚ, ਸਮਰਪਿਤਾ ਤੇ ਸੰਜੀਦਗੀ, ਸਿਆਣਪ ਤੇ ਸੱਜਣਤਾਈ, ਸੇਧ ਤੇ ਸਾਧਨਾ ਅਤੇ ਸਮਝੌਤਾ ਤੇ ਸਾਰਥਿਕਤਾ ਦਾ ਹੋਣਾ ਬਹੁਤ ਜ਼ਰੂਰੀ। ਬੰਦੇ ਦਾ ਸਮਤੋਲ ਵਿਵਹਾਰ, ਉਸਦੀ ਸ਼ਖ਼ਸੀ ਸੁੰਦਰਤਾ ਅਤੇ ਵਿਅਕਤੀਤਵ ਵਿਚਲੀ ਖਿੱਚ ਹੀ ਉਸ ਲਈ ਹਰ ਜੰਗ ਜਿੱਤਣ ਦੇ ਆਸਾਰ ਪੈਦਾ ਕਰਦੀ।
ਜੀਵਨ ਵਿਚ ਅੱਗੇ ਵਧਣ ਲਈ ਖ਼ੁਦ ਸੰਗ ਜੱਦੋ-ਜਹਿਦ ਜ਼ਰੂਰੀ ਹੁੰਦੀ ਕਿਉਂਕਿ ਉਪਰ ਉਠਣ ਲਈ ਇਹ ਜਾਨਣਾ ਜ਼ਰੂਰੀ ਹੁੰਦਾ ਕਿ ਡਿੱਗਣ ‘ਤੇ ਕਿਹੋ ਜਿਹਾ ਮਹਿਸੂਸ ਹੁੰਦਾ। ਦਰਅਸਲ ਸਮੁੱਚੀ ਜ਼ਿੰਦਗੀ ਹੀ ਆਪਣੇ ਆਪ ਨਾਲ ਜੰਗ ਲੜਦਿਆਂ, ਕਦੇ ਜਿੱਤਦਿਆਂ ਅਤੇ ਕਦੇ ਹਾਰਦਿਆਂ ਲੰਘ ਜਾਂਦੀ। ਜਿੱਤਣ ਲਈ ਹਾਰਨਾ ਅਤਿ ਜ਼ਰੂਰੀ ਹੁੰਦਾ।
ਜੰਗ ਨੂੰ ਜਿੱਤਣ ਦੀ ਤਮੰਨਾ ਸਦਾ ਆਪਣੇ ਮਨ ਵਿਚ ਪੈਦਾ ਨਾ ਕਰਿਆ ਕਰੋ ਸਗੋਂ ਕਦੇ ਕਦਾਈਂ ਜੰਗ ਨੂੰ ਹਾਰਨਾ ਸਾਡੇ ਲਈ ਬਹੁਤ ਬਿਹਤਰ ਅਤੇ ਸੁਖਨਮਈ ਹੁੰਦਾ। ਆਪਣੇ ਮਿੱਤਰ ਪਿਆਰੇ ਨਾਲ ਸੰਵਾਦ ਰਚਾਉਂਦਿਆਂ, ਨਿੱਕੇ ਬੱਚਿਆਂ ਨਾਲ ਖੇਡਦਿਆਂ, ਆਪਣੇ ਹਮਸਫ਼ਰ ਨਾਲ ਨਿੱਕੀਆਂ ਰੰਜਸ਼ਾਂ ਤੇ ਰੋਸੇ ਕਰਦਿਆਂ, ਆਪਣੀ ਮੁਹੱਬਤ ਵਿਚ ਪੈਦਾ ਹੋਈ ਖਟਾਸ ਨੂੰ ਨਕਾਰਨ ਜਾਂ ਰੁੱਸੇ ਹੋਇਆਂ ਨੂੰ ਮਨਾਉਣ ਵੇਲੇ ਜਾਂ ਮੂੰਹ ਭਵਾਂ ਕੇ ਬੈਠੇ ਦਿਲਦਾਰ ਨੂੰ ਗਲੇ ਲਗਾਉਣ ਲੱਗਿਆਂ, ਆਪਣੀ ਭੁੱਲ ਬਖਸ਼ਾਉਣ ਲੱਗਿਆਂ ਮਾਪਿਆਂ ਕੋਲੋਂ ਮੁਆਫ਼ੀ ਮੰਗਣ ਜਾਂ ਆਪਣੇ ਰਹਿਬਰਾਂ ਕੋਲੋਂ ਅਣਜਾਣੇ ਵਿਚ ਹੋਈਆਂ ਭੁੱਲਾਂ ਬਖਸ਼ਾਉਣ ਵਾਸਤੇ, ਜਦ ਖ਼ੁਦ ਹੀ ਹਾਰ ਤਸਲੀਮ ਕਰਕੇ ਆਪਣੇ ਆਪ ਨੂੰ ਨਿਮਰ ਸਾਬਤ ਕਰਦੇ ਹਾਂ ਤਾਂ ਦਰਅਸਲ ਅਸੀਂ ਇਸ ਜੰਗ ਦੇ ਜੇਤੂ ਜਰਨੈਲ ਹੁੰਦੇ ਹਾਂ।
ਆਪਣੇ ਆਪ ਨਾਲ ਕੀਤੀ ਜਾ ਰਹੀ ਜੰਗ ਨੂੰ ਹੋਰ ਕੋਈ ਨਹੀਂ ਜਾਣ ਸਕਦਾ ਸਿਰਫ਼ ਤੁਸੀਂ ਜਾਣਦੇ ਹੋ। ਪਰ ਇਸਦੇ ਸਿੱਟਿਆਂ ਤੋਂ ਹਰ ਕੋਈ ਜਾਣੂ ਹੋ ਜਾਂਦਾ।
ਅੰਦਰੂਨੀ ਜੰਗ ਉਦੋਂ ਹੋਰ ਵੀ ਉਲਝ ਜਾਂਦੀ ਜਦ ਇਹ ਤੁਹਾਡੀ ਜਾਣਕਾਰੀ ਅਤੇ ਤੁਹਾਡੇ ਅਹਿਸਾਸਾਂ ਦਰਮਿਆਨ ਹੋਵੇ। ਔਖਾ ਹੁੰਦਾ ਹੈ ਇਕ ਨੂੰ ਸਹੀ ਕਹਿ ਕੇ, ਦੂਸਰੇ ਨੂੰ ਗਲਤ ਠਹਿਰਾਉਣਾ।
ਬਾਹਰਲੀਆਂ ਜੰਗਾਂ ਨੂੰ ਰੋਕਣ ਲਈ ਸਭ ਤੋਂ ਅਹਿਮ ਹੁੰਦਾ ਕਿ ਅਸੀਂ ਆਪਣੇ ਅੰਦਰਲਾ ਗੁੱਸਾ, ਨਫ਼ਰਤ, ਧਾਰਮਿਕ ਸੰਕੀਰਨਤਾ, ਈਰਖ਼ਾ, ਬਦਨੀਤੀ ਅਤੇ ਸ਼ਿਕਵੇ ਤੋਂ ਉਪਰ ਉਠ ਕੇ ਇਨਸਾਨੀਅਤ ਦੇ ਮਾਰਗੀ ਬਣੀਏ। ਨਿੱਕੀਆਂ-ਨਿੱਕੀਆਂ ਰੰਜਸ਼ਾਂ ਤੇ ਰੋਸਿਆਂ, ਉਲ੍ਹਾਮਿਆਂ ਅਤੇ ਨਹੋਰਿਆਂ ਨੂੰ ਦੂਰ ਕਰਨ ਲਈ ਖ਼ੁਦ ਹੀ ਪਹਿਲ ਕਰਾਂਗੇ ਤਾਂ ਅਸੀਂ ਆਪਣੇ ਅੰਦਰਲੀ ਜੰਗ ਜਿੱਤਣ ਦੇ ਨਾਲ ਨਾਲ ਬਹਾਰਲੀ ਜੰਗ ਹੋਣ ਦੀ ਨੌਬਤ ਹੀ ਖਤਮ ਹੋ ਜਾਵੇਗੀ।
ਆਪਣੇ ਨਾਲ ਲੜਦਿਆਂ ਸਦਾ ਯਾਦ ਰੱਖਣਾ ਵੀ ਚਾਹੀਦਾ;
ਅਜੇ ਤਾਂ ਕਈ ਜਿੱਤਾਂ ਮਾਨਣੀਆਂ ਨੇ, ਕਈ ਹਾਰਾਂ ਬਾਕੀ ਨੇ।
ਕਈ ਪੱਤਝੜਾਂ ਆਉਣੀਆਂ ਨੇ, ਤੇ ਕਈ ਬਹਾਰਾਂ ਬਾਕੀ ਨੇ।
ਅੱਖਾਂ ਵਿਚ ਤਰਦੇ ਸੁਪਨਿਆਂ ਦੀਆਂ, ਲੈਣੀਆਂ ਸਾਰਾਂ ਬਾਕੀ ਨੇ।
ਮਨ ਦੀ ਜੂਹੇ ਖਿੜਨਾ ਲੋਚਦੀਆਂ, ਰੰਗੀਨ ਗੁਲਜਾਰਾਂ ਬਾਕੀ ਨੇ।
ਜਿੰਦ ਦੇ ਸਾਜ਼ ਦੀਆਂ ਟੁਣਕਾਉਣੀਆਂ, ਖਾਮੋਸ਼ ਤਾਰਾਂ ਬਾਕੀ ਨੇ।
ਅੰਬਰ ਦੀ ਛੱਤ ਹੇਠ ਦੇਖਣੀਆਂ, ਕੂੰਜਾਂ ਦੀਆਂ ਡਾਰਾਂ ਬਾਕੀ ਨੇ।
ਆਪਣੇ ਅੰਦਰ ਉਤਰ ਕੇ ਖੁਦ ਨਾਲ ਹੋਣੀਆਂ ਤਕਰਾਰਾਂ ਬਾਕੀ ਨੇ।
ਅੰਤਰੀਵੀ ਸ਼ਾਂਤੀ ਲਈ ਜ਼ਰੂਰੀ ਹੁੰਦਾ ਹੈ ਕਿ ਆਪਣੇ-ਆਪ ਨਾਲ ਆਪਣੀਆਂ ਧਾਰਨਾਵਾਂ, ਸੋਚਾਂ, ਵਿਚਾਰਾਂ ਜਾਂ ਮੁਫ਼ਾਦਾਂ ਵਿਚਲੀ ਖਿੱਚੋਤਾਣ ਕਾਰਨ ਹੋ ਰਿਹਾ ਯੁੱਧ ਖਤਮ ਹੋ ਜਾਵੇ।
ਆਪਣੇ ਆਪ ਨਾਲ ਕੀਤਾ ਜਾਣ ਵਾਲਾ ਯੁੱਧ ਸਭ ਤੋਂ ਔਖਾ ਹੁੰਦਾ ਪਰ ਇਸ ਤੋਂ ਪ੍ਰਾਪਤ ਹੋਈ ਜਿੱਤ ਜ਼ਿੰਦਗੀ ਦਾ ਸਭ ਤੋਂ ਵੱਡਾ ਹਾਸਲ ਹੁੰਦਾ। ਸ਼ੁਕਰ, ਸਕੂਨ, ਸਹਿਜ, ਸੁਹਜ ਅਤੇ ਸੰਤੁਸ਼ਟੀ ਵਿਚੋਂ ਮਿਲਣ ਵਾਲਾ ਸੁਖਨ, ਸਿਰਫ਼ ਅੰਦਰੂਨੀ ਜੰਗ ਤੋਂ ਹੋਈ ਜਿੱਤ ਹੀ ਹੁੰਦੀ।