ਨਵੀਂ ਦਿੱਲੀ:ਭਾਰਤ ਤੇ ਅਮਰੀਕਾ ਨੇ ਆਪਸੀ ਲਾਭਕਾਰੀ ਦੁਵੱਲੇ ਵਪਾਰ ਸਮਝੌਤੇ ਲਈ ਗੱਲਬਾਤ ‘ਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ ਕੀਤਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਦੇ ਉਪ-ਰਾਸ਼ਟਰਪਤੀ ਜੇ.ਡੀ. ਵੇਂਸ ਨੇ ਅੱਜ ਰੱਖਿਆ, ਊਰਜਾ ਤੇ ਤਕਨਾਲੋਜੀ ਦੇ ਖੇਤਰਾਂ ‘ਚ ਸਹਿਯੋਗ ਵਧਾਉਣ ਲਈ ਵਿਆਪਕ ਗੱਲਬਾਤ ਕੀਤੀ। ਮੋਦੀ ਨੇ ਅਧਿਕਾਰਤ ਗੱਲਬਾਤ ਤੋਂ ਬਾਅਦ ਆਪਣੇ ਲੋਕ ਕਲਿਆਣ ਮਾਰਗ ਸਥਿਤ ਨਿਵਾਸ ‘ਤੇ ਵੇਂਸ, ਭਾਰਤੀ ਮੂਲ ਦੀ ਅਮਰੀਕੀ ਦੂਜੀ ਮਹਿਲਾ ਊਸ਼ਾ ਚਿਲੁਕੁਰੀ ਤੇ
ਉਨ੍ਹਾਂ ਦੇ ਤਿੰਨ ਬੱਚਿਆਂ ਇਵਾਨ, ਵਿਵੇਕ ਤੇ ਮੀਰਾਬੇਲ ਦੀ ਰਾਤ ਦੇ ਖਾਣੇ ‘ਤੇ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਵੇਂਸ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਆਪਣੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਉਹ ਇਸ ਸਾਲ ਦੇ ਅੰਤ ‘ਚ ਉਨ੍ਹਾਂ ਦੀ ਭਾਰਤ ਫੇਰੀ ਦੀ ਉਡੀਕ ਕਰ ਰਹੇ ਹਨ। ਪ੍ਰਧਾਨ ਮੰਤਰੀ ਤੇ ਉਪ-ਰਾਸ਼ਟਰਪਤੀ ਨੇ ਰੂਸ-ਯੂਕਰੇਨ ਟਕਰਾਅ ਸਮੇਤ ਆਪਸੀ ਹਿਤ ਦੇ ਵੱਖ-ਵੱਖ ਖੇਤਰੀ ਤੇ ਵਿਸ਼ਵਵਿਆਪੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਤੇ ਅੱਗੇ ਵਧਣ ਦੇ ਰਸਤੇ ਵਜੋਂ ਸੰਵਾਦ ਤੇ ਕੂਟਨੀਤੀ ਦਾ ਸੱਦਾ ਦਿੱਤਾ। ਇਸ ਸੰਬੰਧੀ ਇਕ ਭਾਰਤੀ ਪਾਠਕ ਨੇ ਕਿਹਾ ਕਿ ਮੋਦੀ ਤੇ ਵੇਂਸ ਨੇ ਦੁਵੱਲੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ‘ਚ ਪ੍ਰਗਤੀ ਦੀ ਸਮੀਖਿਆ ਤੇ ਸਾਕਾਰਾਤਮਿਕ ਮੁਲਾਂਕਣ ਕੀਤਾ। ਇਸ ‘ਚ ਕਿਹਾ ਗਿਆ ਹੈ ਕਿ ਉਨ੍ਹਾਂ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਭਲਾਈ ‘ਤੇ ਕੇਂਦਰਿਤ ਇਕ ਆਪਸੀ ਲਾਭਦਾਇਕ ਭਾਰਤ-ਅਮਰੀਕਾ ਦੁਵੱਲੇ ਵਪਾਰ ਸਮਝੌਤੇ (ਬੀ.ਟੀ.ਏ) ਲਈ ਗੱਲਬਾਤ ‘ਚ ਮਹੱਤਵਪੂਰਨ ਪ੍ਰਗਤੀ ਦਾ ਸਵਾਗਤ ਕੀਤਾ।
ਇਸੇ ਤਰ੍ਹਾਂ ਉਨ੍ਹਾਂ ਊਰਜਾ, ਰੱਖਿਆ, ਰਣਨੀਤਕ ਤਕਨਾਲੋਜੀਆਂ ਤੇ ਹੋਰ ਖੇਤਰਾਂ ‘ਚ ਸਹਿਯੋਗ ਵਧਾਉਣ ਲਈ ਨਿਰੰਤਰ ਯਤਨਾਂ ਦਾ ਜ਼ਿਕਰ ਕੀਤਾ। ਭਾਰਤ ਵਲੋਂ ਜਾਰੀ ਬਿਆਨ ਅਨੁਸਾਰ ਇਸ ਮੌਕੇ ਪ੍ਰਧਾਨ ਮੰਤਰੀ ਨੇ ਫਰਵਰੀ ‘ਚ ਵਾਸ਼ਿੰਗਟਨ ਡੀ.ਸੀ. ਦੀ ਆਪਣੀ ਫੇਰੀ ਤੇ ਰਾਸ਼ਟਰਪਤੀ ਟਰੰਪ ਨਾਲ ਆਪਣੀ ਫਲਦਾਇਕ ਚਰਚਾ ਨੂੰ ਪਿਆਰ ਨਾਲ ਯਾਦ ਕੀਤਾ, ਜਿਸ ਨੇ ਮੋਕ ਅਮਰੀਕਾ ਗ੍ਰੇਟ ਅਗੇਨ (ਐਮ.ਏ.ਜੀ.ਏ.) ਤੇ ਵਿਕਸਿਤ ਭਾਰਤ 2047 ਦੀਆਂ ਤਾਕਤਾਂ ਦਾ ਲਾਭ ਉਠਾਉਂਦੇ ਹੋਏ ਭਾਰਤ ਤੇ ਅਮਰੀਕਾ ਵਿਚਕਾਰ ਨੇੜਲੇ ਸਹਿਯੋਗ ਲਈ ਖਾਕਾ ਤਿਆਰ ਕੀਤਾ।
ਟਰੰਪ ਦੇ ਇਸ ਸਾਲ ਦੇ ਅੰਤ ‘ਚ ਕਵਾਡ ਸਮੂਹ ਦੇ ਸਾਲਾਨਾ ਸੰਮੇਲਨ ‘ਚ ਸ਼ਾਮਿਲ ਹੋਣ ਲਈ ਭਾਰਤ ਆਉਣ ਦੀ ਉਮੀਦ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਐਨ.ਐਸ.ਏ. ਅਜੀਤ ਡੋਵਾਲ ਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ (2) ਸ਼ਕਤੀਕਾਂਤ ਦਾਸ ਗੱਲਬਾਤ ‘ਚ ਭਾਰਤੀ ਵਫ਼ਦ ਦਾ ਹਿੱਸਾ ਸਨ। ਗੱਲਬਾਤ ਦਾ ਕੇਂਦਰ ਦੁਵੱਲੇ ਵਪਾਰ ਸਮਝੌਤੇ ਨੂੰ ਜਲਦ ਅੰਤਿਮ ਰੂਪ ਦੇਣ ਦੇ ਨਾਲ-ਨਾਲ ਰੱਖਿਆ ਤੇ ਊਰਜਾ ਦੇ ਖੇਤਰਾਂ ਸਮੇਤ ਸੰਬੰਧਾਂ ਦੇ ਸਮੁੱਚੇ ਮਾਰਗ ਨੂੰ ਵਧਾਉਣ ਦੇ ਤਰੀਕਿਆਂ ‘ਤੇ ਸੀ। ਇਸ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ 4 ਦਿਨਾਂ ਭਾਰਤ ਦੇ ਦੌਰੇ ‘ਤੇ ਆਏ ਅਮਰੀਕਾ ਦੇ ਉਪ ਰਾਸ਼ਟਰਪਤੀ ਜੇ.ਡੀ. ਵੇਂਸ ਦਾ ਪਾਲਮ ਹਵਾਈ ਅੱਡੇ ‘ਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਨਿੱਘਾ ਸਵਾਗਤ ਕੀਤਾ।
ਹਵਾਈ ਅੱਡੇ ‘ਤੇ ਹੀ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਕਲਾਕਾਰਾਂ ਨੇ ਵੇਂਸ, ਉਨ੍ਹਾਂ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਵੇਂਸ ਅਤੇ ਬੱਚਿਆਂ ਦੇ ਸਾਹਮਣੇ ਰਵਾਇਤੀ ਨਾਚ ਪੇਸ਼ ਕੀਤੇ। ਉਪ ਰਾਸ਼ਟਰਪਤੀ ਬਣਨ ਤੋਂ ਬਾਅਦ ਜੇ.ਡੀ. ਵੇਂਸ ਦਾ ਇਹ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਇਸ ਤੋਂ ਬਾਅਦ ਸ਼ਾਮ ਨੂੰ ਲੋਕ ਕਲਿਆਣ ਮਾਰਗ ਸਥਿਤ ਆਪਣੀ ਸਰਕਾਰੀ ਰਿਹਾਇਸ਼ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੇਂਸ ਅਤੇ ਉਨ੍ਹਾਂ ਦੀ ਪਤਨੀ ਊਸ਼ਾ ਵੇਂਸ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦਾ ਨਿੱਘਾ ਸਵਾਗਤ ਕੀਤਾ।
