2027 ਵਲ ਵਧਦਾ ਪੰਜਾਬ

ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਵਲੋਂ ਦੁਬਾਰਾ ਆਪਣਾ ਪ੍ਰਧਾਨ ਚੁਣ ਲਏ ਜਾਣ ਤੋਂ ਬਾਅਦ ਵੀ ਬਾਦਲਾਂ ਲਈ ਵੰਗਾਰਾਂ ਭਾਵੇਂ ਖ਼ਤਮ ਨਹੀਂ ਹੋਈਆਂ, ਪਰ ਪੰਜਾਬ ਵਿਚ ਸਿਆਸੀ ਸਰਗਰਮੀਆਂ ਇਕਦਮ ਤੇਜ਼ ਹੋ ਗਈਆਂ ਹਨ। ਵਿਸਾਖੀ ਦੇ ਪਵਿੱਤਰ ਮੌਕੇ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਹੋਈਆਂ ਪੰਥਕ ਕਾਨਫਰੰਸਾਂ ਵੀ ਅਜੇਹੀ ਸਰਗਰਮੀ ਦੀ ਮੁਢਲੀ ਤਸਵੀਰ ਪੇਸ਼ ਕਰ ਰਹੀਆਂ ਸਨ।

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਵਿਚ 2027 ਦੀ ਲੜਾਈ ਨੂੰ ਨਵੀਂ ਸੇਧ ਦੇਣ ਦਾ ਯਤਨ ਕੀਤਾ। ਇਨ੍ਹਾਂ ਕਾਨਫਰੰਸਾਂ ‘ਤੋਂ ਬਿਨਾਂ ਵੀ ਜੇਕਰ ‘ਨਸ਼ਿਆਂ ਵਿਰੁੱਧ ਯੁੱਧ’ ਅਤੇ ‘ਸਿਖਿਆ ਕ੍ਰਾਂਤੀ’ ਨਾਲ ਜੂਝ ਰਹੀ ਰਾਜਨੀਤੀ ‘ਤੇ ਕੇਂਦਰਿਤ ਹੋਈਏ ਤਾਂ ਸਪੱਸ਼ਟ ਹੈ ਕਿ ਪੰਜਾਬ ਦੇ ਸਿਆਸੀ ਦਲਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖ ਕੇ ਰਾਜ ਵਿਚ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਸਾਰੀਆਂ ਰਾਜਨੀਤਿਕ ਪਾਰਟੀਆਂ ਵਲੋਂ ਆਪੋ-ਆਪਣੇ ਸੰਗਠਨਾਂ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਨਵੀਆਂ ਸਫ਼ਬੰਦੀਆਂ ਲਈ ਵੀ ਪਰ ਤੋਲੇ ਜਾ ਰਹੇ ਹਨ। ਇਸ ਸੰਦਰਭ ਵਿਚ ਅਕਾਲੀ ਦਲ (ਬ) ਸਭ ਤੋਂ ਵੱਧ ਸਰਗਰਮ ਹੈ। ਪ੍ਰਧਾਨ ਚੁਣੇ ਜਾਣ ਉਪਰੰਤ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਸਿੱਖ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਦਾ ਜ਼ਿਕਰ ਕੀਤਾ, ਉੱਥੇ ਇਹ ਵੀ ਕਿਹਾ ਕਿ ਉਹ ਪੰਥ, ਪੰਜਾਬ ਅਤੇ ਪਾਰਟੀ ਦੇ ਸਨਮਾਨ ਦੀ ਰਾਖੀ ਕਰਨਗੇ। ਉਨ੍ਹਾਂ ਇਸ ਸਮੇਂ ਵਡੇਰੀ ਪੰਥਕ ਏਕਤਾ ਦਾ ਵੀ ਸੱਦਾ ਦਿੱਤਾ ਅਤੇ ਕਿਹਾ ਕਿ ਪਾਰਟੀ ਪੰਥ ਅਤੇ ਪੰਜਾਬੀਅਤ ਨੂੰ ਸਮਰਪਿਤ ਰਹੇਗੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਿਛਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾਂਦੀਆਂ ਰਹੀਆਂ ਹਨ।
ਨਾਲ ਹੀ ਉਨ੍ਹਾਂ ਨੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਪੂਰੀ ਤਿਆਰੀ ਕਰਨ ਦਾ ਸੱਦਾ ਵੀ ਦਿੱਤਾ। ਚਾਹੇ ਇਸ ਸਮੇਂ ਉਨ੍ਹਾਂ ਨੇ ਵਡੇਰੀ ਪੰਥਕ ਏਕਤਾ ਦਾ ਸੱਦਾ ਤਾਂ ਜ਼ਰੂਰ ਦਿੱਤਾ, ਪਰ ਦੂਸਰੇ ਪਾਸੇ ਨਾਰਾਜ਼ ਵਿਰੋਧੀ ਧੜੇ ਵਲੋਂ ਵੀ ਤਤਕਾਲੀ ਜਥੇਦਾਰਾਂ ਤੋਂ ਪ੍ਰਾਪਤ ਕੀਤੀਆਂ ਹਦਾਇਤਾਂ ਅਨੁਸਾਰ ਅਕਾਲੀ ਦਲ ਦੀ ਭਰਤੀ ਲਈ ਸਰਗਰਮੀ ਆਰੰਭੀ ਹੋਈ ਹੈ। ਇਸ ਲਈ ਇਸ ਸਮੇਂ ਵਡੇਰੀ ਪੰਥਕ ਏਕਤਾ ਅਮਲੀ ਰੂਪ ਵਿਚ ਅਜੇ ਸੰਭਵ ਹੋਣ ਦੀ ਸੰਭਾਵਨਾ ਘੱਟ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਪ੍ਰਸ਼ਾਸਨ ਦੇ ਤਿੰਨ ਸਾਲ ਪੂਰੇ ਕਰ ਲਏ ਹਨ, ਪਰ ਉਸ ਨੇ ਵੀ ਰਹਿੰਦੇ 2 ਸਾਲਾਂ ਲਈ ਪਾਰਟੀ ਨੂੰ ਸਰਗਰਮ ਤੇ ਪ੍ਰਸੰਗਿਕ ਰੱਖਣ ਲਈ ਅਤੇ 2027 ਦੀਆਂ ਚੋਣਾਂ ਲਈ ਪੂਰੀ ਯੋਜਨਾਬੰਦੀ ਕਰ ਲਈ ਜਾਪਦੀ ਹੈ ਅਤੇ ਉਸ ਦੇ ਮੁਤਾਬਿਕ ਹੀ ਸਰਕਾਰ ਅਤੇ ਪਾਰਟੀ ਵਰਕਰਾਂ ਨੂੰ ਵਧੇਰੇ ਸਰਗਰਮ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਹੈ। ਸੂਬੇ ਅੰਦਰ ਨਸ਼ਿਆਂ ਦੀ ਅਲਾਮਤ ਖ਼ਤਮ ਕਰਨ ਲਈ ਅਤੇ ਵਿਆਪਕ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਜੋ ਸਖ਼ਤ ਕਾਰਵਾਈਆਂ ਆਰੰਭੀਆਂ ਗਈਆਂ ਹਨ, ਉਨ੍ਹਾਂ ਦਾ ਵੀ ਹਰ ਪੱਖ ਤੋਂ ਅਸਰ ਆਉਣ ਵਾਲੇ ਸਮੇਂ ਵਿਚ ਮਹਿਸੂਸ ਕੀਤਾ ਜਾਵੇਗਾ। ਪਾਰਟੀ ਦੇ
ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਹਾਈਕਮਾਨ ਦੇ ਵੱਡੇ ਆਗੂਆਂ ਦਾ ਸੂਬੇ ਵਿਚ ਸਰਗਰਮ ਹੋਣਾ 2027 ਦੀ ਚਿੰਤਾ ਦਾ ਹੀ ਸੰਦੇਸ਼ ਦਿੰਦਾ ਹੈ।
ਇਸੇ ਕੜੀ ਵਿਚ ਹੀ ਸੂਬਾ ਕਾਂਗਰਸ ਵੀ ਪੂਰੀ ਤਰ੍ਹਾਂ ਸਰਗਰਮ ਹੋਣ ਲਈ ਪਰ ਤੋਲਦੀ ਨਜ਼ਰ ਆ ਰਹੀ ਹੈ। ਪਿਛਲੇ ਸਮੇਂ ਵਿਚ ਇਹ ਪ੍ਰਭਾਵ ਬਣਦਾ ਜਾ ਰਿਹਾ ਸੀ ਕਿ ਸੂਬਾ ਲੀਡਰਸ਼ਿਪ ਇਕ ਸੁਰ ਨਹੀਂ ਹੈ ਅਤੇ ਇਸ ਵਿਚ ਜ਼ਾਬਤੇ ਦੀ ਵੀ ਘਾਟ ਲਗਾਤਾਰ ਰੜਕਦੀ ਰਹੀ ਹੈ। ਇਸ ਲਈ ਕੁਲ ਹਿੰਦ ਕਾਂਗਰਸ ਕਮੇਟੀ ਦੇ ਗੁਜਰਾਤ ਵਿਚ ਹੋਏ ਸੈਸ਼ਨ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ ਦੇ ਇੰਚਾਰਜ ਭੁਪੇਸ਼ ਬਘੇਲ ਨੇ ਹਰ ਪੱਧਰ ਦੇ ਅਹੁਦੇਦਾਰਾਂ ਦੀ ਮੀਟਿੰਗ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਜ਼ਾਬਤੇ ਵਿਚ ਰਹਿਣ ਅਤੇ ਸਾਲ 2027 ਦੀਆਂ ਚੋਣਾਂ ਲਈ ਤਿਆਰੀਆਂ ਕੱਸਣ ਲਈ ਕਿਹਾ ਹੈ। ਕਾਂਗਰਸੀ ਲੀਡਰਸ਼ਿਪ ਵਲੋਂ ਇਹ ਪ੍ਰਭਾਵ ਬਣਾਇਆ ਜਾ ਰਿਹਾ ਹੈ ਕਿ ਆਉਂਦੀਆਂ ਚੋਣਾਂ ਵਿਚ ਉਨ੍ਹਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ, ਪਰ ਅਜਿਹਾ ਤਦੇ ਹੀ ਸੰਭਵ ਹੋ ਸਕੇਗਾ ਜੇਕਰ ਆਪਸੀ ਏਕਤਾ ਦੇ ਨਾਲ-ਨਾਲ ਕੀਤੀਆਂ ਜਾ ਰਹੀਆਂ ਗਹਿਰ-ਗੰਭੀਰ ਵਿਚਾਰਾਂ ਨੂੰ ਪਾਰਟੀ ਵਲੋਂ ਅਮਲੀ ਰੂਪ ਦਿੱਤਾ ਜਾ ਸਕੇਗਾ।
ਪੰਜਾਬ ਵਿਚ ਭਾਜਪਾ ਦੀਆਂ ਕਈ ਕਾਰਨਾਂ ਕਰਕੇ ਆਪਣੀਆਂ ਸੀਮਾਵਾਂ ਜ਼ਰੂਰ ਨਜ਼ਰ ਆਉਂਦੀਆਂ ਹਨ, ਪਰ ਜਿਸ ਢੰਗ-ਤਰੀਕੇ ਅਤੇ ਯੋਜਨਾਬੰਦੀ ਨਾਲ ਇਸ ਪਾਰਟੀ ਨੇ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਹੈ, ਉਸ ‘ਤੋਂ ਆਉਣ ਵਾਲੇ ਸਮੇਂ ਵਿਚ ਇਸ ਦੇ ਪ੍ਰਭਾਵ ‘ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਉਤੇ ਹੋਏ ਹਮਲੇ ਅਤੇ ਗ੍ਰਨੇਡਾਂ ਸੰਬੰਧੀ ਦਿੱਤੇ ਬਿਆਨ ਉਪਰੰਤ ਪ੍ਰਤਾਪ ਸਿੰਘ ਬਾਜਵਾ ਉਤੇ ਕੇਸ ਦਰਜ ਕੀਤੇ ਜਾਣ ਨਾਲ ਰਾਜਨੀਤਕ ਹਾਲਾਤ ਕਈ ਹੋਰ ਦਿਸ਼ਾਵਾਂ ਗ੍ਰਹਿਣ ਕਰਦੇ ਨਜ਼ਰ ਆ ਰਹੇ ਹਨ।
ਪਲ ਪਲ ਬਦਲ ਰਹੀ ਸਥਿਤੀ ਵਿਚ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਨੂੰ ਲੋਕਤੰਤਰ ਦੀ ਮਜ਼ਬੂਤੀ ਦਾ ਅਮਲ ਕਿਹਾ ਜਾ ਸਕਦਾ ਹੈ, ਪਰ ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਅਤੇ ਆਗੂਆਂ ‘ਤੋਂ ਉਮੀਦ ਹੈ ਕਿ ਉਹ ਆਉਣ ਵਾਲੇ ਸਮੇਂ ਵਿਚ ‘ਪੰਜਾਬ ਦੇ ਮਸਲਿਆਂ ‘ਤੇ ਧਿਆਨ ਕੇਂਦਰਤ ਕਰਨਗੇ, ਸਮਾਜ ਵਿਰੋਧੀ ਅਨਸਰਾਂ ਨੂੰ ਬਰੀਕਬੀਨੀ ਨਾਲ ਪਛਾਣਨਗੇ, ਅਤੇ ਸਿਆਸੀ ਮੰਚ ‘ਤੇ ਵਿਚਰਦਿਆਂ ਆਪਸੀ ਸਤਿਕਾਰ ਵੀ ਜ਼ਰੂਰ ਬਣਾ ਕੇ ਰੱਖਣਗੇ, ਕਿਉਂਕਿ ਪਹਿਲਾਂ ਹੀ ਡੋਲੇ ਹੋਏ ਸੂਬੇ ਲਈ ਸਮਰਪਿਤ ਭਾਵਨਾਵਾਂ ਨਾਲ ਕੀਤੀਆਂ ਗਈਆਂ ਕਾਰਵਾਈਆਂ ਹੀ ਚੰਗੇ ਸਿੱਟੇ ਪ੍ਰਾਪਤ ਕਰ ਸਕਦੀਆਂ ਹਨ।