ਡਾ. ਹਰਜਿੰਦਰ ਸਿੰਘ ਦਿਲਗੀਰ
ਰਚੇਤਾ: ‘ਨਵਾਂ ਤੇ ਵਡਾ ਮਹਾਨ ਕੋਸ਼’
ਸਾਕਾ ਨੀਲਾ ਤਾਰਾ ਪੰਜਾਬੀ ਲੋਕ-ਇਤਿਹਾਸ ਦੀ ਅਤਿ ਦੁਖਦਾਈ ਘਟਨਾ ਹੈ। ਪੰਜਾਬੀ ਦੇ ਉਘੇ ਲਿਖਾਰੀ ਡਾ. ਹਰਭਜਨ ਸਿੰਘ ਨੇ ਇਸ ਨੂੰ ‘ਜੜ੍ਹਾਂ ਵਾਲਾ ਫੋੜਾ’ ਆਖਿਆ ਸੀ। ਉਨ੍ਹਾਂ ਲਿਖਿਆ ਸੀ ਕਿ ਇਹ ਅਜਿਹਾ ਲਾਇਲਾਜ ਨਾਸੂਰ ਹੈ ਜਿਹੜਾ ਲਗਾਤਾਰ ਵਗੀ ਜਾ ਰਿਹਾ ਹੈ। ਇਸ ਘਟਨਾ ਨੂੰ ਭੁੱਲਣਾ ਵਾਕਈ ਨਾਮੁਮਕਿਨ ਹੈ
ਪਰ ਇਸ ਦੇ ਕਾਰਨਾਂ ਦੀ ਪੁਣਛਾਣ ਕਰ ਕੇ ਇਸ ਤੋਂ ਸਬਕ ਜ਼ਰੂਰ ਲਿਆ ਜਾ ਸਕਦਾ ਹੈ। ਇਸ ਦੀ ਵਰ੍ਹੇਗੰਢ `ਤੇ ਅਸੀਂ ਸਿੱਖ ਇਤਿਹਸ ਦੇ ਬਾਬਾ ਬੋਹੜ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦਾ ਲਿਖਿਆ ਬਹੁਤ ਕੀਮਤੀ ਜਾਣਕਾਰੀ ਭਰਪੂਰ ਲੇਖ ਛਾਪਣ ਦਾ ਮਾਣ ਹਾਸਿਲ ਕਰ ਰਹੇ ਹਾਂ। ਲੇਖ ਵੱਡਾ ਹੈ ਇਸ ਕਰ ਕੇ ਇਸ ਦੀ ਤੀਜੀ ਕਿਸ਼ਤ ਪਾਠਕਾਂ ਦੀ ਨਜ਼ਰ ਹੈ।
ਦਰਬਾਰ ਸਾਹਿਬ ’ਤੇ ਟੈਂਕਾਂ ਨਾਲ ਹਮਲਾ
ਜਿਸ ਵੇਲੇ ਬ੍ਰਿਗੇਡੀਅਰ ਏ.ਕੇ. ਦੀਵਾਨ (ਚਿੱਕੀ) ਸਿੱਖ ਰੈਫ਼ਰੈਂਸ ਲਾਇਬਰੇਰੀ ਕੋਲ ਆ ਗਿਆ। ਬਰਾੜ ਨੇ 26 ਮਦਰਾਸ, 15 ਕਮਾਊਂ ਤੇ 9 ਗੜ੍ਹਵਾਲ ਨੂੰ ਦੀਵਾਨ ਦੀ ਕਮਾਨ ਹੇਠ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਹਦਾਇਤ ਸੀ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਹੀ ਨਿਸ਼ਾਨਾ ਰੱਖਣ। ਤੜਕੇ ਢਾਈ ਵਜੇ ਤਕ ਦੀਵਾਨ ਨੇ ਗੜ੍ਹਵਾਲ ਤੇ ਕਮਾਊਂ ਦੀ ਕਮਾਨ ਸµਭਾਲ ਕੇ ਐਕਸ਼ਨ ਸ਼ੁਰੂ ਕਰ ਦਿੱਤਾ ਸੀ। ਉਸ ਵਲੋਂ ਸਖ਼ਤ ਗੋਲਾਬਾਰੀ ਸ਼ੁਰੂ ਹੋ ਚੁੱਕੀ ਸੀ। ਪਰ ਇਸ ਦੇ ਬਾਵਜੂਦ ਭਾਰਤੀ ਫ਼ੌਜ ਅਕਾਲ ਬੁੰਗਾ ਦੀ ਇਮਾਰਤ ਵੱਲ ਇਕ ਸੈਂਟੀਮੀਟਰ ਵੀ ਨਹੀਂ ਸੀ ਵਧ ਸਕੀ। ਇਸ ਹਾਲਤ ਵਿਚ ਦੀਵਾਨ ਤੇ ਬਰਾੜ ਨੇ ਟੈਂਕਾਂ ਨਾਲ ਹਮਲਾ ਕਰਨ ਦੀ ਪਲਾਨ ਬਣਾਈ। ਪਰ ਉਹ ਸੁµਦਰਜੀ ਨਾਲ ਰਾਬਤਾ ਨਾ ਬਣਾ ਸਕੇ। ਅਖ਼ੀਰ ਜਦੋਂ ਬਰਾੜ ਦਾ ਸੁµਦਰਜੀ ਨਾਲ ਰਾਬਤਾ ਹੋਇਆ, ਉਸ ਨੇ ਇµਦਰਾ ਗਾਂਧੀ ਤੋਂ ਹੁਕਮ ਲੈ ਕੇ ਪਰਿਕਰਮਾ ਵਿਚ ਟੈਂਕ ਭੇਜਣ ਦੀ ਇਜਾਜ਼ਤ ਦੇ ਦਿੱਤੀ। ਢਾਈ-ਪੌਣੇ ਤਿµਨ ਵਜੇ ਦੇ ਵਿਚਕਾਰ ਪਹਿਲਾ ਟੈਂਕ ਗੁਰੂ ਰਾਮਦਾਸ ਸਰਾਂ (ਪੂਰਬੀ ਬਾਹੀ) ਵੱਲੋਂ ਲਿਆਂਦਾ ਗਿਆ। ਟੈਂਕ ਨੇ ਪਰਿਕਰਮਾ ਵਿਚ ਦਾਖ਼ਿਲ ਹੋ ਕੇ ਅਕਾਲ ਬੁੰਗਾ ਦੀ ਇਮਾਰਤ ਵਲ ਸਰਚ ਲਾਈਟ ਸੁੱਟੀ ਅਤੇ ਨਾਲ ਹੀ ਗੋਲੀਆਂ ਦਾ ਮੀਂਹ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ਹੁਣ ਟੈਂਕ ਤੋਂ ਅਤੇ ਸਾਰੀਆਂ ਫ਼ੌਜੀ ਟੁਕੜੀਆਂ ਵਲੋਂ ਆਖ਼ਰਾਂ ਦੀ ਗੋਲਾਬਾਰੀ ਸ਼ੁਰੂ ਹੋ ਗਈ। ਪਰ ਇਹ ਐਕਸ਼ਨ ਵੀ ਬਹੁਤੀ ਦੇਰ ਨਾ ਚੱਲ ਸਕਿਆ, ਕਿਉਂਕਿ ਸਰਚ ਲਾਈਟ ਦੀਆਂ ਬੱਤੀਆਂ ਇਕ ਮਿµਟ ਤੋਂ ਵੱਧ ਜਗਾਉਣ ਨਾਲ ਹਰ ਵਾਰ ਇਨ੍ਹਾਂ ਬਲਬਾਂ ਦੀ ਤਾਰ ਸੜ ਜਾਂਦੀ ਸੀ। ਇਸ ਹਾਲਤ ਵਿਚ ਭਾਰਤੀ ਫ਼ੌਜ ਨੇ ਇਕ ਹੋਰ ਟੈਂਕ ਲੈ ਆਂਦਾ। ਜਦੋਂ ਦੂਜੇ ਟੈਂਕ ਦੇ ਬਲਬਾਂ ਦੀਆਂ ਤਾਰਾਂ ਸੜ ਗਈਆਂ ਤਾਂ ਤੀਜਾ ਟੈਂਕ ਵੀ ਅµਦਰ ਲਿਆਂਦਾ ਗਿਆ। ਥੋੜ੍ਹੀ ਦੇਰ ਮਗਰੋਂ ਤਕਰੀਬਨ ਚਾਰ ਕੁ ਵਜੇ ਇਕ ਬਖ਼ਤਰਬµਦ ਗੱਡੀ ਵੀ ਪਰਿਕਰਮਾ ਵਿਚ ਲਿਆਂਦੀ ਗਈ। ਇਸ ਗੱਡੀ ਨੂੰ ਲਿਆਉਣ ਵਾਸਤੇ ਪਰਿਕਰਮਾ ਦੀਆਂ ਪੌੜੀਆਂ ਟੈਂਕ ਨਾਲ ਤੋੜਨੀਆਂ ਪਈਆਂ, ਕਿਉਂਕਿ ਪਹੀਆਂ ਵਾਲੀ ਸਕੌਟ ਇਨ੍ਹਾਂ ਪੌੜੀਆਂ ਤੋਂ ਲµਘ ਨਹੀਂ ਸੀ ਸਕਦੀ।
ਇਸ ਵੇਲੇ ਤਕ 84 ਐਮ.ਐਮ. ਦੇ ਕਾਰਲ ਗੁਸਤਾਵ (ਸਵੀਡਨ ਦੇ ਬਣੇ) ਰੌਂਦ ਅਕਾਲ ਬੁੰਗਾ ਦੀ ਇਮਾਰਤ ’ਤੇ ਸੁੱਟੇ ਜਾ ਰਹੇ ਸਨ। ਹੁਣ 15 ਕਮਾਊਂ ਦੇ ਕੁਝ ਦਸਤੇ ਬਖ਼ਤਰਬµਦ ਗੱਡੀ ਵਿਚ ਬੈਠ ਕੇ ਪਰਿਕਰਮਾ ਵਿਚੋਂ ਅਕਾਲ ਬੁੰਗਾ ਦੀ ਇਮਾਰਤ ਵਲ ਵਧੇ ਤਾਂ ਜੋ ਉਹ ਭਾਰਤੀ ਫ਼ੌਜ ਦੇ ਰਾਕਟਾਂ ਦੇ ਹਮਲਿਆਂ ਦੀ ਆੜ ਵਿਚ ਲµਘਦੇ ਅਕਾਲ ਬੁੰਗਾ ਤਕ ਜਾ ਪੁੱਜਣ। ਪਰ ਇਹ ਬਖ਼ਤਰਬµਦ ਗੱਡੀ ਜਦੋਂ ਸਾਢੇ ਚਾਰ ਕੁ ਵਜੇ ਅਕਾਲ ਬੁੰਗਾ ਦੇ ਨੇੜੇ ਪੁੱਜੀ ਤਾਂ ਇਕ ਐਂਟੀ-ਟੈਂਕ ਗੋਲਾ ਇਸ ’ਤੇ ਆ ਵੱਜਾ ਤੇ ਇਹ ਉੱਥੇ ਹੀ ਜਾਮ ਹੋ ਗਈ। ਹੁਣ ਸਰਘੀ ਵੇਲਾ ਹੋ ਗਿਆ ਸੀ ਅਤੇ ਨਿµਮ੍ਹੀ-ਨਿµਮ੍ਹੀ ਰੌਸ਼ਨੀ ਹੋ ਗਈ ਸੀ। ਸਵੇਰੇ 5 ਵੱਜ ਕੇ 10 ਮਿµਟ ’ਤੇ ਇµਦਰਾ ਗਾਂਧੀ ਨੇ ਅਕਾਲ ਬੁੰਗਾ ਦੀ ਇਮਾਰਤ ਨੂੰ ਟੈਂਕਾਂ ਰਾਹੀਂ ਉਡਾ ਦੇਣ ਦਾ ਹੁਕਮ ਦੇ ਦਿੱਤਾ। 5 ਵੱਜ ਕੇ 21 ਮਿµਟ ’ਤੇ ਟੈਂਕਾਂ ਨੇ ਅµਨ੍ਹੇ-ਵਾਹ ਗੋਲਾਬਾਰੀ ਸ਼ੁਰੂ ਕਰ ਦਿੱਤੀ। ਜਿਸ ਨਾਲ ਅਕਾਲ ਬੁੰਗਾ ਦੀ ਇਮਾਰਤ ਦਾ ਘੱਟੋ-ਘੱਟ ਤੀਜਾ ਹਿੱਸਾ ਜਾਂ ਤਾਂ ਬਿਲਕੁਲ ਹੀ ਢਹਿ-ਢੇਰੀ ਹੋ ਗਿਆ ਤੇ ਜਾਂ ਬੁਰੀ ਤਰ੍ਹਾਂ ਤਬਾਹ ਹੋ ਗਿਆ। ਇਸ ਦੇ ਨਾਲ ਭਾਰਤੀ ਫ਼ੌਜ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਸੀ। ਅਖ਼ੀਰ ਪੌਣੇ ਕੁ ਛੇ ਵਜੇ ਏ-ਕਮਾਂਡੋ ਕµਪਨੀ ਦਾ ਮੇਜਰ ਬੀ.ਕੇ. ਮਿਸ਼ਰਾ ਅਕਾਲ ਬੁੰਗਾ ਦੀ ਇਮਾਰਤ ਦੀਆਂ ਪੌੜੀਆਂ ਨੇੜੇ ਜਾ ਪੁੱਜਾ ਪਰ ਉਹ ਅਤੇ ਉਸ ਦੇ ਸਾਥੀ ਉਥੇ ਹੀ ਢੇਰੀ ਹੋ ਗਏ। ਇਸ ਤੋਂ ਇਲਾਵਾ ਦੋਵੇਂ ਕµਪਨੀਆਂ, ਜੋ ਅਕਾਲ ਬੁੰਗਾ ਦੀ ਇਮਾਰਤ ਵੱਲ ਵਧ ਰਹੀਆਂ ਸਨ, ਵੀ ਖਾੜਕੂਆਂ ਦੀ ਜ਼ਬਰਦਸਤ ਗੋਲਾਬਾਰੀ ਦਾ ਸ਼ਿਕਾਰ ਹੋ ਗਈਆਂ। ਉਨ੍ਹਾਂ ਵਿਚੋਂ ਬਹੁਤ ਸਾਰੇ ਮਾਰੇ ਗਏ ਤੇ ਬਚੇ-ਖੁਚੇ ਪਰਿਕਰਮਾ ਦੇ ਬਰਾਂਡੇ ਵਿਚ ਆ ਕੇ ਲੁਕ ਗਏ।
ਸਵੇਰੇ 6 ਵੱਜ ਕੇ 20 ਮਿµਟ ਤਕ ਭਾਰਤੀ ਫ਼ੌਜ ਸਿਰਫ਼ ਬµਦੇ ਮਰਵਾਉਣ ਵਿਚ ਹੀ ਕਾਮਯਾਬ ਹੋ ਸਕੀ ਸੀ ਤੇ ਅਕਾਲ ਬੁੰਗਾ ਦੇ ਮੋਰਚੇ ’ਚੋਂ ਹੋਰ ਕੁਝ ਵੀ ਹਾਸਿਲ ਨਹੀਂ ਸੀ ਕਰ ਸਕੀ। ਇਸ ਮਗਰੋਂ ਸੂਬੇਦਾਰ ਕੇ.ਪੀ. ਰਮਨ ਰਵੀ ਦੀ ਅਗਵਾਈ ਹੇਠ ਕੁਝ ਕਮਾਂਡੋ ਅਕਾਲ ਬੁੰਗਾ ਦੀ ਇਮਾਰਤ ਵੱਲ ਵਧੇ। ਉਹ ਸਾਰੇ ਅਕਾਲ ਤਖ਼ਤ ਸਾਹਿਬ ਦੀਆਂ ਪੌੜੀਆਂ ’ਚ ਪੁੱਜ ਗਏ। ਖਾੜਕੂਆਂ ਨੇ ਸੂਬੇਦਾਰ ਰਵੀ ਨੂੰ ਕਾਬੂ ਕਰ ਲਿਆ ਅਤੇ ਉਸ ਦੇ ਜਿਸਮ ਦੇ ਦੁਆਲੇ ਬਾਰੂਦ ਦੀਆਂ ਲੜੀਆਂ ਬµਨ੍ਹ ਕੇ ਉਸ ਨੂੰ ਉਡਾ ਦਿੱਤਾ ਤੇ ਬਾਕੀ ਦੇ ਕਮਾਂਡੋ ਵੀ ਮਾਰ ਦਿੱਤੇ। ਸਵੇਰੇ ਸਾਢੇ ਸੱਤ ਵਜੇ ਤਕ ਭਾਰਤੀ ਫ਼ੌਜੀਆਂ ਦੀਆਂ ਲਾਸ਼ਾਂ ਦਾ ਢੇਰ ਲੱਗ ਚੁੱਕਾ ਸੀ। ਹੁਣ ਵਿਜਯµਤ ਟੈਂਕਾਂ ਨੇ 105 ਐਮ.ਐਮ. ਦੇ ਧਮਾਕਾਖ਼ੇਜ਼ ਸੂਕੈਸ਼ ਹੈੱਡ ਗੋਲੇ ਅਕਾਲ ਬੁੰਗਾ ਦੀ ਇਮਾਰਤ ’ਤੇ ਸੁੱਟਣੇ ਸ਼ੁਰੂ ਕਰ ਦਿੱਤੇ। ਇਕ ਸੋਮੇ ਮੁਤਾਬਿਕ ਘਟੋ-ਘੱਟ 80 ਅਜਿਹੇ ਗੋਲੇ ਅਕਾਲ ਬੁੰਗਾ ਵਲ ਸੁੱਟੇ ਗਏ। ਦੁਪਹਿਰ 11 ਵਜੇ ਤਕ ਇਹ ਲੜਾਈ ਚਲਦੀ ਰਹੀ। ਇਸ ਦੌਰਾਨ ਸੰਤ ਜਰਨੈਲ ਸਿµਘ ਭਿµਡਰਾਂਵਾਲੇ, ਭਾਈ ਅਮਰੀਕ ਸਿµਘ, ਜਨਰਲ ਸੁਬੇਗ ਸਿµਘ ਅਤੇ ਦਰਜਨਾਂ ਹੋਰ ਸਿੱਖ ਸ਼ਹੀਦ ਹੋ ਚੁੱਕੇ ਸਨ। ਅਕਾਲ ਬੁੰਗਾ ‘ਚੋਂ ਕੁਝ ਸਿੱਖ ਪਿਛਲੇ ਪਾਸਿਓਂ ਬਚ ਕੇ ਨਿਕਲ ਵੀ ਚੁੱਕੇ ਸਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਸ਼ਹੀਦੀ ਕਬੂਲੀ: ਜਥਾ ਭਿੰਡਰਾਂ-ਮਹਿਤਾ (ਜੋ ਆਪਣੇ ਆਪ ਨੂੰ 1977 ਤੋਂ ਦਮਦਮੀ ਟਕਸਾਲ ਕਹਿਣ ੱਲਗ ਪਿਆ ਹੈ) 1984 ਤੋਂ ਲਗਾਤਾਰ ਇਹੀ ਕਹਿੰਦਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ 6 ਜੂਨ 1984 ਦੇ ਦਿਨ ਸ਼ਹੀਦ ਨਹੀਂ ਹੋਏ ਸਨ ਅਤੇ ਖ਼ੁਫ਼ੀਆ ਰਸਤੇ ਰਾਹੀਂ ਦਰਬਾਰ ਸਾਹਿਬ ਵਿਚੋਂ ਨਿਕਲ ਕੇ ਚਲੇ ਗਏ ਸਨ। ਇਸ ਡੇਰੇ ਦੇ ਮੁਖੀ ਠਾਕਰ ਸਿੰਘ ਨੇ ਇਹ ਗੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕਈ ਵਾਰ ਕਹੀ ਕਿ ਬਾਬਾ ਜਰਨੈਲ ਸਿੰਘ ਠੀਕ-ਠਾਕ ਹਨ ਅਤੇ ਉਨ੍ਹਾਂ ਨਾਲ ਉਸ (ਠਾਕਰ ਸਿੰਘ) ਦਾ ਰਾਬਤਾ ਲਗਾਤਾਰ ਕਾਇਮ ਹੈ; ਉਸ ਨੇ ਅਤੇ ਇਸ ਡੇਰੇ ਦੇ ਬਾਕੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਇਹ ਝੂਠ ਲਗਾਤਾਰ 21 ਸਾਲ ਬੋਲਿਆ; ਅਖ਼ੀਰ ਇਨ੍ਹਾਂ ਵਿਚੋਂ ਬਹੁਤਿਆਂ ਨੇ, ਸਣੇ ਬਾਬਾ ਜਰਨੈਲ ਸਿੰਘ ਦੇ ਪਰਿਵਾਰ ਨੇ, 6 ਜੂਨ 2001 ਦੇ ਦਿਨ ਬਾਬਾ ਜਰਨੈਲ ਸਿੰਘ ਦੀ ਸ਼ਹੀਦੀ ਮੰਨ ਲਈ)
ਅਕਾਲ ਬੁੰਗਾ ਦੀ ਇਮਾਰਤ ’ਤੇ ਕਬਜ਼ੇ ਮਗਰੋਂ ਭਾਰਤੀ ਫ਼ੌਜ ਨੂੰ ਸਿਰਫ਼ ਖਾੜਕੂਆਂ ਦੀਆਂ ਲਾਸ਼ਾਂ ਅਤੇ ਚµਦ ਇਕ ਛੋਟੇ-ਮੋਟੇ ਹਥਿਆਰਾਂ ਤੋਂ ਸਿਵਾ ਕੁਝ ਵੀ ਨਾ ਮਿਲਿਆ। ਭਾਵੇਂ ਭਾਰਤੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ 6 ਜੂਨ ਨੂੰ ਦੁਪਹਿਰੇ 11 ਵਜੇ ਕੁਝ ਖਾੜਕੂ ਅਕਾਲ ਬੁੰਗਾ ਦੀ ਇਮਾਰਤ ਤੋਂ ਨਿਕਲ ਕੇ ਸਰੋਵਰ ਵਲ ਭੱਜੇ ਤਾਂ ਜੋ ਤੈਰ ਕੇ ਦਰਬਾਰ ਸਾਹਿਬ ਜਾ ਸਕਣ, ਪਰ ਫ਼ੌਜ ਨੇ ਉਨ੍ਹਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਤੇ ਇµਞ ਹੀ 10 ਖਾੜਕੂ ਚਿੱਟਾ ਝੰਡਾ ਲਹਿਰਾ ਕੇ ਅਕਾਲ ਬੁੰਗਾ ਦੀ ਇਮਾਰਤ ‘ਚੋਂ ਨਿਕਲ ਕੇ ਬਾਹਰ ਆਏ ਤੇ ਫ਼ੌਜ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਕਾਲ ਬੁੰਗਾ ਤੋਂ ਸਰੋਵਰ ਤਕ ਪੁੱਜਣ ਤਕ ਹਜ਼ਾਰਾਂ ਗੋਲੀਆਂ ਦੀ ਵਾਛੜ ਤੋਂ ਬਚਣਾ ਨਾਮੁਮਕਿਨ ਸੀ ਤੇ ਇµਞ ਹੀ ਚਿੱਟਾ ਝµਡਾ ਲੈ ਕੇ ਆਉਣ ਵਾਲੇ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਵੀ ਝੂਠੀ ਹੈ, ਕਿਉਂਕਿ ਫ਼ੌਜ ਨੇ ਇਸ ਮੌਕੇ ਕਿਸੇ ਵੀ ਖਾੜਕੂ ਨੂੰ ਗ੍ਰਿਫ਼ਤਾਰ ਨਹੀਂ ਕੀਤਾ, ਬਲਕਿ ਸਿਰਫ਼ ਗੋਲੀ ਨਾਲ ਹੀ ਉਡਾਇਆ ਸੀ। ਸ਼ਾਇਦ ਬਰਾੜ ਹਥਿਆਰ ਸੁੱਟਣ ਦੀ ਗੱਲ ਆਖ ਕੇ ਫ਼ੌਜ ਦੀ ਕੋਈ ‘ਕਾਮਯਾਬੀ’ ਸਾਬਿਤ ਕਰਨੀ ਚਾਹੁµਦਾ ਹੈ। ਦਰਅਸਲ ਅਕਾਲ ਬੁੰਗਾ ਦੇ ਮੂਹਰੇ ਗਹਿ-ਗੱਚ ਲੜਾਈ ਹੋਈ ਸੀ ਤੇ ਚਸ਼ਮਦੀਦ ਗਵਾਹਾਂ ਮੁਤਾਬਿਕ ਇਕ ਵੀ ਖਾੜਕੂ ਉੱਥੋਂ ਜਿਊਂਦਾ ਨਹੀਂ ਸੀ ਫੜਿਆ ਗਿਆ।
ਦਰਬਾਰ ਸਾਹਿਬ ’ਤੇ ਹਮਲੇ ਦੇ ਕੁਝ ਖ਼ਾਸ ਤੱਥ
ਦੁਨੀਆਂ ਭਰ ਦੀ ਸਭ ਤੋਂ ਵੱਡੀ ਅਸਾਂਵੀਂ ਲੜਾਈ: ਦੁਨੀਆਂ ਭਰ ਵਿਚ ਬਹੁਤ ਸਾਰੀਆਂ ਲੜਾਈਆਂ ਅਸਾਵੀਆਂ ਲੜੀਆਂ ਮੰਨੀਆਂ ਗਈਆਂ ਹਨ, ਜਿਨ੍ਹਾਂ ਵਿਚ ਇਕ ਪਾਸੇ ਮੁੱਠ ਕੁ ਲੋਕ ਸਨ ਤੇ ਉਨ੍ਹਾਂ ਕੋਲ ਅਸਲਾ ਵੀ ਥੋੜ੍ਹਾ ਜਾਂ ਮਾਮੂਲੀ ਜਿਹਾ ਸੀ ਤੇ ਦੂਜੇ ਪਾਸੇ ਬਹੁਤ ਤਾਕਤਵਰ, ਵੱਡੀ, ਅਤੇ ਅਸਲੇ ਨਾਲ ਭਰਪੂਰ ਫ਼ੌਜ ਸੀ। ਇਨ੍ਹਾਂ ਵਿਚੋਂ ਅੱਧੀਆਂ ਤੋਂ ਵੱਧ ਜੰਗਾਂ ਸਿੱਖਾਂ ਨੇ ਲੜੀਆਂ ਸਨ, ਜਿਵੇਂ ਚਮਕੌਰ (7-8 ਦਸੰਬਰ 1705), ਲੋਹਗੜ੍ਹ (30 ਨਵੰਬਰ 1710), ਅਕਾਲ ਬੁੰਗਾ (1 ਦਸੰਬਰ 1764), ਸਾਰਾਗੜ੍ਹੀ (12 ਸਤੰਬਰ 1897)। ਪਰ ਸਭ ਤੋਂ ਲਾਸਾਨੀ ਸੀ ਜੂਨ 1984 ਦੀ ਲੜਾਈ। 4 ਤੋਂ 6 ਜੂਨ 1984 ਦੀ ਦਰਬਾਰ ਸਾਹਿਬ ਦੀ ਲੜਾਈ ਨੇ ਦੁਨੀਆਂ ਭਰ ਦੀਆਂ ਜੰਗਾਂ ਦੀ ਤਵਾਰੀਖ਼ ਬਦਲ ਕੇ ਰੱਖ ਦਿੱਤੀ। ਸਿਰਫ਼ 444 ਵਰਗ ਫੁੱਟ ਜਗਾਹ ‘ਤੇ ਕਬਜ਼ਾ ਕਰਨ ਵਾਸਤੇ ਇਕ ਪਾਸੇ ਦੁਨੀਆਂ ਭਰ ਦੀ ਚੌਥੀ ਵੱਡੀ ਫ਼ੌਜ ਦੇ ਇਕ ਲੱਖ ਤੋਂ ਵੱਧ ਫ਼ੌਜੀ, ਦੁਨੀਆਂ ਭਰ ਦੇ ਸਭ ਤੋਂ ਨਵਾਂ ਅਸਲਾ, ਟੈਕਨਾਲੌਜੀ ਅਤੇ ਸਹੂਲਤਾਂ ਸਣੇ (ਜਿਸ ਵਿਚ ਹੈਲੀਕਾਪਟਰ, ਬਖ਼ਤਰਬੰਦ ਗੱਡੀਆਂ, ਬੰਬ, ਟੈਂਕ ਵੀ ਸ਼ਾਮਿਲ ਸਨ) ਅਤੇ ਦੂਜੇ ਪਾਸੇ ਸਨ: ਭੁੱਖੇ ਭਾਣੇ 125 ਦੇ ਕਰੀਬ ਅਸਿੱਖਿਅਤ ਨੌਜਵਾਨ। ਭਵਿਖ ਵਿਚ ਸ਼ਾਇਦ ਤਵਾਰੀਖ਼ ਪੜ੍ਹਨ ਵਾਲੇ ਇਹ ਮੰਨਣ ਤੋਂ ਝੱਕ ਜਾਣ ਕਿ ਕੀ ਇਹ ਜੰਗ ਸਚਮੁਚ ਹੋਈ ਸੀ ਜਿਸ ਵਿਚ ਐਡੀ ਵੱਡੀ ਤਾਕਤ ਨੂੰ ਏਨੀ ਕੁ ਜਗਾਹ ‘ਤੇ ਕਬਜ਼ਾ ਕਰਨ ਵਾਸਤੇ ਏਨੇ ਕੁ ਬੰਦਿਆਂ ਨੇ ਤਿੰਨ ਦਿਨ ਅੱਗੇ ਲਾਈ ਰੱਖਿਆ।
ਲੜਾਈ ਦੇ ਹੀਰੋ ਕੌਣ ਸਨ?
ਇਸ ਜੰਗ ਦਾ ਸਾਰਾ ਪੈਂਤੜਾ ਜਨਰਲ ਸੁਬੇਗ ਸਿੰਘ ਨੇ ਤਿਆਰ ਕੀਤਾ ਸੀ। ਸਭ ਤੋਂ ਵੱਧ ਤਕੜਾ ਮੋਰਚਾ (ਜਥੇਦਾਰ ਤਲਵਿੰਦਰ ਸਿੰਘ ਦੇ ਸਾਥੀ ਤੇ ਸਿਮਰਨਜੀਤ ਸਿੰਘ ਮਾਨ ਦੀ ਸਰਪਰਸਤੀ ਵਾਲੇ) ਅਮਰਜੀਤ ਸਿੰਘ ਖੇਮਕਰਨੀ ਦਾ ਸੀ। ਉਨ੍ਹਾਂ ਤੋਂ ਇਲਾਵਾ ਨਾਗੋਕੇ ਦੇ ਜੁਝਾਰੂ ਸ਼ਾਇਦ ਸਭ ਤੋਂ ਵੱਧ ਲੜੇ ਸਨ। ਬੀਬੀਆਂ ਵਿਚੋਂ ਉਪਕਾਰ ਕੌਰ ਅਤੇ ਪਰਮਜੀਤ ਕੌਰ ਸੰਧੂ ਨੇ ਬੀਬੀ ਭਿੱਖਾਂ ਚੌਹਾਨ (6 ਦਸੰਬਰ 1705) ਵਾਲਾ ਸਾਕਾ ਮੁੜ ਦੁਹਰਾਇਆ ਸੀ। ਖਾੜਕੂਆਂ ਦੀ ਗਿਣਤੀ ਕਿਸੇ ਤਰ੍ਹਾਂ ਨਾਲ ਵੀ 125 ਤੋਂ ਵੱਧ ਨਹੀਂ ਸੀ।
ਭਾਰਤੀ ਫ਼ੌਜ ਨੇ ਇਹ ਲੜਾਈ ਸ਼ਰਾਬੀ ਹੋ ਕੇ ਲੜੀ: ਦਰਬਾਰ ਸਾਹਿਬ ਅਤੇ ਹੋਰ ਥਾਂਵਾਂ ’ਤੇ ਹਮਲਾਵਰ ਫ਼ੌਜੀਆਂ ਨੇ ਸਾਰੀ ਲੜਾਈ ਸ਼ਰਾਬੀ ਹੋ ਕੇ ਲੜੀ ਸੀ। ਇਕ ਸਰਕਾਰੀ ਰਿਪੋਰਟ ਮੁਤਾਬਿਕ ਫ਼ੌਜ ਨੇ ਸਿਰਫ਼ ਪµਜਾਬ ਵਿਚੋਂ ਹੀ 7 ਲੱਖ ਬੋਤਲਾਂ ਰµਮ ਦੀਆਂ, 30 ਹਜ਼ਾਰ ਵਿਸਕੀ ਦੇ ਅਧੀਏ, 60 ਹਜ਼ਾਰ ਬਰਾਂਡੀ ਦੇ ਅਧੀਏ ਤੇ ਇਕ ਲੱਖ 60 ਹਜ਼ਾਰ ਬੀਅਰ ਦੀਆਂ ਬੋਤਲਾਂ ਖ਼ਰੀਦੀਆਂ ਸਨ। ਇਹ ਸਾਰੀਆਂ ਪµਜਾਬ ਸਰਕਾਰ ਦੇ ‘ਟੈਕਸ ਅਤੇ ਐਕਸਾਈਜ਼’ ਮਹਿਕਮੇ ਨੇ ਇਕ ਨੋਟੀਫ਼ਿਕੇਸ਼ਨ ਰਾਹੀਂ ਟੈਕਸ-ਫ਼ਰੀ ਕਰ ਕੇ ਫ਼ੌਜ ਨੂੰ ‘ਅਪਰੇਸ਼ਨ ਬਲੂ ਸਟਾਰ’ ਵਾਸਤੇ ਮੁਹੱਈਆ ਕੀਤੀਆਂ ਸਨ। ਇਸ ਤੋਂ ਇਲਾਵਾ ਹਜ਼ਾਰਾਂ ਡੱਬੀਆਂ ਸਿਗਰਟਾਂ ਵੀ ਮੁਹੱਈਆ ਕੀਤੀਆਂ ਗਈਆਂ। ਫ਼ੌਜੀ ਦਰਬਾਰ ਸਾਹਿਬ ਦੀ ਹਦੂਦ ਵਿਚ ਸ਼ਰ੍ਹੇਆਮ ਸਿਗਰਟਾਂ ਪੀਂਦੇ ਰਹੇ।
ਮਾਰੇ ਗਏ ਸਿੱਖਾਂ ਦੀਆਂ ਲਾਸ਼ਾਂ ਨਾਲ ਕੀ ਸਲੂਕ ਕੀਤਾ ਗਿਆ?
ਭਾਰਤੀ ਫ਼ੌਜ ਨੂੰ ਹੁਕਮ ਸੀ ਦਰਬਾਰ ਸiਾਹਬ ਵਿਚੋਂ ਕਿਸੇ ਵੀ ਸਿੱਖ ਨੂੰ ਗ੍ਰਿਫ਼ਤਾਰ ਨਹੀਂ ਕਰਨਾ; ਜੋ ਵੀ ਨਜ਼ਰ ਆਵੇ ਉਸ ਨੂੰ ਗੋਲੀ ਮਾਰ ਦੇਣੀ ਹੈ। ਇਸ ਦੇ ਬਾਵਜੂਦ ਇਕ ਫ਼ੌਜੀ ਅਫ਼ਸਰ ਨੇ ਬੇਗੁਨਾਹ ਲੋਕਾਂ ਨੂੰ ਗੋਲੀ ਮਾਰਨ ਦੀ ਬਜਾਇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਨ੍ਹਾਂ ਦੇ ਹੱਥ ਪਿੱਠ ਪਿੱਛੇ ਬੰਨ੍ਹ ਕੇ ਬਿਠਾ ਲਿਆ ਗਿਆ। ਪਰ ਅਖ਼ੀਰ ਫ਼ੌਜੀ ਜਰਨੈਲਾਂ ਦੇ ਹੁਕਮ ਹੇਠ ਉਨ੍ਹਾਂ ਕੈਦ ਕੀਤੇ ਸਿੱਖਾਂ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜਦ ਕੁਝ ਲਾਸ਼ਾਂ ਦਾ ਪੋਸਟ ਮਾਰਟਮ ਹੋਇਆ ਤਾਂ ਉਨ੍ਹਾਂ ਵਿਚ ਪਿੱਠ ਪਿੱਛੇ ਬੰਨ੍ਹੇ ਹੱਥਾਂ ਵਾਲੇ ਇਹ ਲੋਕ ਵੀ ਸ਼ਾਮਿਲ ਸਨ। (ਰੋਜ਼ਾਨਾ ‘ਟਾਈਮਜ਼’ ਲੰਡਨ, 14 ਜੂਨ 1984) 6 ਜੂਨ ਦੀ ਸ਼ਾਮ ਤਕ ਦਰਬਾਰ ਸਾਹਿਬ ਕੰਪਲੈਕਸ ਵਿਚ ਹਰ ਪਾਸੇ ਲਾਸ਼ਾਂ ਦੇ ਢੇਰ ਸਨ। ਸੈਂਕੜੇ ਫ਼ੌਜੀਆਂ ਦੀਆਂ ਲਾਸ਼ਾਂ ਫ਼ੌਜੀ ਟਰੱਕਾਂ ਵਿਚ ਲਿਜਾਈਆਂ ਗਈਆਂ ਅਤੇ ਸਿੱਖਾਂ ਦੀਆਂ ਲਾਸ਼ਾਂ ਢੋਣ ਵਾਸਤੇ ਮਿਊਂਸਿਪਲ ਕਮੇਟੀ ਦੀਆਂ ਕੂੜਾਂ ਚੁੱਕਣ ਵਾਲੀਆਂ ਟਰਾਲੀਆਂ ਲਿਆਂਦੀਆਂ ਗਈਆਂ। ਲਾਸ਼ਾਂ ਚੁੱਕਣ ਵਾਲੇ ਭੰਗੀਆਂ (ਸਫ਼ਾਈ ਸੇਵਕਾਂ) ਨੂੰ ਲਾਲਚ ਦਿੱਤਾ ਗਿਆ ਕਿ ਲਾਸ਼ਾਂ ਦੇ ਬੋਝਿਆਂ ਵਿਚੋਂ ਜੋ ਵੀ ਮਾਲ ਮੱਤਾ ਮਿਲੇ ਉਹ ਰਖ ਸਕਦੇ ਹਨ। ਉਨ੍ਹਾਂ ਸਾਰਿਆਂ ਨੂੰ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਗਈਆਂ ਤੇ ਉਨ੍ਹਾਂ ਸ਼ਰਾਬ ਦੇ ਨਸ਼ੇ ਵਿਚ ਲਾਸ਼ਾਂ ਦੀ ਬੋਅ ਦੀ ਪਰਵਾਹ ਨਾ ਕਰਦੇ ਹੋਏ ਇਨ੍ਹਾਂ ਲਾਸ਼ਾਂ ਨੂੰ ਅੰਮ੍ਰਿਤਸਰ ਤੇ ਆਲੇ-ਦੁਆਲੇ ਦੇ ਸ਼ਮਸ਼ਾਨ ਘਾਟਾਂ ਵਿਚ ਇਕੱਠੀਆਂ ਕਰ ਕੇ ਬਿਨਾਂ ਕਿਸੇ ਧਾਰਮਿਕ ਰਸਮਾਂ ਦੇ ਫੂਕ ਦਿੱਤਾ। ਲਾਸ਼ਾਂ ਢੋਣ ਦਾ ਕµਮ 6 ਤੇ 7 ਜੂਨ ਦੋਵੇਂ ਦਿਨ, ਦਿਨ ਰਾਤ, ਚਲਦਾ ਰਿਹਾ। ਇਹ ਸਾਰਾ ਕੁਝ ਡੀ.ਸੀ. ਰਮੇਸ਼ਇੰਦਰ ਸਿੰਘ ਦੀ ਨਿਗਰਾਨੀ ਹੇਠ ਕੀਤਾ ਗਿਆ। (ਸੁਭਾਸ਼ ਕਿਰਪਾਕਰ ਅਤੇ ਬ੍ਰਹਮਾ ਚੇਲਾਨੀ ਨੇ ਇਸ ਸਾਰੀ ਹਾਲਤ ਵਿਚੋਂ ਬਹੁਤਾ ਕੁਝ ਨੂੰ ਅੱਖੀਂ ਵੇਖ ਕੇ ਆਪਣੀਆਂ ਲਿਖਤਾਂ ਵਿਚ ਬਿਆਨ ਕੀਤਾ ਹੈ)।
2 ਤੋਂ 12 ਸਾਲ ਦੀ ਉਮਰ ਦੇ ਸਿੱਖ ਦਹਿਸ਼ਤਗਰਦ ਜੇਲ੍ਹ ਵਿਚ: ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਕੰਪਲੈਕਸ ਵਿਚ ਹਜ਼ਾਰਾਂ ਸਿੱਖ ਯਾਤਰੂਆਂ ਦਾ ਬੇਰਹਿਮੀ ਨਾਲ ਕਤਲ ਕੀਤਾ। ਇਨ੍ਹਾਂ ਯਾਤਰੂਆਂ ਵਿਚੋਂ ਕਈਆਂ ਦੇ ਨਾਲ ਨਿੱਕੇ-ਨਿੱਕੇ ਬੱਚੇ ਵੀ ਆਏ ਹੋਏ ਸਨ। ਜਿਹੜੇ ਬੱਚੇ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਸੁੱਤੇ ਪਏ ਸਨ ਉਨ੍ਹਾਂ ਨੂੰ ਤਾਂ ਫ਼ੌਜ ਨੇ ਮਾਂ-ਪਿਓ ਦੇ ਨਾਲ ਹੀ ਗੋਲੀਆਂ ਨਾਲ ਭੁੰਨ ਦਿੱਤਾ ਸੀ ਪਰ ਜਿਹੜੇ ਬੱਚੇ ਸਰਾਵਾਂ ਵਿਚ ਰਹਿ ਗਏ ਸਨ ਉਨ੍ਹਾਂ ਦੇ ਮਾਪਿਆਂ ਦੇ ਮਰਨ ਪਿੱਛੋਂ ਫ਼ੌਜ ਨੇ ਇਨ੍ਹਾਂ 39 ਬੱਚਿਆਂ, (ਜਿਨ੍ਹਾਂ ਦੀ ਉਮਰ 2 ਤੋਂ 12 ਸਾਲ ਤਕ ਸੀ) ਨੂੰ ‘ਦਹਿਸ਼ਤਗਰਦ’ ਕਹਿ ਕੇ ਗ੍ਰਿਫ਼ਤਾਰ ਕਰ ਲਿਆ। ਇਹ ‘ਦਹਿਸ਼ਤਗਰਦ’ ਬੱਚੇ ਲੁਧਿਆਣਾ ਜੇਲ੍ਹ ਵਿਚ ਰੱਖੇ ਗਏ ਸਨ। ਉੱਥੇ ਇਨ੍ਹਾਂ ਵਾਸਤੇ ਕੋਈ ਨਿਗਰਾਨ ਨਹੀਂ ਸੀ ਤੇ ਵੱਡੇ (11-12 ਸਾਲ ਦੇ) ਬੱਚੇ ਨਿੱਕੇ ਬੱਚਿਆਂ ਦੀ ਦੇਖ ਭਾਲ ਕਰਦੇ ਸਨ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਮਾਂ-ਬਾਪ ਮਰ ਚੁਕੇ ਸਨ। ਕਾਨੂੰਨ (ਚਿਲਡਰਨ ਐਕਟ 1960 ਤੇ 1976) ਮੁਤਾਬਿਕ ਇਸ ਉਮਰ ਦੇ ਬੱਚੇ ਨੂੰ ਜੇਲ੍ਹ ਵਿਚ ਰੱਖਣ ਦੀ ਸਖ਼ਤ ਮਨਾਹੀ ਹੈ। ਪਰ ਸਿੱਖਾਂ ਦੇ ਇਨਸਾਨੀ ਹੱਕ ਤਾਂ ਹੁੰਦੇ ਹੀ ਨਹੀਂ! ਅਖ਼ੀਰ ਸਤੰਬਰ ਵਿਚ ਕਮਲਾ ਦੇਵੀ ਚੱਟੋਪਾਧੀਆ ਨਾਂ ਦੀ ਇਕ ਇਨਸਾਨੀ ਹਕੂਕ ਦੀ ਇਕ ਅਲੰਬਰਦਾਰ ਨੇ ਇਸ ਸਬੰਧੀ ਭਾਰਤ ਦੀ ਸੁਪਰੀਮ ਕੋਰਟ ਵਿਚ ਦਰਖ਼ਾਸਤ ਦਿੱਤੀ ਤਾਂ ਇਨ੍ਹਾਂ ਬੱਚਿਆਂ ਦੀ ਖਲਾਸੀ ਹੋਈ (ਇਸ ਤੋਂ ਪਹਿਲਾਂ ਕਿ ਸੁਪਰੀਮ ਕੋਰਟ ਦਾ ਹੁਕਮ ਉਥੇ ਪੁੱਜਦਾ ਇਨ੍ਹਾਂ ਵਿਚੋਂ ਕੁਝ ਬੱਚੇ ਨਾਭਾ ਜੇਲ੍ਹ ਵਿਚ ਭੇਜ ਦਿੱਤੇ ਗਏ ਸਨ ਜੋ ਕਈ ਕਈ ਸਾਲ ਜੇਲ੍ਹ ਵਿਚ ਰਹੇ।)
ਜ਼ਾਲਮ ਫ਼ੌਜੀਆਂ ਨੂੰ ਐਵਾਰਡ: ਭਾਰਤੀ ਫ਼ੌਜ ਨੇ ਲੋਕਾਂ ‘ਤੇ ਏਨੇ ਜ਼ੁਲਮ ਕੀਤੇ ਕਿ ਇਕ ਆਮ ਬੰਦਾ ਤਰਾਹ-ਤਰਾਹ ਕਰ ਉਠਦਾ ਹੈ; ਪਰ ਭਾਰਤ ਸਰਕਾਰ ਨੇ ਇਨ੍ਹਾਂ ਫ਼ੌਜੀਆਂ ਨੂੰ ਇਨਸਾਨੀ ਹੱਕਾਂ ਦਾ ਘਾਣ ਕਰਨ ਦੇ ਬਦਲੇ ਵਿਚ ਐਵਾਰਡ ਦਿੱਤੇ। ਚੇਤੇ ਰਹੇ ਕਿ 1962, 1965 ਤੇ 1971 ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨ ਅਤੇ ਚੀਨ ਦੇ ਖ਼ਿਲਾਫ਼ ਜੰਗਾਂ ਲੜੀਆਂ ਸਨ। ਉਨ੍ਹਾਂ ਜੰਗਾਂ ਵਿਚ ਦੁਸ਼ਮਣ ਦੇ ਖ਼ਿਲਾਫ਼ ਲੜਦਿਆਂ ਕਈ ਫ਼ੌਜੀਆਂ ਨੇ ਕਮਾਲ ਦੀ ਬਹਾਦਰੀ ਦਿਖਾਈ ਸੀ। ਉਨ੍ਹਾਂ ਵਿਚੋਂ ਕਿਸੇ ਨੂੰ ਐਵਾਰਡ ਤੇ ਇਨਾਮ ਦੇਣ ਵਾਸਤੇ ਕਦੇ ਕੋਈ ਸਮਾਗਮ ਨਹੀਂ ਕੀਤਾ ਗਿਆ ਸੀ, ਪਰ, ਦਰਬਾਰ ਸਾਹਿਬ ‘ਤੇ ਹਮਲੇ ਦੌਰਾਨ ‘ਬਹਾਦਰੀ ਦਿਖਾਉਣ’ ਬਦਲੇ 10 ਜੁਲਾਈ 1985 ਦੇ ਦਿਨ ਉਚੇਚਾ ਸਮਾਗਮ ਕਰ ਕੇ ਭਾਰਤ ਦੇ ਰਾਸ਼ਟਰਪਤੀ ਜ਼ੈਲ ਸਿੰਘ ਨੇ ਇਨ੍ਹਾਂ ‘ਬਹਾਦਰ ਫ਼ੌਜੀਆਂ’ ਨੂੰ ਐਵਾਰਡ ਦਿੱਤੇ। (ਚੱਲਦਾ)
