ਮਹਿਫ਼ਲਾਂ ਦਾ ਸਰਦਾਰ ਸੀ ਰਛਪਾਲ ਸਿੰਘ ਗਿੱਲ

ਬਲਕਾਰ ਸਿੰਘ ਪ੍ਰੋਫੈਸਰ
ਫੋਨ: +91-93163-01328
ਮਿੱਤਰਾਂ ਵਿਚ ਅਮਰਗੜ੍ਹ ਦੇ ਨੇੜੇ ਝੂੰਦਾਂ ਪਿੰਡ ਹਰਿੰਦਰ ਸਿੰਘ ਮਹਿਬੂਬ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ ਅਤੇ ਇਸ ਵਾਸਤੇ ਯਾਦਗਾਰੀ ਭਵਨ ਪਿੰਡ ਝੂੰਦਾਂ ਵਿਖੇ ਉਸਾਰਿਆ ਹੋਇਆ ਹੈ। ਉਥੇ ਹਰ ਸਾਲ ਮਿੱਤਰਾਂ ਦਾ ਇਕੱਠ ਰਛਪਾਲ ਸਿੰਘ ਗਿੱਲ ਦੀ ਅਗਵਾਈ ਵਿਚ ਹੁੰਦਾ ਰਿਹਾ ਹੈ। ਮੇਰੇ ਤੋਂ ਛੇ ਸਾਲ ਛੋਟੇ ਰਛਪਾਲ ਗਿੱਲ ਦੇ ਕੈਨੇਡਾ ਬੀ.ਸੀ ਦੇ ਸ਼ਹਿਰ ਐਬਸਫੋਰਡ ਵਿਚ ਆਖਰੀ ਫਤਹਿ ਬੁਲਾਉਣ ਦੀ ਖਬਰ ਗੁਰਦਿਆਲ ਬੱਲ ਨੇ ਤਿੰਨ ਜੂਨ ਸ਼ਾਮ ਨੂੰ ਦੇਂਦਿਆਂ ਕਿਹਾ ਸੀ ਕਿ ਗਿੱਲ ਸਾਹਿਬ ਦੋ ਜੂਨ ਨੂੰ ਵਿਛੋੜਾ ਦੇ ਗਏ ਹਨ।

ਅਰਬਨ ਐਸਟੇਟ ਪਟਿਆਲਾ ਵਿਖੇ ਬੱਲ ਦੇ ਘਰ ਤੋਂ ਹੀ ਗਿੱਲ ਸਾਹਿਬ ਨਾਲ ਨੇੜਤਾ ਦੀ ਸ਼ੁਰੂਆਤ ਹੋਈ ਸੀ। ਉਹ ਮਹਿਬੂਬ ਸਾਹਿਬ ਨੂੰ ਨਾਲ ਲੈ ਕੇ ਆਏ ਹੋਏ ਸਨ। ਉਸੇ ਦਿਨ ਹੀ ਮੈਨੂੰ ਲੱਗਿਆ ਸੀ ਕਿ ਗਿੱਲ ਸਾਹਿਬ ਮਹਿਫਲਾਂ ਦੇ ਜਨਕ ਵੀ ਹਨ ਅਤੇ ਮਹਿਫਲਾਂ ਦਾ ਸ਼ਿੰਗਾਰ ਵੀ ਹਨ। ਫਿਰ ਤਾਂ ਗਿੱਲ ਸਾਹਿਬ ਦੀਆਂ ਬਹੁਤੀਆਂ ਸ਼ਾਮਾਂ ਅਰਬਨ ਐਸਟੇਟ ਹੀ ਲੰਘਣ ਲਗ ਪਈਆਂ ਸਨ। ਛੇਤੀ ਹੀ ਇਹ ਪਤਾ ਲੱਗ ਗਿਆ ਸੀ ਕਿ ਗਿੱਲ ਨੂੰ ਮਹਿਬੂਬ ਵਾਲੀ ਅਦਬੀ ਮਹਿਫਲ ਅਤੇ ਬੱਲ ਵਾਲੀ ਦਾਰੂ ਮਹਿਫਲ ਨਾਲ ਇਕੋ ਜਿੰਨੀ ਮੁਹਾਰਤ ਨਾਲ ਨਿਭਣ ਦਾ ਸਲੀਕਾ ਆਉਂਦਾ ਸੀ। ਦੋਹਾਂ ਹੀ ਮਹਿਫਲਾਂ ਵਿਚ ਗਿੱਲ ਦੀ ਹਿੱਸੇਦਾਰੀ ਸਰੋਤੇ ਵਾਂਗ ਵਧੇਰੇ ਹੁੰਦੀ ਸੀ। ਮਿਲਦਿਆਂ-ਗਿਲਦਿਆਂ ਸਮਝ ਆਉਣ ਲੱਗ ਪਿਆ ਸੀ ਕਿ ਗਿੱਲ ਦਾ ਜ਼ਿੰਦਗੀ ਦੇ ਖੂਬਸੂਰਤ ਸਰੋਕਾਰਾਂ ਨਾਲ ਆਸ਼ਕੀ ਵਰਗਾ ਰਿਸ਼ਤਾ ਸੀ। ਜਦੋਂ ਹਸਪਤਾਲ ਵਿਚ ਸਪੋਰਟ ਸਿਸਟਮ ਨਾਲ ਗਿੱਲ ਜੂਝ ਰਿਹਾ ਸੀ, ਉਸ ਵੇਲੇ ਮੈਂ ਉਹਨੂੰ ਇਕ ਪਾਕਿਸਤਾਨੀ ਸ਼ਾਇਰਾ ਦੀ ਉਹ ਗ਼ਜ਼ਲ ਸੋਸ਼ਲ ਮੀਡੀਆ `ਤੇ ਭੇਜੀ ਸੀ, ਜਿਸ ਦੇ ਇਸ ਸ਼ੇਅਰ ਨੇ ਮੈਨੂੰ ਪ੍ਰਭਾਵਿਤ ਕੀਤਾ ਸੀ ਕਿ ਕੁੜੀ ਜਵਾਨ ਹੋ ਰਹੀ ਹੋਵੇ ਤਾਂ ਊਂਧੀ ਪਾ ਕੇ ਤੁਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਮੁੰਡਾ ਜਵਾਨ ਹੋ ਰਿਹਾ ਹੋਵੇ ਤਾਂ ਗਰਦਨ ਅਕੜਾ ਕੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਹੁੰਗਾਰਾ ਨਾ ਆਉਣ `ਤੇ ਹੈਰਾਨੀ ਹੋਈ ਸੀ, ਕਿਉਂਕਿ ਅਕਸਰ ਉਸ ਵਲੋਂ ਵੇਖ ਲੈਣ ਦੇ ਸੰਕੇਤ ਆ ਜਾਂਦੇ ਸਨ। ਤੁਰ ਜਾਣ ਦਾ ਪਤਾ ਲੱਗਿਆ ਤਾਂ ਮੈਨੂੰ ਮੀਰ ਤਕੀ ਮੀਰ ਦਾ ਸ਼ੇਅਰ ‘ਸਿਰਹਾਨੇ ਮੀਰ ਕੇ ਜ਼ਰਾ ਆਇਸਤਾ ਬੋਲੋ, ਟੁਕ ਰੋਤੇ ਰੋਤੇ ਸੋ ਗਿਆ ਹੈ’ ਬੜਾ ਯਾਦ ਆਇਆ। ਏਸੇ ਨੂੰ ਮੈਂ ‘ਟੁਕ ਹਸਤੇ ਹਸਤੇ ਸੋ ਗਿਆ ਹੈ’ ਵਜੋਂ ਸਾਂਝਾ ਕਰਨਾ ਚਾਹੁੰਦਾ ਹਾਂ। ਏਸੇ ਕਰਕੇ ਤਾਂ ਮੈਨੂੰ ਉਹ ਮਿੱਤਰਾਂ ਦੀਆਂ ਮਹਿਫਲਾਂ ਦੇ ਜਨਕ ਅਤੇ ਸ਼ਿੰਗਾਰ ਲੱਗਦੇ ਰਹੇ ਸਨ। ਉਹ ਲਿਬਰਲ ਸਿੱਖ ਸਨ ਅਤੇ ਧਰਮ ਨਾਲ ਨਿਭਣ ਦੀ ਕੋਸ਼ਿਸ਼ ਸੰਜੀਦਗੀ ਨਾਲ ਕਰਦੇ ਸਨ ਅਤੇ ਨਾਲੋ-ਨਾਲ ਸਭਿਆਚਾਰਕ ਸੁਰ ਵਿਚ ਜਿਊਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਸਨ। ਉਨ੍ਹਾਂ ਨੂੰ ਇਹ ਸ਼ੈਲੀ ਭਾਸ਼ਾ ਵਿਭਾਗ ਵਿਚ ਕੰਮ ਕਰਦਿਆਂ ਬਹੁਤ ਕੰਮ ਆਈ ਸੀ, ਜਿਥੋਂ ਉਹ ਭਾਸ਼ਾ ਵਿਭਾਗ ਪਟਿਆਲਾ ਦੇ ਡਾਇਰੈਕਟਰ ਵਜੋਂ ਸੇਵਾ ਮੁਕਤ ਹੋਏ ਸਨ।

ਮੈਂ ਗਿੱਲ ਪਰਿਵਾਰ ਦਾ ਭੇਤੀ ਹੋ ਕੇ ਮਹਿਸੂਸ ਕਰਦਾ ਰਿਹਾ ਹਾਂ ਕਿ ਏਧਰ-ਓਧਰ ਖਿਲਰ ਜਾਣ ਦੇ ਬਾਵਜੂਦ ਇਕੋ ਪਰਿਵਾਰ ਵਾਂਗ ਹਾਜ਼ਰ ਤੇ ਗੈਰ-ਹਾਜ਼ਰ ਸਾਰੇ ਗਿੱਲ ਝੂੰਦਾਂ ਪਿੰਡ ਵਿਚ ਇਕੱਠੇ ਰਹਿੰਦੇ ਹਨ। ਇਹ ਸਹਿਯੋਗੀ ਅਤੇ ਮੁਹੱਬਤੀ ਪੰਜਾਬੀਅਤ ਅਜ-ਕਲ੍ਹ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ। ਇਸ ਵਿਚੋਂ ਹੀ ਨਿਕਲੀ ਹੋਈ ਸੀ ਰਛਪਾਲ ਦੀ ਸੰਵੇਦਨ-ਸ਼ੈਲੀ। ਉਹ ਆਪਸੀ ਲੜਾਈਆਂ ਦੀ ਜੜ੍ਹ ਹਉਮੈਂ ਨਾਲ ਤੁਰਨਾ ਬੇਸ਼ਕ ਸਿੱਖ ਗਏ ਸਨ ਅਤੇ ਜਿਥੇ ਆਪਸੀ ਵਿਰੋਧ ਭਖ ਜਾਏ ਉਥੋਂ ਕਿਨਾਰਾ ਕਰ ਲੈਂਦੇ ਸਨ। ਜਿੰਨੀ ਸਫਲਤਾ ਨਾਲ ਉਸ ਨੇ ਨੌਕਰੀ ਕੀਤੀ ਸੀ, ਓਨੀ ਹੀ ਸਫਲਤਾ ਨਾਲ ਉਸ ਦਾ ਪਰਿਵਾਰ ਪਿੰਡ ਵਿਚ ਖੇਤੀ ਕਰਦਾ ਆ ਰਿਹਾ ਹੈ। ਅਰਬਨ ਐਸਟੇਟ ਪਟਿਆਲਾ ਨਾਲ ਜਿਹੜਾ ਰਿਸ਼ਤਾ ਬੱਲ ਦੇ ਘਰ ਤੋਂ ਸ਼ੁਰੂ ਹੋਇਆ ਸੀ, ਉਹ ਡਾ. ਹਰੀ ਸਿੰਘ ਰਾਹੀਂ ਗਿੱਲ ਨੇ ਆਖਰੀ ਸਾਹਾਂ ਤੱਕ ਨਿਭਾਇਆ ਸੀ। ਉਸ ਨਾਲ ਜੁੜੀਆਂ ਯਾਦਾਂ ਦੀ ਦਾਸਤਾਨ ਨੂੰ ਇਕ ਲੜੀ ਵਿਚ ਪਰੋਣਾ ਸੌਖਾ ਨਹੀਂ ਹੈ, ਕਿਉਂਕਿ ਉਹ ਜਿੰਨੀ ਸੌਖ ਅਤੇ ਸ਼ੌਕ ਨਾਲ ਕਵਿਤਾਵਾਂ ਸੁਣ ਸਕਦੇ ਸਨ, ਓਸੇ ਸ਼ੌਕ ਨਾਲ ਫੁਟਬਾਲ ਦਾ ਮੈਚ ਵੀ ਵੇਖ ਸਕਦੇ ਸਨ। ਜਿਸ ਨਾਲ ਨਿਭਣ ਵਿਚ ਗਿੱਲ ਨੂੰ ਔਖ ਮਹਿਸੂਸ ਹੁੰਦੀ ਸੀ, ਉਹ ਉਸ ਪਾਸੇ ਜਾਂਦੇ ਸਾਰੇ ਰਸਤੇ ਹੀ ਬੰਦ ਕਰ ਦੇਂਦੇ ਸਨ। ਉਚੀ ਬੋਲਣਾ ਅਤੇ ਉਚੀ ਸੁਣਨਾ ਉਸ ਨੂੰ ਬਿਲਕੁਲ ਪਸੰਦ ਨਹੀਂ ਸੀ। ਪ੍ਰਾਹੁਣਾਚਾਰੀ ਉਸ ਨੂੰ ਪਰਿਵਾਰਕ ਖਾਸੀਅਤ ਜਾਂ ਪਿਤਾ ਪੁਰਖੀ ਮਿਲੀ ਹੋਈ ਸੀ। ਉਸ ਦੇ ਸਹਿਚਾਰੀਆਂ ਵਿਚ ਪਟਿਆਲੇ ਦਾ ਹਰ ਉਹ ਬੰਦਾ ਸ਼ਾਮਲ ਸੀ, ਜਿਹੜਾ ਕਿਸੇ ਵੱਖਰੀ ਪਛਾਣ ਦਾ ਪ੍ਰਤੀਨਿਧ ਸੀ। ਖਾਸੀਅਤਾਂ ਦੇ ਉਲਾਰ ਵਿਚ ਵਹਿ ਜਾਣ ਵਾਲਿਆਂ ਨੂੰ ਵੇਖ ਕੇ ਅਣਡਿੱਠ ਕਰਨ ਦੀ ਕੋਸ਼ਿਸ਼ ਸਫਲ ਹੁੰਦੀ ਨਾ ਦਿਸੇ ਤਾਂ ਉਹ ਪਾਸਾ ਵੱਟ ਕੇ ਲੰਘਣਾ ਸ਼ੁਰੂ ਕਰ ਦੇਂਦੇ ਸਨ। ਸ਼ਿਕਾਇਤੀ ਖਿੜਕੀ `ਤੇ ਖਲੋਣ ਦੀ ਆਦਤ ਨਾਲ ਨਿਭਣ ਤੋਂ ਇਨਕਾਰੀ ਹੋਣ ਦਾ ਸਹਿਜ ਉਸ ਨੇ ਸਦਾ ਹੰਢਾਇਆ ਸੀ। ਕੁਲ ਮਿਲਾ ਕੇ ਗਿੱਲ ਖੁਸ਼ੀਆਂ ਵੰਡਦਾ ਰਿਹਾ ਸੀ ਅਤੇ ਗਮੀਆਂ ਨੂੰ ਚੁਪਕੇ ਭੁਗਤਦਾ ਰਿਹਾ ਸੀ। ਇਸ ਵਾਰੀਂ ਪਟਿਆਲੇ ਆਇਆ ਤਾਂ ਬਹੁਤ ਘੱਟ ਮਿਲਿਆ ਸੀ। ਤੁਰ ਗਿਐ ਤਾਂ ਪਤਾ ਲੱਗ ਰਿਹਾ ਹੈ ਕਿ ਉਹ ਸਰੀਰਕ ਤੌਰ `ਤੇ ਠੀਕ ਨਹੀਂ ਸੀ। ਆਪਣੇ ਕਨੇਡੀਅਨ ਡਾਕਟਰ ਦੇ ਸੰਪਰਕ ਵਿਚ ਰਹਿੰਦਾ ਸੀ ਅਤੇ ਮੈਡੀਕਲ ਸਲਾਹ `ਤੇ ਹੀ ਉਸ ਨੂੰ ਵਾਪਸ ਜਾਣਾ ਪਿਆ ਸੀ ਕਿਉਂਕਿ ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋਣ ਲੱਗ ਪਈ ਸੀ। ਉਸ ਦੇ ਸਮਕਾਲੀਆਂ ਵਿਚ ਪੁਸਤਕ ਸਭਿਆਚਾਰ ਦੇ ਬਹੁਰੰਗੇ ਦੋਸਤਾਂ ਦੇ ਦੁਸ਼ਮਨ ਵੀ ਸ਼ਾਮਲ ਸਨ। ਦੁਸ਼ਮਨ ਨੂੰ ਅਸਹਿਮਤ ਪੜ੍ਹਣਾ ਵਧੇਰੇ ਠੀਕ ਹੋਵੇਗਾ। ਵਿਸਥਾਰ ਵਿਚ ਜਾਏ ਬਿਨਾ ਇਹ ਕਹਿਣਾ ਚਾਹ ਰਿਹਾ ਹਾਂ ਕਿ ਉਨ੍ਹਾਂ ਵਿਚ ਪੜ੍ਹੇ ਲਿਖੇ ਕੱਟੜਵਾਦੀ ਅਤੇ ਲਿਬਰਲ ਸ਼ਾਮਲ ਸਨ। ਪੜ੍ਹਤ ਦੇ ਭਾਰ ਹੇਠ ਦੱਬੇ ਹੋਇਆਂ ਤੋਂ ਦੂਰ ਰਹਿਣਾ ਉਹ ਪਸੰਦ ਕਰਦੇ ਸਨ ਕਿਉਂਕਿ ਉਸ ਨੂੰ ਅਜਿਹੇ ਲੋਕਾਂ ਦਾ ਵੀ ਪਤਾ ਸੀ ਜਿਹੜੇ ਸਮਝਦੇ ਸਨ ਕਿ ਸੂਚਨਾ ਅਤੇ ਸਮਝ ਵਿਚਲੇ ਫਰਕ ਨੂੰ ਮੇਟੇ ਬਿਨਾ ਗਲ ਵੱਢਵੇਂ ਮੁਕਾਬਲਿਆਂ ਤੋਂ ਬਚਿਆ ਨਹੀਂ ਜਾ ਸਕਦਾ। ਇਹੋ ਜਿਹਾ ਇਕ ਲਤੀਫਾ ਪੰਜਾਬੀ ਯੂਨੀਵਰਸਿਟੀ ਵਿਚ ਇਹ ਚੱਲਿਆ ਸੀ ਕਿ ਪੜ੍ਹੇ ਲਿਖੇ ਕਮਲਿਆਂ ਨਾਲ ਵੈਰ ਵਿੱਢਣ ਦੀ ਥਾਂ ਉਨ੍ਹਾਂ ਨੂੰ ਮੁਫਤ ਕਾਫੀ ਵਾਲਾ ਕਾਫੀ ਹਾਊਸ ਖੋਲ੍ਹ ਦਿਉ, ਆਪੇ ਪੀ ਪੀ ਕੇ ਮਰ ਜਾਣਗੇ। ਗਿੱਲ ਵਰਗੀਆਂ ਰੱਜੀਆਂ-ਪੁੱਜੀਆਂ ਰੂਹਾਂ ਨੂੰ ਸਿਧਾਂਤਕੀ ਦੀ ਘੋੜ-ਦੌੜ ਦੇ ਉਲਾਰ ਵਿਚ ਨਹੀਂ ਉਲਝਣਾ ਚਾਹੀਦਾ ਅਤੇ ਉਹ ਨਹੀਂ ਉਲਝੇ ਸਨ। ਹਿਜਰਤੀ ਦੁਸ਼ਵਾਰੀਆਂ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਅਤੇ ਇਸ ਬਾਰੇ ਕਦੇ ਗੱਲ ਵੀ ਨਹੀਂ ਕਰਦਾ ਸੀ। ਮੈਂ ਉਸ ਨੂੰ ਉਸ ਦੇ ਪੁੱਤਰ ਦੇ ਘਰ ਮਿਲਣ ਗਿਆ ਸੀ ਐਬਸਫੋਰਡ। ਸੰਤੁਸ਼ਟ ਲੱਗਦਾ ਸੀ ਪਰ ਮੈਂ ਉਸ ਵਿਚੋਂ ਕੁਝ ਹੋਰ ਹੀ ਭਾਲਦਾ ਰਿਹਾ ਸੀ। ਮੇਰਾ ਕਨੇਡੀਅਨ ਬੇਟਾ ਬਲਜੀਤ ਸਿੰਘ ਬਦੇਸ਼ਾ ਮੇਰੇ ਨਾਲ ਸੀ। ਸਾਡੇ ਵਰਗੀ ਪਟਿਆਲਵੀ ਸਾਂਝ ਸਾਡੇ ਚਾਹੁਣ ਦੇ ਬਾਵਜੂਦ ਸਾਡੇ ਬੇਟਿਆਂ ਵਿਚ ਹੋਣ ਦੀਆਂ ਸੰਭਾਵਨਾਵਾਂ ਬਹੁਤ ਮੱਧਮ ਲੱਗਦੀਆਂ ਸਨ। ਸਰੀ ਦੇ ਗੁਰੂਘਰ ਵਿਖੇ ਉਹ ਮੈਨੂੰ ਮਿਲੇ ਸਨਮਾਨ ਸਮਾਰੋਹ ਵਿਚ ਹਾਜ਼ਰ ਹੋਇਆ ਸੀ ਅਤੇ ਐਤਵਾਰ ਅੱਠ ਜੂਨ 2025 ਨੂੰ ਉਸੇ ਗੁਰੂਘਰ ਵਿਚ ਪੰਜਾਬ, ਅਮਰੀਕਾ ਅਤੇ ਕੈਨੇਡਾ ਤੋਂ ਪਹੁੰਚੇ ਉਸ ਦੇ ਸਨੇਹੀਆਂ ਵਲੋਂ ਉਸ ਨੂੰ ਅੰਤਿਮ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ। ਕੈਨੇਡਾ ਵਿਚ ਇਹ ਆਖਰੀ ਰਸਮ ਸਿੱਖ ਰੰਗ ਵਿਚ ਨਿਭਾਈ ਗਈ। ਉਂਜ ਰਸਮਾਂ ਨਾਲ ਜਾਣ ਵਾਲੇ ਦਾ ਭਲਾ ਕੀ ਸਬੰਧ? ਜਿਸ ਸਫਰ `ਤੇ ਉਹ ਨਿਕਲ ਗਿਆ ਹੈ, ਉਸ ਦੀਆਂ ਪੈੜਾਂ ਨੂੰ ਨੱਪਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਮਿੱਤਰ ਮੰਡਲੀ ਵਿਚੋਂ ਉਸ ਦੀ ਗੈਰ ਹਾਜ਼ਰੀਆਂ ਦੀਆਂ ਗੱਲਾਂ ਹੁੰਦੀਆਂ ਰਹਿਣੀਆਂ ਹਨ। ਗਿੱਲ ਦੀਆਂ ਯਾਦਾਂ ਦਾ ਸਕਰਮਕ ਦੌਰ ਬੇਸ਼ਕ ਮੁਕ ਗਿਆ ਹੈ ਪਰ ਉਸ ਦੀਆਂ ਯਾਦਾਂ ਦਾ ਮੁਹੱਬਤੀ ਪ੍ਰਸੰਗ ਤਾਂ ਬਣਿਆ ਹੀ ਰਹਿਣਾ ਹੈ। ਪਰਿਵਾਰ ਨੂੰ ਇਸ ਵਿਛੋੜੇ ਨਾਲ ਭਾਣੇ ਵਿਚ ਨਿਭਣਾ ਪੈਣਾ ਹੈ। ਗਿੱਲ ਦੀ ਉਹ ਮੁਸਕਰਾਹਟ ਜਿਹੜੀ ਉਹ ਗੱਲ-ਬਾਤ ਵੇਲੇ ਵਰਤਦਾ ਰਹਿੰਦਾ ਸੀ, ਉਸ ਨੂੰ ਅੱਖਰਾਂ ਵਿਚ ਸੁਰੱਖਿਅਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਹਿਸਾਸ, ਕੇਵਲ ਰੂਹ ਨਾਲ ਮਹਿਸੂਸ ਕਰਕੇ ਹੀ ਜ਼ਿੰਦਾ ਰੱਖੇ ਜਾ ਸਕਦੇ ਹਨ। ਅਲਵਿਦਾ ਪਿਆਰੇ ਰਛਪਾਲ ਸਿੰਘ ਗਿੱਲ ਅਲਵਿਦਾ। ਗੁਰੂ ਜੀ ਅੰਗ-ਸੰਗ ਹੋਵਨ ਦੀ ਅਰਦਾਸ ਹੈ।