ਭਾਰਤ ਅਤੇ ਪਾਕਿਸਤਾਨ ਵਿਚਕਾਰ ਇਕ ਵਾਰ ਫਿਰ ਜੰਗ ਦੇ ਬੱਦਲ ਗਹਿਰਾ ਗਏ ਹਨ। ਪਾਕਿਸਤਾਨ ਵਿਚ ਪਲ ਰਹੇ ਅਤਿਵਾਦੀ ਗਰੁੱਪ ਨਿੱਤ ਦਿਨ ਭਾਰਤ ਵਿਰੁੱਧ ਸਾਜਿਸ਼ਾਂ ਕਰਕੇ ਪਾਕਿਸਤਾਨ ਦੀ ਧਰਤੀ ‘ਤੋਂ ਆਪਣੇ ਹਥਿਆਰਬੰਦ ਅੱਤਵਾਦੀਆਂ ਨੂੰ ਇਧਰ ਭੇਜਦੇ ਹਨ।
‘ਦਾ ਰਜਿਸਟੈਂਟ ਫਰੰਟ’ ਅਜੇਹੀ ਹੀ ਇਕ ਜਥੇਬੰਦੀ ਹੈ, ਜਿਸ ਨੇ ਪਹਿਲਗਾਮ ਦੀ ਬੈਸਰਨ ਸੈਰਗਾਹ ‘ਤੇ 26 ਭਾਰਤੀਆਂ ਨੂੰ ਗੋਲੀਆਂ ਨਾਲ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਹੁਣ ਤੱਕ ਦੋਹਾਂ ਦੇਸ਼ਾਂ ਵਿਚ 4 ਜੰਗਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿਚ ਪਾਕਿਸਤਾਨ ਨੂੰ ਨਮੋਸ਼ੀਜਨਕ ਹਾਰਾਂ ਦਾ ਮੂੰਹ ਵੇਖਣਾ ਪਿਆ ਪਰ ਇਸ ਦੇ ਬਾਵਜੂਦ ਇਸ ਦੇ ਕਈ ਵੱਡੇ ਸਿਆਸੀ ਆਗੂਆਂ ਅਤੇ ਫ਼ੌਜੀ ਜਰਨੈਲਾਂ ਨੇ ਭਾਰਤ ਵਿਰੁੱਧ ਹਮੇਸ਼ਾ ਜ਼ਹਿਰ ਹੀ ਉਗਲਿਆ ਹੈ। ਪਿਛਲੇ ਦਿਨੀਂ ਉੱਥੋਂ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਨੇ ਵੀ ਭਾਰਤ ਵਿਰੁੱਧ ਪੂਰਾ ਜ਼ਹਿਰ ਉਗਲਿਆ, ਜਿਸ ਤੋਂ ਬਾਅਦ ਪਹਿਲਗਾਮ ਵਿਚ ਦਹਿਸ਼ਤਗਰਦਾਂ ਨੇ ਭਾਰਤੀਆਂ ਦੇ ਖੂਨ ਦੀ ਹੋਲੀ ਖੇਡੀ। ਪਾਕਿਸਤਾਨ ‘ਤੋਂ ਹੀ ਹਥਿਆਰਾਂ ਤੇ ਸਿਖਲਾਈ ਪ੍ਰਾਪਤ ਦਹਿਸ਼ਤਗਰਦਾਂ ਨੇ ਸਾਲ 2001 ਵਿਚ ਦੇਸ਼ ਦੀ ਸੰਸਦ ‘ਤੇ ਹਮਲਾ ਕਰਕੇ ਇਸ ਦੀ ਪ੍ਰਭੂਸੱਤਾ ਨੂੰ ਵੰਗਾਰਿਆ ਸੀ।
ਜੁਲਾਈ 2006 ਵਿਚ ਮੁੰਬਈ ਵਿਚ ਬਹੁਤ ਸਾਰੀਆਂ ਰੇਲ ਗੱਡੀਆਂ ਵਿਚ ਬੰਬ ਧਮਾਕੇ ਕੀਤੇ ਗਏ ਸਨ। ਇਸ ਤੋਂ ਵੀ ਅੱਗੇ ਸਾਲ 2008 ਵਿਚ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਉੱਥੇ ਇਸ ਮਹਾਂਨਗਰ ਦੇ ਬਾਜ਼ਾਰਾਂ ਅਤੇ ਵੱਡੇ ਹੋਟਲਾਂ ਵਿਚ ਸੈਂਕੜੇ ਲੋਕਾਂ ਦਾ ਖੂਨ ਵਹਾਇਆ ਸੀ।
ਸਾਲ 2019 ਵਿਚ ਕਸ਼ਮੀਰ ਦੇ ਪੁਲਵਾਮਾ ਵਿਚ ਹੀ ਇਕ ਬਾਰੂਦ ਨਾਲ ਭਰਿਆ ਵਾਹਨ ਦਹਿਸ਼ਤਗਰਦਾਂ ਨੇ ਸੀ.ਆਰ.ਪੀ.ਐਫ. ਦੇ ਵਾਹਨ ਵਿਚ ਮਾਰ ਕੇ 40 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਹੁਣ ਪਹਿਲਗਾਮ ਨੇੜੇ 26 ਭਾਰਤੀਆਂ, ਜਿਨ੍ਹਾਂ ‘ਚੋਂ ਵਧੇਰੇ ਸੈਲਾਨੀ ਸਨ, ਨੂੰ ਸ਼ਰੇਆਮ ਸਿੱਧੀਆਂ ਗੋਲੀਆਂ ਮਾਰ ਕੇ ਇਕ ਵਾਰ ਫਿਰ ਇਨ੍ਹਾਂ ਦਹਿਸ਼ਤਗਰਦਾਂ ਅਤੇ ਪਾਕਿਸਤਾਨ ਨੇ ਭਾਰਤ ਨੂੰ ਵੰਗਾਰਿਆ ਹੈ। ਇਸ ਦੇ ਵਿਰੋਧ ਵਿਚ ਇਕਜੁੱਟ ਹੋ ਕੇ ਲੋਕਾਂ ਨੇ ਰੋਸ ਪ੍ਰਗਟ ਕੀਤਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਇਕ ਆਵਾਜ਼ ਵਿਚ ਸਰਕਾਰ ਨਾਲ ਇਕਜੁੱਟਤਾ ਪ੍ਰਗਟ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਦਹਿਸ਼ਤਗਰਦਾਂ ਰਾਹੀਂ ਗੁਆਂਢੀ ਦੇਸ਼ ਵਲੋਂ ਦਿੱਤੀ ਵੰਗਾਰ ਨੂੰ ਕਬੂਲਣਾ ਚਾਹੀਦਾ ਹੈ। ਇਸ ਭਿਆਨਕ ਅਤੇ ਦੁਖਦਾਈ ਘਟਨਾ ਤੋਂ ਬਾਅਦ ਸਰਕਾਰ ਨੇ ਵੱਡੇ ਕਦਮ ਚੁੱਕੇ ਹਨ, ਜੋ ਪਾਕਿਸਤਾਨ ਲਈ ਸਖ਼ਤ ਤਾੜਨਾ ਹੈ। ਇਹ ਵੀ ਕਿ ਭਾਰਤ ਇਨ੍ਹਾਂ ਮਨਸੂਬਿਆਂ ਨੂੰ ਹਰ ਸੂਰਤ ਵਿਚ ਠੱਲ੍ਹ ਪਾਏਗਾ। ਦੁਨੀਆ ਭਰ ਦੇ ਮੁਲਕਾਂ ਨੇ ਇਸ ਸੋਗ ਦੀ ਘੜੀ ਵਿਚ ਭਾਰਤ ਨਾਲ ਖੜ੍ਹੇ ਹੋਣ ਨੂੰ ਤਰਜੀਹ ਦਿੱਤੀ ਹੈ। ਪਿਛਲੇ ਸਮੇਂ ਵਿਚ ਚੀਨ ਅਤੇ ਵੱਡੇ ਅਰਬ ਮੁਲਕ, ਜੋ ਇਸ ਦੀ ਹਰ ਢੰਗ ਤਰੀਕੇ ਨਾਲ ਮਦਦ ਕਰਦੇ ਰਹੇ ਹਨ, ਇਸ ਤੋਂ ਕੰਨੀ ਕਤਰਾਉਣ ਲੱਗੇ ਹਨ। ਇਸ ਨੂੰ ਸਖ਼ਤ ਅੰਦਰੂਨੀ ਟਕਰਾਅ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬਲੋਚਿਸਤਾਨ ਅਤੇ ਖ਼ੈਬਰ ਪਖ਼ਤੂਨਖਵਾ ਵਰਗੇ ਰਾਜ, ਇਸ ਵਿਰੁੱਧ ਦੁਸ਼ਮਣ ਬਣ ਕੇ ਖੜ੍ਹੇ ਹੁੰਦੇ ਦਿਖਾਈ ਦੇ ਰਹੇ ਹਨ। ਇਲਜ਼ਾਮਾਂ ਤੇ ਸਵਾਲਾਂ ‘ਚ ਘਿਰਿਆ ਪਾਕਿਸਤਾਨ ‘ਨਾਲੇ ਚੋਰ-ਨਾਲੇ ਚਤਰ ਵਾਲੀ ਕਹਾਵਤ ਨੂੰ ਸੱਚ ਕਰ ਰਿਹਾ ਪਾਕਿਸਤਾਨ ਗਿੱਦੜ-ਭਬਕੀਆਂ ਮਾਰਨ ਤੋਂ ਬਾਜ਼ ਨਹੀਂ ਆ ਰਿਹਾ ਹੈ। ਪਹਿਲਗਾਮ ‘ਚ ਜੋ ਕੁਝ ਹੋਇਆ, ਉਹ ਪੂਰੇ ਸੰਸਾਰ ਨੇ ਦੇਖਿਆ ਹੈ। ਚਾਰੇ ਪਾਸੇ ਇਸ ਜ਼ਾਲਮਪੁਣੇ ਦੀ ਨਿਖੇਧੀ ਹੋ ਰਹੀ ਹੈ। ਕਈ ਦਹਾਕਿਆਂ ‘ਤੋਂ ਅੱਤਵਾਦ ਦੇ ਦਿੱਤੇ ਜ਼ਖ਼ਮ ਆਪਣੇ ਪਿੰਡਿਆ ‘ਤੇ ਸਹਿਣ ਵਾਲੇ ਕਸ਼ਮੀਰੀ ਲੋਕ ਇਕ ਵਾਰ ਫਿਰ ਨਿਸ਼ਾਨੇ ‘ਤੇ ਆ ਗਏ ਹਨ। ਕਈ ਲੋਕਾਂ ਦਾ ਰੁਜ਼ਗਾਰ ਠੱਪ ਹੋ ਗਿਆ ਹੈ।
ਮਹਿੰਗਾਈ ਨੇ ਇਸ ਵੇਲੇ ਉੱਥੋਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਵਿੱਤੀ ਸਾਲ 2023-24 ‘ਚ ਪਾਕਿਸਤਾਨ ਦੇ ਸਿਰ ‘ਤੇ 25 ਅਰਬ ਡਾਲਰ ਦਾ ਕਰਜ਼ਾ ਸੀ। ਪਾਕਿਸਤਾਨੀ ਸਰਮਾਏਦਾਰ ਹਾਕਮ ਕੌਮਾਂਤਰੀ ਮੁਦਰਾ ਕੋਸ਼ ਅੱਗੇ ਫਿਰ ਤੋਂ ਪੱਲਾ ਅੱਡ ਰਹੇ ਹਨ। ਇਕ ਰਿਪੋਰਟ ਮੁਤਾਬਕ ਚੀਨ ਤੇ ਸਾਊਦੀ ਅਰਬ ਨੇ 1.82 ਲੱਖ ਕਰੋੜ ਰੁਪਏ ਦੇ ਨਿਵੇਸ਼ ਨੂੰ ਵੀ ਰੋਕ ਦਿੱਤਾ ਹੈ। ਚੀਨ ਨੇ ਪਾਕਿਸਤਾਨ ‘ਚ 1.42 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਗੱਲ ਆਖੀ ਸੀ ਪਰ ਉਸ ਨੇ ਵੀ ਕਿਹਾ ਹੈ ਕਿ ਬਿਨਾ ਸੁਰੱਖਿਆ ਤੇ ਸਿਆਸੀ ਸਥਿਰਤਾ ਦੇ ਉਹ ਨਿਵੇਸ਼ ਦੇ ਕੰਮ ਨੂੰ ਅੱਗੇ ਨਹੀਂ ਤੋਰ ਸਕਦਾ। ਇਹੀ ਸੋਚ ਬਾਕੀ ਮੁਲਕਾਂ ਦੀ ਹੈ। ਪਾਕਿਸਤਾਨ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਅੱਤਵਾਦ ਉਸ ਦੀਆਂ ਜੜ੍ਹਾਂ ‘ਚ ਤੇਲ ਪਾ ਕੇ ਉਸ ਨੂੰ ਵੱਡਾ ਖੋਰਾ ਲਾ ਚੁੱਕਾ ਹੈ। ਉਸ ਦੀ ਸ਼ਹਿ ‘ਤੇ ਪਲਣ ਵਾਲੇ ਖੂੰਖਾਰ ਦਹਿਸ਼ਤਗਰਦਾਂ ਕਾਰਨ ਗੁਆਂਢੀ ਮੁਲਕਾਂ ਤੇ ਸੂਬਿਆਂ ਦੇ ਲੋਕਾਂ ਨੂੰ ਵੀ ਆਰਥਿਕ ਤੇ ਸੁਰੱਖਿਆ ਨਾਲ ਜੁੜੀਆਂ ਔਕੜਾਂ ਝੱਲਣੀਆਂ ਪੈਂਦੀਆਂ ਹਨ। ਸਾਲ 2024 ‘ਚ ਜੰਮੂ-ਕਸ਼ਮੀਰ ਦੇ ਡੋਡਾ ‘ਚ ਹੋਏ ਅੱਤਵਾਦੀ ਹਮਲੇ ‘ਚ ਭਾਰਤੀ ਫ਼ੌਜ ਦੇ ਇਕ ਅਧਿਕਾਰੀ ਸਣੇ ਚਾਰ ਜਵਾਨ ਸ਼ਹੀਦ ਹੋ ਗਏ ਸਨ ਤੇ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ। ਦਹਿਸ਼ਤਗਰਦੀ ਕਾਰਨ ਕਸ਼ਮੀਰੀ ਲੋਕਾਂ ਦੇ ਰੁਜ਼ਗਾਰ ਨੂੰ ਡੂੰਘੀ ਸੱਟ ਵੱਜੀ ਹੈ। ਗੁਲਮਰਗ ‘ਚ ਬਹੁਤੇ ਲੋਕ ਘੋੜਿਆਂ ਰਾਹੀਂ ਰੁਜ਼ਗਾਰ ਕਰਦੇ ਹਨ ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਉਨ੍ਹਾਂ ਦੇ ਧੰਦੇ ‘ਤੇ ਅਸਰ ਪੈਂਦਾ ਹੈ।
ਪਰ ਪਾਕਿਸਤਾਨ ਭਾਰਤ ਨੂੰ ਲਗਾਤਾਰ ਪ੍ਰਮਾਣੂ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੰਗ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਹੈ। ਇਸ ਵੇਲੇ ਆਲਮੀ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ।
