ਭਾਰਤ ਵਿਚ ਮਾਮੂਲੀ ਸੋਸ਼ਲ ਮੀਡੀਆ ਪੋਸਟਾਂ ਦੇ ਆਧਾਰ ’ਤੇ ਆਮ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਨਾ ਆਮ ਵਰਤਾਰਾ ਬਣ ਚੁੱਕਾ ਹੈ। ਹੁਣ ਜਿਹੇ ਦੋ ਅਜਿਹੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ, ਜਿਨ੍ਹਾਂ ਦੇ ਪਿੱਛੇ ਸੱਤਾਧਾਰੀ ਧਿਰ ਦੀ ਰਾਜਨੀਤਕ ਜਬਰ ਦੀ ਨੀਤੀ ਤੋਂ ਬਿਨਾ ਹੋਰ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਤ੍ਰਾਸਦੀ ਇਹ ਹੈ ਕਿ ਭਾਰਤ ਦੀ ਸਿਵਲ ਸੁਸਾਇਟੀ ਵਿਚ ਇਸ ਨੂੰ ਲੈ ਕੇ ਕੋਈ ਖ਼ਾਸ ਹਲਚਲ ਨਹੀਂ ਹੈ। ਇਨ੍ਹਾਂ ਪੱਖਾਂ ਦੀ ਚਰਚਾ ਸਾਡੇ ਕਾਲਮਨਵੀਸ ਬੂਟਾ ਸਿੰਘ ਨੇ ਇਸ ਲੇਖ ਵਿਚ ਕੀਤੀ ਹੈ।-ਸੰਪਾਦਕ
ਹਿਟਲਰ-ਮੁਸੋਲਿਨੀ ਦੀ ਪੈਰੋਕਾਰ ਭਗਵਾ ਹਕੂਮਤ ਭਾਰਤੀ ਲੋਕਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਲਗਾਤਾਰ ਹਮਲੇ ਕਰ ਰਹੀ ਹੈ। ਦੋ ਸ਼ਖ਼ਸੀਅਤਾਂ, ਅਲੀ ਖ਼ਾਨ ਮਹਮੂਦਾਬਾਦ ਅਤੇ ਰੇਜਾਜ਼ ਐੱਮ ਸ਼ੀਬਾ ਸਿਦੀਕ ਦੀ ਗ੍ਰਿਫ਼ਤਾਰੀ ਇਸ ਫਾਸ਼ੀਵਾਦੀ ਹਮਲੇ ਦੀਆਂ ਤਾਜ਼ਾ ਮਿਸਾਲਾਂ ਹਨ। ਗ੍ਰਿਫ਼ਤਾਰ ਕੀਤੇ ਪ੍ਰੋਫੈਸਰ ਅਲੀ ਖ਼ਾਨ ਰਾਜਨੀਤੀ-ਵਿਗਿਆਨ ਅਤੇ ਇਤਿਹਾਸ ਦੇ ਵਿਦਵਾਨ ਹਨ ਅਤੇ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਹਨ। ਰੇਜਾਜ਼ ਕੇਰਲਾ ਤੋਂ ਸੁਤੰਤਰ ਪੱਤਰਕਾਰ ਤੇ ਡੈਮੋਕਰੇਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਕਾਰਕੁਨ ਹਨ। ਦੋਹਾਂ ਦੇ ਨਾਮਾਂ ਤੋਂ ਸਪਸ਼ਟ ਹੈ ਕਿ ਉਹ ਉਸ ਧਾਰਮਿਕ ਫਿਰਕੇ ਨਾਲ ਸੰਬੰਧਤ ਹਨ, ਜੋ ਆਰ.ਐੱਸ. ਐੱਸ.-ਭਾਜਪਾ ਦੇ ਰਾਜਨੀਤਕ ਪ੍ਰੋਜੈਕਟ ਵਿਚ ਦੋਇਮ-ਦਰਜੇ ਦੇ ਨਾਗਰਿਕ ਹਨ।
ਪ੍ਰੋਫੈਸਰ ਅਲੀ ਨੇ ‘ਓਪਰੇਸ਼ਨ ਸਿੰਧੂਰ’ ਨਾਲ ਬਣੇ ਮਾਹੌਲ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪੋਸਟ ਪਾਈ ਸੀ। ਸੋਨੀਪਤ ਪੁਲਿਸ ਨੇ ਉਨ੍ਹਾਂ ਨੂੰ ਭਾਜਪਾ ਦੇ ‘ਯੁਵਾ ਮੋਰਚਾ’ ਦੇ ਸਕੱਤਰ ਦੀ ਸ਼ਿਕਾਇਤ ’ਤੇ ਸੰਗੀਨ ਧਾਰਾਵਾਂ ਲਗਾ ਕੇ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤ-ਕਰਤਾ ਕਿਉਂਕਿ ਭਗਵਾ ਸੱਤਾਧਾਰੀ ਧਿਰ ਨਾਲ ਸੰਬੰਧਤ ਹੈ, ਇਸ ਲਈ ਹਰਿਆਣਾ ਪੁਲਿਸ ਨੇ ਜਾਂਚ ਕੀਤੇ ਤੋਂ ਬਿਨਾ ਹੀ ਬੇਹੱਦ ਸੰਗੀਨ ਧਾਰਾਵਾਂ ਲਗਾ ਕੇ ਪ੍ਰੋਫੈਸਰ ਨੂੰ ਗ੍ਰਿਫ਼ਤਾਰ ਕਰ ਲਿਆ। ਸੈਂਕੜੇ ਉੱਘੀਆਂ ਸ਼ਖ਼ਸੀਅਤਾਂ ਅਤੇ ਰਾਜਨੀਤਕ ਆਗੂਆਂ ਨੇ ਇਸ ਗ੍ਰਿਫ਼ਤਾਰੀ ਦੀ ਨਿਖੇਧੀ ਕੀਤੀ ਹੈ ਅਤੇ ਸੋਸ਼ਲ ਮੀਡੀਆ ਉੱਪਰ ਉਸਦੀ ਹਮਾਇਤ ਵਿਚ ਜ਼ੋਰਦਾਰ ਮੁਹਿੰਮ ਚੱਲ ਰਹੀ ਹੈ।
ਹਰਿਆਣੇ ਦੇ ‘ਮਹਿਲਾ ਕਮਿਸ਼ਨ’ ਨੇ ਪ੍ਰੋਫੈਸਰ ਵਿਰੁੱਧ ਵੱਖਰਾ ਪਰਚਾ ਦਰਜ ਕਰਾਇਆ ਹੈ ਕਿ ਪ੍ਰੋਫੈਸਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਫ਼ੌਜ ਦੀਆਂ ਔਰਤ ਅਧਿਕਾਰੀਆਂ ਦਾ ਅਪਮਾਨ ਕੀਤਾ ਹੈ। ਜਦਕਿ ਉਸ ਪੋਸਟ ਵਿਚ ਅਜਿਹਾ ਕੁਝ ਵੀ ਨਹੀਂ ਹੈ ਅਤੇ ਪ੍ਰੋਫੈਸਰ ਨੇ ਮਹਿਲਾ ਕਮਿਸ਼ਨ ਦੇ ਨੋਟਿਸ ਦੇ ਜਨਤਕ ਜਵਾਬ ਵਿਚ ਬੇ-ਬੁਨਿਆਦ ਦੋਸ਼ਾਂ ਨੂੰ ਤੱਥਾਂ ਸਹਿਤ ਰੱਦ ਕੀਤਾ ਹੈ। ਇਹ ਹਰਿਆਣੇ ਦਾ ਉਹੀ ‘ਮਹਿਲਾ ਕਮਿਸ਼ਨ’ ਜਿਸ ਨੂੰ ਨਾ ਪੂਰੇ ਮੁਲਕ ਵਿਚ ਔਰਤਾਂ ਉੱਪਰ ਹੋ ਰਹੇ ਜ਼ੁਲਮ ਨਜ਼ਰ ਆਉਂਦੇ ਹਨ ਅਤੇ ਨਾ ਇਸਨੂੰ ਹਰਿਆਣੇ ਦੀਆਂ ਪਹਿਲਵਾਨ ਕੁੜੀਆਂ ਦਾ ਜਿਨਸੀ ਸ਼ੋਸ਼ਣ ਨਜ਼ਰ ਆਇਆ ਸੀ। ਪੋ. ਅਲੀ ਨੇ ਅਜਿਹਾ ਕੀ ਲਿਖਿਆ, ਜਿਸ ਨਾਲ ਭਗਵਾ ਅਨਸਰਾਂ ਦੀਆਂ ਭਾਵਨਾਵਾਂ ਭੜਕ ਉੱਠੀਆਂ ਅਤੇ ਉਸ ਦੇ ਵਿਚਾਰਾਂ ਨੂੰ ਦੋ ਫਿਰਕਿਆਂ ਦਰਮਿਆਨ ਨਫ਼ਰਤ ਭੜਕਾਉਣ ਵਾਲੇ ਮੰਨ ਲਿਆ ਗਿਆ? ਇਸ ਨੂੰ ਸਮਝਣ ਲਈ ਪੂਰੀ ਸੋਸ਼ਲ ਮੀਡੀਆ ਪੋਸਟ ਪੜ੍ਹਨੀ ਠੀਕ ਰਹੇਗੀ। ਪ੍ਰੋਫੈਸਰ ਨੇ ਲਿਖਿਆ:
‘ਯੁੱਧਨੀਤਕ ਨਜ਼ਰੀਏ ਤੋਂ ਭਾਰਤ ਨੇ ਹੁਣ ਇਕ ਨਵੇਂ ਪੜਾਅ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਵਿਚ ਪਾਕਿਸਤਾਨ ਵਿਚ ਮੌਜੂਦ ਦਹਿਸ਼ਤਵਾਦੀ ਅਤੇ ਫ਼ੌਜੀ ਸੰਸਥਾਵਾਂ ਦਰਮਿਆਨ ਦੀ ਰਵਾਇਤੀ ਰੇਖਾ ਖ਼ਤਮ ਕਰ ਦਿੱਤੀ ਗਈ ਹੈ। ਹੁਣ ਕਿਸੇ ਵੀ ਦਹਿਸ਼ਤਗਰਦ ਹਮਲੇ ਦਾ ਜਵਾਬ ਰਵਾਇਤੀ ਫ਼ੌਜੀ ਤਰੀਕੇ ਨਾਲ ਦਿੱਤਾ ਜਾਵੇਗਾ। ਇਸ ਬਦਲਾਅ ਦਾ ਸਿੱਧਾ ਅਸਰ ਇਹ ਹੋਇਆ ਹੈ ਕਿ ਹੁਣ ਪਾਕਿਸਤਾਨ ਦੀ ਫ਼ੌਜ ਆਪਣੇ ਪੁਰਾਣੇ ਤਰੀਕੇ-ਦਹਿਸ਼ਤਗਰਦਾਂ ਅਤੇ ਗ਼ੈਰ-ਰਾਜ ਪੱਖੀ ਅਨਸਰਾਂ ਦੀ ਓਟ ਲੈਣ ਦਾ ਸਹਾਰਾ ਨਹੀਂ ਲੈ ਸਕਦੀ। ਦਰਅਸਲ, ਪਾਕਿਸਤਾਨ ਦੀ ਫ਼ੌਜ ਨੇ ਬਹੁਤ ਸਮੇਂ ਤੱਕ ਇਲਾਕੇ ਵਿਚ ਅਸਥਿਰਤਾ ਪੈਦਾ ਕਰਨ ਲਈ ਹਥਿਆਰਬੰਦ ਗ਼ੈਰ-ਰਾਜ ਐਕਟਰਾਂ (ਨਾਨ-ਸਟੇਟ ਐਕਟਰਾਂ) ਦੀ ਵਰਤੋਂ ਕੀਤੀ ਹੈ। ਇਸੇ ਦੌਰਾਨ, ਅੰਤਰਰਾਸ਼ਟਰੀ ਮੰਚਾਂ ‘ਤੇ ਉਹ ਆਪਣੇ ਆਪ ਨੂੰ ਪੀੜਤ ਦੱਸ ਕੇ ਹਮਦਰਦੀ ਇਕੱਠੀ ਕਰਦੀ ਰਹੀ ਹੈ। ਇਹੀ ਨਹੀਂ, ਇਨ੍ਹਾਂ ਵਿਚੋਂ ਕੁਝ ਜਥੇਬੰਦੀਆਂ ਨੂੰ—ਜਿਨ੍ਹਾਂ ਨੂੰ ਭਾਰਤੀ ਕਾਰਵਾਈਆਂ ਵਿਚ ਨਿਸ਼ਾਨਾ ਬਣਾਇਆ ਗਿਆ—ਪਾਕਿਸਤਾਨ ਦੇ ਅੰਦਰ ਹੀ ਫਿਰਕੂ ਤਣਾਅ ਪੈਦਾ ਕਰਨ ਲਈ ਵੀ ਵਰਤਿਆ ਗਿਆ ਹੈ। ‘ਓਪਰੇਸ਼ਨ ਸਿੰਧੂਰ’ ਭਾਰਤ-ਪਾਕਿਸਤਾਨ ਸੰਬੰਧਾਂ ਬਾਰੇ ਬਣੀਆਂ ਹੋਈਆਂ ਪੁਰਾਣੀਆਂ ਸਮਝਾਂ ਨੂੰ ਤੋੜਦਾ ਹੈ। ਇਹ ਸਾਫ਼ ਕਰ ਦਿੰਦਾ ਹੈ ਕਿ ਹੁਣ ਦਹਿਸ਼ਤਗਰਦ ਹਮਲਿਆਂ ਦਾ ਜਵਾਬ ਸਿੱਧੀ ਫ਼ੌਜੀ ਕਾਰਵਾਈ ਨਾਲ ਦਿੱਤਾ ਜਾਵੇਗਾ ਅਤੇ ਹੁਣ ਦਹਿਸ਼ਤਵਾਦ ਅਤੇ ਰਵਾਇਤੀ ਜੰਗ ਵਿਚਕਾਰ ਕੋਈ ਭਾਸ਼ਾਈ ਜਾਂ ਯੁੱਧਨੀਤਕ ਫ਼ਰਕ ਨਹੀਂ ਛੱਡਿਆ ਜਾਵੇਗਾ। ਹਾਲਾਂਕਿ ਇਹ ਫ਼ਰਕ ਮਿਟਾ ਦਿੱਤਾ ਗਿਆ ਹੈ, ਪਰ ਭਾਰਤੀ ਫ਼ੌਜ ਨੇ ਬਹੁਤ ਹੀ ਸੰਜਮ ਅਤੇ ਯੁੱਧਨੀਤਕ ਸੂਝ ਦਿਖਾਈ ਹੈ—ਇਹ ਯਕੀਨੀ ਬਣਾਉਂਦੇ ਹੋਏ ਕਿ ਕਿਸੇ ਫ਼ੌਜੀ ਛਾਉਣੀ, ਨਾਗਰਿਕ ਢਾਂਚੇ ਜਾਂ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ, ਤਾਂ ਜੋ ਤਣਾਅ ਕੰਟਰੋਲ ਤੋਂ ਬਾਹਰ ਨਾ ਹੋ ਜਾਵੇ।’
ਸੰਦੇਸ਼ ਬਿਲਕੁਲ ਸਾਫ਼ ਹੈ—ਜੇਕਰ ਤੁਸੀਂ ਆਪਣੇ ਇਲਾਕੇ ਵਿਚ ਪੈਦਾ ਹੋ ਰਹੇ ਦਹਿਸ਼ਤਵਾਦ ਨੂੰ ਕੰਟਰੋਲ ਨਹੀਂ ਕਰੋਗੇ, ਤਾਂ ਅਸੀਂ ਕਰਾਂਗੇ। ਨਾਗਰਿਕਾਂ ਦੀ ਜਾਨ ਦਾ ਨੁਕਸਾਨ—ਭਾਵੇਂ ਉਹ ਕਿਸੇ ਵੀ ਮੁਲਕ ਦੇ ਹੋਣ—ਦੁਖਦਾਈ ਅਤੇ ਮਾਫ਼ੀ ਦੇ ਯੋਗ ਨਹੀਂ ਹੈ, ਅਤੇ ਇਹੀ ਇਕ ਮੁੱਖ ਵਜ੍ਹਾ ਹੈ ਕਿ ਯੁੱਧ ਤੋਂ ਹਰ ਹਾਲਤ ’ਚ ਬਚਿਆ ਜਾਣਾ ਚਾਹੀਦਾ ਹੈ।
ਅੱਜ ਕੁਝ ਲੋਕ ਸੋਚੇ-ਸਮਝੇ ਬਿਨਾਂ ਯੁੱਧ ਦੀ ਹਮਾਇਤ ਕਰ ਰਹੇ ਹਨ, ਪਰ ਨਾ ਤਾਂ ਉਨ੍ਹਾਂ ਨੇ ਕਦੇ ਯੁੱਧ ਦੇਖਿਆ ਹੈ, ਅਤੇ ਨਾ ਹੀ ਕਿਸੇ ਯੁੱਧ ਪੀੜਤ ਖੇਤਰ ਦਾ ਸਾਹਮਣਾ ਕੀਤਾ ਹੈ। ਕਿਸੇ ਨਾਗਰਿਕ ਸੁਰੱਖਿਆ ਅਭਿਆਸ ਵਿਚ ਭਾਗ ਲੈਣ ਨਾਲ ਤੁਸੀਂ ਫ਼ੌਜੀ ਨਹੀਂ ਬਣ ਜਾਂਦੇ, ਅਤੇ ਨਾ ਹੀ ਤੁਸੀਂ ਕਦੇ ਉਸ ਪੀੜਾ ਨੂੰ ਸਮਝ ਸਕਦੇ ਹੋ ਜੋ ਕਿਸੇ ਯੁੱਧ-ਪ੍ਰਭਾਵਿਤ ਪਰਿਵਾਰ ਜਾਂ ਵਿਅਕਤੀ ਨੂੰ ਸਹਿਣੀ ਪੈਂਦੀ ਹੈ। ਯੁੱਧ ਇਕ ਵਹਿਸ਼ਤ ਹੈ। ਇਸ ਦਾ ਸਭ ਤੋਂ ਵੱਧ ਖਮਿਆਜ਼ਾ ਗਰੀਬਾਂ ਅਤੇ ਕਮਜ਼ੋਰ ਵਰਗਾਂ ਨੂੰ ਭੁਗਤਣਾ ਪੈਂਦਾ ਹੈ। ਅਤੇ ਇਸ ਤੋਂ ਲਾਭ ਕੇਵਲ ਰਾਜਨੀਤਕਾਂ ਅਤੇ ਡਿਫੈਂਸ ਦੀਆਂ ਕੰਪਨੀਆਂ ਨੂੰ ਹੁੰਦਾ ਹੈ। ਹਾਂ, ਇਹ ਸੱਚ ਹੈ ਕਿ ਇਤਿਹਾਸ ਸਾਨੂੰ ਦੱਸਦਾ ਹੈ ਕਿ ਰਾਜਨੀਤੀ ਆਖਿਰਕਾਰ ਹਿੰਸਾ ਰਾਹੀਂ ਹੀ ਚੱਲਦੀ ਆਈ ਹੈ, ਅਤੇ ਇਸੇ ਲਈ ਕਈ ਵਾਰੀ ਯੁੱਧ ਅਟੱਲ ਹੋ ਜਾਂਦਾ ਹੈ। ਪਰ ਇਤਿਹਾਸ ਵਿਚ ਸ਼ਾਇਦ ਹੀ ਕੋਈ ਰਾਜਨੀਤਕ ਝਗੜਾ ਸਿਰਫ਼ ਫ਼ੌਜੀ ਹਥਿਆਰਾਂ ਨਾਲ ਪੂਰੀ ਤਰ੍ਹਾਂ ਹੱਲ ਹੋਇਆ ਹੋਵੇ।
ਅਖੀਰ ਵਿਚ, ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਕਈ ਸੱਜੇਪੱਖੀ ਟਿੱਪਣੀਕਾਰ ਕਰਨਲ ਸੋਫ਼ੀਆ ਕੁਰੈਸ਼ੀ ਦੀ ਤਾਰੀਫ਼ ਕਰ ਰਹੇ ਹਨ, ਪਰ ਸ਼ਾਇਦ ਉਨ੍ਹਾਂ ਨੂੰ ਏਨੀ ਹੀ ਗੰਭੀਰਤਾ ਨਾਲ ਇਹ ਵੀ ਮੰਗ ਕਰਨੀ ਚਾਹੀਦੀ ਹੈ ਕਿ ਹਜੂਮੀ ਹਿੰਸਾ ਦੇ ਸ਼ਿਕਾਰ, ਬਿਨਾ ਕਾਨੂੰਨੀ ਪ੍ਰਕਿਰਿਆ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਵਾਲਿਆਂ ਅਤੇ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਦੇ ਹੋਰ ਪੀੜਤਾਂ ਨੂੰ ਵੀ ਬਤੌਰ ਭਾਰਤੀ ਨਾਗਰਿਕ ਨਿਆਂ ਅਤੇ ਸੁਰੱਖਿਆ ਮਿਲੇ। ਦੋ ਔਰਤ ਅਧਿਕਾਰੀਆਂ ਵੱਲੋਂ ਪ੍ਰੈੱਸ ਕਾਨਫਰੰਸ ਕਰਨਾ ਦੇਖਣ ਨੂੰ ਮਹੱਤਵਪੂਰਨ ਦ੍ਰਿਸ਼ ਲੱਗ ਸਕਦਾ ਹੈ, ਪਰ ਜਦ ਤੱਕ ਇਹ ਮੰਜ਼ਰ ਜ਼ਮੀਨੀ ਪੱਧਰ ‘ਤੇ ਠੋਸ ਬਦਲਾਅ ਵਿਚ ਨਹੀਂ ਬਦਲਦਾ, ਓਦੋਂ ਤੱਕ ਇਹ ਸਿਰਫ਼ ‘ਦ੍ਰਿਸ਼ ਰਾਜਨੀਤੀ’ (optics) ਹੀ ਰਹੇਗਾ—ਇਕ ਝੂਠਾ ਦਿਖਾਵਾ। ਜਦ ਇਕ ਮੁੱਖ ਮੁਸਲਮਾਨ ਆਗੂ ਨੇ ‘ਪਾਕਿਸਤਾਨ ਮੁਰਦਾਬਾਦ’ ਕਿਹਾ ਅਤੇ ਪਾਕਿਸਤਾਨੀ ਸੋਸ਼ਲ ਮੀਡੀਆ ਟਰੋਲਜ਼ ਨੇ ਉਸ ਨੂੰ ਨਿਸ਼ਾਨਾ ਬਣਾਇਆ, ਤਾਂ ਭਾਰਤ ਦੇ ਸੱਜੇਪੱਖੀ ਹਿੱਸਿਆਂ ਨੇ ਉਨ੍ਹਾਂ ਦੀ ਰੱਖਿਆ ਇਹ ਕਹਿ ਕੇ ਕੀਤੀ: ‘ਉਹ ਸਾਡੇ ਮੁੱਲਾ ਹਨ।’ ਇਹ ਗੱਲ ਹਾਸੋ-ਹੀਣੀ ਲੱਗ ਸਕਦੀ ਹੈ, ਪਰ ਇਹ ਵੀ ਦਰਸਾਉਂਦੀ ਹੈ ਕਿ ਫਿਰਕਾਪ੍ਰਸਤੀ ਭਾਰਤੀ ਸਿਆਸਤ ਅਤੇ ਸਮਾਜ ਦੀ ਰਗ-ਰਗ ਵਿਚ ਕਿੰਨੀ ਡੂੰਘੀ ਸਮਾ ਚੁੱਕੀ ਹੈ।
‘ਮੇਰੇ ਲਈ ਇਹ ਪ੍ਰੈੱਸ ਕਾਨਫਰੰਸ ਮਹਿਜ਼ ਪਲਾਂ ਦੀ ਝਲਕ ਸੀ—ਇਕ ਭਰਮਾਊ ਸੰਕੇਤ—ਉਸ ਭਾਰਤ ਦੀ, ਜੋ ਕਦੇ ਪਾਕਿਸਤਾਨ ਦੀ ਸਥਾਪਨਾ ਦੀ ਤਰਕਹੀਣਤਾ ਦੇ ਖਿਲਾਫ਼ ਡੱਟਿਆ ਸੀ। ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਹੈ—ਭਾਰਤ ਦੇ ਆਮ ਮੁਸਲਮਾਨਾਂ ਦੀ ਜ਼ਮੀਨੀ ਹਕੀਕਤ, ਉੱਥੇ ਪੇਸ਼ ਕੀਤੀ ਗਈ ਸਰਕਾਰੀ ਤਸਵੀਰ ਤੋਂ ਵੱਖਰੀ ਹੈ, ਪਰ ਇਹ ਵੀ ਸੱਚ ਹੈ ਕਿ ਵੰਨ-ਸੁਵੰਨਤਾ ਵਿਚ ਏਕਤਾ ਵਾਲਾ ਭਾਰਤ ਪੂਰੀ ਤਰ੍ਹਾਂ ਮਰਿਆ ਨਹੀਂ ਹੈ। ਉਹ ਅਜੇ ਵੀ ਸਾਹ ਲੈ ਰਿਹਾ ਹੈ। ਜੈ ਹਿੰਦ।’
ਇਸ ਪੂਰੀ ਟਿੱਪਣੀ ਨੂੰ ਪੜ੍ਹ ਕੇ ਪਾਠਕ ਆਪ ਦੇਖ ਸਕਦੇ ਹਨ ਕਿ ਪ੍ਰੋਫੈਸਰ ਅਲੀ ਦੇ ਵਿਚਾਰ ਕਿੰਨੇ ਤਰਕਪੂਰਨ ਹਨ ਅਤੇ ਉਸ ਵੱਲੋਂ ਦੋ ਫਿਰਕਿਆਂ ਦਰਮਿਆਨ ਦੁਸ਼ਮਣੀ ਭੜਕਾਉਣ ਦਾ ਤਾਂ ਸਵਾਲ ਹੀ ਨਹੀਂ ਹੈ। ਇਸਦਾ ਇਕ ਹੋਰ ਸਬੂਤ ਉਸ ਦੀ ਦਹਿਸ਼ਤੀ ਹਮਲੇ ਬਾਰੇ ਟਿੱਪਣੀ ਹੈ: ‘ਮੇਰੀ ਸੰਵੇਦਨਾ ਪਹਿਲਗਾਮ ਵਿਚ ਹੋਏ ਬੁਜ਼ਦਿਲ ਅਤੇ ਵਹਿਸ਼ਤੀ ਹਮਲੇ ਦੇ ਸਾਰੇ ਪੀੜਤਾਂ ਨਾਲ ਹੈ। ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਲਿਆਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਜਿਨ੍ਹਾਂ ਪਰਿਵਾਰਾਂ ਤੋਂ ਉਨ੍ਹਾਂ ਦੇ ਪਿਆਰੇ ਜੀਅ ਖੋਹ ਲਏ, ਉਨ੍ਹਾਂ ਲਈ ਦੁਆਵਾਂ। ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਏ ਹਨ, ਉਹ ਬੇਹੱਦ ਦਿਲ ਦਹਿਲਾਉਣ ਵਾਲੇ ਹਨ।’
ਪ੍ਰੋਫੈਸਰ ਅਲੀ ਦੀ ਸੰਜੀਦਾ ਸੋਚ ਯੁੱਧਬੰਦੀ ਤੋਂ ਬਾਅਦ ਭੜਕਾਏ ਜਾ ਰਹੇ ਜੰਗਬਾਜ਼ ਜਨੂੰਨ ਤੋਂ ਸੁਚੇਤ ਕਰਨ ਲਈ ਕੀਤੀ ਗਈ ਟਿੱਪਣੀ ‘ਯੁੱਧ ਦੀ ਅੰਨ੍ਹੀ ਪਿਆਸ’ ਹੈ। ਉਨ੍ਹਾਂ ਲਿਖਿਆ:
‘ਸੀਜ਼ਫ਼ਾਇਰ ਦੇ ਬਾਵਜੂਦ ਕੁਝ ਲੋਕ ਯੁੱਧ ਦੀ ਮੰਗ ਕਰ ਰਹੇ ਹਨ, ਜਿਵੇਂ ਉਨ੍ਹਾਂ ਦੀ ਆਤਮਾ ਨੂੰ ਸਿਰਫ਼ ਖ਼ੂਨ ਚਾਹੀਦਾ ਹੋਵੇ। ਯੁੱਧ ਹੁਣ ਕਿਸੇ ਇਕ ਖੇਤਰ ਤੱਕ ਸੀਮਿਤ ਨਹੀਂ ਰਿਹਾ—ਇਹ ਹੁਣ ਹਰ ਥਾਂ ਹੈ, ਤੇ ਕਿਸੇ ਵੀ ਥਾਂ ਹੋ ਸਕਦਾ ਹੈ। ਨਾਗਰਿਕ ਹਮੇਸ਼ਾਂ ਤੋਂ ਹੀ ਯੁੱਧ ਦੀ ਲਪੇਟ `ਚ ਆਉਂਦੇ ਰਹੇ ਹਨ, ਪਰ ਫ਼ੌਜੀ ਤਕਨਾਲੋਜੀ ਕਰਕੇ ਹੁਣ ਇਸ ਦਾ ਪ੍ਰਭਾਵ ਪਹਿਲਾਂ ਨਾਲੋਂ-ਇੱਥੋਂ ਤੱਕ ਕਿ ਦੋ ਸਦੀਆਂ ਪਹਿਲਾਂ ਨਾਲੋਂ ਵੀ- ਕਈ ਗੁਣਾ ਵਧ ਗਿਆ ਹੈ।
ਤਾਂ ਜਦ ਤੁਸੀਂ ਯੁੱਧ ਦੀ ਮੰਗ ਕਰਦੇ ਹੋ, ਜਾਂ ਕਹਿੰਦੇ ਹੋ ਕਿ ‘ਇਸ ਦੇਸ਼ ਨੂੰ ਮਿਟਾ ਦਿਓ’ ਤਾਂ ਅਸਲ ਵਿਚ ਤੁਸੀਂ ਕੀ ਮੰਗ ਕਰ ਰਹੇ ਹੋ? ਕੀ ਤੁਸੀਂ ਇਕ ਪੂਰੇ ਭਾਈਚਾਰੇ ਦੇ ਕਤਲੇਆਮ ਦੀ ਮੰਗ ਕਰ ਰਹੇ ਹੋ? ਮੈਨੂੰ ਪਤਾ ਹੈ ਕਿ ਇਜ਼ਰਾਈਲ ਇਹ ਸਭ ਕਰ ਰਿਹਾ ਹੈ—ਅਤੇ ਕੁਝ ਭਾਰਤੀ ਇਸ ਦੀ ਸ਼ਲਾਘਾ ਵੀ ਕਰਦੇ ਹਨ—ਪਰ ਕੀ ਅਸੀਂ ਵਾਕਈ ਬੱਚਿਆਂ ਦੇ ਸਮੂਹਿਕ ਕਤਲੇਆਮ ਦੀ ਹਮਾਇਤ ਕਰਨਾ ਚਾਹੁੰਦੇ ਹਾਂ, ਸਿਰਫ਼ ਇਸ ਲਈ ਕਿ ਉਹ ਸੰਭਾਵਿਤ ‘ਭਵਿੱਖੀ ਦੁਸ਼ਮਣ’ ਹਨ?
ਸਿਰਫ਼ ਇਸ ਕਰਕੇ ਕਿ ਤੁਸੀਂ ਸਰਹੱਦ ਤੋਂ ਦੂਰ ਹੋ ਜਾਂ ਤੁਹਾਡੇ ਅੰਦਰ ਏਨੀ ਨਫ਼ਰਤ ਭਰ ਦਿੱਤੀ ਗਈ ਹੈ ਕਿ ਤੁਸੀਂ ਕਿਸੇ ਮੁਲਕ, ਭਾਈਚਾਰੇ, ਧਰਮ, ਜਾਤੀ ਸਮੂਹ ਜਾਂ ਸਮਾਜਿਕ ਵਰਗ ਦੇ ਲੋਕਾਂ ਨੂੰ ਇਨਸਾਨ ਮੰਨਣਾ ਹੀ ਛੱਡ ਦਿੱਤਾ ਹੈ—ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਸੁਰੱਖਿਅਤ ਹੋ। ਇਹ ਗੱਲ ਹਰ ਥਾਂ ਲਾਗੂ ਹੁੰਦੀ ਹੈ, ਜਿੱਥੇ ਵੀ ਟਕਰਾਅ ਹੈ। ਤੁਸੀਂ ਕਿਸੇ ਪੂਰੇ ਭਾਈਚਾਰੇ ਨੂੰ ਉਸ ਦੀ ਸਰਕਾਰ ਨਾਲ ਹੀ ਜੋੜ ਕੇ ਨਹੀਂ ਦੇਖ ਸਕਦੇ।
ਕਿਸੇ ਵੀ ਹਾਲਤ ਵਿਚ, ਆਖ਼ਿਰਕਾਰ ਯੁੱਧ ਸਭ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ—ਇਹ ਸਿਰਫ਼ ਵਕਤ ਦੀ ਗੱਲ ਹੁੰਦੀ ਹੈ। ਜ਼ਰਾ ਸੋਚੋ ਕਿ ਜਦ ਤੁਸੀਂ ਕਹਿੰਦੇ ਹੋ ‘ਉਨ੍ਹਾਂ ਨੂੰ ਮਿਟਾ ਦਿਓ,’ ‘ਖਤਮ ਕਰ ਦਿਓ,’ ‘ਨੇਸਤਨਾਬੂਦ ਕਰ ਦਿਓ’—ਤਾਂ ਤੁਸੀਂ ਅਸਲ `ਚ ਕੀ ਕਹਿ ਰਹੇ ਹੋ?
ਤੁਸੀਂ ਕਹਿ ਰਹੇ ਹੋ—ਉਨ੍ਹਾਂ ਦੇ ਸਾਰੇ ਬੱਚੇ, ਬਜ਼ੁਰਗ, ਘੱਟਗਿਣਤੀਆਂ, ਯੁੱਧ-ਵਿਰੋਧੀ ਲੋਕ ਅਤੇ ਹੋਰ ਸਾਰੇ ਨਿਰਦੋਸ਼ ਨਾਗਰਿਕ—ਜੋ ਵੀ ਤੁਹਾਡੇ ਵਾਂਗ ਇਕ ਪਿਓ, ਮਾਂ, ਧੀ, ਪੁੱਤਰ, ਦਾਦੀ-ਨਾਨੀ ਜਾਂ ਕੋਈ ਦੋਸਤ ਬਣ ਕੇ ਜੀਣਾ ਚਾਹੁੰਦੇ ਹਨ—ਉਨ੍ਹਾਂ ਸਭ ਨੂੰ ਮਾਰ ਦਿਓ। ਤੁਸੀਂ ਅਜਿਹਾ ਸਿਰਫ਼ ਉਦੋਂ ਹੀ ਕਹਿ ਸਕਦੇ ਹੋ ਜਦ ਤੁਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ‘ਗ਼ੈਰ-ਇਨਸਾਨ’ ਮੰਨ ਲਿਆ ਹੋਵੇ।
ਇਹੀ ਤਾਂ ਮੀਡੀਆ, ਧਾਰਮਿਕ ਜਾਂ ਭਾਈਚਾਰੇ ਦੇ ਆਗੂਆਂ, ਰਾਜਨੀਤਕਾਂ ਅਤੇ ਹੋਰ ਪ੍ਰਭਾਵਸ਼ਾਲੀ ਤਾਕਤਾਂ ਦੀ ਕੋਸ਼ਿਸ਼ ਹੁੰਦੀ ਹੈ—ਦੂਜੇ ਪਾਸੇ ਵਾਲਿਆਂ ਨੂੰ ਇੰਨਾ ਅਮਾਨਵੀ ਬਣਾ ਦਿਓ ਕਿ ਤੁਸੀਂ ਉਨ੍ਹਾਂ ਨੂੰ ਇਨਸਾਨ ਵਜੋਂ ਦੇਖਣਾ ਹੀ ਛੱਡ ਦਿਓ।
ਇਹ ਦੋਹਾਂ ਪਾਸਿਆਂ ਦੀ ਹਕੀਕਤ ਹੈ—ਰੈਡਕਲਿਫ਼ ਲਾਈਨ ਦੇ ਦੋਵੇਂ ਪਾਸੇ। ਪਾਗਲ ਤਾਂ ਹਰ ਪਾਸੇ ਹਨ, ਪਰ ਜੋ ਲੋਕ ਸਰਹੱਦ ਦੇ ਨੇੜੇ ਰਹਿੰਦੇ ਹਨ, ਉਹ ਜਾਣਦੇ ਹਨ ਕਿ ਯੁੱਧ ਦਾ ਮਤਲਬ ਹੁੰਦਾ ਹੈ—ਮਨਮਾਨੀ, ਅਨਿਸ਼ਚਿਤ ਤੇ ਬੇਮਤਲਬ ਮੌਤ। ਜੋ ਲੋਕ ਸਰਹੱਦ ਤੋਂ ਦੂਰ ਹਨ, ਉਹ ਤਾਂ ਯੁੱਧ ਨੂੰ ਵੀਡੀਓ ਗੇਮ ਸਮਝਣ ਲੱਗੇ ਹਨ।
ਇਹ ਅਮਾਨਵੀਕਰਨ ਸਾਡੇ ਅੰਦਰਲੀ ਡੂੰਘੀ ਅਸੁਰੱਖਿਆ ਦਾ ਸੰਕੇਤ ਹੈ—ਅਸੀਂ ਆਪਣੀ ਇਨਸਾਨੀਅਤ ਨੂੰ ਸਾਬਤ ਕਰਨ ਲਈ ਦੂਜਿਆਂ ਦੀ ਇਨਸਾਨੀਅਤ ਨੂੰ ਨਕਾਰਨ ਦੀ ਕੋਸ਼ਿਸ਼ ਕਰਦੇ ਹਾਂ।
ਪਰ ਸੱਚ ਇਹ ਹੈ ਕਿ ਜਦੋਂ ਹੀ ਤੁਸੀਂ ਕਿਸੇ ਹੋਰ ਨੂੰ ਗ਼ੈਰ-ਇਨਸਾਨ ਮੰਨ ਲੈਂਦੇ ਹੋ—ਚਾਹੇ ਉਹ ਤੁਹਾਡੇ ਜੀਵਨ ਮੁੱਲਾਂ ਦੇ ਬਿਲਕੁਲ ਉਲਟ ਹੋਵੇ—ਉਸੇ ਪਲ ਤੁਸੀਂ ਆਪਣੇ ਸਭ ਤੋਂ ਹੇਠਲੇ ਪੱਧਰ ਦੇ ਸੁਭਾਅ ਦੇ ਅਧੀਨ ਹੋ ਜਾਂਦੇ ਹੋ।
ਤੁਸੀਂ ਆਪਣੇ ਵਿਨਾਸ਼ ਦਾ ਬੀਜ ਬੀਜ ਦਿੰਦੇ ਹੋ। ਲੋਕ ਕਹਿਣਗੇ ਕਿ ਜੋ ਸ਼ਾਂਤੀ ਦੀ ਗੱਲ ਕਰਦੇ ਹਨ, ਉਹ ਡਰਪੋਕ ਹਨ। ਨਹੀਂ! ਮੈਂ ਕਹਿੰਦਾ ਹਾਂ—ਜੋ ਲੋਕ ਘਰਾਂ ਵਿਚ ਬੈਠ ਕੇ ਯੁੱਧ ਦੀ ਮੰਗ ਕਰਦੇ ਹਨ, ਅਸਲ ਡਰਪੋਕ ਉਹ ਹਨ।
ਕਿਉਂਕਿ ਯੁੱਧ ਵਿਚ ਨਾ ਉਨ੍ਹਾਂ ਦੇ ਪੁੱਤਰ-ਧੀਆਂ ਮਰਦੇ ਹਨ, ਨਾ ਉਨ੍ਹਾਂ ਦੇ ਘਰ ਉੱਜੜਦੇ ਹਨ। ਆਖਿæਰਕਾਰ, ਯੁੱਧ ਕਦੇ ਅਮਨ ਕਿਵੇਂ ਲਿਆ ਸਕਦਾ ਹੈ?…ਦੁਨੀਆ ਵਿਚ ਫੌਜੀ-ਉਦਯੋਗਿਕ ਤੰਤਰ (ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ) ਸਭ ਤੋਂ ਵੱਧ ਮੁਨਾਫ਼ਾ ਕਮਾਉਣ ਵਾਲਾ ਕਾਰੋਬਾਰ ਹੈ—2.46 ਖਰਬ ਡਾਲਰ ਦਾ ਕਾਰੋਬਾਰ। ਇਸਦੇ ਮੁਕਾਬਲੇ ਦਵਾ ਉਦਯੋਗ ਸਿਰਫ਼ 1.6 ਖਰਬ ਡਾਲਰ ਅਤੇ ਤੇਲ ਉਦਯੋਗ 750 ਅਰਬ ਡਾਲਰ ਦਾ ਕਾਰੋਬਾਰ ਹੈ। ਅੱਜ ਯੁੱਧ ਸਿਰਫ਼ ਮੁਨਾਫ਼ਾ ਹੈ ਅਤੇ ਲੋਭ ਦੀ ਖੇਡ ਹੈ—ਨਾ ਕਿ ਆਦਰਸ਼ਾਂ ਜਾਂ ਮੁੱਲਾਂ ਦੀ। ਜੇ ਕੋਈ ਐਸਾ ਯੁੱਗ ਹੋਇਆ ਵੀ ਹੋਵੇ, ਜਦੋਂ ਯੁੱਧ ‘ਧਰਮ ਯੁੱਧ’ ਹੋਇਆ ਕਰਦੇ ਸਨ, ਤਾਂ ਉਹ ਹੁਣ ਬੀਤ ਚੁੱਕਾ ਹੈ।…ਹੋਰ ਧਾਰਮਿਕ ਗ੍ਰੰਥਾਂ ਵਾਂਗ ਗੀਤਾ ਵੀ ਯੁੱਧ ਵਿਚ ਨੈਤਿਕ ਦੁਬਿਧਾਵਾਂ ਦੀ ਗਹਿਰੀ ਚਰਚਾ ਕਰਦੀ ਹੈ—ਅਤੇ ਇਹ ਵਿਚਾਰ ਕਰਦੀ ਹੈ ਕਿ ਕਿਸ ਤਰ੍ਹਾਂ ਦੀ ਹਿੰਸਾ ਉਚਿਤ ਹੈ। ਹਰਮਨ-ਪਿਆਰੇ ਭਰਮ ਦੇ ਉਲਟ, ਗੀਤਾ ਯੁੱਧ ਦੇ ਕਾਰਨਾਂ- ਧਰਮ, ਕਰਤੱਵ ਅਤੇ ਨਿਆਂ ਉੱਪਰ ਵਿਚਾਰ ਕਰਦੀ ਹੈ। ਕੀ ਯੁੱਧ ‘ਨਿਆਂਪੂਰਨ’ ਹੋ ਸਕਦਾ ਹੈ?…ਜੋ ਯੁੱਧ ਸਿਰਫ਼ ਘਮੰਡ, ਹਉਮੈ ਅਤੇ ਝੂਠੇ ਵਿਚਾਰਾਂ ਲਈ ਲੜੇ ਜਾਂਦੇ ਹਨ, ਉਹ ਕਦੇ ਵੀ ‘ਨਿਆਂਪੂਰਨ’ ਨਹੀਂ ਹੋ ਸਕਦੇ।’
ਪ੍ਰੋ. ਅਲੀ ਨੇ ਨਾਗਰਿਕਾਂ ਦੀ ਸੁਰੱਖਿਆ ਬਾਬਤ ਮੁਲਕ ਵਿਚ ਚੱਲ ਰਹੀ ਬਹਿਸ ਵਿਚ ਆਪਣੀ ਰਾਇ ਪੇਸ਼ ਕਰਕੇ ਆਪਣਾ ਫਰਜ਼ ਨਿਭਾਇਆ ਹੈ। ਭਗਵਾ ਹਕੂਮਤ ਆਲੋਚਨਾਤਮਕ ਸੰਵਾਦ ਨੂੰ ਦਬਾਉਣਾ ਚਾਹੁੰਦੀ ਹੈ। ਸੰਘ ਦੇ ਫਾਸ਼ੀਵਾਦੀ ਪ੍ਰਾਜੈਕਟ ਤੋਂ ਸਿਵਾਏ ਅਜਿਹੇ ਬੁੱਧੀਮਾਨ, ਦੂਰਅੰਦੇਸ਼ ਵਿਦਵਾਨ ਦੀ ਗ੍ਰਿਫ਼ਤਾਰੀ ਦੀ ਕੀ ਵਾਜਬੀਅਤ ਹੋ ਸਕਦੀ ਹੈ।
ਰੇਜਾਜ਼ ਵਿਰੁੱਧ ਬਣਾਇਆ ਕੇਸ ਇਸ ਤੋਂ ਵੀ ਬੇਤੁਕਾ ਹੈ। ਪੁਲਿਸ ਅਧਿਕਾਰੀਆਂ ਨੂੰ ਪਤਾ ਹੈ ਕਿ ਉਸ ਉੱਪਰ ਲਗਾਏ ਦੋਸ਼ ਕਾਨੂੰਨੀ ਜਾਂਚ ਵਿਚ ਟਿਕ ਨਹੀਂ ਸਕਣਗੇ, ਇਸ ਲਈ ਗ੍ਰਿਫ਼ਤਾਰੀ ਦੇ ਕਾਰਨ ਵਾਰ-ਵਾਰ ਬਦਲੇ ਜਾ ਰਹੇ ਹਨ। ਪਹਿਲਾਂ ਪੁਲਿਸ ਨੇ ਕਿਹਾ ਕਿ ਉਸ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ‘ਭਾਰਤੀ ਫ਼ੌਜ ਵਿਰੁੱਧ’ ਅਤੇ ‘ਭਾਰਤ ਵਿਰੋਧੀ’ ਟਿੱਪਣੀਆਂ ਕਰਨ ਅਤੇ ਆਪਣੇ ਅਕਾਊਂਟ ਉੱਪਰ ਆਪਣੀ ਦੋਸਤ ਨਾਲ ਦੋ ਹਥਿਆਰਾਂ ਵਾਲੀ ਤਸਵੀਰ ਪੋਸਟ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਸੰਬੰਧਤ ਤਸਵੀਰ ਨਾਗਪੁਰ ਦੇ ਇਕ ਗੰਨ ਹਾਊਸ ਵਿਚ ਏਅਰਗੰਨਾਂ ਨਾਲ ਲਈ ਸੈਲਫੀ ਹੈ। ਫਿਰ ਉਸ ਉੱਪਰ ਸੀਪੀਆਈ (ਮਾਓਵਾਦੀ), ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਅਤੇ ਹਿਜ਼ਬੁੱਲ ਮੁਜਾਹਿਦੀਨ ਆਦਿ ‘ਪਾਬੰਦੀਸ਼ੁਦਾ’ ਜਥੇਬੰਦੀਆਂ ਨਾਲ ਸੰਪਰਕ ਰੱਖਣ ਦਾ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਗਿਆ। ਹੁਣ ਪੁਲਿਸ ਨੇ ਨਵਾਂ ਦੋਸ਼ ਘੜ ਲਿਆ ਕਿ ਉਸਦਾ ਸੰਬੰਧ ਪੁਣੇ ਆਧਾਰਤ ਕਬੀਰ ਕਲਾ ਮੰਚ ਨਾਲ ਹੈ। ਯਾਦ ਰਹੇ ਕਿ ਇਹ ਸੱਭਿਆਚਾਰਕ ਮੰਡਲੀ ਵੀ ਆਵਾਮੀ ਜਾਗਰੂਕਤਾ ਵਾਲੀਆਂ ਪੇਸ਼ਕਾਰੀਆਂ ਕਾਰਨ ਲਗਾਤਾਰ ਪੁਲਿਸ ਜਬਰ ਦਾ ਨਿਸ਼ਾਨਾ ਬਣੀ ਹੋਈ ਹੈ ਅਤੇ ਇਸਦੇ ਤਿੰਨ ਕਲਾਕਾਰ ‘ਭੀਮਾ-ਕੋਰੇਗਾਓਂ’ ਸਾਜ਼ਿਸ਼ ਕੇਸ ਵਿਚ ਫਸਾ ਕੇ ਬਿਨਾ ਜ਼ਮਾਨਤ ਜੇਲ੍ਹ ਵਿਚ ਡੱਕੇ ਹੋਏ ਹਨ।
ਦਰਅਸਲ, ਰੇਜਾਜ਼ ਆਪਣੇ ਆਲੋਚਨਾਤਮਕ ਖਿæਆਲਾਂ ਕਾਰਨ ਹਕੂਮਤ ਦੇ ਨਿਸ਼ਾਨੇ ’ਤੇ ਸੀ। ਉਸਦਾ ਝੁਕਾਅ ਖੱਬੇਪੱਖੀ ਸਿਆਸਤ ਵੱਲ ਹੈ ਅਤੇ ਉਹ ਭਗਵਾ ਹਕੂਮਤ ਦੀਆਂ ਫਾਸ਼ੀਵਾਦੀ ਨੀਤੀਆਂ ਅਤੇ ਲੋਕ ਹੱਕਾਂ ਲਈ ਲਗਾਤਾਰ ਲਿਖਦਾ ਰਹਿੰਦਾ ਸੀ। ਗ੍ਰਿਫ਼ਤਾਰੀ ਤੋਂ ਪਹਿਲਾਂ ਉਹ ਦਿੱਲੀ ਵਿਚ ‘ਕੈਂਪੇਨ ਅਗੇਂਸਟ ਸਟੇਟ ਰਿਪਰੈਸ਼ਨ’ ਦੁਆਰਾ ਆਯੋਜਤ ਪ੍ਰੈੱਸ ਕਾਨਫਰੰਸ ਵਿਚ ਸ਼ਾਮਲ ਹੋਇਆ ਸੀ। ਉੱਥੋਂ ਉਹ ਆਪਣੀ ਇਕ ਦੋਸਤ ਨੂੰ ਮਿਲਣ ਲਈ ਨਾਗਪੁਰ ਚਲਾ ਗਿਆ, ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਹੋਟਲ ਵਿਚੋਂ ਚੁੱਕ ਲਿਆ। ਉਸਦੀ ਦੋਸਤ ਸਿੰਬਾਇਓਸਿਸ ਲਾਅ ਸਕੂਲ ਵਿਚ ਲਾਅ ਦੀ ਆਖ਼ਰੀ ਸਾਲ ਦੀ ਪੜ੍ਹਾਈ ਕਰ ਰਹੀ ਹੈ। ਸਿਤਮ-ਜ਼ਰੀਫ਼ੀ ਇਹ ਕਿ ਕਾਲਜ ਪ੍ਰਸ਼ਾਸਨ ਨੇ ਉਸ ਕੁੜੀ ਨੂੰ ਮੁਅੱਤਲ ਕਰ ਦਿੱਤਾ ਅਤੇ ਨਾਗਪੁਰ ਹਾਈਕੋਰਟ ਨੇ ਵੀ ਉਸ ਨੂੰ ਕੋਈ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ ਹੈ।
ਹੋਰ ਵੀ ਦਿਲਚਸਪ ਇਹ ਹੈ ਕਿ ਪੁਲਿਸ ਨੇ ਰੇਜਾਜ਼ ਦੇ ਘਰੋਂ ਅਤੇ ਉਸ ਦੇ ਕੋਲੋਂ ਜੋ ਕਿਤਾਬਾਂ ‘ਬਰਾਮਦ’ ਕੀਤੀਆਂ ਉਨ੍ਹਾਂ ਵਿਚੋਂ ਕੋਈ ਵੀ ‘ਪਾਬੰਦੀਸ਼ੁਦਾ’ ਨਹੀਂ ਹੈ। ਇਕ ਕਿਤਾਬ ਕਾਰਲ ਮਾਰਕਸ ਦੀ ਹੈ, ਇਕ ਪ੍ਰੋਫੈਸਰ ਸਾਈਬਾਬਾ ਬਾਰੇ, ਇਕ ਲੈਨਿਨ ਦੀ ਸੋਸ਼ਲਿਸਟ ਰਾਜ ਬਾਰੇ, ਅਤੇ ਇਕ ਜਾਤ-ਪਾਤ ਬਾਰੇ ਕੇ. ਮੁਰਲੀ ਦੀ ਲਿਖੀ ‘ਕ੍ਰਿਟੀਕਿੰਗ ਬ੍ਰਾਹਮਨਿਜ਼ਮ’ ਹੈ। ਪੁਲਿਸ ਨੂੰ ਉਸ ਕੋਲੋਂ ‘ਨਜ਼ਰੀਆ’ ਰਸਾਲੇ ਦੀ ਇਕ ਕਾਪੀ ਮਿਲੀ, ਜਿਸ ਦੇ ਆਧਾਰ ’ਤੇ ਦਾਅਵਾ ਕੀਤਾ ਗਿਆ ਕਿ ਉਹ ਪਾਬੰਦੀਸ਼ੁਦਾ ਸੀ.ਪੀ.ਆਈ. (ਮਾਓਵਾਦੀ) ਲਈ ਫੰਡ ਜੁਟਾਉਣ ਵਿਚ ਮਦਦ ਕਰ ਰਿਹਾ ਹੈ। ਹਾਲਾਂਕਿ ਨਾ ਤਾਂ ਨਜ਼ਰੀਆ ਪਾਬੰਦੀਸ਼ੁਦਾ ਹੈ ਅਤੇ ਨਾ ਹੀ ਸਰਕਾਰ ਨੇ ਇਸ ਨੂੰ ਮਾਓਵਾਦੀ ‘ਫਰੰਟ’ ਐਲਾਨਿਆ ਹੈ। ਇਹ ਪੁਲਿਸ ਦੀਆਂ ਮਨਮਾਨੀਆਂ ਦਾ ਨਮੂਨਾ ਹੈ, ਜੋ ਕਿਸੇ ਨੂੰ ਵੀ ਜੇਲ੍ਹ ਵਿਚ ਡੱਕਣ ਲਈ ਕੋਈ ਵੀ ਬੇਹੂਦਾ ਕਹਾਣੀ ਘੜ ਸਕਦੀ ਹੈ ਅਤੇ ਨਿਆਂ ਪ੍ਰਣਾਲੀ ਬਿਨਾ ਕੋਈ ਉਜ਼ਰ ਕੀਤੇ ਪੁਲਿਸ ਦੀਆਂ ਮਨਘੜਤ ਕਹਾਣੀਆਂ ਨੂੰ ਸਵੀਕਾਰ ਕਰਕੇ ਪੁਲਿਸ ਦੀ ਇੱਛਾ ਅਨੁਸਾਰ ਰਿਮਾਂਡ ਦੇਣਾ ਜਾਰੀ ਰੱਖਦੀ ਹੈ।
ਦਰਅਸਲ, ਇਹ ਸਭ ਸਟੇਟ ਦੀਆਂ ਨੀਤੀਆਂ ਦੀਆਂ ਆਲੋਚਕ ਆਵਾਜ਼ਾਂ ਦੀ ਜ਼ੁਬਾਨਬੰਦੀ ਕਰਨ ਦੇ ਪ੍ਰਾਜੈਕਟ ਦਾ ਹਿੱਸਾ ਹੈ। ਇੱਥੋਂ ਤੱਕ ਕਿ ਹਰਮਨ-ਪਿਆਰੇ ਸ਼ਾਇਰ ਫ਼ੈਜ਼ ਅਹਿਮਦ ਫ਼ੈਜ ਦੀਆਂ ਨਜ਼ਮਾਂ ਪੜ੍ਹਨ ਨੂੰ ਵੀ ‘ਸ਼ਹਿਰੀ ਨਕਸਲੀ’ ਦੇ ਦਾਇਰੇ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਨਾਗਪੁਰ ਪੁਲਿਸ ਨੇ ਇਕ ਕਲਾਕਾਰ ਦੇ ਬਰਸੀ ਸਮਾਗਮ ਵਿਚ ਫ਼ੈਜ਼ ਦੀ ਮਸ਼ਹੂਰ ਨਜ਼ਮ ‘ਹਮ ਦੇਖੇਂਗੇ’ ਪੜ੍ਹੇ ਜਾਣ ’ਤੇ ਆਯੋਜਕਾਂ ਵਿਰੁੱਧ ਪਰਚਾ ਦਰਜ ਕੀਤਾ ਹੈ। ਭਾਰਤ ਦੇ ਆਮ ਨਾਗਰਿਕ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬੇਖ਼ਬਰ ਹੋਣ ਕਾਰਨ ਅਤੇ ਜ਼ਿਆਦਾਤਰ ਬੌਧਿਕ ਹਲਕੇ ਹਕੂਮਤੀ ਬਿਰਤਾਂਤ ਦੇ ਜ਼ਹਿਰੀਲੇ ਪ੍ਰਭਾਵ ਹੇਠ ਹੋਣ ਕਾਰਨ ਹੁਕਮਰਾਨ ਧਿਰ ਨੂੰ ਆਲੋਚਕ ਆਵਾਜ਼ਾਂ ਦੀ ਜ਼ੁਬਾਨਬੰਦੀ ਕਰਨ ’ਚ ਕੋਈ ਮੁਸ਼ਕਲ ਨਹੀਂ ਆ ਰਹੀ।
