ਪਰਮਾਣੂ ਜੰਗ ਮੈਂ ਰੁਕਵਾਈ ਪਰ ਨਹੀਂ ਮਿਲਿਆ ਕ੍ਰੈਡਿਟ: ਟਰੰਪ

ਨਿਊਯਾਰਕ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ-ਪਾਕਿ ਨਾਲ ਰਲਿਬਾਤ ਕਰਨਾ ਤੇ ਉਨ੍ਹਾਂ ਨੂੰ ਸੰਕਟ ਤੋਂ ਬਚਾਉਣਾ ਮੇਰੇ ਲਈ ਬਹੁਤ ਵੱਡੀ ਕਾਮਯਾਬੀ ਹੈ ਜਿਸ ਦਾ ਸਿਹਰਾ ਮੈਨੂੰ ਕਦੇ ਨਹੀਂ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਦੋਵਾਂ ਦੇਸ਼ਾਂ ‘ਚ ਬਹੁਤ ਨਫ਼ਰਤ ਸੀ ਤੇ ਤਣਾਅ ਇਸ ਹੱਦ ਤੱਕ ਵੱਧ ਗਿਆ ਸੀ ਕਿ ਇਸ ਦਾ ਅਗਲਾ ਪੜਾਅ ਸ਼ਾਇਦ ਪਰਮਾਣੂ ਯੁੱਧ ਹੋ ਸਕਦਾ ਸੀ।

‘ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ‘ਚ ਟਰੰਪ ਨੇ ਕਿਹਾ, ‘ਇਹ ਮੇਰੇ ਲਈ ਬਹੁਤ ਵੱਡੀ ਕਾਮਯਾਬੀ ਹੈ। ਇਹ ਦੋਵੇਂ ਦੇਸ਼ ਪਰਮਾਣੂ ਸ਼ਕਤੀ ਵਾਲੇ ਦੇਸ਼ ਹਨ ਤੇ ਉਹ ਗੁੱਸੇ ‘ਚ ਸਨ। ਟਰੰਪ ਦੀ ਮੱਧ-ਪੂਰਬ ਦੀ ਯਾਤਰਾ ਤੋਂ ਪਹਿਲਾ ਜਦੋਂ ਉਨ੍ਹਾਂ ਤੋਂ ਵਿਦੇਸ਼ ਨੀਤੀ ਦੀਆਂ ਕੁਝ ਸਫਲਤਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਨਾਲ ਸਿੱਧੀ ਗੱਲਬਾਤ ਕੀਤੀ ਸੀ ਤੇ ਤਣਾਅ ਘਟਾਉਣ ਲਈ ਅਮਰੀਕਾ ਵੱਲੋਂ ਵਿਚੋਲਗੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜਦੋਂ ਤਣਾਅ ਵੱਧ ਰਿਹਾ ਸੀ, ਮਿਜ਼ਾਈਲਾਂ ਦੀ ਵਰਤੋਂ ਹੋ ਰਿਹਾ ਸੀ ਤੇ ਟਕਰਾਅ ‘ਜੈਸੇ ਨੂੰ ਤੈਸਾ’ ਦੀ ਦਿਸ਼ਾ ‘ਚ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਦਖ਼ਲ ਦਿੱਤਾ ਤੇ ਹਾਲਾਤ ਵਿਗੜਨ ਤੋਂ ਰੋਕੇ।
ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਭਾਰਤ ਤੇ ਪਾਕਿਸਤਾਨ ਦੇ ਆਗੂਆਂ ਨੂੰ ਫੋਨ ਕੀਤਾ ਤਾਂ ਇਸ ਦੇ ਜਵਾਬ ‘ਚ ਟਰੰਪ ਨੇ ਜਵਾਬ ਦਿੱਤਾ, ‘ਹਾਂ, ਮੈਂ ਕੀਤਾ।’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਤੁਸੀਂ ਇਸ ਨੂੰ ਇਕ ਕਾਮਯਾਬੀ ਮੰਨਦੇ ਹੋ ਤਾਂ ਉਨ੍ਹਾਂ ਨੇ ‘ਹਾਂ’ ਵਿਚ ਜਵਾਬ ਦਿੱਤਾ, ਤੇ ਕਿਹਾ, ‘ਦੋਵਾਂ ਦੇਸ਼ਾਂ ‘ਚ ਤਣਾਅ ਇੰਨਾ ਵੱਧ ਗਿਆ ਸੀ ਕਿ ਇਸ ਦਾ ਅਗਲਾ ਪੜਾਅ ਸ਼ਾਇਦ ਪਰਮਾਣੂ ਯੁੱਧ ਹੋ ਸਕਦਾ ਸੀ ਤੁਸੀਂ ਦੇਖਿਆ ਕਿ ਇਹ ਤਣਾਅ ਕਿਸ ਦਿਸ਼ਾ ‘ਚ ਜਾ ਰਿਹਾ ਸੀ? ਇਹ ਇਕ ਤਰ੍ਹਾਂ ਦਾ ਬਦਲਾ ਸੀ। ਇਹ ਤਣਾਅ ਉਸ ਬਿੰਦੂ ਤੱਕ ਪੁੱਜ ਚੁੱਕਾ ਸੀ ਜਿੱਥੇ ਤੁਸੀਂ ਜਾਣਦੇ ਹੋ ਕਿ ਅੱਗੇ ਕੀ ਹੋਣ ਵਾਲਾ ਸੀ? ਫਿਰ ਮੈਂ ਕਿਹਾ, ‘ਅਸੀਂ ਵਪਾਰ ਬਾਰੇ ਗੱਲ ਕਰਨ ਜਾ ਰਹੇ ਹਾਂ। ਅਸੀਂ ਬਹੁਤ ਸਾਰਾ ਵਪਾਰ ਕਰਨ ਜਾ ਰਹੇ ਹਾਂ। ਮੈਂ ਵਪਾਰ ਦੀ ਵਰਤੋਂ ਹਿਸਾਬ ਬਰਾਬਰ ਕਰਨ ਤੇ ਸ਼ਾਂਤੀ ਬਹਾਲੀ ਲਈ ਕਰ ਰਿਹਾ ਹਾਂ।