ਬਿਰਤਾਂਤ ਦੀ ਜੰਗ

ਪਰਮਪਾਲ ਸਿੰਘ ਸਭਰਾਅ
ਦਲਜੀਤ ਦੋਸਾਂਝ ਮੈਟ ਗਾਲਾ ਜੋ ਕਿ ਇਕ ਪਹਿਰਾਵੇ ਦੇ ਪਰਦਰਸ਼ਨ ਦਾ ਅੰਤਰਰਾਸ਼ਟਰੀ ਫੈਸ਼ਨ ਸ਼ੋਅ ਹੈ ਵਿਚ ਭਾਗ ਲੈਂਦਾ ਹੈ ਤੇ ਉੱਥੇ ਜੋ ਪਹਿਰਾਵਾ ਉਹ ਪਾਉਂਦਾ ਹੈ ਉਹ ਪੰਜਾਬੀ ਰਾਜਿਆਂ ਦੀ ਪੌਸ਼ਾਕ ਹੈ ਤੇ ਪੱਗ ਤੇ ਲੱਗੀ ਕਲਗੀ ਹੱਥ ਵਿਚ ਤਲਵਾਰ ਰਾਜ ਦੇ ਪ੍ਰਤੀਕ ਹਨ,

ਉਸ ਦੀ ਪਿੱਠ ਤੇ ਪੰਜਾਬ ਦਾ ਨੱਕਸ਼ਾ ਹੈ ਤੇ ਉਸ ਵਿਚ ਗੁਰਮੁਖੀ ਲਿਖੀ ਹੋਈ ਹੈ, ਇਸ ਗੱਲ ਦੇ ਵੱਡੇ ਮਾਇਨੇ ਹਨ, ਲਾੜੇ ਤੇ ਰਾਜੇ ਦੋਵਾਂ ਦੀ ਪੌਸ਼ਾਕ ਵਿਚ ਨਕਸ਼ਾ ਤੇ ਅੱਖਰ ਲਿਖਣੇ ਜ਼ਰੂਰੀ ਨਹੀ ਹਨ ਪਰ ਦਲਜੀਤ ਦਾ ਇੰਜ ਕਰਨਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਅਲੰਬੜਦਾਰੀ ਹੈ, ਹੁਣ ਵੇਖੀਏ ਕਿ ਸੰਸਾਰ ਪੱਧਰੀ ਪੱਤਰਕਾਰੀ ਤੇ ਗੋਦੀ ਮੀਡੀਆ ਦੀ ਹਰਾਮਜਦਗੀ ਕੀ ਕਰਦੀ ਹੈ
ਦੁਨੀਆਂ ਦੀ ਸਰਵਉੱਚ ਅਖਬਾਰ ਨਿਊਯਾਕਰ ਟਾਈਮਸ ਲਿਖਦੀ ਹੈ ਕਿ ਦਲਜੀਤ ਨੇ ਮੈਟਗਾਲਾ ਦੇ ਲਾਲ ਕਾਰਪੇਟ ਤੇ ਪੰਜਾਬ ਲੈ ਆਂਦਾ ਤੇ ਅਰਨਵ ਗੋਸਵਾਮੀ ਦਾ ਰਿਪਬਲਿਕ ਲਿਖਦਾ ਕਿ ਮੈਟਗਾਲਾ ਸੀ ਕਿ ਦਿੱਲੀ ਦੀ ਬਾਰਾਤ ਭਾਂਵੇ ਇਹ ਸਭ ਦਲਜੀਤ ਦੇ ਕਾਰੋਬਾਰ ਨਾਲ ਜੁੜਿਆ ਮਸਲਾ ਹੈ ਪਰ ਅਕਸਰ ਅੰਤਰਰਾਸ਼ਟਰੀ ਪੱਧਰ ਦੇ ਮੰਚਾਂ ਤੇ ਦਲਜੀਤ ਪੰਜਾਬੀਅਤ ਦੀ ਅਵਾਜ਼ ਬੁਲੰਦ ਕਰਦਾ ਹੈ ਉਹ ਪੰਜਾਬ ਦੀ ਇੱਕ ਸੌਫਟ ਪਾਵਰ ਵਾਂਗ ਕੰਮ ਕਰਦਾ ਹੈ ਜਿਵੇਂ ਮੂਸੇਵਾਲਾ ਦਾ ਇੱਕ ਗੀਤ ਪਾਣੀਆਂ ਦੇ ਮਸਲੇ ਨੂੰ ਅੰਤਰਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ ਸਟੇਟ ਜਾਣਦੀ ਹੈ ਕਿ ਇਹ ਪੰਜਾਬੀ ਗਲੋਬਲ ਆਵਾਜ਼ਾਂ ਕਿਸੇ ਵੇਲੇ ਵੀ ਹਕੂਮਤੀ ਬਿਰਤਾਂਤ ਭੰਨਣ ਦੇ ਕੰਮ ਆ ਸਕਦੀਆਂ ਹਨ ਜਿਵੇਂ ਕਿਸਾਨੀ ਸੰਘਰਸ਼ ਵਿਚ ਹੋਇਆ ਤੇ ਜਿਨ੍ਹਾਂ ਨੂੰ ਕੁਝ ਲੋਕ ਨਚਾਰ ਕਹਿੰਦੇ ਸੀ ਉਹਨਾਂ ਨੇ ਸੰਘਰਸ਼ ਵਿਚ ਵੱਡਾ ਹਿੱਸਾ ਪਾਇਆ, ਕੰਵਰ ਸਿੰਘ ਗਰੇਵਾਲ ਦੇ ਗੀਤਾਂ ਤੇ ਗੋਦੀਮੀਡੀਆ ਨੇ ਟਰੌਲ ਕੀਤਾ, ਸਰਕਾਰ ਅਕਸਰ ਗੀਤ ਤੇ ਫ਼ਿਲਮਾਂ ਬੈਨ ਕਰਦੀ ਹੈ ਜਿਵੇਂ ਸ਼ਹੀਦ ਜਸਵੰਤ ਸਿੰਘ ਖਾਲੜਾ ਫ਼ਿਲਮ ਨਾਲ ਹੋਇਆ ਕਿਉਂ ਕਿ ਇਹ ਸਰਕਾਰੀ ਬਿਰਤਾਂਤ ਭੰਨਣ ਦੇ ਟੂਲ ਹਨ, ਤਾਂ ਹੀ ਗੋਦੀ ਮੀਡੀਆ ਪੰਜਾਬ ਦੇ ਹੱਕ ਦੀ ਹਰ ਗੱਲ ਨੂੰ ਗਲਤ ਰੰਗ ਦੇਣ ਲਈ ਘਟੀਆ ਬਿਰਤਾਂਤ ਘੜਦਾ, ਪੰਜਾਬ ਇੱਕ ਜੰਗ ਵਿਚ ਹੈ ਜਿੱਥੇ ਪਾਣੀ ਬੋਲੀ ਸਭਿਆਚਾਰ ਨੂੰ ਗੰਧਲਾ ਕਰਕੇ ਖਤਮ ਕਰਨ ਦੇ ਯਤਨ ਹੋ ਰਹੇ ਹਨ ਇਸ ਜੰਗ ਦਾ ਵੱਡਾ ਹਥਿਆਰ ਹੈ “ਬਿਰਤਾਂਤ” ਸੋ ਬਿਰਤਾਂਤ ਦੀ ਜੰਗ ਜਿੱਤਣ ਲਈ ਨਿਊਯਾਕਰ ਟਾਈਮਸ ਵਿਚ ਸਤਿਕਾਰਯੋਗ ਥਾਂ ਬਣਾਉਣੀ ਬਹੁਤ ਲਾਹੇਵੰਦ ਹੈ, ਧੁਰ ਅੰਦਰੋਂ ਖੁਸ਼ ਇਸ ਲਈ ਹਾਂ ਕਿ ਅਜੇ ਤਾਂ ਨਚਾਰ ਤੇ ਅਧੂਰੇ ਮੰਨੇ ਜਾਂਦੇ ਸਿੱਖ ਹੀ ਅੰਤਰਰਾਸ਼ਟਰੀ ਮੰਚ ਤੇ ਮੇਲੇ ਲੁੱਟ ਰਹੇ ਨੇ ਜਿਸ ਦਿਨ ਗੁਰੂ ਨਿਵਾਜੇ ਪੂਰੇ ਸਿੱਖਾਂ ਨੇ ਖਾਲਸਾਈ ਜਲਵੇ ਬਿਖੇਰੇ ਤਾਂ ਸੰਸਾਰ ਕਲਗੀਧਰ ਦੇ ਪੁੱਤਾਂ ਦੇ ਕਦਮਾਂ ਤੇ ਤਲੀਆਂ ਟਿਕਾਵੇਗਾ ਤੇ ਸਿੱਲੀ ਅੱਖ ਨਾਲ ਲਿਖ ਰਿਹਾ ਹਾਂ ਮੈਨੂੰ ਪੂਰਨ ਭਰੋਸਾ ਹੈ ਕਿ ਇੱਕ ਦਿਨ ਸਰਹੰਦ ਦੀ ਕੰਧ ਤੇ ਚਮਕੌਰ ਦੀ ਗੜ੍ਹੀ ਨੇ ਇਹ ਸਾਰੇ ਦਲਜੀਤ ਦਲਜੀਤ ਸਿੰਘ ਬਣਾ ਕੇ ਪੰਥ ਦੇ ਵਿਹੜੇ ਵਿਚ ਮੋੜ ਦੇਣੇ ਨੇ ਉਸ ਦਿਨ ਜਾਂ ਤਾਂ ਸਟੇਟ ਸਾਨੂੰ ਮਾਰ ਦੇਵੇਗੀ ਜਾਂ ਸਾਡਾ ਰਾਜ ਹੋਵੇਗਾ।