ਮੋਦੀ ਦੇ ਕੈਨੇਡਾ ਦੌਰੇ ਤੋਂ ਖ਼ਾਲਿਸਤਾਨੀ ਸਮਰਥਕ ਨਾਰਾਜ਼

ਓਟਵਾ:ਕੈਨੇਡਾ ‘ਚ ਜੀ-7 ਸਿਖਰ ਸੰਮੇਲਨ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸੱਦੇ ਉਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਨੇਡਾ ਦੌਰੇ ਤੋੰ ਕੈਨੇਡਾ ਤੇ ਅਮਰੀਕਾ ‘ਚ ਖ਼ਾਲਿਸਤਾਨ ਸਮਰਥਕ ਭੜਕੇ ਹੋਏ ਹਨ ਤੇ ਉਨ੍ਹਾਂ ਨੇ ਵਿਰੋਧ ‘ਚ ਪ੍ਰਦਰਸ਼ਨ ਵੀ ਕੀਤੇ ਹਨ

ਪਰ ਇਨ੍ਹਾਂ ਖ਼ਾਲਿਸਤਾਨੀਆਂ ਨੂੰ ‘ਸਿੱਖਸ ਫਾਰ ਅਮਰੀਕਾ’ ਦੇ ਸੰਸਥਾਪਕ ਪ੍ਰਧਾਨ ਜਸਦੀਪ ਸਿੰਘ ਜੇਸੀ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜੇਸੀ ਨੇ ਕੈਨੇਡਾ ਵਿਖੇ ਪ੍ਰਧਾਨ ਮੰਤਰੀ ਮੋਦੀ ਦੇ ਜੀ-7 ਸਿਖਰ ਸੰਮੇਲਨ ‘ਚ ਜਾਣ ਦਾ ਸਵਾਗਤ ਕੀਤਾ ਤੇ ਇਸ ਨੂੰ ਭਾਰਤ-ਕੈਨੇਡਾ ਸੰਬੰਧਾਂ ਲਈ ਇਕ ਨਵੀਂ ਸ਼ੁਰੂਆਤ ਦੱਸ ਕੇ ਕਿਹਾ ਕਿ ਇਹ ਸਹੀ ਫ਼ੈਸਲਾ ਹੈ ਕਿਉਂਕਿ ਭਾਰਤ ਚੌਥਾ ਸਭ ਤੋਂ ਵੱਡਾ ਅਰਥਚਾਰਾ ਹੈ, ਉਸ ਨੂੰ ਨਜ਼ਰਅੰਦਾਜ਼ ਕਰਨਾ ਗਲਤੀ ਸੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ‘ਚ ਇਹ ਸੱਦਾ ਇਕ ਨਵੇਂ ਯੁੱਗ ਦਾ ਸੰਕੇਤ ਹੈ ਤੇ ਟਰੂਡੋ ਕਾਲ ‘ਚ ਜਿਸ ਤਰ੍ਹਾਂ ਸਬੰਧਾਂ ‘ਚ ਕੁੱੜਤਣ ਵਧੀ, ਹੁਣ ਉਸ ਨੂੰ ਪਿੱਛੇ ਛੱਡਣ ਦਾ ਸਮਾਂ ਆ ਗਿਆ ਹੈ।
ਸਿੱਖ ਆਗੂ ਨੇ ਅਮਰੀਕਾ ਤੇ ਕੈਨੇਡਾ ‘ਚ ਮਨੁੱਖੀ ਤਸਕਰੀ, ਝੂਠੀ ਸਿਆਸੀ ਸ਼ਰਨ ਦੇ ਵਾਅਦੇ ‘ਤੇ ਨੌਜਵਾਨਾਂ ਦੀ ਦੁਰਵਰਤੋਂ ਵਰਗੇ ਮਾਮਲਿਆਂ ਵੱਲ ਖ਼ਾਸ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਡੰਕੀ ਰੂਟ ਰਾਹੀਂ ਆ ਰਹੇ ਪੰਜਾਬੀ ਨੌਜਵਾਨਾਂ ਨੂੰ ‘ਸਿੱਖਸ ਫਾਰ ਜਸਟਿਸ’ ਦੇ ਗੁਰਪਤਵੰਤ ਸਿੰਘ ਪਨੂੰ ਵਰਗੇ ਖ਼ਾਲਿਸਤਾਨੀ ਆਗੂ ਝੂਠੇ ਵਾਅਦੇ ਕਰ ਕੇ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅਮਰੀਕਾ ‘ਚ ਖ਼ਾਲਿਸਤਾਨੀ ਅੰਦੋਲਨ ਦੇ ਤਹਿਤ ਨਾਜਾਇਜ਼ ਸਰਗਰਮੀਆਂ ਦਾ ਨੈੱਟਵਰਕ ਫੈਲਿਆ ਹੋਇਆ ਹੈ ਜਿਹੜਾ ਹੁਣ ਬੰਦ ਹੋ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਵੀਂ ਅਮਰੀਕੀ ਤੇ ਕੈਨੇਡੀਅਨ ਲੀਡਰਸ਼ਿਪ ‘ਚ ਇਨ੍ਹਾਂ ਕੱਟੜਪੰਥੀ ਅਨਸਰਾਂ ਨੂੰ ਮਿਲਣ ਵਾਲਾ ਸਮਰਥਨ ਖ਼ਤਮ ਹੋ ਜਾਏਗਾ।
‘ਖ਼ਾਲਿਸਤਾਨੀਆਂ ਨੂੰ ਗੰਭੀਰਤਾ ਨਾਲ ਨਾ ਲਵੋ’
ਜਸਟਿਨ ਟਰੂਡੋ ਦਾ ਕਾਰਜਕਾਲ ਖ਼ਾਲਿਸਤਾਨੀ ਪ੍ਰਭਾਵ ਲਈ ਉਪਜਾਊ ਜ਼ਮੀਨ ਸਾਬਤ ਹੋਇਆ ਪਰ ਹੁਣ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ‘ਚ ਹਾਲਾਤ ਬਦਲਣ ਵਾਲੇ ਹਨ। ਉਨ੍ਹਾਂ ਕਿਹਾ ਕਿ ਟਰੂਡੋ ਕਮਜ਼ੋਰ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਦੀਆਂ ਨੀਤੀਆਂ ਭਾਰਤ ਵਿਰੋਧੀ ਏਜੰਡੇ ਤੋਂ ਪ੍ਰੇਰਿਤ ਸਨ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਸਮਰਥਕਾਂ ਨੂੰ ਸਿੱਖ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਲੋਕ ਸਿੱਖ ਧਰਮ ਦੇ ਸਿਧਾਂਤਾਂ ‘ਤੇ ਕੰਮ ਨਹੀਂ ਕਰਦੇ। ਖ਼ਾਲਿਸਤਾਨ ਸਮਰਥਕ ਕੈਨੇਡਾ ਤੇ ਅਮਰੀਕਾ ‘ਚ ਸਿੱਖ ਆਬਾਦੀ ਦਾ ਬਹੁਤ ਹੀ ਛੋਟਾ ਫ਼ੀਸਦ ਹੈ ਅਤੇ ਜ਼ਿਆਦਾਤਰ ਸਿੱਖ ਭਾਰਤ ਤੇ ਪੰਜਾਬ ਨਾਲ ਪਿਆਰ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਇਨ੍ਹਾਂ ਦੋਵਾਂ ਦੇਸ਼ਾਂ ‘ਚ ਖ਼ਾਲਿਸਤਾਨੀ ਪ੍ਰਭਾਵ ਨਹੀਂ ਰਹੇਗਾ।
ਨਵੀਂ ਦਿੱਲੀ:ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਜੀ-7 ਸਿਖਰ ਸੰਮੇਲਨ ਸਮੇਂ ਕੈਨੇਡਾ ‘ਚ ਖ਼ਾਲਿਸਤਾਨ ਸਮਰਥਕਾਂ ਦੇ ਪ੍ਰਦਰਸ਼ਨਾਂ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਪੁਰੀ ਨੇ ਕਿਹਾ ਕਿ ਇਹ ਕਿਰਾਏ ‘ਤੇ ਆਏ ਹਨ ਤੇ ਇਨ੍ਹਾਂ ਨੂੰ ਗੰਭੀਰਤਾ ਨਾਲ ਲੈਣ ਦੀ ਜ਼ਰੂਰਤ ਨਹੀਂ ਹੈ। ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਇਹ ਸਭ ਛੱਡੋ, ਕਲ ਇਕ ਹੋਰ ਵੀਡੀਓ ਪ੍ਰਸਾਰਤ ਹੋਣ ਵਾਲਾ ਹੈ। ਉਨ੍ਹਾਂ (ਖਾਲਿਸਤਾਨੀ ਸਮਰਥਕਾਂ) ਨੇ ਗਵਾਂਢੀ ਦੇਸ਼ (ਪਾਕਿਸਤਾਨ) ਵਾਸਤੇ ਧਰਨਾ ਦਿੱਤਾ, ਜਿਸ ਤੋਂ ਫੰਡਿੰਗ ਹੁੰਦੀ ਹੈ ਪਰ ਜਦ ਉਹਨਾਂ ਨੂੰ ਪੈਸੇ ਨਹੀਂ ਮਿਲੇ ਤਾਂ ਉਹ ਉਸ ਦੇ ਖ਼ਿਲਾਫ਼ ਹੋ ਗਏ। ਇਹ ਜੋ ਕਿਰਾਏ ‘ਤੇ ਆਏ ਹਨ, ਇਨ੍ਹਾਂ ਨੂੰ ਗੰਭੀਰਤਾ ਨਾਲ ਨਾ ਲਵੋ।’
ਪਰਵਾਸੀ ਭਾਈਚਾਰੇ ਨੂੰ ਇਕਜੁੱਟ ਰਹਿਣ ਦੀ ਸਲਾਹ
‘ਸਿੱਖਸ ਫਾਰ ਅਮਰੀਕਾ’ ਦੇ ਪ੍ਰਧਾਨ ਜਸਦੀਪ ਸਿੰਘ ਜੇਸੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਦੋਵਾਂ ਦੇਸ਼ਾਂ ਦੇ ਸਬੰਧਾਂ ਦੇ ਮੁੜ ਨਿਰਮਾਣ ਦਾ ਮੰਚ ਬਣੇਗਾ। ਉਨ੍ਹਾਂ ਕਿਹਾ ਕਿ ਸਿੱਖ ਪਰਵਾਸੀ ਭਾਈਚਾਰੇ, ਦਾ ਸਹਿਯੋਗ ਇਸ ਨਵੇਂ ਅਧਿਆਏ ਨੂੰ ਮਜ਼ਬੂਤੀ ਦੇਵੇਗਾ। ਉਨ੍ਹਾਂ ਵਿਦੇਸ਼ ‘ਚ ਵਸੇ ਭਾਰਤੀਆਂ ਨੂੰ ਇਕਜੁੱਟ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਧਾਰਮਿਕ ਏਕਤਾ ਤੇ ਭਾਰਤ ਦੇ ਪ੍ਰਤੀ ਪਿਆਰ ਨੂੰ ਭਾਰਤੀ ਪਰਵਾਸੀਆਂ ਦੀ ਪਛਾਣ ਦੱਸਿਆ ਤੇ ਕਿਹਾ ਕਿ ਹਿੰਦੂ ਸਾਡੇ ਭਰਾ ਹਨ, ਅਸੀਂ ਸਾਰੇ ਧਰਮਾਂ ਦੀ ਸਨਮਾਨ ਕਰਦੇ ਹਾਂ, ਸਾਨੂੰ ਇਕਜੁੱਟ ਰਹਿਣਾ ਚਾਹੀਦਾ ਹੈ।