ਪ੍ਰੋ. ਸ਼ਿਲਪੀ ਸੇਠ
ਮੁਖੀ ਟਰੈਵਲ ਐਂਡ ਮੈਨੇਜਮੈਂਟ ਡਿਪਾਰਟਮੈਂਟ, ਡੀ.ਏ.ਵੀ. ਕਾਲਜ ਅੰਮ੍ਰਿਤਸਰ
‘ਪੰਜਾਬ ਟਾਈਮਜ਼ ਨਾਈਟ’ ਮੌਕੇ ਪੰਜਾਬ ਦੇ ਕਿਸੇ ਇਕ ਨਗਰ ਅਤੇ/ਜਾਂ ਇਕ ਪਿੰਡ ਦਾ ਇਤਿਹਾਸ ਸਾਂਝਾ ਕਰਨ ਬਾਰੇ ਪਾਠਕਾਂ ਨਾਲ ਕੀਤੇ ਵਾਅਦੇ ਨੂੰ ਅਸੀਂ ਇਸ ਅੰਕ ਤੋਂ ਪੂਰਾ ਕਰਨ ਜਾ ਰਹੇ ਹਾਂ। ਇਸ ਵਾਰ ਅਸੀਂ ਅੰਮ੍ਰਿਤਸਰ ਸ਼ਹਿਰ ਤੇ ਇਸ ਦਾ ਇਤਿਹਾਸ ਪੇਸ਼ ਕਰ ਰਹੇ ਹਾਂ,
ਜਿਸ ਨੂੰ ਦੋ-ਤਿੰਨ ਅੰਕਾਂ ਵਿਚ ਕਿਸ਼ਤਾਂ ਵਿਚ ਪੇਸ਼ ਕੀਤਾ ਜਾਵੇਗਾ। ਇਹ ਮਜ਼ਮੂਨ ਪ੍ਰੋ. ਸ਼ਿਲਪੀ ਸੇਠ, ਮੁਖੀ ਟਰੈਵਲ ਐਂਡ ਮੈਨੇਜਮੈਂਟ ਡਿਪਾਰਟਮੈਂਟ, ਡੀ.ਏ.ਵੀ. ਕਾਲਜ ਅੰਮ੍ਰਿਤਸਰ ਨੇ ਵਿਸ਼ੇਸ਼ ‘ਪੰਜਾਬ ਟਾਈਮਜ਼’ ਵਾਸਤੇ ਲਿਖਿਆ ਹੈ। ਅਸੀਂ ਉਨ੍ਹਾਂ ਦੇ ਤਹਿ-ਦਿਲ ਤੋਂ ਧੰਨਵਾਦੀ ਹਾਂ} ਕਿਸੇ ਵੀ ਲੇਖਕ/ਪਾਠਕ ਵਲੋਂ ਆਪਣੇ ਨਗਰ ਜਾਂ ਪਿੰਡ ਬਾਰੇ ਭੇਜੇ ਲੇਖਾਂ ਦਾ ਸਵਾਗਤ ਕੀਤਾ ਜਾਵੇਗਾ।
ਅੰਮ੍ਰਿਤਸਰ ਸ਼ਹਿਰ ਅੱਜ ਪੰਜਾਬ ਅਤੇ ਸਿੱਖ ਧਰਮ ਦਾ ਸਭ ਤੋਂ ਵੱਡਾ ਸੈਂਟਰ ਹੈ। ਇਹ ਸ਼ਹਿਰ ਲਾਹੌਰ ਤੋਂ 50 ਕਿਲੋਮੀਟਰ, ਚੰਡੀਗੜ੍ਹ ਤੋਂ 215 ਕਿਲੋਮੀਟਰ, ਦਿੱਲੀ ਤੋਂ 450 ਕਿਲੋਮੀਟਰ, ਬੰਬੇ (ਮੁੰਬਈ) ਤੋਂ 1750 ਕਿਲੋਮੀਟਰ, ਕਲਕੱਤਾ/ ਕੋਲਕਾਤਾ ਤੋਂ 1900 ਕਿਲੋਮੀਟਰ ਦੂਰ ਹੈ। ਇਹ ਪਹਿਲਾ ਨਗਰ ਹੈ, ਜੋ ਗੁਰੂ ਸਾਹਿਬ ਨੇ ਸਿੱਖ ਮਾਡਲ ਨਗਰ ਵਜੋਂ ਵਸਾਇਆ ਸੀ। ਅੰਮ੍ਰਿਤਸਰ ਦਾ ਪਹਿਲਾ ਨਾਂ ‘ਚੱਕ ਗੁਰੂ’ ਸੀ। (ਸੰਨ 1800 ਦੇ ਕਰੀਬ, ਇਸ ਵਿਚਲੇ ਸਰੋਵਰ ‘ਅੰਮ੍ਰਿਤਸਰ’ ਤੋਂ ਇਸ ਦਾ ਨਾਂ ਅੰਮ੍ਰਿਤਸਰ ਬਣ ਗਿਆ)।
ਇਹ ਨਗਰ ਮੁੱਖ ਤੌਰ ‘ਤੇ ਤੁੰਗ ਪਿੰਡ ਦੀ ਜ਼ਮੀਨ ‘ਤੇ ਵਸਾਇਆ ਗਿਆ ਸੀ। ਕੁਝ ਜ਼ਮੀਨ ਸੁਲਤਾਨਵਿੰਡ, ਗਿਲਵਾਲੀ ਅਤੇ ਗੁਮਟਾਲਾ ਪਿੰਡਾਂ ਦੀ ਵੀ ਸੀ।
ਸ਼ਹਿਰ ਦਾ ਮੁੱਖ ਬਾਜ਼ਾਰ ਗੁਰੂ ਬਾਜ਼ਾਰ ਸੀ। ਦਰਬਾਰ ਸਾਹਿਬ ਆਉਣ ਦਾ ਰਸਤਾ ਚੁਰਸਤੀ ਅਟਾਰੀ ਵੱਲੋਂ ਇਹੀ ਸੀ। ਹੁਣ ਘੰਟਾਘਰ ਮੁੱਖ ਰਸਤਾ ਹੈ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਸੀ।
ਦਰਬਾਰ ਸਾਹਿਬ ਦੇ ਦੁਆਲੇ ਕੁਝ ਇਮਾਰਤਾਂ ਇਹ ਸਨ: ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ), ਗੁਰੂ ਦੇ ਮਹਿਲ, ਚੁਰਸਤੀ ਅਟਾਰੀ (ਗੁਰੂ ਬਾਜ਼ਾਰ), ਟੋਭਾ ਭਾਈ ਸਾਹਲੋ (ਧਰਮਸਾਲਾ), ਬਾਬਾ ਅਟਲ, (ਦਰਬਾਰ ਸਾਹਿਬ ਤੋਂ ਕੁਝ ਦੂਰ): ਲੋਹਗੜ੍ਹ, ਪਿਪਲੀ ਸਾਹਿਬ। ਮਗਰੋਂ ਸ਼ਹੀਦ ਗੰਜ ਬਾਬਾ ਦੀਪ ਸਿੰਘ (ਸ਼ਹੀਦ 1757) ਤੇ ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ (ਸ਼ਹੀਦ 1764) ਵੀ ਬਣਾਏ ਗਏ ਸਨ।
ਅੰਮ੍ਰਿਤਸਰ ਸ਼ਹਿਰ ਵਿਚ 17 ਇਤਿਹਾਸਕ ਗੁਰਦੁਆਰੇ ਅਤੇ ਸੈਂਕੜੇ ਦੂਜੇ ਗੁਰਦੁਆਰੇ, 220 ਧਰਮਸਾਲਾਵਾਂ, 31 ਸਮਾਧਾਂ, 70 ਮੰਦਰ (ਠਾਕਰਦੁਆਰੇ), 18 ਸ਼ਿਵ ਮੰਦਿਰ (ਸ਼ਿਵਾਲੇ), 10 ਤਕੀਏ, 6 ਮਸੀਤਾਂ ਤੇ 26 ਗਿਰਜੇ (ਚਰਚ) ਹਨ।
ਅੰਮ੍ਰਿਤਸਰ ਵਿਚ ਮੁਖ ਦੋ ਕਿਲ੍ਹੇ ਸਨ: ਭੰਗੀਆਂ ਦਾ ਕਿਲ੍ਹਾ (ਜਿਸ ਨੂੰ ਚੇਤ ਸਿੰਘ ਭੰਗੀ ਨੇ 1767 ਵਿਚ ਬਣਾਇਆ ਸੀ) ਅਤੇ ਕਿਲ੍ਹਾ ਗੁੱਜਰ ਸਿੰਘ (ਇਹ ਵੀ ਭੰਗੀ ਮਿਸਲ ਨੇ ਬਣਾਇਆ ਸੀ। ਮਗਰੋਂ ਇਸੇ ਦੀ ਥਾਂ ’ਤੇ ਸੰਨ 1809 ਵਿਚ ਕਿਲ੍ਹਾ ਗੋਬਿੰਦਗੜ੍ਹ ਬਣਾਇਆ ਗਿਆ ਸੀ। ਇਸ ਦੇ ਦੋ ਦਰਵਾਜ਼ੇ ਸਨ: ਦਰਵਾਜ਼ਾ-ਇ-ਅਲੀ ਤੇ ਦਰਵਾਜ਼ਾ-ਇ-ਤੋਪਖ਼ਾਨਾ। ਹਰ ਦਰਵਾਜ਼ੇ ਉੱਤੇ ਪੰਜ ਤੋਪਾਂ ਰੱਖੀਆਂ ਹੋਈਆਂ ਸਨ। ਕਿਲ੍ਹੇ ਦੇ ਦੁਆਲੇ ਖਾਈ ਬਣਾਈ ਹੋਈ ਸੀ। ਇਸ ਦਾ ਰਕਬਾ 1000 ਮੀਟਰ ਸੀ। ਇਹ 24 ਫ਼ੁਟ ਚੌੜੀ ਤੇ 18 ਫ਼ੱਟ ਡੂੰਘੀ ਸੀ।
ਰਾਮ ਰਾਉਣੀ ਕਿਲ੍ਹਾ ਜਿਹੜਾ 1747 ਵਿਚ ਬਣਿਆ ਸੀ ਦਾ ਕੁਝ ਹਿੱਸਾ ਕਾਇਮ ਸੀ ਜਿਹੜਾ 1758 ਵਿਚ ਖ਼ਤਮ ਕਰ ਦਿੱਤਾ ਗਿਆ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਸ਼ਾਲੀਮਾਰ ਬਾਗ਼ ਦੇ ਅੰਦਾਜ਼ ਨਾਲ ਬਣਵਾਇਆ ਸੀ। ਇਹ ਸੰਨ 1819 ਵਿਚ ਬਣਨਾ ਸ਼ੁਰੂ ਹੋਇਆ ਸੀ। ਇਸ ਨੂੰ ਦੀਵਾਨ ਮੋਤੀ ਰਾਮ ਦੇ ਪੁੱਤਰ ਕਿਰਪਾ ਰਾਮ ਨੇ ਬਣਾਇਆ ਸੀ। ਇਸ ਦੇ ਦੁਆਲੇ 14 ਫ਼ੁੱਟ ਉੱਚੀ ਦੀਵਾਰ ਸੀ।
ਸੰਨ 1820 ਵਿਚ ਮਹਾਰਾਜਾ ਰਣਜੀਤ ਸਿੰਘ ਨੇ ਨਗਰ ਦੁਆਲੇ ਦੀਵਾਰ ਬਣਾਈ ਸੀ ਜਿਹੜੀ 7 ਗਜ਼ ਉੱਚੀ ਅਤੇ 25 ਗਜ਼ ਚੌੜੀ ਸੀ (ਇਸ ਨੂੰ ਰਾਮਾ ਨੰਦ ਦੀ ਦੇਖ ਰੇਖ ਵਿਚ 7 ਲੱਖ ਰੁਪੈ ਨਾਲ ਬਣਾਇਆ ਗਿਆ ਸੀ ਅਤੇ ਅੰਗਰੇਜ਼ਾਂ ਨੇ ਬਿਨਾ ਕਾਰਨ ਢਾਹ ਦਿੱਤਾ ਸੀ)।
ਅੰਮ੍ਰਿਤਸਰ ਸ਼ਹਿਰ ਦੇ 12 ਦਰਵਾਜ਼ੇ: ਅੰਮ੍ਰਿਤਸਰ ਸ਼ਹਿਰ ਦੀ ਚਾਰਦੀਵਾਰੀ ਵਿਚ 12 ਦਰਵਾਜ਼ੇ ਰੱਖੇ ਗਏ ਸਨ: 1. ਦਰਵਾਜ਼ਾ ਰਾਮ ਬਾਗ਼ 2. ਦਰਵਾਜ਼ਾ ਡਿਉਢੀ ਕਲਾਂ 3. ਦਰਵਾਜ਼ਾ ਆਹਲੂਵਾਲੀਆਂ 4. ਦਰਵਾਜ਼ਾ ਦਬੁਰਜੀ 5. ਦਰਵਾਜ਼ਾ ਰਾਮਗੜ੍ਹੀਆਂ 6. ਦਰਵਾਜ਼ਾ ਗਿਲਵਾਲੀ 7. ਦਰਵਾਜ਼ਾ ਡਿਉਢੀ ਨੰਗਲੀਆਂ 8. ਦਰਵਾਜ਼ਾ ਹਕੀਮਾਂ 9. ਦਰਵਾਜ਼ਾ ਖ਼ਜ਼ਾਨਾਂ 10. ਦਰਵਾਜ਼ਾ ਲਾਹੌਰੀ 11. ਦਰਵਾਜ਼ਾ ਲੋਹਗੜ੍ਹ 12. ਦਰਵਾਜ਼ਾ ਡਿਉਢੀ ਸ਼ਹਿਜ਼ਾਦਾ।
ਇਕ ਹੋਰ ਨਕਸ਼ੇ ਮੁਤਾਬਿਕ ਗੇਟ ਹੇਠ ਲਿਖੇ ਸਨ:
1. ਸਿਕੰਦਰੀ ਗੇਟ 2. ਹਾਥੀ ਗੇਟ 3. ਲੋਹਗੜ੍ਹ ਗੇਟ 4. ਲਾਹੌਰੀ ਗੇਟ 5. ਬੇਰੀ ਗੇਟ 6. ਖ਼ਜ਼ਾਨਾ ਗੇਟ 7. ਹਕੀਮਾਂ ਗੇਟ 8. ਭਗਤਾਂਵਾਲਾ (ਡਿਉਢੀ ਨੰਗਲੀਆਂ) ਗੇਟ 9. ਗਿਲਵਾਲੀ ਗੇਟ 10. ਰਾਮਗੜ੍ਹੀਆ ਗੇਟ 11. ਘੀ ਮੰਡੀ ਗੇਟ 12. ਰਾਮਬਾਗ਼ ਗੇਟ। ਇਸ ਨਕਸ਼ੇ ਵਿਚ ਦੋ ਹੋਰ ਗੇਟ ਵੀ ਹਨ: ਸ਼ੇਰਾਂਵਾਲਾ ਗੇਟ, ਮਹਾਂ ਸਿੰਘ ਗੇਟ। ਇਸ ਨਕਸ਼ੇ ਵਿਚੋਂ ਦਰਵਾਜ਼ਾ ਡਿਉਢੀ ਕਲਾਂ, ਦਰਵਾਜ਼ਾ ਆਹਲੂਵਾਲੀਆਂ, ਦਰਵਾਜ਼ਾ ਦਬੁਰਜੀ ਤੇ ਦਰਵਾਜ਼ਾ ਡਿਉਢੀ ਸ਼ਹਿਜ਼ਾਦਾ ਦੇ ਨਾਂ ਗ਼ਾਇਬ ਹਨ।
ਅੰਮ੍ਰਿਤਸਰ ਸ਼ਹਿਰ ਦਾ ਤੇਰ੍ਹਵਾਂ ਗੇਟ ਵੀ ਬਣਾਇਆ ਗਿਆ ਸੀ। ਇਹ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸੀ.ਐਚ. ਹਾਲ ਨੇ ਸੰਨ 1873 ਵਿਚ ਬਣਾਇਆ ਸੀ ਤੇ ਇਸ ਦਾ ਨਾਂ ਉਸੇ ਦੇ ਨਾਂ ‘ਤੇ ਹਾਲ ਗੇਟ ਰੱਖਿਆ ਗਿਆ ਸੀ (ਦਰਬਾਰ ਸਾਹਿਬ ਦਾ ਹੁਣ ਵਾਲ ਰਸਤਾ ਇਸੇ ਡਿਪਟੀ ਕਮਿਸ਼ਨਰ ਨੇ ਬਣਾਇਆ ਸੀ; ਇਸੇ ਕਰ ਕੇ ਇਸ ਦਾ ਨਾਂ ‘ਹਾਲ ਬਾਜ਼ਾਰ’ ਜਾਣਿਆ ਗਿਆ ਸੀ।
ਅੰਮ੍ਰਿਤਸਰ ਸ਼ਹਿਰ ਵਿਚ ਕਟੜੇ (ਬਾਜ਼ਾਰ)
ਅੰਮ੍ਰਿਤਸਰ ਸ਼ਹਿਰ ਵਿਚ ਕਦੇ 70 ਕਟੜੇ ਸਨ (ਹੁਣ ਤਾਂ ਕਈ ਬਾਜ਼ਾਰ ਤੇ ਮੁਹੱਲੇ ਬਣ ਚੁਕੇ ਹਨ): ਕਟੜਾ ਜੈ ਸਿੰਘ, ਕਟੜਾ ਜੈਮਲ ਸਿੰਘ, ਕਟੜਾ ਭੰਗੀਆਂ, ਕਟੜਾ ਹਰੀ ਸਿੰਘ, ਕਟੜਾ ਭਾਗ ਸਿੰਘ, ਕਟੜਾ ਦੂਲੋ, ਕਟੜਾ ਦੇਸਾ ਸਿੰਘ, ਕਟੜਾ ਆਹਲੂਵਾਲੀਆ, ਕਟੜਾ ਰਾਮਗੜ੍ਹੀਆ, ਕਟੜਾ ਫ਼ੈਜ਼ਲਾਪੁਰੀਆ। ਹਰ ਕਟੜੇ ਵਿਚ ਇਕ ਹਵੇਲੀ ਸੀ ਤੇ ਨਾਲ ਬਾਜ਼ਾਰ ਸੀ। ਹੁਣ ਤਾਂ ਅੰਮ੍ਰਿਤਸਰ ਬਹੁਤ ਫੈਲ ਚੁਕਾ ਹੈ ਅਤੇ ਬੇਅੰਤ ਬਾਜ਼ਾਰ, ਮਾੱਲ ਤੇ ਮਾਰਕੀਟ ਬਣ ਚੁੱਕੀਆਂ ਹਨ।
ਅੰਮ੍ਰਿਤਸਰ ਸ਼ਹਿਰ ਦੇ ਇਤਿਹਾਸਕ ਗੁਰਦੁਆਰੇ
ਅੰਮ੍ਰਿਤਸਰ ਨੂੰ ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਸਾਹਿਬ ਨੇ ਆਪਣੀ ਹੱਥੀਂ ਬਣਾਇਆ ਸੀ। ਗੁਰੂ ਸਾਹਿਬ ਤੇ ਸਿੰਘਾਂ ਦੀ ਹੱਥੀਂ ਕੀਤੀ (ਕਾਰ) ਸੇਵਾ ਨਾਲ ਬਣੇ ਇਸ ਸ਼ਹਿਰ ਵਿਚ ਬਹੁਤ ਸਾਰੇ ਗੁਰਦੁਆਰੇ ਅਤੇ ਯਾਦਗਾਰਾਂ ਹਨ:
ਪੰਜ ਸਰੋਵਰ: (1) ਅੰਮ੍ਰਿਤਸਰ (1574-87) (2) ਸੰਤੋਖਸਰ (1564-1587) (3) ਰਾਮਸਰ (1601) (4) ਕੌਲਸਰ (1627) (5) ਬਿਬੇਕਸਰ (1628)।
ਅੰਮ੍ਰਿਤਸਰ ਵਿਚ ਹੇਠ ਲਿਖੇ ਇਤਿਹਾਸਕ ਗੁਰਦੁਆਰੇ ਹਨ: (1) ਦਰਬਾਰ ਸਾਹਿਬ (1588) (2) ਗੁਰੂ ਦੇ ਮਹਲ: ਇੱਥੇ ਗੁਰੂ ਰਾਮ ਦਾਸ ਸਾਹਿਬ, ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਰਹੇ ਸਨ। ਗੁਰੂ ਤੇਗ਼ ਬਹਾਦਰ ਸਾਹਿਬ ਦਾ ਜਨਮ ਇੱਥੇ ਹੀ ਹੋਇਆ ਸੀ (3) ਦਰਸ਼ਨੀ ਡਿਓਢੀ: ਗੁਰੂ ਬਾਜ਼ਾਰ ਦੇ ਨੇੜੇ, ਗੁਰੂ ਅਰਜਨ ਸਾਹਿਬ ਦੀ ਯਾਦ ਵਿਚ (4) ਥੜ੍ਹਾ ਸਾਹਿਬ: ਦਰਬਾਰ ਸਾਹਿਬ ਦੇ ਪੁਰਾਣੇ ਮੁਖ ਦਰਵਾਜ਼ੇ ਦੇ ਨਾਲ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ। ਗੁਰੂ ਸਾਹਿਬ ਇੱਥੇ 23 ਨਵੰਬਰ 1664 ਦੇ ਦਿਨ ਆਏ ਸਨ (5) ਦਮਦਮਾ ਸਾਹਿਬ: ਗੁਰੂ ਤੇਗ਼ ਬਹਾਦਰ ਸਾਹਿਬ ਦੀ ਯਾਦ ਵਿਚ (6) ਪਿਪਲੀ ਸਾਹਿਬ (ਪੁਤਲੀ ਘਰ ਚੌਕ ਕੋਲ): ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ (7) ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ): ਗੁਰੂ ਰਾਮ ਦਾਸ ਸਾਹਿਬ ਦੀ ਯਾਦ ਵਿਚ, ਸੰਤੋਖਸਰ (ਸਰੋਵਰ) ਦੇ ਕੰਢੇ ‘ਤੇ। (8) ਚੁਰਸਤੀ ਅਟਾਰੀ: ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ (9) ਬੁੰਗਾ ਅਕਾਲੀਆਂ (ਜਿਸ ਨੂੰ ਹੁਣ ਅਕਾਲ ਤਖ਼ਤ ਕਹਿਣ ਲਗ ਪਏ ਹਨ) ਤੋਂ ਗੁਰੂ ਦੇ ਮਹਿਲ ਦੇ ਰਸਤੇ ਵਿਚ। (10) ਲੋਹਗੜ੍ਹ ਕਿਲ੍ਹਾ: 1609 ਵਿਚ ਇੱਥੇ ਗੁਰੂ ਹਰਿਗੋਬਿੰਦ ਸਿੰਘ ਨੇ ਕਿਲ੍ਹਾ ਤਿਆਰ ਕਰਵਾਇਆ ਸੀ। (11) ਯਾਦਗਾਰ ਸ਼ਹੀਦ ਬਾਬਾ ਦੀਪ ਸਿੰਘ: 11 ਨਵੰਬਰ 1757 ਦੇ ਦਿਨ ਬਾਬਾ ਦੀਪ ਸਿੰਘ ਦੇ ਹਜ਼ਾਰਾਂ ਸਾਥੀ ਇਸ ਥਾਂ ‘ਤੇ ਅਫ਼ਗ਼ਾਨਾਂ ਨਾਲ ਲੜੇ ਤੇ ਮਾਰੇ ਗਏ ਸਨ। ਬਾਬਾ ਦੀਪ ਸਿੰਘ ਦੀ ਯਾਦ ਦਰਬਾਰ ਸਾਹਿਬ ਵਿਚ ਵੀ ਬਣੀ ਹੋਈ ਹੈ (12) ਸ਼ਹੀਦ ਗੰਜ ਬਾਬਾ ਗੁਰਬਖ਼ਸ਼ ਸਿੰਘ: ਬੁੰਗਾ ਅਕਾਲੀਆਂ (ਜਿਸ ਨੂੰ ਹੁਣ ਅਕਾਲ ਤਖ਼ਤ ਕਹਿਣ ਲਗ ਪਏ ਹਨ) ਦੇ ਨਾਲ, ਦਰਬਾਰ ਸਾਹਿਬ ਦੇ ਅਸਲ ਗੇਟ ’ਤੇ। ਇੱਥੇ ਬਾਬਾ ਗੁਰਬਖ਼ਸ਼ ਸਿੰਘ ਤੇ 30 ਹੋਰ ਸਿੰਘ 1 ਦਸੰਬਰ 1764 ਦੇ ਦਿਨ ਜਾਨ ’ਤੇ ਜੂਝ ਗਏ ਸਨ (13) ਗੁਰਦੁਆਰਾ ਬਾਬਾ ਅਟੱਲ: ਗੁਰੂ ਹਰਿਗੋਬਿੰਦ ਸਾਹਿਬ ਦੇ ਪੁੱਤਰ (ਬਾਬਾ) ਅਟੱਲ ਦੀ ਯਾਦ ਵਿਚ। ਇਸ ਥਾਂ ’ਤੇ (ਬਾਬਾ) ਅਟੱਲ ਦਾ ਸਸਕਾਰ ਹੋਇਆ ਸੀ। ਦਰਅਸਲ ਇਹ ਸ਼ਹਿਰ ਦਾ ਸ਼ਮਸ਼ਾਨ ਘਾਟ ਸੀ। ਸਾਰੇ ਸਿੱਖਾਂ ਦੇ ਸਸਕਾਰ ਇਸ ਥਾਂ ਹੀ ਹੋਏ ਸਨ। ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਦਾ ਸਸਕਾਰ ਵੀ ਇੱਥੇ ਹੋਇਆ ਸੀ। ਬਾਬਾ ਅਟੱਲ ਦੇ ਨੇੜੇ ਜੱਸਾ ਸਿੰਘ ਦੀ ਯਾਦਗਾਰ ਅੱਜ ਵੀ ਕਾਇਮ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਕਿਸੇ ਵੇਲੇ ਘੱਟੋ-ਘੱਟ 69 ਬੁੰਗੇ ਵੀ ਸਨ (ਵੇਖੋ ‘ਬੁੰਗੇ’ ਸਿਰਲੇਖ ਹੇਠਾਂ)।
ਸ਼ਿਰੋਮਣੀ ਅਕਾਲੀ ਦਲ, ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਸਟੂਡੈਂਟਸ ਫ਼ੈਡਰੇਸ਼ਨ, ਚੀਫ਼ ਖਾਲਸਾ ਦੀਵਾਨ ਦੇ ਦਫ਼ਤਰ ਵੀ ਇੱਥੇ ਕਾਇਮ ਸਨ। ਸਿੱਖ ਰੈਫ਼ਰੈਂਸ ਲਾਇਬ੍ਰੇਰੀ, ਜਿਸ ਨੂੰ 7 ਜੂਨ 1984 ਦੇ ਦਿਨ ਭਾਰਤੀ ਫ਼ੌਜ ਚੁੱਕ ਕੇ ਲੈ ਗਈ ਸੀ, ਵੀ ਇੱਥੇ ਸੀ। ਸਿੱਖ ਅਜਾਇਬ ਘਰ (ਜੋ ਹੁਣ ਇਕ ਫ਼ੋਟੋ ਗੈਲਰੀ ਬਣ ਚੁਕੀ ਹੈ) ਵੀ ਇੱਥੇ ਹੀ ਹੈ। ਦਰਬਾਰ ਸਾਹਿਬ ਦੇ ਨਾਲ ਹੁਣ ਪੰਜ ਸਰਾਵਾਂ ਵੀ ਹਨ, ਜਿਨ੍ਹਾਂ ਵਿਚ ਹਜ਼ਾਰਾਂ ਯਾਤਰੂ ਇਕੋ ਵੇਲੇ ਠਹਿਰ ਸਕਦੇ ਹਨ। ਦਰਬਾਰ ਸਾਹਿਬ ਦੇ ਲੰਗਰ ਵਿਚ ਰੋਜ਼ ਤਕਰੀਬਨ ਇੱਕ ਲੱਖ ਲੋਕ ਲੰਗਰ ਛਕਦੇ ਹਨ।
ਅੰਮ੍ਰਿਤਸਰ ਸ਼ਹਿਰ ਵਿਚ ਅਖਾੜੇ
ਅੰਮ੍ਰਿਤਸਰ ਵਿਚ 37 ਅਖਾੜੇ (ਸਾਧਾਂ ਦੇ ਇਕ ਤਰ੍ਹਾਂ ਦੇ ਡੇਰੇ) ਸਨ ਜਿਨ੍ਹਾਂ ਵਿਚੋਂ ਮੁੱਖ ਇਹ ਸਨ:
1. ਅਖਾੜਾ ਬ੍ਰਹਮ ਬੂਟਾ (ਜੋ ਦਰਬਾਰ ਸਾਹਿਬ ਦੇ ਨਾਲ ਲਗਦਾ ਸੀ; ਮਗਰੋਂ ਇਸ ਨੂੰ ਚੌਕ ਮੰਨਾ ਸਿੰਘ ਵਿਚ ਪਿੱਪਲ ਵਾਲੀ ਗਲੀ ਵਿਚ ਤਬਦੀਲ ਕਰ ਦਿਤਾ ਗਿਆ ਸੀ 2. ਅਖਾੜਾ ਬਾਬਾ ਨੰਦ (ਬਜ਼ਾਰ ਮੋਚੀਆਂ) 3. ਅਖਾੜਾ ਸੰਗਲ ਵਾਲਾ (ਬਜ਼ਾਰ ਮਾਈ ਸੇਵਾਂ) 4. ਅਖਾੜਾ ਚਿੱਟਾ (ਬਜ਼ਾਰ ਮਾਈ ਸੇਵਾਂ) 5. ਅਖਾੜਾ ਬੇਰੀਵਾਲਾ (ਪਹਿਲਾਂ ਇਹ ਗੁਰੂ ਰਾਮਦਾਸ ਸਰਾਂ ਦੇ ਨੇੜੇ ਸੀ; ਮਗਰੋਂ ਇਸ ਨੂੰ ਮਜੀਠਾ ਰੋਡ ਵਿਚ ਤਬਦੀਲ ਕਰ ਦਿੱਤਾ ਗਿਆ ਸੀ 6. ਅਖਾੜਾ ਬਿਬੇਕਸਰ (ਚੌਕ ਬਾਬਾ ਭੋੜੀ) 7. ਅਖਾੜਾ ਪੰਚਾਇਤੀ (ਭੂਸ਼ਨ ਪੁਰਾ) 8. ਅਖਾੜਾ ਘਿਓ ਮੰਡੀ (ਬਜ਼ਾਰ ਪੇਟੀਆਂ ਵਾਲਾ) 9. ਅਖਾੜਾ ਕਾਸ਼ੀਵਾਲਾ (ਨੇੜੇ ਸੁਲਤਾਨਵਿੰਡ ਗੇਟ) 10. ਅਖਾੜਾ ਨਿਰਵਾਣਸਰ (ਪੁਰਾਣੀ ਲੱਕੜ ਮੰਡੀ ਦੇ ਨੇੜੇ) 11. ਅਖਾੜਾ ਮਹੰਤ ਟਹਿਲ ਦਾਸ (ਘੰਟਾ ਘਰ ਚੌਕ ਵਿਚ) 12. ਅਖਾੜਾ ਚੱਟੇਵਾਲਾ (ਚੌਕ ਪਰਾਗ ਦਾਸ। ਇਨ੍ਹਾਂ ਵਿਚੋਂ ਬਹੁਤ ਅਖਾੜੇ ਉਦਾਸੀਆਂ ਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤਕ ਇਹ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਸਨ। ਮਹਾਰਾਜਾ ਨੇ ਇਨ੍ਹਾਂ ਵਾਸਤੇ ਖ਼ਰਚ ਬੰਨ੍ਹੇ ਹੋਏ ਸਨ।
ਇਨ੍ਹਾਂ 12 ਤੋਂ ਇਲਾਵਾ 16 ਅਖਾੜੇ ਨਿਰਮਲਿਆਂ ਨਾਲ ਸਬੰਧਤ ਸਨ: 1. ਅਖਾੜਾ ਨਿਰਮਲ 2. ਡੇਰਾ ਗਲੀ ਬਾਗ਼ ਵਾਲੀ 3. ਅਖਾੜਾ ਡੇਰਾ ਠਾਕਰਾਂ (ਚੌਲ ਮੋਨੀ) 4. ਡੇਰਾ ਮਿਸ਼ਰਾ ਸਿੰਘ (ਚੌਕ ਲਛਮਣਸਰ) 5. ਡੇਰਾ ਨਿਰਮਲ ਛੇਤਰ (ਚੌਕ ਕਰੋੜੀ) 6. ਡੇਰਾ ਅੰਤਰਜਾਮੀਆਂ (ਸ਼ਾਨ ਗਲੀ) 7. ਡੇਰਾ ਲਾਇਲਪੁਰੀ (ਸ਼ਹੀਦ ਬੁੰਗਾ ਸਟਰੀਟ) 8. ਡੇਰਾ ਬੋਹੜ ਵਾਲਾ 9. ਡੇਰਾ ਤਪੋਵਨ (ਤਰਨਤਾਰਨ ਰੋਡ) 10. ਡੇਰਾ ਸਤਲਾਨੀ (ਡੇਰਾ ਕੌਲਸਰ; ਡੇਰਾ ਬਾਬਾ ਸਿੰਘ) 11. ਡੇਰਾ ਬਾਬਾ ਮੋਹਰ ਸਿੰਘ (ਬਿਬੇਕਸਰ ਰੋਡ) 12. ਡੇਰਾ ਬਾਬਾ ਕਰਮ ਸਿੰਘ (ਗੁਜਰਾਂ ਸਟਰੀਟ) 13. ਡੇਰਾ ਬਾਬਾ ਠਾਕਰ ਬਹਾਲ ਸਿੰਘ (ਦਰਵਾਜ਼ਾ ਘਿਓ ਮੰਡੀ) 14. ਡੇਰਾ ਮਹੰਤ ਤਿਰਲੋਕ ਸਿੰਘ (ਚੌਕ ਮੋਨੀ) 15. ਡੇਰਾ ਅੰਤਰਯਾਮੀ (ਚਾਟੀ ਵਿੰਡ) 16. ਡੇਰਾ ਬਾਉਲੀ ਬਘੇਲ ਸਿੰਘ (ਆਟਾ ਮੰਡੀ)।
ਇਨ੍ਹਾਂ 28 ਡੇਰਿਆਂ ਤੋਂ ਇਲਾਵਾ 9 ਡੇਰੇ ਹੋਰ ਵੀ ਸਨ: 1. ਡੇਰਾ ਮਿੱਠਾ ਟਿਵਾਣਾ (ਨੇੜੇ ਬਾਬਾ ਅਟੱਲ) 2. ਡੇਰਾ ਅਮੀਰ ਸਿੰਘ (ਕਟੜਾ ਕਰਮ ਸਿੰਘ) 3. ਡੇਰਾ ਮਹੰਤ ਤਾਰਾ ਸਿੰਘ (ਕਟੜਾ ਕਰਮ ਸਿੰਘ) 4. ਡੇਰਾ ਬਾਬਾ ਸ਼ਾਮ ਸਿੰਘ (ਆਟਾ ਮੰਡੀ) 5. ਡੇਰਾ ਬਾਬਾ ਸੁਰਜੀਤ ਸੰਘ (ਨੇੜੇ ਚਾਟੀ ਵਿੰਡ) 6. ਡੇਰਾ ਮਹੰਤ ਪੂਲ੍ਹਾ ਸਿੰਘ (ਕਟੜਾ ਕਰਮ ਸਿੰਘ) 7. ਡੇਰਾ ਬਾਬਾ ਖੜਕ ਸਿੰਘ/ਦਰਸ਼ਨ ਸਿੰਘ (ਚਾਟੀ ਵਿੰਡ) 8. ਡੇਰਾ ਬਾਬਾ ਮਹਿਰਾਜ ਸਿੰਘ 9. ਡੇਰਾ ਗਿਆਨੀ ਸੁੰਦਰ ਸਿੰਘ ਭਿੰਡਰਾਂ (ਚੌਕ ਬਾਬਾ ਸਾਹਿਬ)।
ਅੰਮ੍ਰਿਤਸਰ ’ਤੇ ਅੰਗਰੇਜ਼ਾਂ ਵੱਲੋਂ ਕਬਜ਼ਾ ਕਰਨ ਮਗਰੋਂ
ਸੰਨ 1849 ਵਿਚ ਅੰਗਰੇਜ਼ਾਂ ਵੱਲੋਂ ਅੰਮ੍ਰਿਤਸਰ ’ਤੇ ਕਬਜ਼ਾ ਕੀਤੇ ਜਾਣ ਮਗਰੋਂ ਹੈਨਰੀ ਲਾਰੰਸ ਨੇ ਇਸ ਨਗਰ ਦਾ ਕੰਟਰੋਲ ਆਪਣੇ ਹੱਥ ਵਿਚ ਰੱਖਿਆ ਸੀ। ਉਸ ਦੇ ਹੇਠਾਂ ਲਛਮਣ ਸਿੰਘ ਮਜੀਠੀਆ ਮੈਨੇਜਰ ਦੀ ਡਿਊਟੀ ਨਿਭਾਉਂਦਾ ਰਿਹਾ ਸੀ। ਦਸ ਸਾਲ ਮਗਰੋਂ ਦਰਬਾਰ ਸਾਹਿਬ ਦਾ ਦਸਤੂਰ-ਇ-ਅਮਲ ਤਿਆਰ ਕਰ ਕੇ ਇਸ ਦਾ ਇੰਤਜ਼ਾਮ ਇਕ ਕਮੇਟੀ ਨੂੰ ਸਂੌਂਪ ਦਿੱਤਾ ਗਿਆ ਸੀ, ਜਿਸ ਦਾ ਮੁਖੀ ਲਾਹੌਰ ਦਰਬਾਰ ਦਾ ਗ਼ਦਾਰ (1845 ਤੋਂ 1849 ਤਕ ਲਾਹੌਰ ਦਰਬਾਰ ਦੀ ਫ਼ੌਜ ਦਾ ਮੁਖੀ) ਤੇਜਾ ਸਿੰਹ ਮਿਸ਼ਰਾ ਸੀ। ਇਸ ਦਸਤੂਰ-ਇ-ਅਮਲ ਵਿਚ ਮੁਖ ਤੌਰ ’ਤੇ ਦਰਬਾਰ ਸਾਹਿਬ ’ਤੇ ਚੜ੍ਹਾਵੇ ਵਿਚੋਂ ਆਮਦਨ ਦੀ ਵੰਡ ਅਤੇ ਤਨਖ਼ਾਹਾਂ ਆਦਿ ਦਾ ਸਿਸਟਮ ਤਿਆਰ ਕੀਤਾ ਗਿਆ ਸੀ।
ਇੱਥੇ ਟਾਊਨ ਹਾਲ (1870), ਰੇਲਵੇ (1862 ਲਾਹੌਰ, 1870 ਦਿੱਲੀ ਤੀਕ), ਡਾਕਖ਼ਾਨਾ, ਕਚਹਿਰੀਆਂ (1876), ਅਲੈਗ਼ਜ਼ੈਂਦਰਾ ਸਕੂਲ ਫ਼ਾਰ ਗਰਲਜ਼ (1877-78), ਵੀ.ਜੇ. (ਵਿਕਟੋਰੀਆ ਜੁਬਲੀ) ਹਸਪਤਾਲ (1891) ਅਤੇ ਬਾਜ਼ਾਰ ਬਣਾਏ ਸਨ। ਅੰਗਰੇਜ਼ਾਂ ਨੇ ਇਸ ਦੌਰਾਨ ਲਾਰੈਂਸ ਰੋਡ, ਕੁਈਨ ਰੋਡ, ਮਾਲ ਰੋਡ, ਸਿਵਲ ਲਾਈਨਜ਼, ਮਕਬੂਲ ਰੋਡ ਸੜਕਾਂ ਅਤੇ ਆਬਾਦੀਆਂ ਤੇ ਮਾਡਲ ਟਾਊਨ ਵਰਗੀਆਂ ਕਲੋਨੀਆਂ ਬਣਾ ਲਈਆਂ ਸਨ। ਇਸ ਦੇ ਨਾਲ ਹੀ ਹੋਰ ਨਵੀਆਂ ਆਬਾਦੀਆਂ ਵਸਣੀਆਂ ਵੀ ਸ਼ੁਰੂ ਹੋ ਗਈਆਂ ਸਨ। ਸੰਨ 1940 ਤਕ ਸ਼ਰੀਫ਼ਪੁਰਾ, ਰਾਣੀ ਬਾਗ਼, ਹੁਸੈਨਪੁਰਾ, ਤਹਿਸੀਲਪੁਰਾ, ਪੁਤਲੀਘਰ ਬਣ ਚੁਕੇ ਸਨ। ਇਸ ਦੇ ਨਾਲ ਹੀ ਮਜ਼ਦੂਰਾਂ ਦੀਆਂ ਕਲੋਨੀਆਂ ਇਸਲਾਮਾਬਾਦ, ਕੋਟ ਮੁਹੰਮਦ ਸ਼ਾਹ, ਸਰਾਇ ਭਗਵਾਨ ਦਾਸ, ਨਵਾਂ ਕੋਟ, ਅਮਰ ਕੋਟ, ਕੋਟ ਰੁਲੀਆ ਰਾਮ ਆਦਿ ਵੀ ਬਣ ਚੁਕੀਆਂ ਸਨ।
ਸੰਨ 1898 ਵਿਚ ਅੰਮ੍ਰਿਤਸਰ ਵਿਚ ਮਹਾਂ ਸਿੰਘ ਗੇਟ ’ਤੇ ਬਰੂਰੀ (ਸ਼ਰਾਬ ਬਣਾਉਣ ਦਾ ਕਾਰਖ਼ਾਨਾ) ਬਣਾਈ ਗਈ ਸੀ; ਮਗਰੋਂ ਇਸ ਨੂੰ ਖਾਸਾ ਪਿੰਡ ਲਿਜਾਇਆ ਗਿਆ ਸੀ। ਸੰਨ 1942 ਵਿਚ ਪ੍ਰਤਾਪ ਰੋਲਿੰਗ ਮਿੱਲ ਅਤੇ ਓ.ਸੀ.ਐਮ. ਮਿੱਲ ਵੀ ਬਣਾਈਆਂ ਗਈਆਂ ਸਨ। ਅੰਮ੍ਰਿਤਸਰ ਵਿਚ 4500 ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਸਨ।
ਖਾਲਸਾ ਕਾਲਜ 5 ਮਾਰਚ 1892 ਦੇ ਦਿਨ 101 ਏਕੜ ਜ਼ਮੀਨ ਵਿਚ ਸ਼ੁਰੂ ਹੋਇਆ ਸੀ; ਮਗਰੋਂ ਇਹ ਰਕਬਾ 1300 ਏਕੜ ਹੋ ਚੁਕਾ ਸੀ। ਸੰਨ 1969 ‘ਚ ਗੁਰੂ ਨਾਨਕ ਯੂਨੀਵਰਸਿਟੀ ਇਸੇ ਦੀ ਜ਼ਮੀਨ ਵਿਚ ਬਣਾਈ ਗਈ ਸੀ।
ਪੰਜਾਬ ਦਾ ਪਹਿਲਾ ਯਤੀਮਖ਼ਾਨਾ ਚੀਫ਼ ਖਾਲਸਾ ਦੀਵਾਨ ਨੇ ਕਾਇਮ ਕੀਤਾ ਸੀ। ਭਗਤ ਪੂਰਨ ਸਿੰਘ ਨੇ ਇੱਥੇ ਹੀ ਯਤੀਮਾਂ, ਬੀਮਾਰਾਂ ਅਤੇ ਲਾਚਾਰਾਂ ਵਾਸਤੇ ਪਿੰਗਲਵਾੜਾ ਕਾਇਮ ਕੀਤਾ ਸੀ।
ਅੰਮ੍ਰਿਤਸਰ ਦੀ ਆਬਾਦੀ
ਸੰਨ 1991 ਤੀਕ ਅੰਮ੍ਰਿਤਸਰ ਦੀ ਆਬਾਦੀ ਸਿਰਫ਼ ਦਸ ਹਜ਼ਾਰ ਸੀ, ਸੰਨ 1849 ਵਿਚ 1 ਲੱਖ 12 ਹਜ਼ਾਰ 186 ਸੀ (ਉਸ ਵੇਲੇ ਲਾਹੌਰ ਦੀ ਆਬਾਦੀ 94143 ਸੀ), ਜੋ 1941 ਵਿਚ 94 ਹਜ਼ਾਰ ਰਹਿ ਗਈ ਸੀ। 1947 ਵਿਚ ਅੰਮ੍ਰਿਤਸਰ ਦੀ ਆਬਾਦੀ 3 ਲੱਖ 91 ਹਜ਼ਾਰ ਸੀ (ਜਿਸ ਵਿਚੋਂ 47% ਮੁਸਲਮਾਨ ਸਨ)। ਸੰਨ 2011 ਵਿਚ ਇਸ ਸ਼ਹਿਰ ਦੀ ਆਬਾਦੀ 11 ਲੱਖ 32 ਹਜ਼ਾਰ 383 ਸੀ। ਇਸ ਵਿਚੋਂ 5 ਲੱਖ 56 ਹਜ਼ਾਰ 431 ਸਿੱਖ, 5 ਲੱਖ 72 ਹਜ਼ਾਰ 189 ਹਿੰਦੂ ਤੇ ਦਲਿਤ, 14280 ਈਸਾਈ, 5862 ਮੁਸਲਮਾਨ, 1143 ਜੈਨੀ, 773 ਬੋਧੀ ਸਨ। 2023 ਵਿਚ ਇਹ ਆਬਾਦੀ 14 ਲੱਖ 52 ਹਜ਼ਾਰ ਹੋ ਚੁਕੀ ਸੀ।
ਲੋਕਲ ਐਡਮਨਿਟ੍ਰੇਸ਼ਨ
ਅੰਗ੍ਰੇਜ਼ਾਂ ਵੱਲੋਂ ਸੰਨ 1858 ਵਿਚ ਪਹਿਲਾਂ ਇੱਥੇ ਸਿਰਫ਼ ਇਕ ‘ਲੋਕਲ (ਟਾਊਨ) ਕਮੇਟੀ’ ਕਾਇਮ ਹੋਈ ਸੀ। ਇਸ ਵਿਚ ਮੰਗਲ ਸਿੰਘ ਰਾਮਗੜ੍ਹੀਆ (ਸਰਬਰਾਹ), ਦੇਸਾ ਸਿੰਘ ਮਜੀਠੀਆ (ਮੈਨੇਜਰ ਦਰਬਾਰ ਸਾਹਿਬ), ਕਰਨਲ ਗੋਪਾਲ ਦਾਸ, ਰਾਏ ਬਹਾਦਰ ਕਲਿਆਣ ਸਿੰਘ, ਜਾਨ ਮੁਹੰਮਦ ਖ਼ਾਨ ਮੈਂਬਰ ਸਨ। ਸੰਨ 1868 ਵਿਚ ਮਿਊਂਸਪਲ ਕਮੇਟੀ ਕਾਇਮ ਕੀਤੀ ਗਈ ਸੀ। ਇਸ ਵਿਚ 6 ਮੈਂਬਰ ਸਰਕਾਰ ਵੱਲੋਂ ਨਾਮਜ਼ਦ ਅਤੇ 11 ਚੁਣੇ ਗਏ ਮੈਂਬਰ ਸਨ। ਸੰਨ 1870 ਵਿਚ ਚੁਣੇ ਗਏ ਮੈਂਬਰਾਂ ਦੀ ਗਿਣਤੀ 20 ਕਰ ਦਿੱਤੀ ਗਈ ਸੀ। ਅੰਮ੍ਰਿਤਸਰ ਕਾਰਪੋਰੇਸ਼ਨ 1977 ਵਿਚ ਬਣੀ ਸੀ, ਪਰ ਪਹਿਲੀਆਂ ਚੋਣਾਂ 1991 ਵਿਚ ਹੋਈਆਂ ਸਨ। (ਚੱਲਦਾ)
