ਡਾ. ਗੁਰਬਖ਼ਸ਼ ਸਿੰਘ ਭੰਡਾਲ
ਮੋਮਬਤੀਆਂ ਨੂੰ ਖ਼ਰੀਦ ਕੇ ਅਤੇ ਬਨੇਰਿਆਂ ‘ਤੇ ਜਗਾ ਕੇ ਆਪਣੇ ਵਿਹੜੇ ਨੂੰ ਤਾਂ ਚਾਨਣ ਨਾਲ ਭਰ ਲਿਆ, ਪਰ ਅਸੀਂ ਚਾਨਣ ਦਾ ਮੁੱਲ ਤਾਂ ਤਾਰਿਆ ਹੀ ਨਹੀਂ।
ਦੀਵੇ ਜਗਾ ਕੇ ਆਲ਼ੇ ਵਿਚ ਧਰ ਕੇ ਸ਼ਾਮ ਨੂੰ ਚੌਂਕੇ ਵਿਚ ਲੋਅ ਤਾਂ ਕਰ ਲਈ, ਪਰ ਮਾਂਵਾਂ ਵੱਲੋਂ ਜਗਾਏ ਦੀਵਿਆਂ ਵੇਲੇ ਮੰਗੀਆਂ ਦੁਆਵਾਂ ਦਾ ਮੁੱਲ ਕਿੰਜ ਤਾਰੋਗੇ?
ਆਟਾ ਗੁੰਨ੍ਹਣ ਵਾਲੀਆਂ ਮਸ਼ੀਨਾਂ ਨਾਲ ਆਟਾ ਤਾਂ ਗੁੰਨ੍ਹ ਲਿਆ, ਪਰ ਮਾਵਾਂ ਵੱਲੋਂ ਪਰਾਤ ਵਿਚ ਆਟਾ ਗੁੰਨ੍ਹਣ ਵੇਲੇ ਵਾਹਿਗੁਰੂ ਦਾ ਨਾਮ ਲੈ ਕੇ ਪਾਏ ਪਾਣੀਆਂ ਵਿਚ ਘੁਲੀਆਂ ਦੁਆਵਾਂ ਦਾ ਮੁੱਲ ਕੀ ਪਾਵੋਗੇ?
ਟਰੈਕਟਰ ਨਾਲ ਅਸੀਂ ਖੇਤਾਂ ਦੇ ਖੇਤ ਬੜੀ ਛੇਤੀ ਵਾਹੁਣ ਜੋਗੇ ਤਾਂ ਹੋ ਗਏ, ਪਰ ਬਾਪ ਵੱਲੋਂ ਸਾਝਰੇ ਬਲਦਾਂ ਦੀ ਜੋੜੀ ਨੂੰ ਪੁਚਕਾਰਨਾ ਅਤੇ ਹੱਲ ਵਾਹੁੰਦਿਆਂ ਬੱਗੇ ਤੇ ਨਾਹਰੇ ਨਾਲ ਕੀਤੀਆਂ ਗੱਲਾਂ ਦੇ ਵਿਸਮਾਦ ਵਿਚ ਖ਼ੁਸ਼ ਹੋਏ ਧਰਤੀ ਦੇ ਕਣ ਕਣ ਵੱਲੋਂ ਕਿਸਾਨ ਦੀ ਝੋਲੀ ਵਿਚ ਪਾਈਆਂ ਜਾਣ ਵਾਲੀਆਂ ਬਰਕਤਾਂ ਦਾ ਮੁੱਲ ਭੁੱਲ ਹੀ ਗਏ।
ਬੋਤਲ-ਬੰਦ ਪਾਣੀ ਪੀਣ ਵਾਲਿਆਂ ਨੂੰ ਕੀ ਪਤਾ ਹੋਵੇਗਾ ਕਿ ਔਲ਼ੂ, ਝਲਾਰ ਜਾਂ ਟਿੰਡਾਂ ਵਿਚੋਂ ਬੁੱਕਾਂ ਨਾਲ ਪਾਣੀ ਪੀਣ ਜਾਂ ਦਰਿਆ ਦੇ ਕੰਢੇ ਸਿੰਮੇ ਹੋਏ ਪਾਣੀ ਨੂੰ ਝੀਕ ਲਾ ਕੇ ਪੀਣ ਵਿਚ ਕੇਹੀ ਅਮੀਰੀ ਹੁੰਦੀ?
ਆਪਣੀ ਪਿਆਸ ਮਿਟਾਉਣ ਲਈ ਅਸੀਂ ਕਦੇ ਪਾਣੀ, ਕਦੇ ਜੂਸ, ਲੱਸੀ ਜਾਂ ਹੋਰ ਤਰਲ ਪਦਾਰਥ ਤਾਂ ਪੀ ਲੈਂਦੇ ਹਾਂ, ਪਰ ਕਦੇ ਵੀ ਪਿਆਸ ਦਾ ਮੁੱਲ ਤਾਂ ਤਾਰਿਆ ਹੀ ਨਹੀਂ।
ਮਿੱਟੀ ਦਾ ਭਾਂਡਾ ਖ਼ਰੀਦਦਿਆਂ ਅਸੀਂ ਘੁਮਿਆਰ ਦੀ ਮਿਹਨਤ ਅਤੇ ਮਿੱਟੀ ਦਾ ਮੁੱਲ ਤਾਂ ਤਾਰ ਦਿੰਦੇ ਹਾਂ, ਪਰ ਚੱਕ ਤੇ ਭਾਂਡੇ ਨੂੰ ਬਣਾ ਰਹੇ ਘੁਮਿਆਰ ਦੀਆਂ ਸਹਿਜ-ਭਾਵੀ ਰੀਝਾਂ ਤੇ ਭਾਵਨਾਵਾਂ ਦਾ ਮੁੱਲ ਤਾਂ ਤਾਰਦੇ ਹੀ ਨਹੀਂ।
ਸੁੰਦਰ ਫੁਲਕਾਰੀ ਨੂੰ ਦੇਖ ਕੇ ਮਨਮਰਜ਼ੀ ਦੀ ਕੀਮਤ ਤਾਂ ਤਾਰ ਦਿੰਦੇ ਹਾਂ, ਪਰ ਫੁਲਕਾਰੀ ਦੇ ਹਰ ਤਰੋਪੇ ਨਾਲ ਪਰੋਈਆਂ ਜਾ ਰਹੀਆਂ ਸੂਖਮ ਅਤੇ ਰਾਂਗਲੇ ਚਾਵਾਂ ਦੀ ਕੀਮਤ ਕੌਣ ਤਾਰੇਗਾ?
ਪੁਰਾਣੇ ਘਰਾਂ, ਥਾਵਾਂ ਜਾਂ ਗਰਾਂਵਾਂ ਵਿਚ ਵਿਚਰਦਿਆਂ ਅਸੀਂ ਕੁਝ ਕੁ ਪੁਰਾਣੀਆਂ ਵਸਤਾਂ ਨੂੰ ਖ਼ਰੀਦ ਜਾਂ ਸੰਭਾਲ ਕੇ ਖ਼ੁਦ ਨੂੰ ਬੀਤੇ ਨਾਲ ਜੋੜਨ ਦੀ ਕੋਸ਼ਿਸ਼ ਤਾਂ ਕਰਦੇ ਹਾਂ, ਪਰ ਪੁਰਾਤਨ ਵਸਤਾਂ, ਘਰਾਂ ਅਤੇ ਕਮਰਿਆਂ ਨਾਲ ਜੁੜੀਆਂ ਯਾਦਾਂ ਦਾ ਮੁੱਲ ਕੌਣ ਲਾਵੇਗਾ?
ਆਪਣੇ ਬਜ਼ੁਰਗਾਂ ਦੀਆਂ ਚੀਜ਼ਾਂ ਅਸੀਂ ਉਨ੍ਹਾਂ ਦੇ ਜਾਣ ਤੋਂ ਬਾਅਦ ਕਬਾੜ ਸਮਝ ਕੇ ਘਰੋਂ ਬਾਹਰ ਸੁੱਟ ਦਿੰਦੇ ਹਾਂ, ਪਰ ਕਦੇ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਮੁੜ ਤੋਂ ਜਿਊਂਦਿਆਂ, ਉਨ੍ਹਾਂ ਦੀ ਕੀਮਤ ਦਾ ਅੰਦਾਜ਼ਾ ਤੁਹਾਨੂੰ ਹੈਰਾਨ ਕਰ ਦੇਵੇਗਾ। ਮੈਂ ਆਪਣੇ ਬਾਪ ਦੀ ਖੂੰਡੀ ਅਤੇ ਉਨ੍ਹਾਂ ਵੱਲੋਂ ਆਖ਼ਰੀ ਸਮੇਂ ਪਾਈ ਟੀ-ਸ਼ਰਟ ਹਾਲੇ ਤੀਕ ਸਾਂਭ ਕੇ ਰੱਖੀ ਹੋਈ ਹੈ । ਹੁਣ ਟੀ-ਸ਼ਰਟ ਪਾਉਂਦਿਆਂ ਹੀ ਅਹਿਸਾਸ ਹੁੰਦਾ ਜਿਵੇਂ ਬਾਪ ਦਾ ਨਿੱਘ ਮਾਣ ਰਿਹਾ ਹੋਵਾਂ। ਬਾਪ ਦੀ ਖੂੰਡੀ ਮੇਰੀ ਬਜ਼ੁਰਗੀ ਵੇਲੇ ਜ਼ਰੂਰ ਕੰਮ ਆ ਕੇ, ਮੇਰੇ ਬਾਪ ਦੀ ਬਜ਼ੁਰਗੀ ਅਵਸਥਾ ਮੈਨੂੰ ਚੇਤੇ ਕਰਵਾਏਗੀ।
ਬਜ਼ੁਰਗਾਂ ਦੇ ਤੀਲ੍ਹਾ ਤੀਲ੍ਹਾ ਜੋੜ ਕੇ ਬਣਾਏ ਘਰ ਨੂੰ ਵੇਚ ਕੇ ਪੈਸੇ ਤਾਂ ਵੱਟ ਲੈਂਦੇ ਹਾਂ, ਪਰ ਕੀ ਬਾਪ ਦੇ ਬਣਾਏ ਉਸ ਪੁਰਾਣੇ ਘਰ ਦੀਆਂ ਇੱਟਾਂ ਦੇ ਲਿਖੇ ਜੀਆਂ ਦੇ ਨਾਵਾਂ ਦੀ ਯਾਦ ਦਾ ਵੀ ਮੁੱਲ ਵੱਟਿਆ ਜਾ ਸਕਦਾ ਹੈ?
ਪੁਰਾਣੀਆਂ ਯਾਤਰਾਵਾਂ ਨੂੰ ਢਲਦੇ ਵੇਲਿਆਂ ਵਿਚ ਨਵਿਆਇਆ ਤਾਂ ਜਾ ਸਕਦਾ, ਪਰ ਚੜ੍ਹਦੀ ਜਵਾਨੀ ਵੇਲੇ ਉਨ੍ਹਾਂ ਥਾਵਾਂ ਤੇ ਬਿਤਾਏ ਰਾਂਗਲੇ ਅਤੇ ਹੁਸੀਨ ਪਲਾਂ ਦੀ ਯਾਦ ਦਾ ਸਰਮਾਇਆ ਪੈਸਿਆਂ ਨਾਲ ਕਦੇ ਖ਼ਰੀਦਿਆ ਨਹੀਂ ਜਾ ਸਕਦਾ।
ਨਵੀਆਂ ਯਾਰੀਆਂ ਅਤੇ ਦੋਸਤੀਆਂ ਦਾ ਲਾਣਾ ਤਾਂ ‘ਕੱਠਾ ਕਰ ਸਕਦੇ ਹੋ, ਪਰ ਬਚਪਨੀ ਯਾਰੀਆਂ ਦਾ ਅਨੂਠਾ ਅਤੇ ਅਕਹਿ ਅਨੰਦ ਕਿਸੇ ਵੀ ਕੀਮਤ ਤੇ ਪਰਤਿਆਇਆ ਨਹੀਂ ਜਾ ਸਕਦਾ। ਕਿਸੇ ਵੀ ਕੀਮਤ ਤੇ ਨਹੀਂ ਮਿਲਦੀਆਂ ਪਾਕੀਜ਼ ਦੋਸਤੀਆਂ, ਸਾਹਾਂ ਵਰਗੀਆਂ ਯਾਰੀਆਂ ਅਤੇ ਮਨ ਦੇ ਕੋਰੇਪਣ ਤੇ ਲਿਖੀਆਂ ਮੁਹੱਬਤੀ ਇਬਾਦਤਾਂ ਦਾ ਸਿਰਨਾਵਾਂ। ਧਨ ਨਹੀਂ ਖ਼ਰੀਦ ਸਕਦਾ ਬੀਤੇ ਹੋਏ ਸੁਹੰਢਣੇ ਪਲਾਂ ਦੀ ਤਵਾਰੀਖ।
ਨਵੇਂ ਸਿਰਜੇ ਰਿਸ਼ਤਿਆਂ ਵਿਚੋਂ ਤੁਸੀਂ ਨਿੱਜੀ ਮੁਫ਼ਾਦ ਅਤੇ ਖ਼ੁਦ ਲਈ ਨਵੀਆਂ ਸੰਭਾਵਨਾਵਾਂ ਤਾਂ ਹਾਸਲ ਕਰ ਲਵੋਗੇ, ਪਰ ਖੂਨ ਦੇ ਰਿਸ਼ਤਿਆਂ ਦੀ ਅਮੁੱਲਤਾ ਆਪਣੇ ਮਨ-ਮਸਤਕ ਵਿਚੋਂ ਕਿਵੇਂ ਮਨਫ਼ੀ ਕਰੋਗੇ?
ਧਨ-ਦੌਲਤ ਨਾਲ ਬੰਦਾ ਹਰੇਕ ਸੁਪਨਈ ਸਹੂਲਤ ਦਾ ਸੱਚ ਤਾਂ ਸਿਰਜ ਰਿਹਾ ਏ, ਪਰ ਨੈਣਾਂ ਵਿਚ ਸੁਪਨਾ ਲੈਣ ਦੀ ਤਾਂਘ ਅਤੇ ਫਿਰ ਇਸ ਦੀ ਪੂਰਨਤਾ ਲਈ ਮਨ ਵਿਚ ਉੱਠੇ ਆਵੇਸ਼ ਨੂੰ ਕਿਹੜੇ ਭਾਅ ਖ਼ਰੀਦੋਗੇ?
ਵੱਡੇ ਵੱਡੇ ਮਕਾਨਾਂ ਅਤੇ ਮਹਿਲਾਂ ਵਿਚ ਜ਼ਿੰਦਗੀ ਦੇ ਹਰ ਸੁੱਖ-ਸਾਧਨਾਂ ਨੂੰ ਉਪਲਬਧ ਤਾਂ ਕਰਵਾ ਸਕਦੇ ਹੋ, ਪਰ ਮਕਾਨ ਨੂੰ ਘਰ ਬਣਾਉਣ ਲਈ ਘਰਦਿਆਂ ਦਾ ਮੁੱਲ ਪਾਉਣ ਤੋਂ ਹੀ ਉੱਕ ਗਏ। ਯਾਦ ਰਹੇ ਕਿ ਘਰ ਦੀ ਕੀਮਤ ਵੀ ਘਰਦਿਆਂ ਨਾਲ ਹੀ ਹੁੰਦੀ।
ਇੱਟਾਂ-ਪੱਥਰਾਂ ਦੇ ਅਜੋਕੇ ਮਕਾਨਾਂ ਵਿਚ ਅਸੀਂ ਹਰੇਕ ਦਾ ਬੈੱਡ-ਰੂਮ, ਲਿਵਿੰਗ ਰੂਮ, ਡਰਾਇੰਗ ਰੂਮ ਅਤੇ ਗੈੱਸਟ ਰੂਮ ਤਾਂ ਬਣਾ ਲਿਆ, ਪਰ ਘਰ ਕਿੱਥੇ ਗਿਆ? ਦਲਾਨ, ਕੋਠੜੀ ਤੇ ਸਬਾਤ ਦੀ ਗੁੰਮਸ਼ੁਦਗੀ ਦਾ ਕੀ ਬਣਿਆ?
ਮਨੁੱਖ ਫੇਸ ਬੁੱਕ, ਵੱਟਸਐਪ ਆਦਿ ਸੋਸ਼ਲ ਪਲੇਟਫਾਰਮਾਂ ਤੇ ਵੱਡੀਆਂ ਮਿੱਤਰ-ਮੰਡਲੀਆਂ ਦੇ ਦਾਅਵੇ ਤਾਂ ਕਰਦਾ ਏ, ਪਰ ਜਿਗਰੀ ਯਾਰਾਂ ਨਾਲ ਸੁਖਨ ਦੇ ਮਾਣੇ ਹੋਏ ਪਲਾਂ ਦੀ ਅਮੀਰੀ ਦੀ ਰੀਸ ਇਹ ਫੇਸ ਬੁੱਕੀ ਮਿੱਤਰ ਕਿੰਝ ਕਰਨਗੇ? ਹੁਣ ਵੀ ਯਾਰਾਂ ਨਾਲ ਗੱਲਾਂ ਕਰਦਿਆਂ, ਅਸੀਂ ਬਜ਼ੁਰਗਾਂ ਤੋਂ ਜਵਾਨ ਹੋ ਜਾਂਦੇ ਹਾਂ। ਅਜੇਹੇ ਮਾਣੇ ਅਮੁੱਲ ਪਲ ਸਾਰਾ ਦਿਨ ਸੋਸ਼ਲ ਮੀਡੀਆ ਤੇ ਰਹਿੰਦਿਆਂ ਕਦੋਂ ਮਿਲਦੇ ਨੇ?
ਆਪਣੀ ਕਾਰ ਵਿਚ ‘ਕੱਲਿਆਂ ਜਾਣ ਦੀ ਜ਼ਿੱਦ ਵਿਚੋਂ ਆਪਣੀ ਹਓਮੈਂ ਨੂੰ ਹੀ ਪੱਠੇ ਪਾਉਂਦੇ ਹਾਂ, ਸੱਜਣ, ਮਿੱਤਰ-ਪਿਆਰੇ ਜਾਂ ਪਰਿਵਾਰਕ ਮੈਂਬਰ ਨਾਲ ਕੀਤੇ ਯਾਦਗਾਰੀ ਸਫ਼ਰ ਦਾ ਮੁੱਲ ਨਿੱਜਤਾ ਕੀ ਪਾਵੇਗੀ?
ਬਹੁਤ ਹੀ ਖ਼ੂਬਸੂਰਤ ਪੇਂਟਿੰਗ ‘ਤੇ ਮਨ ਆ ਜਾਵੇ ਤਾਂ ਅਸੀਂ ਕੋਈ ਵੀ ਮੁੱਲ ਤਾਰ ਕੇ ਖ਼ਰੀਦ ਲੈਂਦੇ ਹਾਂ, ਪਰ ਪੇਂਟਿੰਗ ਨੂੰ ਬਣਾਉਣ ਵਾਲੇ ਕਲਾਕਾਰ ਦੀ ਸੰਵੇਦਨਾ ਅਤੇ ਉਸ ਦੇ ਮਨ ਵਿਚ ਆਏ ਉਤਰਾ-ਚੜ੍ਹਾਵਾਂ ਦਾ ਮੁੱਲ ਟਕਿਆਂ ਨਾਲ ਕਿਵੇਂ ਤਾਰਿਆ ਜਾ ਸਕਦਾ?
ਸੜਕ ਤੇ ਰੇਹੜੀ ਲਾ ਕੇ ਵੇਚਣ ਵਾਲੇ ਕੋਲੋਂ ਕੁਝ ਖ਼ਰੀਦ ਕੇ ਵਸਤ ਦਾ ਮੁੱਲ ਤਾਂ ਤਾਰ ਦਿੱਤਾ, ਪਰ ਇਸ ਵਟਤ ਨਾਲ ਉਸ ਦੇ ਘਰ ਵਿਚ ਤੀਸਰੇ ਦਿਨ ਪੱਕਣ ਵਾਲੀ ਰੋਟੀ ਦੀ ਜਾਗੀ ਆਸ ਨੂੰ ਪੈਸਿਆਂ ਨਾਲ ਕਿੰਜ ਤੋਲੋਗੇ?
ਕੋਰੇ ਵਰਕਿਆਂ ‘ਤੇ ਲਿਖੀ ਹੋਈ ਕਿਰਤ ਦਾ ਮੁੱਲ ਤਾਂ ਪਾਠਕ ਤਾਰ ਹੀ ਦਿੰਦਾ। ਕਦੇ ਸੋਚਿਆ ਜੇ ਜੇਕਰ ਕਾਗ਼ਜ਼ ਹੀ ਨਾ ਹੁੰਦਾ ਤਾਂ ਇਸ ਲਿਖਤ ਨੇ ਕਿਵੇਂ ਉੱਘੜਨਾ ਸੀ? ਕੋਰੇ ਸਫ਼ੇ ਦਾ ਮੁੱਲ ਤਾਰਨ ਦਾ ਤਾਂ ਸਾਨੂੰ ਚੇਤਾ ਹੀ ਨਹੀਂ ਰਹਿੰਦਾ।
ਕਵਿਤਾ, ਕਹਾਣੀ ਜਾਂ ਕਲਮ-ਕੀਰਤੀ ਨੂੰ ਪੜ੍ਹਦਿਆਂ ਖ਼ੁਦ ਉਸ ਲਿਖਤ ਨਾਲ ਤਾਂ ਆਪਣੇ ਆਪ ਨੂੰ ਜੋੜ ਲੈਂਦੇ ਹਾਂ, ਪਰ ਇਸ ਰਾਹੀਂ ਤੁਹਾਨੂੰ ਮਿਲੇ ਵਿਸਮਾਦ ਅਤੇ ਸੁਨੇਹੇ ਦਾ ਮੁੱਲ ਤਾਰਨਾ ਤਾਂ ਸਾਨੂੰ ਯਾਦ ਹੀ ਨਹੀਂ ਰਹਿੰਦਾ।
ਬਿਮਾਰ ਵਿਅਕਤੀ ਡਾਕਟਰ ਕੋਲ ਜਾ ਕੇ ਆਪਣੀਆਂ ਅਲਾਮਤਾਂ ਤੋਂ ਛੁਟਕਾਰਾ ਪਾਉਣ ਦਾ ਮੁੱਲ ਤਾਂ ਤਾਰ ਦਿੰਦਾ, ਪਰ ਡਾਕਟਰ ਦੇ ਮਨ ਵਿਚ ਪੈਦਾ ਹੋਈ ਹਮਦਰਦੀ ਅਤੇ ਸੇਵਾ ਭਾਵਨਾ ਦੀ ਕੀਮਤ ਨੂੰ ਕਿਹੜੀ ਤੱਕੜੀ ਵਿਚ ਤੋਲੋਗੇ? ਬਜ਼ੁਰਗ ਤਾਂ ਕਿਹਾ ਕਰਦੇ ਸਨ ਕਿ ਡਾਕਟਰ ਰੱਬ ਦਾ ਰੂਪ ਹੁੰਦਾ।
ਮਾਂ, ਬੱਚੇ ਨੂੰ ਨੌਂ ਮਹੀਨੇ ਗਰਭ ਵਿਚ ਪਾਲਦੀ। ਉਸ ਦੇ ਜਨਮ ਤੋਂ ਸੁਰਤ ਸੰਭਾਲਣ ਤੀਕ ਉਸ ਦੀ ਹਰ ਖ਼ਾਹਿਸ਼ ਅਤੇ ਜ਼ਰੂਰਤ ਦੀ ਪੂਰਤੀ ਵਿਚੋਂ ਖ਼ੁਦ ਨੂੰ ਖ਼ੁਸ਼ ਕਰਦਿਆਂ, ਹਮੇਸ਼ਾ ਸ਼ੁਕਰਗੁਜ਼ਾਰੀ ਵਿਚ ਜਿਊਂਦੀ, ਪਰ ਬਜ਼ੁਰਗ ਮਾਂ ਨੂੰ ਦੋ ਡੰਗ ਦੀ ਰੋਟੀ ਦੇਣ ਜਾਂ ਸਿਰ ਦੀ ਛੱਤ ਦੇ ਕੇ ਅਹਿਸਾਸ ਕਰਵਾਉਣ ਵਾਲਿਆਂ ਨੂੰ ਮਾਂ ਦੀ ਦਰਿਆ-ਦਿਲੀ ਅਤੇ ਦੁਆਵਾਂ ਦਾ ਮੁੱਲ ਤਾਰਨ ਦਾ ਚੇਤਾ ਹੀ ਨਾ ਰਿਹਾ।
ਆਪਣੀ ਸਾਰੀ ਜ਼ਿੰਦਗੀ ਬੱਚਿਆਂ ਦੇ ਲੇਖੇ ਲਾਉਣ ਵਾਲੇ ਮਾਪਿਆਂ ਨੂੰ ਬਜ਼ੁਰਗ ਘਰਾਂ ਨੂੰ ਤੋਰ ਕੇ ਉਨ੍ਹਾਂ ਦਾ ਖਰਚਾ ਤਾਂ ਦੇ ਦਿਓਗੇ, ਪਰ ਮਮਤਾ ਅਤੇ ਬਜ਼ੁਰਗੀ ਅਪਣੱਤ ਦੀ ਅਮੁਲਤਾ ਦਾ ਅਦਬੀ ਮੁੱਲ ਪਾਉਣਾ ਤਾਂ ਭੁੱਲ ਹੀ ਗਿਆ।
ਸੰਗੀਤ ਨਾਲ ਰੂਹ ਨੂੰ ਸਰਸ਼ਾਰ ਕਰਨ ਵਾਲੇ ਕਿਸੇ ਸ਼ੋਅ ਦੀਆਂ ਟਿਕਟਾਂ ਖ਼ਰੀਦ ਕੇ ਮੁੱਲ ਤਾਰਨ ਦਾ ਭਰਮ ਪਾਲਦੇ ਨੇ, ਪਰ ਗਾਇਕ ਜਾਂ ਕਲਾਕਾਰ ਦੀ ਸ਼ਿੱਦਤ, ਸਾਧਨਾ, ਸੰਵੇਦਨਾ ਅਤੇ ਸਮਰਪਿੱਤਾ ਨੂੰ ਪੈਸੇ ਨਾਲ ਨਹੀਂ ਮਿਣਿਆ ਜਾ ਸਕਦਾ।
ਕਾਮੇ ਦੀ ਦਿਹਾੜੀ ਦਾ ਮੁੱਲ ਤਾਰ ਕੇ ਮਨ ਵਿਚ ਹੰਕਾਰ ਪੈਦਾ ਕਰ ਲੈਂਦੇ ਹਾਂ, ਪਰ ਕੰਮ ਕਰਦੇ ਕਾਮੇ ਦੀ ਪ੍ਰਤੀਬੱਧਤਾ, ਉਸ ਦੇ ਮਨ ਵਿਚ ਪੈਦਾ ਹੋ ਰਹੇ ਉਸਾਰੂ ਖ਼ਿਆਲਾਂ ਅਤੇ ਕੰਮਕਾਰ ਵਿਚਲੀ ਦਿਲਚਸਪੀ ਦਾ ਮੁੱਲ ਕਿਆਸਣ ‘ਤੋਂ ਕੋਰੇ ਹੀ ਹੁੰਦੇ ਹਾਂ।
ਕਿਰਾਏ ਦੀ ਕੁੱਖ ਦਾ ਮੁੱਲ ਤਾਰ ਕੇ ਆਪਣੀ ਔਲਾਦ ਤਾਂ ਲੈ ਲਈ, ਦੱਸਣਾ! ਨੌਂ ਮਹੀਨੇ ਤੱਕ ਕੁੱਖ ਵਿਚ ਪਾਲਣ ਵਾਲੀ ਦੀ ਮਮਤਾ ਦਾ ਕੀ ਮੁੱਲ ਪਾਇਆ?
ਘਰ ਵਿਚ ਨੌਕਰ ਰੱਖ ਕੇ ਆਪਣੀ ਔਲਾਦ ਦਾ ਪਾਲਣ-ਪੋਸ਼ਣ ਤਾਂ ਲੋਕ ਕਰ ਲੈਂਦੇ, ਪਰ ਮਾਪਿਆਂ ਨਾਲ ਬੱਚਿਆਂ ਦੇ ਮਾਣੇ ਹੋਏ ਅਨਮੋਲ ਬਚਪਣੇ ਦਾ ਮਾਪਿਆਂ ਲਈ ਕੀ ਮੁੱਲ ਰਹਿ ਗਿਆ?
ਧਨ ਦੇ ਅੰਬਾਰ ਲਗਾ ਕੇ ਬੱਚਿਆਂ ਦੇ ਕਮਰਿਆਂ ਨੂੰ ਸਹੂਲਤਾਂ ਨਾਲ ਤਾਂ ਭਰ ਦਿੱਤਾ, ਪਰ ਬੱਚਿਆਂ ਸੰਗ ਬਿਤਾਉਣ ਤੋਂ ਖੁੰਝ ਚੁੱਕੇ ਸਮੇਂ ਦੀ ਸਿਸਕੀ ਨੂੰ ਕਿਵੇਂ ਵਰਾਓਗੇ?
ਨੌਕਰਾਂ ਦੇ ਆਸਰੇ ਆਪਣੀ ਔਲਾਦ ਨੂੰ ਵੱਡਾ ਕਰਨ ਲਈ ਅਸੀਂ ਖੁੱਲ੍ਹੇ ਪੈਸੇ ਤਾਂ ਖ਼ਰਚ ਦਿੱਤੇ, ਪਰ ਬੱਚੇ ਨੂੰ ਉਂਗਲ ਫੜਾ ਕੇ ਤੁਰਨ ਦੀ ਜਾਚ ਜਾਂ ਉਸ ਦੀ ਉਂਗਲ ਫੜ ਕੇ ਤੁਰਨ ਦੇ ਵਿਸਮਾਦ ਦਾ ਮੁੱਲ ਤਾਂ ਅਕਾਂਖਿਆ ਹੀ ਨਹੀਂ।
ਹੋਟਲ ‘ਚ ਬਹਿ ਕੇ ਸਵਾਦਲੇ ਭੋਜਨ ਨਾਲ ਆਪਣੇ ਪੇਟ ਨੂੰ ਭਰਨ ਦਾ ਮੁੱਲ ਤਾਂ ਤਾਰ ਦਿੱਤਾ, ਪਰ ਭੋਜਨ ਵਿਚ ਕੁੱਕ ਵੱਲੋਂ ਭਰੀ ਲਜ਼ੀਜ਼ਤਾ ਦਾ ਮੁੱਲ ਤਾਰਨ ਤੋਂ ਬੰਦਾ ਉੱਕ ਹੀ ਜਾਂਦਾ।
ਬੀਚ ਤੇ ਜਾ ਕੇ ਛੁੱਟੀਆਂ ਮਨਾਉਣ ਦਾ ਮੁੱਲ ਤਾਂ ਸਾਰੇ ਹੱਸ ਕੇ ਤਾਰਦੇ ਹਨ, ਪਰ ਸਮੁੰਦਰੀ ਲਹਿਰਾਂ ਦੇ ਵਿਸਮਾਦੀ ਸੰਗੀਤ ਨੂੰ ਸੁਣਨ ਅਤੇ ਲਹਿਰਾਂ ਦਾ ਪੈਰਾਂ ਨੂੰ ਚੁੰਮਣ ਨਾਲ ਮਿਲੇ ਅਕਹਿ ਅਨੰਦ ਦਾ ਮੁੱਲ ਪਾਉਣ ਦਾ ਸਾਨੂੰ ਚੇਤੇ ਹੀ ਨਹੀਂ ਰਹਿੰਦਾ।
ਹਵਾ ਦੀ ਸਰਸਰਾਹਟ ਨਾਲ ਬੱਧੀ ਹੋਈ ਜੀਵਨ-ਡੋਰ ਦਾ ਤਾਂ ਕਦੇ-ਕਦਾਈਂ ਅਹਿਸਾਸ ਮੰਨ ਹੀ ਲੈਂਦੇ ਹਾਂ, ਪਰ ਅਸੀਂ ਕਦੇ ਵੀ ਹਵਾ ਦੀ ਅਹਿਮੀਅਤ ਨਹੀਂ ਸਮਝੀ ਕਿ ਹਵਾ ਸਾਡੇ ਪੁਰਖਿਆਂ ਦੇ ਦੇਸ਼ ‘ਤੋਂ ਸੁਨੇਹੇ ਵੀ ਲਿਆਉਂਦੀ ਅਤੇ ਆਪਣੇ ਵਤਨ ਦੀ ਖ਼ੁਸ਼ਬੂ ਵੀ ਸਾਡੇ ਸਾਹਾਂ ਵਿਚ ਘੋਲਦੀ ਹੈ।
ਕੁਦਰਤ ਦੇ ਕੋਲ ਰਹਿਣ ਲਈ ਅਸੀਂ ਜ਼ਮੀਨ ਦਾ ਟੁਕੜਾ ਤਾਂ ਖ਼ਰੀਦ ਲੈਂਦੇ ਹਾਂ, ਪਰ ਕੁਦਰਤ ਦੀ ਇਕਸੁਰਤਾ ਵਿਚੋਂ ਸਾਹਾਂ ਨੂੰ ਮਿਲੀ ਸੰਜੀਵਨੀ ਅਤੇ ਜਿਊਣ ਦੇ ਵਰਦਾਨ ਦੀ ਕੀਮਤ ਤਾਂ ਲਗਾਉਣੀ ਹੀ ਭੁੱਲ ਜਾਂਦੇ।
ਫੁੱਲਾਂ ਦੇ ਗੁਲਦਸਤੇ ਦੀ ਕੀਮਤ ਤਾਂ ਅਸੀਂ ਹੱਸ ਕੇ ਤਾਰਦੇ, ਪਰ ਸਾਨੂੰ ਭੁੱਲ ਹੀ ਜਾਂਦਾ ਕਿ ਫੁੱਲ ਦੀ ਸੁਗੰਧ ਅਤੇ ਰੰਗਾਂ ਵਿਚੋਂ ਮਿਲੇ ਸੁਖਨ ਦਾ ਮੁੱਲ ਵੀ ਤਾਰਨਾ ਹੁੰਦਾ?
ਚੰਨ-ਚਾਨਣੀ ਵਿਚ ਟਹਿਲਦਿਆਂ ਅਸੀਂ ਆਪਣੀ ਨਿੱਜਤਾ ਨੂੰ ਹੀ ਪ੍ਰਮੁੱਖਤਾ ਦਿੰਦੇ, ਪਰ ਅਸੀਂ ਉਸ ਚਾਨਣੀ ਦੀ ਕੀਮਤ ਨੂੰ ਸਮਝਦੇ ਹੀ ਨਹੀਂ ਜਿਹੜੀ ਚਾਨਣੀ ਸਾਡੇ ਅੰਤਰੀਵ ਵਿਚ ਝਰਦੀ ਜਦ ਅਸੀਂ ਚਾਨਣੀਆਂ ਰਾਤਾਂ ਦੀ ਸੰਗਤ ਮਾਣਦੇ।
ਆਪਣੇ ਪਿਆਰੇ ਨਾਲ ਬੈਠ ਕੇ ਚਾਹ ਪੀਣ ਲਈ ਚਾਹ ਦੇ ਕੱਪ ਦਾ ਮੁੱਲ ਤਾਂ ਦੇਣ ਲਈ ਕਾਹਲੇ ਰਹਿੰਦੇ, ਪਰ ਕਦੇ ਚਾਹ ਪੀਣ ਦੇ ਬਹਾਨੇ ਸੱਜਣ ਨਾਲ ਕੀਤੀਆਂ ਰੂਹਦਾਰੀ ਦੀਆਂ ਗੱਲਾਂ ਅਤੇ ਇਕ ਦੂਜੇ ਵਿਚ ਪਿਘਲ ਜਾਣ ਦੇ ਅਹਿਸਾਸ ਦੀ ਕੀਮਤ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ।
ਪਹਾੜਾਂ ਦੀ ਸੈਰ ਕਰਨ ਲਈ ਅਸੀਂ ਬਿਲਕੁਲ ਕੰਜੂਸ ਨਹੀਂ, ਪਰ ਕਦੇ ਉਸ ਭਾਵਨਾ ਦਾ ਮੁੱਲ ਵੀ ਪਾਉਣਾ ਜਿਹੜੀ ਪਰਬਤ ਦੀ ਉਚਾਈ ਵੱਲ ਦੇ ਕੇ ਉੱਚੀਆਂ ਮੰਜ਼ਲਾਂ ਨੂੰ ਸਰ ਕਰਨ ਦੀ ਸੋਚ ਮਨ ਵਿਚ ਪੈਦਾ ਹੁੰਦੀ ਹੈ।
ਝੀਲ ਦੀ ਕੀਮਤ ਸਿਰਫ਼ ਇਸ ਦੇ ਪਾਣੀ ਦੀ ਹੀ ਨਹੀਂ ਹੁੰਦੀ, ਸਗੋਂ ਪਾਣੀ ਵਿਚ ਆਪਣਾ ਅਕਸ ਨਿਹਾਰਦਿਆਂ ਖ਼ੁਦ ਨੂੰ ਮਿਲਣ ਦੀ ਹੁੰਦੀ। ਕਦੇ ਝੀਲ ਦੇ ਕੰਢੇ ਤੁਰਦਿਆਂ ਆਪਣੇ ਪਰਛਾਵੇਂ ਨਾਲ ਕੀਤੀ ਗੁਫ਼ਤਗੂ ਨੂੰ ਯਾਦ ਕਰਨਾ, ਤੁਹਾਨੂੰ ਝੀਲ ਦੀ ਪਰਿਕਰਮਾ ਦੀ ਅਸਲੀ ਕੀਮਤ ਦਾ ਅੰਦਾਜ਼ਾ ਹੋ ਜਾਵੇਗਾ।
ਆਪਣੇ ਵਿਅਕਤੀਤਵ ਨੂੰ ਨਿਖਾਰਨ ਲਈ ਹਰ ਉੱਦਮ ਕਰਦਿਆਂ ਬਹੁਤ ਉਚੇਚ ਕਰਦੇ ਹਾਂ, ਪਰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਸੁੱਚੀ ਵਿਅਕਤੀਤਵ ਇਕ ਅਜੇਹਾ ਪ੍ਰਭਾਵ ਹੁੰਦਾ ਜਿਸ ਦੀ ਕੋਈ ਕੀਮਤ ਨਹੀਂ ਤਾਰੀ ਜਾ ਸਕਦੀ।
ਅਕਸਰ ਹੀ ਕਿਸੇ ਦੀ ਪ੍ਰਾਪਤੀ ਨੂੰ ਆਪਣੇ ਕਿਆਸਿਆਂ ਨਾਲ ਹੀ ਚਿਤਾਰਦੇ, ਪਰ ਕੋਈ ਵੀ ਇਸ ਦਾ ਅੰਦਾਜ਼ਾ ਲਾਉਣ ਦੀ ਜ਼ਹਿਮਤ ਨਹੀਂ ਕਰਦਾ ਕਿ ਕਿਸੇ ਦੀ ਪ੍ਰਾਪਤੀ ਪਿੱਛੇ ਕਿੰਨੀ ਮਿਹਨਤ, ਧਨ, ਸਮਾਂ ਅਤੇ ਸਿਰੜ ਲੱਗਦਾ ਜਿਸ ਦੀ ਕੀਮਤ ਕੌਣ ਲਾਵੇਗਾ।
ਅਸੀਂ ਕਿਤਾਬ ਨੂੰ ਪੜ੍ਹਨ ਲਈ ਮੁੱਲ ਤਾਂ ਖ਼ਰੀਦ ਲੈਂਦੇ, ਪਰ ਕਦੇ ਕਲਮਕਾਰ ਦੀ ਭਾਵਨਾ ਦਾ ਵੀ ਮੁੱਲ ਤਾਰਿਆ ਕਿ ਉਸ ਨੇ ਕਿਸ ਆਵੇਗ ਅਤੇ ਅਦਲੀ ਰੰਗ ਨਾਲ ਅੱਖਰ ਕਾਰੀ ਵਿਚੋਂ ਨਵੀਂ ਸ਼ਬਦ ਕਾਰੀ ਨੂੰ ਜਨਮ ਦਿੱਤਾ।
ਅਸੀਂ ਤੋਹਫ਼ਾ ਲੈਣ ਲੱਗਿਆਂ ਸਿਰਫ਼ ਤੋਹਫ਼ੇ ਦੀ ਕੀਮਤ ਵੱਲ ਹੀ ਧਿਆਨ ਕੇਂਦਰਿਤ ਕਰਦੇ, ਕਦੇ ਤੋਹਫ਼ਾ ਦੇਣ ਵਾਲੇ ਦੀਆਂ ਅੱਖਾਂ ਵਿਚ ਝਾਕ ਕੇ, ਤੋਹਫ਼ਾ ਦੇਣ ਵਾਲੇ ਦੇ ਅਹਿਸਾਸਾਂ ਦੀ ਅਮੁੱਲਤਾ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਆ?
ਅਸੀਂ ਕੁਝ ਲਿਖਣ ਲਈ ਪੈਨ, ਸਿਆਹੀ ਅਤੇ ਕਾਗ਼ਜ਼ ਦਾ ਮੁੱਲ ਤਾਰਦੇ, ਪਰ =ਅਸੀਂ ਉਨ੍ਹਾਂ ਸ਼ਬਦਾਂ ਦਾ ਮੁੱਲ ਵੀ ਕਿਆਸਿਆ ਜਿਹੜੇ ਕਲਮ ਅਤੇ ਸਿਆਹੀ ਨਾਲ ਕਾਗ਼ਜ਼ ਦੀ ਕੋਰੀ ਹਿੱਕੇ ਚੰਨ-ਤਾਰਿਆਂ ਵਾਂਗ ਚਮਕਦੇ ਨੇ?
ਮਿੱਤਰ ਪਿਆਰੇ ਨੂੰ ਮਿਲਣ ਲਈ ਅਸੀਂ ਕੀਮਤੀ ਸਮੇਂ ਦਾ ਅਹਿਸਾਸ ਤਾਂ ਕਰਵਾ ਦਿੰਦੇ, ਪਰ ਕਦੇ ਇਹ ਵੀ ਸੋਚਿਆ ਜੇ ਕਿ ਤੁਸੀਂ ਜਿਸ ਨੂੰ ਮਿਲਣ ਗਏ ਹੋ, ਤੁਹਾਡੀ ਮਿਲਣ ਦੀ ਤਾਕ ਵਿਚ ਉਸ ਦੀਆਂ ਭਾਵਨਾਵਾਂ ਤੇ ਕਿੰਨੀ ਕੀਮਤੀ ਰੰਗ ਚੜ੍ਹਿਆ ਸੀ?
ਹਰ ਦੇਖਣ ਵਾਲੀ ਅੱਖ ਪਹਿਨੇ ਲਿਬਾਸ ਦੀ ਕੀਮਤ ਤਾਂ ਲਾਉਣ ਲੱਗ ਪੈਂਦੀ, ਪਰ ਕਦੇ ਸਰੀਰ ਵਿਚ ਵੱਸਦੀ ਮਨੁੱਖੀ ਬਿਰਤੀ ਦੀ ਕੀਮਤ ਦਾ ਅੰਦਾਜ਼ਾ ਲਾਉਣ ਦੀ ਵੀ ਕੋਸ਼ਿਸ਼ ਕੀਤੀ ਆ?
ਮਨੁੱਖੀ ਬਿਰਤੀ ਵੀ ਕੇਹੀ ਕਿ ਉਹ ਮਨੁੱਖ ਨੂੰ ਬਜ਼ਾਰੀ ਵਸਤ ਸਮਝ ਕੇ ਮੁੱਲ ਪਾਉਂਦੀ, ਪਰ ਸੋਚ ਕੇ ਦੱਸਣਾ ਕਿ ਕਿਸੇ ਦੇ ਅਹਿਸਾਸਾਂ, ਮਨੋਂ-ਭਾਵਨਾਵਾਂ, ਸੰਵੇਦਨਾ, ਮਨ ਦੀ ਤਰੰਗਾਂ ਅਤੇ ਦਿਲ ਦੀਆਂ ਰਮਜ਼ਾਂ ਦਾ ਵੀ ਕਿਸੇ ਮੁੱਲ ਪਾਇਆ?
