ਮੋਗਾ:ਅਸਾਮ ਵਿੱਚ ਜੇਲ੍ਹ ‘ਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨ.ਐਸ.ਏ.) ਇਕ ਸਾਲ ਲਈ ਵਧਾਏ ਜਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਵੱਡੀਆਂ ਹਸਤੀਆਂ ‘ਤੇ ਹਮਲੇ ਦੀ ਯੋਜਨਾ ਬਣਾਉਣ ਦੇ ਮਾਮਲੇ ‘ਚ ਮੋਗਾ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਮਾਮਲੇ ‘ਚ 25 ਅਣਪਛਾਤੇ ਵਿਅਕਤੀਆਂ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ‘ਚੋਂ ਤਿੰਨ ਮੁਲਜ਼ਮਾਂ ਦੀ ਪਛਾਣ ਲਖਦੀਪ ਸਿੰਘ (ਸਰਦਾਰਗੜ੍ਹ, ਬਠਿੰਡਾ), ਬਲਕਾਰ ਸਿੰਘ (ਨਿਊ ਮਾਡਲ ਟਾਊਨ, ਖੰਨਾ) ਤੇ ਮੋਗਾ ਦੇ ਨਾਬਾਲਿਗ ਦੇ ਰੂਪ ‘ਚ ਹੋਈ ਹੈ। ਇਨ੍ਹਾਂ ਤਿੰਨਾਂ ‘ਚੋਂ ਬਲਕਾਰ ਤੇ ਨਾਬਾਲਿਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੇ ਲੋਕ ਅੰਮ੍ਰਿਤਪਾਲ ਸਮਰਥਕ ‘ਵਾਰਿਸ ਪੰਜਾਬ ਦੇ ਟੀਮ’ ਨਾਂ ਦੇ ਵਟਸਐਪ ਗਰੁੱਪ ਨਾਲ ਜੁੜੇ ਹੋਏ ਹਨ। ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਗਰੁੱਪ ਚੈਟ ਦੇ ਲੀਕ ਹੋਏ ਸਕਰੀਨਸ਼ਾਟ ਸਾਹਮਣੇ ਆਉਣ ਤੋਂ ਬਾਅਦ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ। ਪੁਲਿਸ ਕਾਰਵਾਈ ਦੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ. ਫ਼ਰੀਦਕੋਟ ਅਸ਼ਵਨੀ ਕਪੂਰ ਨੇ ਸੋਮਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲੀਆ ਇਕ ਵੀਡੀਓ ਵਾਇਰਲ ਹੋਈ ਸੀ ਜਿਸ ‘ਚ ਅਕਾਲੀ ਦਲ ਦੇ ਨਾਂ ‘ਤੇ ਫੇਕ ਆਈਡੀ ਬਣਾ ਕੇ ਉਸ ਤੋਂ ਅਮਿਤ ਸ਼ਾਹ, ਬਿੱਟੂ, ਮਜੀਠੀਆ. ਸਮੇਤ ਦੇਸ਼ ਦੇ ਕਈ ਵੱਡੇ ਆਗੂਆਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਨਾਲ ਹੀ ਅੰਮ੍ਰਿਤਪਾਲ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਧਮਕਾਇਆ ਜਾ ਰਿਹਾ ਸੀ। ਮੁਲਜ਼ਮਾਂ ‘ਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ‘ਚ ਅੰਮ੍ਰਿਤਪਾਲ ਦੀ ਹਿਰਾਸਤ ਦੇ ਵਿਸਥਾਰ ਦਾ ਵਿਰੋਧ ਕਰ ਕੇ ਗੜਬੜੀ ਭੜਕਾਉਣ ਦਾ ਦੋਸ਼ ਹੈ। ਡੀਆਈਜੀ ਕਪੂਰ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਕਿਸੇ ਵੀ ਕੀਮਤ ‘ਤੇ ਵਿਗੜਨ ਨਹੀਂ ਦਿੱਤਾ ਜਾਏਗਾ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ। ਮੋਗਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਭਾਰਤੀ ਦੰਡ ਸੰਹਿਤਾ, ਗ਼ੈਰ ਕਾਨੂੰਨੀ ਸਰਗਰਮੀ (ਰੋਕਥਾਮ) ਐਕਟ (ਯੂਏਪੀਏ) ਤੇ ਸੂਚਨਾ ਟੈਕਨਾਲੋਜੀ ਐਕਟ ਦੀਆਂ ਕਈ ਧਾਰਾਵਾਂ ‘ਚ ਐੱਫਆਈਆਰ ਦਰਜ ਕੀਤੀ ਜਿਸ ‘ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 61 (20 (ਏ), 113 (3), 152, 353 ਸ਼ਾਮਲ ਹਨ। ਸੂਬੇ ਤੇ ਰਾਸ਼ਟਰੀ ਪੱਧਰ ‘ਤੇ ਸੁਰੱਖਿਆ ਏਜੰਸੀਆਂ ਨੇ ਚੈਟ ਨੂੰ ਧਿਆਨ ‘ਚ ਰੱਖਦੇ ਹੋਏ ਇਨ੍ਹਾਂ ਆਗੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ। ਓਧਰ ਇਸ ਮਾਮਲੇ ‘ਚ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਰਦਾਰਗੜ੍ਹ ‘ਚ ਦੁੱਧ ਦੀ ਡੇਅਰੀ ਕਰਨ ਵਾਲੇ ਇੱਕ ਨੌਜਵਾਨ ਦੇ ਘਰ ਛਾਪੇਮਾਰੀ ਕੀਤੀ। ਹਾਲਾਂਕਿ ਉਕਤ ਨੌਜਵਾਨ ਘਰ ਨਹੀਂ ਮਿਲਿਆ. ਪਰ ਪੁਲਿਸ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਉਕਤ ਨੌਜਵਾਨ ਦਾ ਸੰਬੰਧ ‘ਵਾਰਸ ਪੰਜਾਬ ਦੇ’ ਜਥੇਬੰਦੀ ਨਾਲ ਹੈ।
ਪਹਿਲਾ ਬਿੱਟੂ… ਦੂਜਾ ਨੰਬਰ ਮਜੀਠੀਆ ਦਾ…
ਜਲੰਧਰ:ਵਟਸਐਪ ਚੈਟ ਗਰੁੱਪ ‘ਚ ਖੰਨਾ ਦਾ ਬਲਕਾਰ ਲਿਖ ਰਿਹਾ ਹੈ ਕਿ ਪਹਿਲਾਂ ਨੰਬਰ ਬਿੱਟੂ ਲੁਧਿਆਣਾ ਵਾਲਾ, ਜਿਹਦੇ ਕਰ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜੇਲ੍ਹ ਵਿਚ ਨੇ, ਦੂਜਾ ਨੰਬਰ ਮਜੀਠੀਆ ਦਾ, ਜਿਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਗ੍ਰਿਫ਼ਤਾਰ ਕਰਨ ਲਈ 10 ਕਰੋੜ ਦਿੱਤਾ, ਤੀਜੇ ਨੰਬਰ ‘ਤੇ ਅਮਿਤ ਸ਼ਾਹ, ਜਿੰਨੇ ਤੀਜੀ ਵਾਰ ਭਾਈ ਅੰਮ੍ਰਿਤਪਾਲ ਖਾਲਸਾ ਜੀ ‘ਤੇ ਐੱਨ.ਐੱਸ.ਏ. ਲਗਾਈ। ਗਰੁੱਪ ‘ਚ ਪੁੱਛਿਆ ਗਿਆ-ਕੌਣ ਜਾਣ ਨੂੰ ਤਿਆਰ ਐ। ਸੰਧੂ ਪਵਨ ਲਿਖਦਾ ਹੈ- ਖ਼ਾਲਸਾ ਜੀ, ਮੈਂ ਕੱਲ੍ਹ ਹੀ ਸ਼ਹੀਦੀ ਪ੍ਰਾਪਤ ਕਰਨ ਲਈ ਤਿਆਰ ਆਂ, ਕਈ ਜਥੇਬੰਦੀਆਂ ਹਨ ਜਿਨ੍ਹਾਂ ਨੇ ਸ਼ਹੀਦਾਂ ਦਾ ਪਰਿਵਾਰ ਸਾਂਭਿਆ। ਇਸ ਚੈਟ ‘ਚ 644 ਲੋਕਾਂ ਦੇ ਹੋਣ ਦੀ ਗੱਲ ਸਾਹਮਣੇ ਆਈ ਹੈ। ਇਹ ਚੈਟ ਕਿਸ ਸ਼ਹਿਰ ‘ਚ ਬੈਠ ਕੇ ਹੋਈ, ਇਹ ਤਾਂ ਹਾਲੇ ਸਾਫ਼ ਨਹੀਂ ਹੋਇਆ, ਪਰ ਦੱਸਿਆ ਜਾ ਰਿਹਾ ਹੈ ਕਿ ਇਸ ਗਰੁੱਪ ‘ਚ ਜ਼ਿਆਦਾਤਰ ਲੋਕ ਤਰਨਤਾਰਨ, ਅੰਮ੍ਰਿਤਸਰ, ਜੱਲੂਖੇੜਾ ਬਾਬਾ ਬਕਾਲਾ ਦੇ ਹਨ। ਪਰ ਜਲੰਧਰ, ਲੁਧਿਆਣਾ, ਹੁਸ਼ਿਆਰਪੁਰ ਸਮੇਤ ਹੋਰ ਸ਼ਹਿਰਾਂ ਦੇ ਵੀ ਕੁਝ ਲੋਕ ਸ਼ਾਮਲ ਹਨ।
ਮੱਛੀ ਵਾਲਾ ਨਿਕਲਿਆ ਅੰਮ੍ਰਿਤਪਾਲ ਦਾ ਸਮਰਥਕ
ਖੰਨਾ:ਚੈਟ ਦੇ ਮਾਮਲੇ ‘ਚ ਗ੍ਰਿਫ਼ਤਾਰ ਬਲਕਾਰ ਸਿੰਘ ਖੰਨਾ ਦੀ ਅਨਾਜ ਮੰਡੀ ਦੇ ਬਾਹਰ ਕਈ ਸਾਲਾਂ ਤੋਂ ਮੱਛੀ ਫਰਾਈ ਰੇਹੜੀ ਲਗਾਉਂਦਾ ਹੈ। ਉਹ ਅੰਮ੍ਰਿਤਪਾਲ ਦਾ ਸਮਰਥਕ ਨਿਕਲਿਆ। ਸੋਮਵਾਰ ਸਵੇਰੇ ਮੋਗਾ ਤੇ ਖੰਨਾ ਪੁਲਿਸ ਨੇ ਬਲਕਾਰ ਨੂੰ ਉਸਦੇ ਘਰੋਂ ਫੜਿਆ। ਬਲਕਾਰ ਆਪਣੇ ਤਿੰਨ ਹੋਰ ਭਰਾਵਾਂ ਨਾਲ ਇਕ ਹੀ ਘਰ ‘ਚ ਰਹਿੰਦਾ ਹੈ। ਪੂਰੇ ਪਰਿਵਾਰ ਦਾ ਲਗਪਗ 50 ਸਾਲਾਂ ਤੋਂ ਮੀਟ ਵੇਚਣ ਦਾ ਕੰਮ ਹੈ। ਬਲਕਾਰ ਨੇ ਸ਼ਨਿਚਰਵਾਰ ਰਾਤ ਨੂੰ ਜੀਟੀਬੀ ਮਾਰਕੀਟ ‘ਚ ਸੋਸ਼ਲ ਚੈਟ ਦਾ ਸਮਰਥਨ ਕੀਤਾ ਸੀ। ਬਲਕਾਰ ‘ਵਾਰਿਸ ਪੰਜਾਬ ਦੇ ਅਕਾਲੀ ਦਲ ਮੋਗਾ ਜਥੇਬੰਦੀ ਦੇ ਗਰੁੱਪ ਨਾਲ ਕਾਫ਼ੀ ਸਮੇਂ ਤੋਂ ਜੁੜਿਆ ਹੋਇਆ ਹੈ ਤੇ ਅਕਸਰ ਗਰੁੱਪ ‘ਚ ਅੰਮ੍ਰਿਤਪਾਲ ਦੇ ਸਮਰਥਨ ‘ਚ ਲਿਖਦਾ ਸੀ। ਸੂਤਰਾਂ ਮੁਤਾਬਕ ਅੰਮ੍ਰਿਤਪਾਲ ਦੇ ਐੱਨ.ਐੱਸ.ਏ. ਦੀ ਮਿਆਦ ਵਧਾਉਣ ਦਾ ਬਲਕਾਰ ਨੇ ਸ਼ਨਿਚਰਵਾਰ ਨੂੰ ਵੀ ਗਰੁੱਪ ‘ਚ ਵਿਰੋਧ ਕੀਤਾ ਸੀ ਜਿਸ ਕਾਰਨ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਗਰੁੱਪ ‘ਚ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਰੇਲ ਰਾਜ ਮੰਤਰੀ ਬਿੱਟੂ ਤੇ ਮਜੀਠੀਆ ਨੂੰ ਲੈ ਕੇ ਧਮਕੀ ਦਿੱਤੀ ਗਈ ਤਾਂ ਉਸ ਤੋਂ ਬਾਅਦ ਬਲਕਾਰ ਨੇ ਆਪਣਾ ਮੋਬਾਈਲ ਗੁੰਮ ਹੋਣ ਦੀ ਰਿਪੋਰਟ ਖੰਨਾ ਪੁਲਿਸ ‘ਚ ਦਰਜ ਕਰਵਾ ਦਿੱਤੀ। ਬਲਕਾਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ‘ਚ ਕਦੇ ਅੰਮ੍ਰਿਤਪਾਲ ਦਾ ਨਾਂ ਤੱਕ ਨਹੀਂ ਲਿਆ ਗਿਆ। ਬਲਕਾਰ ਸਵੇਰੇ ਰੇਹੜੀ ਲੈ ਕੇ ਜਾਂਦਾ ਸੀ ਤੇ ਰਾਤ ਨੂੰ ਪਰਤਦਾ ਦੀ। ਇਸ ਤੋਂ ਪਹਿਲਾਂ ਕਦੇ ਬਲਕਾਰ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਖ਼ਿਲਾਫ਼ ਕੋਈ ਕੇਸ ਤੱਕ ਨਹੀਂ ਹੈ। ਬਲਕਾਰ ਦੀ ਮਾਂ ਤੇ ਪਤਨੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਬਲਕਾਰ ਨੂੰ ਫਸਾਇਆ ਜਾ ਰਿਹਾ ਹੈ ਕਿਉਂਕਿ ਉਸਦਾ ਫੋਨ ਡਿੱਗ ਗਿਆ ਸੀ। ਦੂਜੇ ਪਾਸੇ ਇਸ ਸੰਬੰਧ ਵਿਚ ਸਿਆਸੀ ਮਾਹਿਰਾਂ ਨੇ ਆਪਣੀ ਰਾਇ ਪ੍ਰਗਟ ਕੀਤੀ ਹੈ। ਪੰਜਾਬ ਦਰਦੀ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਕੱਟੜਵਾਦ ਤੇ ਬੁਨਿਆਦ ਪ੍ਰਸਤੀ ਦੇ ਅਧਾਰ ‘ਤੇ ਲੋਕਾਂ ਵਿਚ ਵੰਡੀਆਂ ਪਾ ਰਹੇ ਹਨ ਤੇ ਨੌਜਵਾਨਾਂ ਨੂੰ ਭਰਮਾ ਰਹੇ ਹਨ। ਇਸ ਤਰ੍ਹਾਂ ਨੌਜਵਾਨ ਗ਼ੈਰ-ਕਾਨੂੰਨੀ ਸਰਗਰਮੀ ਕਰ ਲੈਂਦੇ ਹਨ।
