ਮੂਸੇਵਾਲਾ ਦੇ ਕਤਲ ਦਾ ਕੋਈ ਪਛਤਾਵਾ ਨਹੀਂ: ਗੋਲਡੀ ਬਰਾੜ

ਨਵੀਂ ਦਿੱਲੀ:ਨੌਜਵਾਨਾਂ ਵਿਚ ਬੇਹੱਦ ਹਰਮਨ ਪਿਆਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਹੁਕਮ ਦੇਣ ਦਾ ਮੈਨੂੰ ਕੋਈ ਪਛਤਾਵਾ ਨਹੀਂ ਹੈ। ਉਸ ਨੇ ਕੰਮ ਹੀ ਅਜਿਹੇ ਕੀਤੇ ਸਨ, ਜਿਸ ਤੋਂ ਬਾਅਦ ਉਸ ਦੀ ਹੱਤਿਆ ਜ਼ਰੂਰੀ ਸੀ। ਤਿੰਨ ਸਾਲ ਪਹਿਲਾਂ ਹੋਈ ਮੂਸੇਵਾਲਾ ਦੀ ਹੱਤਿਆ ਦੀ ਇੰਟਰਨੈੱਟ ਮੀਡੀਆ ‘ਤੇ ਜ਼ਿੰਮੇਵਾਰੀ ਲੈਣ ਤੋਂ ਬਾਅਦ

ਲਾਈਵ ਚੈਟ ਵਿਚ ਮੰਨਣ ਦਾ ਇਹ ਬਿਆਨ ਗੈਂਗਸਟਰ ਗੋਲਡੀ ਬਰਾੜ ਨੇ ਬੀ.ਬੀ.ਸੀ. ਨੂੰ ਹੁਣ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਗੋਲਡੀ ਇਸ ਸਮੇਂ ਕੈਨੇਡਾ ਵਿਚ ਹੈ।ਪਿੰਡ ਵਿਚ ਹੋਏ ਇਕ ਕਬੱਡੀ ਟੂਰਨਾਮੈਂਟ ਦੇ ਪ੍ਰਚਾਰ ਤੋਂ ਸ਼ੁਰੂ ਹੋਈ ਲੜਾਈ ਵਿੱਕੀ ਮਿੱਡੂਖੇੜਾ ਦੀ ਹੱਤਿਆ ਤੋਂ ਬਾਅਦ ਦੁਸ਼ਮਣੀ ਵਿਚ ਬਦਲ ਗਈ। ਮੰਨਿਆ ਗਿਆ ਕਿ ਕਬੱਡੀ ਟੂਰਨਾਮੈਂਟ ਵਿਰੋਧੀ ਬੰਬੀਹਾ ਗੈਂਗ ਕਰਵਾ ਰਿਹਾ ਸੀ ਅਤੇ ਮਿੱਡੂਖੇੜਾ ਦੀ ਹੱਤਿਆ ਵਿਚ ਸਿੱਧੂ ਮੂਸੇਵਾਲਾ ਦੇ ਦੋਸਤ ਤੇ ਮੈਨੇਜਰ ਸ਼ਗਨਪ੍ਰੀਤ ਦਾ ਹੱਥ ਸੀ। ਪੁਲਿਸ ਨੇ ਵੀ ਦੋਸ਼ ਪੱਤਰ ਵਿਚ ਸ਼ਗਨਪ੍ਰੀਤ ਦਾ ਨਾਂ ਸ਼ਾਮਲ ਕੀਤਾ ਹੈ, ਫ਼ਿਲਹਾਲ ਉਹ ਫਰਾਰ ਹੈ। ਇਸ ਤੋਂ ਬਾਅਦ ਮੁਸੇਵਾਲਾ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਨਿਸ਼ਾਨੇ ‘ਤੇ ਆ ਗਿਆ ਸੀ। ਮਤਭੇਦ ਤੇ ਕਲੇਸ਼ ਦੇ ਮਾਮਲਿਆਂ ਵਿਚ ਮੂਸੇਵਾਲਾ ਨੇ ਕਦੀ ਸਫ਼ਾਈ ਦੇਣ ਦੀ ਕੋਸ਼ਿਸ਼ ਵੀ ਨਹੀਂ ਕੀਤੀ, ਉਲਟਾ ਉਸ ਦੇ ਗਾਣੇ ਵਿਰੋਧੀਆਂ ਨੂੰ ਚੁਣੌਤੀ ਦੇਣ ਵਾਲੇ ਪ੍ਰਤੀਤ ਹੁੰਦੇ ਸਨ। ਅਜਿਹਾ ਉਦੋਂ ਹੋਇਆ ਜਦੋਂ ਕੁਝ ਸਾਲ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਮੂਸੇਵਾਲਾ ਨੂੰ ਫੋਨ ਕਰ ਕੇ ਉਸ ਦੇ ਗਾਣਿਆਂ ਦੀ ਤਾਰੀਫ਼ ਕੀਤੀ ਸੀ। ਉਸ ਤੋਂ ਬਾਅਦ ਦੋਵਾਂ ਵਿਚਾਲੇ ਸ਼ੁਭਕਾਮਨਾ ਸੰਦੇਸ਼ਾਂ ਦਾ ਆਦਾਨ ਪ੍ਰਦਾਨ ਹੋਣ ਲੱਗਾ ਸੀ। ਵਾਇਸ ਨੋਟ ਜ਼ਰੀਏ ਹੋਈ ਵਾਰਤਾ ਵਿਚ ਗੋਲਡੀ ਬਰਾੜ ਨੇ ਕਿਹਾ, ਮੂਸੇਵਾਲਾ ਸਾਡੇ ਵਿਰੋਧੀ ਗਿਰੋਹ ਨੂੰ ਉਤਸ਼ਾਹਤ ਕਰਨ ਵਾਲੇ ਕੰਮਾਂ ਨਾਲ ਜੁੜਿਆ ਸੀ। ਇਹ ਗੱਲ ਪੰਜਾਬ ਦੇ ਸਾਰੇ ਲੋਕ ਜਾਣਦੇ ਸਨ। ਉਸ ਨੂੰ ਕੋਈ ਗ੍ਰਿਫ਼ਤਾਰ ਨਹੀਂ ਕਰ ਸਕਦਾ ਸੀ। ਅਸੀਂ ਸਮਝ ਗਏ ਕਿ ਆਮ ਆਦਮੀ ਨੂੰ ਕਾਨੂੰਨ ਨਾਲ ਇਨਸਾਫ਼ ਨਹੀਂ ਮਿਲ ਸਕਦਾ ਹੈ। ਅਜਿਹੇ ਵਿਚ ਸਾਥੀ ਮਿੱਡੂਖੇੜਾ ਦੀ ਹੱਤਿਆ ਤੋਂ ਬਾਅਦ ਮੂਸੇਵਾਲਾ ਨੂੰ ਮਾਰਨ ਤੋਂ ਇਲਾਵਾ ਸਾਡੇ ਕੋਲ ਕੋਈ ਰਸਤਾ ਨਹੀਂ ਬਚਿਆ ਸੀ। ਸਿੱਧੂ ਮੂਸੇਵਾਲਾ ਦੇ ਨਾਂ ਨਾਲ ਪ੍ਰਸਿੱਧ ਸ਼ੁੱਭਦੀਪ ਸਿੰਘ ਸਿੱਧੂ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿਚ 29 ਮਈ, 2022 ਨੂੰ ਉਦੋਂ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਚਾਚੇ ਦੇ ਪੁੱਤ ਅਤੇ ਇਕ ਦੋਸਤ ਨਾਲ ਥਾਰ ਵਿਚ ਜਾ ਰਿਹਾ ਸੀ।
ਪਹਿਲਾਂ ਉਨ੍ਹਾਂ ਦੀ ਥਾਰ ਨੂੰ ਟੱਕਰ ਮਾਰ ਕੇ ਰੋਕਿਆ ਗਿਆ ਅਤੇ ਉਸ ਤੋਂ ਬਾਅਦ ਦੋ ਕਾਰਾਂ ‘ਚੋਂ ਨਿਕਲ ਕੇ ਛੇ ਹਮਲਾਵਰਾਂ ਨੇ ਮੂਸੇਵਾਲਾ ‘ਤੇ ਫਾਇਰਿੰਗ ਕਰ ਦਿੱਤੀ। ਪੋਸਟਮਾਰਟਮ ਵਿਚ ਮੂਸੇਵਾਲਾ ਦੀ ਲਾਸ਼ ‘ਤੇ ਗੋਲੀਆਂ ਦੇ 24 ਨਿਸ਼ਾਨ ਮਿਲੇ ਸਨ। ਕਾਤਲਾਂ ਦੀ ਤਲਾਸ਼ ਵਿਚ ਪੁਲਿਸ ਦੀ ਕਾਰਵਾਈ ਦੌਰਾਨ ਮੁਕਾਬਲੇ ਵਿਚ ਦੋ ਲੋਕ ਮਾਰੇ ਗਏ ਸਨ ਜਦਕਿ ਕਈ ਗਿਫ਼ਤਾਰ ਹੋਏ ਹਨ। ਮਾਮਲੇ ਦੀ ਹਾਲੇ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ।