ਕੀ ਇਹ ਖਾਲਸਾ ਸਿਰਜਣਾ/ਸਾਜਣਾ ਦਿਵਸ ਹੈ?

ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ‘ਸਿਰਜਣਾ’ ਕੀਤੀ ਸੀ?
1699 ਦੀ ਵਿਸਾਖ ਦੇ ਪਹਿਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਵਿਚ ਕੀ ਕੀਤਾ ਸੀ?
*********
ਇਹ ਗੱਲ ਆਮ ਤੌਰ ‘ਤੇ ਬਹੁਤ ਸਾਰੇ ਪ੍ਰਚਾਰਕ ਅਤੇ ਆਮ ਲੇਖਕ (ਖੋਜੀ ਲੇਖਕ ਨਹੀਂ) ਕਹਿ ਦੇਂਦੇ ਹਨ ਕਿ ਵਿਸਾਖੀ 1699 ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ‘ਖਾਲਸਾ ਦੀ ਸਿਰਜਣਾ’ ਕੀਤੀ ਸੀ; ਯਾਨੀ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਚਲੇ ਆ ਰਹੇ ਸਿੱਖ ‘ਹੋਰ’ ਸਨ ਜਾਂ ‘ਸੰਪੂਰਨ’ ਨਹੀਂ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ‘ਖਾਲਸਾ’ ਸਾਜਿਆ ਸੀ ਤੇ ‘ਨਵੇਂ’ ਖਾਲਸਾ ਪੰਥ ਦੀ ਸ਼ੁਰੂਆਤ ਕੀਤੀ ਸੀ। ਉਂਞ ਇਹ ਕਹਿਣਾ ਆਪਣੇ ਆਪ ਵਿਚ ਗੁਰੂ ਨਾਨਕ ਸਾਹਿਬ (ਅਤੇ ਬਾਕੀ ਅੱਠ ਗੁਰੂਆਂ ਦੀ ਇਕ ਤਰ੍ਹਾਂ ਨਾਲ ਤੌਹੀਨ ਵੀ ਹੈ।

ਜੂਨ 1998 ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮੈਨੂੰ ਸਿੱਖ ਹਿਸਟਰੀ ਰੀਸਰਚ ਬੋਰਡ ਦਾ ਡਾਇਰੈਕਟਰ ਥਾਪ ਦਿੱਤਾ। ਇਸ ਤੋਂ ਪਹਿਲਾਂ1997 ਵਿਚ ਮੇਰੀ ਕਿਤਾਬ ‘ਸਿੱਖ ਮਸਲੇ’ ਛਪੀ ਹੋਈ ਸੀ। ਉਸ ਵਿਚ ਮੈਂ ‘ਅਕਾਲ ਤਖ਼ਤ ਦੇ ਜਥੇਦਾਰ’ ਦੇ ਅਹੁਦੇ ਨੂੰ ਰੱਦ ਕੀਤਾ ਹੋਇਆ ਸੀ। ਉਸ ਵਿਚ ਇਕ ਲੇਖ ਇਹ ਵੀ ਸੀ ‘ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਸੀ ਜਾਂ ਪਰਗਟ ਕੀਤਾ ਸੀ।’
ਕੁਝ ਮਹੀਨੇ ਪਹਿਲਾਂ ਮੈਂ ਕੇਸਗੜ੍ਹ ਦੇ ਇਕ ਗ੍ਰੰਥੀ ਦੀ ਬਹੁਤ ਮੁਜ਼ੰਮਤ (ਆਲੋਚਣਾ) ਕਰ ਚੁਕਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਮੈਨੂੰ ਸਿੱਖ ਹਿਸਟਰੀ ਰੀਸਰਚ ਬੋਰਡ ਦਾ ਡਾਇਰੈਕਟਰ ਲਾ ਦਿੱਤਾ ਹੈ ਤਾਂ ਉਸ ਨੇ ਕੋਸ਼ਿਸ਼ ਕੀਤੀ ਕਿ ਮੈਨੂੰ ਇਹ ਅਹੁਦਾ ਨਾ ਲੈਣ ਦਿੱਤਾ ਜਾਵੇ। ਉਸ ਨੇ (ਜਾਂ ਉਨ੍ਹਾਂ ਦੇ ਇਕ ਅੰਮ੍ਰਿਤਸਰ ਵਾਸੀ ਚੇਲੇ ਨੇ) ਮੇਰੀ ਕਿਤਾਬ ‘ਸਿੱਖ ਮਸਲੇ’ ਜਥੇਦਾਰ ਟੌਹੜਾ ਨੂੰ ਦਿੱਤੀ ਤੇ ਕਿਹਾ ਕਿ ਇਹ ਗੱਲਾਂ ਲਿਖਣ ਵਾਲੇ ਦਿਲਗੀਰ ਨੂੰ ਡਾਇਰੈਕਟਰ ਦਾ ਅਹੁਦਾ ਨਾ ਦਿੱਤਾ ਜਾਏ। ਜਥੇਦਾਰ ਟੌਹੜਾ ਨੇ ਉਹ ਕਿਤਾਬ ਪੜ੍ਹਨ ਮਗਰੋਂ ਉਸ ਦੀ ‘ਦਿਲਗੀਰ ਨੂੰ ਡਾਇਰੈਕਟਰ ਨਾ ਲਾਉਣ’ ਦੀ ਮੰਗ ਤਾਂ ਰੱਦ ਕਰ ਦਿੱਤੀ; ਪਰ ਨਾਲ ਹੀ ਮੇਰੇ ਲੇਖ ਪੜ੍ਹਨ ਮਗਰੋਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਨਹੀਂ ਕੀਤੀ ਸੀ ਬਲਕਿ ਇਸ ਨੂੰ ਪਰਗਟ ਕੀਤਾ ਸੀ। ਉਨ੍ਹਾਂ ਨੇ ਵਿਸਾਖੀ ਨੂੰ ‘ਖਾਲਸਾ ਪਰਗਟ ਦਿਵਸ’ ਕਹਿਣਾ ਤੇ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸ ਮਗਰੋਂ ਹੋਰਾਂ ਨੇ ਵੀ ‘ਖਾਲਸਾ ਪਰਗਟ ਦਿਵਸ’ ਲਫ਼ਜ਼ਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਸੀ ਜੋ ਅੱਜ ਵੀ ਬਦਸਤੂਰ ਜਾਰੀ ਹੈ।
ਹੁਣ ਸਵਾਲ ਇਹ ਹੈ ਕਿ ਗੁਰੂ ਜੀ ਦੇ ਐਲਾਨ ਨੂੰ ‘ਖਾਲਸਾ ਪਰਗਟ ਕੀਤਾ’ (ਜਾਂ ਸਿੱਖਾਂ ਨੂੰ ਖ਼ਾਲਸਾ ਐਲਾਨਿਆ) ਕਿਉਂ ਕਿਹਾ ਜਾ ਸਕਦਾ ਹੈ ਅਤੇ ‘ਖਾਲਸੇ ਦੀ ਸਿਰਜਣਾ’ ਬਿਲਕੁਲ ਹੀ ਗ਼ਲਤ ਲੱਫ਼ਾਜ਼ੀ ਕਿਉਂ ਹੈ। ਇਸ ਵਾਸਤੇ ਸਾਨੂੰ ਸਿੱਖ ਤਵਾਰੀਖ਼ ਦੇ ਵਰਕੇ ਪਲਟਣੇ ਪੈਣਗੇ।
ਸਿੱਖ ਪੰਥ ਦਾ ਜਥੇਬੰਦਕ ਢਾਂਚਾ ਜੋ ਗੁਰੂ ਨਾਨਕ ਸਾਹਿਬ ਵੇਲੇ ‘ਧਰਮਸਾਲਾ’ ਤੇ ‘ਸੰਗਤ’ ਵਜੋਂ ਸ਼ੁਰੂ ਹੋਇਆ ਸੀ, ਉਹ ਗੁਰੂ ਰਾਮਦਾਸ ਸਾਹਿਬ ਵੇਲੇ ‘ਮਸੰਦ’ ਜਮਾਤ ਵਜੋਂ ਕਾਇਮ ਹੋ ਗਿਆ ਸੀ। ਗੁਰੂ ਰਾਮ ਦਾਸ ਸਾਹਿਬ ਵੇਲੇ ਜਦ ਸਿੱਖਾਂ ਦੀ ਗਿਣਤੀ ਬਹੁਤ ਵਧ ਗਈ ਤਾਂ ਉਨ੍ਹਾਂ ਨੇ ਖ਼ਾਸ ਕਰ ਕੇ ਦੂਰ-ਦੂਰਾਡੇ ਇਲਾਕਿਆਂ ਦੇ ਸਿੱਖਾਂ ਨਾਲ ਲਗਾਤਾਰ ਰਾਬਤਾ ਕਾਇਮ ਰੱਖਣ ਵਾਸਤੇ ‘ਮਸੰਦ’ ਜਮਾਤ ਕਾਇਮ ਕਰ ਦਿੱਤੀ। ਮਸੰਦ ਫ਼ਾਰਸੀ ਦੇ ਲਫ਼ਜ਼ ‘ਮਸਨਦ’ ਦਾ ਪੰਜਾਬੀ ਰੂਪ ਹੈ ਜਿਸ ਦਾ ਅਰਥ ਹੈ: ‘ਤਕੀਆ ਲਾ ਕੇ ਬੈਠਣ ਦੀ ਥਾਂ’ ਯਾਨੀ ਇਕ ਤਰ੍ਹਾਂ ਨਾਲ ‘ਗੱਦੀਦਾਰ’। ਗੁਰੂ ਜੀ ਵੇਲੇ ਮਸੰਦ ਆਪਣੇ ਇਲਾਕੇ ਦਾ ਇਕ ਕਿਸਮ ਦਾ ਇਲਾਕੇ ਦਾ ਇੰਚਾਰਜ ਹੁੰਦਾ ਸੀ। ਇਨ੍ਹਾਂ ਮਸੰਦਾਂ ਦਾ ਕੰਮ ਗੁਰੂ ਦੇ ਦਰਬਾਰ ਵਿਚ ਸੰਗਤਾਂ ਦੇ ਸੁਨੇਹੇ ਪਹੁੰਚਾਉਣਾ ਅਤੇ ਗੁਰੂ ਜੀ ਦੇ ਪੈਗ਼ਾਮ ਸੰਗਤਾਂ ਵਾਸਤੇ ਲੈ ਜਾਣਾ ਹੁੰਦਾ ਸੀ। ਇਹ ਸੰਗਤ ਦਾ ਦਸਵੰਧ ਵੀ ਗੁਰੂ ਜੀ ਤਕ ਪਹੁੰਚਾਇਆ ਕਰਦੇ ਸੀ ਅਤੇ ਜੇ ਕਿਸੇ ਸਿੱਖ ਨੂੰ ਮਦਦ ਦੀ ਲੋੜ ਹੁੰਦੀ ਤਾਂ ਉਸ ਵਾਸਤੇ ਰਕਮ ਜਾਂ ਤੋਹਫ਼ੇ ਗੁਰੂ ਸਾਹਿਬ ਮਸੰਦਾਂ ਰਾਹੀਂ ਹੀ ਪਹੁੰਚਾਇਆ ਕਰਦੇ ਸਨ।
ਮਸੰਦ ਜਮਾਤ ਦੇ ਕਾਇਮ ਹੋਣ ਨਾਲ ਸਿੱਖ ਪੰਥ ਇਕ ਸ਼ਾਨਦਾਰ ਜਥੇਬੰਦਕ ਢਾਂਚੇ ਵਿਚ ਪਰੋਇਆ ਗਿਆ। ਸਿੱਖੀ ਦਾ ਧਾਰਮਿਕ ਪ੍ਰਚਾਰ ਅਤੇ ਮਾਲੀ ਨਿਜ਼ਾਮ ਇਕ ਸਿਸਟਮ ਵਜੋਂ ਕੰਮ ਕਰਨ ਲੱਗ ਪਿਆ। ਸੰਗਤਾਂ ਦਾ ਦਸਵੰਧ ਸੁਚੱਜੇ ਤਰੀਕੇ ਨਾਲ ਗੁਰੂ ਦਰਬਾਰ ਵਿਚ ਪੁੱਜਣ ਲੱਗ ਪਿਆ ਅਤੇ ਇਸ ਖ਼ਜ਼ਾਨੇ ’ਚੋਂ ਲੋਕ ਭਲਾਈ ਦੇ ਕੰਮ, ਤੇ ਲੋੜਵੰਦਾਂ ਦੀ ਪੂਰੀ ਇਮਦਾਦ ਹੋਣ ਲੱਗ ਪਈ। ਚੌਥੇ ਪਾਤਸ਼ਾਹ ਤੋਂ ਨੌਵੇਂ ਪਾਤਸ਼ਾਹ ਤਕ ਇਸ ਮਸੰਦ ਜਮਾਤ ਨੇ ਮਾਅਰਕੇ ਦਾ ਰੋਲ ਅਦਾ ਕੀਤਾ।
ਚੌਥੇ ਤੋਂ ਨੌਵੇਂ ਗੁਰੂ ਤਕ ਵੀ ਕੁਝ ਇਲਾਕਿਆਂ ਵਿਚ ਕਈ ਮਸੰਦ ਨਹੀਂ ਥਾਪੇ ਗਏ ਸਨ ਜਾਂ ਨਹੀਂ ਥਾਪੇ ਜਾ ਸਕੇ ਸਨ; ਇਸ ਕਰ ਕੇ ਉਥੋਂ ਦੀ ਸੰਗਤ ਗੁਰੂ ਦਾ ‘ਖ਼ਾਲਸਾ’ ਸੀ। ਖ਼ਾਲਸਾ ਅਰਬੀ ਜ਼ਬਾਨ ਦਾ ਲਫ਼ਜ਼ ਹੈ ਜਿਸ ਦਾ ਅਰਥ ਹੈ: ਉਹ ਜ਼ਮੀਨ ਜੋ ਸਿੱਧੀ ਬਾਦਸ਼ਾਹ ਦੀ ਆਪਣੀ ਹੁੰਦੀ ਹੈ (ਨਾ ਕਿ ਕਿਸੇ ਛੋਟੇ ਰਾਜੇ, ਜਾਗੀਰਦਾਰ ਜਾਂ ਜ਼ਿਮੀਂਦਾਰ ਦੀ)। ਗੁਰੂ ਜੀ ਦਾ ਕਿਸੇ ਸਿੱਖ ਨੂੰ ‘ਖ਼ਾਲਸਾ’ ਕਹਿਣ ਤੋਂ ਭਾਵ ਸੀ ਕਿ ਉਸ ਸਿੱਖ ਦਾ ਸਬੰਧ ਅਤੇ ਰਾਬਤਾ ਗੁਰੂ ਜੀ ਨਾਲ ‘ਸਿੱਧਾ’ ਹੈ ਅਤੇ ਗੁਰੂ ਅਤੇ ਸਿੱਖ ਦੇ ਵਿਚਕਾਰ ਕੋਈ ਮਸੰਦ (ਵਿਚੋਲਾ) ਨਹੀਂ ਹੈ। ਇਸ ਦੀਆਂ ਕੁਝ ਮਿਸਾਲਾਂ ‘ਹੁਕਮਨਾਮਿਆਂ’ ਵਿਚੋਂ ਮਿਲ ਜਾਂਦੀਆਂ ਹਨ।
ਗੁਰੂ ਹਰਿਗੋਬਿੰਦ ਸਾਹਿਬ ਦਾ ਇਕ ਹੁਕਮਨਾਮਾ ਅੱਜ ਵੀ ਮੌਜੂਦ ਹੈ ਜਿਸ ਵਿਚ ਵਿਚ ਪੂਰਬ (ਅਸਾਮ, ਬੰਗਾਲ) ਦੀ ਸੰਗਤ ਨੂੰ ਗੁਰੂ ਜੀ ਨੇ ‘ਖਾਲਸਾ’ ਲਫ਼ਜ਼ ਨਾਲ ਮੁਖ਼ਾਤਿਬ ਕੀਤਾ ਹੈ। ਭਾਈ ਜਪੁ, ਭਾਈ ਗੁਰਦਾਸ, ਭਾਈ ਮੁਰਾਰ, ਭਾਈ ਜੇਤਾ, ਭਾਈ ਦਿਆਲਾ ਦੇ ਨਾਂ ਪੈਗ਼ਾਮ ਵਿਚ ਗੁਰੂ ਜੀ ‘ਪੂਰਬ ਦੀ ਸੰਗਤ ਗੁਰੂ ਦਾ ਖਾਲਸਾ ਹੈ’ ਲਿਖਦੇ ਹਨ (ਸ਼੍ਰੋਮਣੀ ਕਮੇਟੀ ਵੱਲੋਂ ਛਪੀ, ‘ਨੀਸਾਣੁ ਤੇ ਹੁਕਮਨਾਮੇ’, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਸਫ਼ਾ 15)।
ਇੰਞ ਹੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਕੁਝ ਹੁਕਮਨਾਮਿਆਂ ਵਿਚ ਵੀ ਪਟਨਾ ਦੀ ਸੰਗਤ ਨੂੰ ‘ਖਾਲਸਾ’ ਕਿਹਾ ਗਿਆ ਹੈ: ‘ਪਟਨਾ ਦੀ ਸੰਗਤ ਸ੍ਰੀ ਗੁਰੂ ਜੀ ਕਾ ਖਾਲਸਾ ਹੈ’। (ਸ਼੍ਰੋਮਣੀ ਕਮੇਟੀ ਵੱਲੋਂ ਛਪੀ, ‘ਨੀਸਾਣੁ ਤੇ ਹੁਕਮਨਾਮੇ’, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਸਫ਼ਾ 27)।
ਗੁਰੂ ਗੋਬਿੰਦ ਸਿੰਘ ਜੀ ਦੇ ਇਕ ਹੁਕਮਨਾਮੇ, ਜੋ ਸੰਮਤ 1755 (ਯਾਨਿ ਸੰਨ 1698) ਵਿਚ ਮਾਛੀਵਾੜਾ ਦੇ ਭਾਈ ਕਲਿਆਣ ਰਾਏ ਨੂੰ ਲਿਖਿਆ ਗਿਆ ਸੀ, ਉਸ ਵਿਚ ਗੁਰੂ ਜੀ ਮਾਛੀਵਾੜਾ ਦੀ ਸੰਗਤ ਨੂੰ ‘ਮੇਰਾ ਖਾਲਸਾ ਹੈ’ ਕਹਿ ਕੇ ਮੁਖ਼ਾਤਿਬ ਹੁੰਦੇ ਹਨ (‘ਭਾਈ ਕਲਿਆਣ ਰਾਏ ਸਰਬਤ ਸੰਗਤ ਮਾਛੀਵਾੜਾ ਕੀ ਗੁਰੂ ਰਖੇਗਾ। ਸੰਗਤ ਮੇਰਾ ਖਾਲਸਾ ਹੈ’)। ਹਾਲਾਂ ਕਿ ਮਾਛੀਵਾੜਾ ਨਗਰ ਵਿਚ ਭਾਈ ਪੰਜਾਬਾ ਨਾਂ ਦਾ ਮਸੰਦ ਮੌਜੂਦ ਸੀ (ਇਸ ਹੁਕਮਨਾਮੇ ‘ਤੋਂ 7 ਸਾਲ ਮਗਰੋਂ, 1705 ਦੀ ਦਸੰਬਰ ਵਿਚ, ਗੁਰੂ ਗੋਬਿੰਦ ਸਿੰਘ ਸਾਹਿਬ, ਚਮਕੌਰ ਦੀ ਗੜ੍ਹੀ ਤੋਂ ਨਿਕਲ ਕੇ ਸਭ ਤੋਂ ਪਹਿਲਾਂ ਇਸੇ ਮਸੰਦ ਭਾਈ ਪੰਜਾਬੇ ਕੋਲ ਪਹੁੰਚੇ ਸਨ ਤੇ ਉਸ ਦੇ ਬਾਗ਼ ਵਿਚ ਠਹਿਰੇ ਸਨ; ਉਸ ਥਾਂ ‘ਤੇ ਹੁਣ ‘ਗੁਰਦੁਆਰਾ ਚਰਨ ਕੰਵਲ’ ਬਣਿਆ ਹੋਇਆ ਹੈ)। (ਸ਼੍ਰੋਮਣੀ ਕਮੇਟੀ ਵੱਲੋਂ ਛਪੀ, ‘ਨੀਸਾਣੁ ਤੇ ਹੁਕਮਨਾਮੇ’, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਸਫ਼ਾ 64)।
ਗੁਰੂ ਗੋਬਿੰਦ ਸਿੰਘ ਜੀ ਦੇ ਦੋ ਹੋਰ ਹੁਕਮਨਾਮਿਆਂ ਵਿਚ ਵੀ ਕੁਝ ਸਿੱਖਾਂ ਨੂੰ ‘ਤੂ ਮੇਰਾ ਖਾਲਸਾ ਹੈ’ ਲਿਖਿਆ ਮਿਲਦਾ ਹੈ (ਸ਼੍ਰੋਮਣੀ ਕਮੇਟੀ ਵੱਲੋਂ ਛਪੀ ਕਿਤਾਬ ‘ਨੀਸਾਣੁ ਤੇ ਹੁਕਮਨਾਮੇ’, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਸਫ਼ੇ 73 ਤੇ 76)। ਇਹ ਦੋਵੇਂ ਹੁਕਮਨਾਮੇ ਸੰਮਤ 1758, ਸੰਨ 1701, ਦੇ ਹਨ; ਯਾਨਿ ਖੰਡੇ ਦੀ ਪਾਹੁਲ ਦੀ ਰਸਮ ਸ਼ੁਰੂ ਕਰਨ ਤੋਂ 2 ਸਾਲ ਮਗਰੋਂ ਦੇ ਹਨ; ਅਤੇ, ਇਨ੍ਹਾਂ ਵਿਚ ਭਾਈ ਮਿਹਰ ਚੰਦ (ਸਫ਼ਾ 73) ਅਤੇ ਮਿਹਰ ਚੰਦ, ਧਰਮ ਚੰਦ ਤੇ ਕਰਮ ਚੰਦ (ਸਫ਼ਾ 76) ਨੂੰ ‘ਖਾਲਸਾ’ ਲਿਖਿਆ ਹੈ। ਖਾਲਸਾ ਆਖ ਕੇ ਮੁਖ਼ਾਤਿਬ ਕੀਤੇ ਗਏ ਇਨ੍ਹਾਂ ਸਿੱਖਾਂ ਦੇ ਨਾਂਵਾਂ ਨਾਲ ਪਿਛੇਤਰ ‘ਸਿੰਘ’ ਨਹੀਂ ਬਲ ਕਿ ‘ਚੰਦ’ ਲੱਗਾ ਹੋਇਆ ਹੈ ਜਿਹੜਾ ਸਾਬਿਤ ਕਰਦਾ ਹੈ ਕਿ ‘ਖਾਲਸਾ’ ਲਫ਼ਜ਼ ਦਾ ਮਾਅਨਾ ਪਾਹੁਲੀਆ ਨਹੀਂ ਬਲਕਿ ਉਹ ਸਿੱਖ ਹੈ ਜੋ ਸਿੱਧਾ ਗੁਰੂ ਨਾਲ ਸਬੰਧਤ ਹੈ। ਇਸ ਦਾ ਸਾਫ਼ ਮਾਅਨਾ ਇਹ ਵੀ ਹੈ ਕਿ ‘ਖਾਲਸਾ’ ਅਤੇ ਪਾਹੁਲੀਆ ਦੋਵੇਂ ਵੱਖ-ਵੱਖ ਨੁਕਤੇ ਹਨ।
ਅਨੰਦਪੁਰ ਸਾਹਿਬ ਦੀ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਸਿੱਖ ‘ਮੇਰਾ ਖਾਲਸਾ’ ਨਹੀਂ ਬਲਕਿ ‘ਅਕਾਲ ਪੁਰਖ ਦਾ ਖਾਲਸਾ’ ਹੋਣਗੇ। ਇਸ ਦੀ ਤਾਈਦ ਮਾਤਾ ਸੁੰਦਰ ਕੌਰ ਦੇ ਇਕ ਖ਼ਤ ‘ਤੋਂ ਹੁੰਦੀ ਹੈ ਜਿਸ ਵਿਚ ਉਨ੍ਹਾਂ ਨੇ ਸਿੱਖਾਂ ਨੂੰ ‘ਅਕਾਲ ਪੁਰਖ ਦਾ ਖਾਲਸਾ’ ਲਿਖਿਆ ਹੈ। ਉਂਞ ਜਿਨ੍ਹਾਂ ਨੂੰ ਇਹ ਖ਼ਤ ਲਿਖਿਆ ਗਿਆ ਹੈ ਉਹ (ਠਾਕਰ ਦਾਸ, ਸੋਭਾ ਮੱਲ, ਸੰਭੂ ਨਾਥ, ਸਾਹਿਬ ਰਾਏ) ਵੀ ‘ਸਿੰਘ’ ਨਾਂ ਵਾਲੇ, ਯਾਨਿ ‘ਪਾਹੁਲ ਵਾਲੇ’ ਨਹੀਂ ਸਨ। ਇਹ ਖ਼ਤ 1729 ਦਾ ਲਿਖਿਆ ਹੋਇਆ ਹੈ। ਇਸ ਦਾ ਮਤਲਬ ਇਹ ਹੈ ਕਿ ਪਾਹੁਲ ਦੀ ਰਸਮ ਸ਼ੁਰੂ ਹੋਣ ਤੋਂ 30 ਸਾਲ ਮਗਰੋਂ ਵੀ ਉਹ ਸਿੱਖ ਅਜੇ ਪਾਹੁਲੀਏ ਨਹੀਂ ਸਨ, ਪਰ ਉਹ ‘ਖਾਲਸਾ’ ਜ਼ਰੂਰ ਸਨ। (ਸ਼੍ਰੋਮਣੀ ਕਮੇਟੀ ਵੱਲੋਂ ਛਪੀ, ‘ਨੀਸਾਣੁ ਤੇ ਹੁਕਮਨਾਮੇ’, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਸਫ਼ਾ 106)।

ਖ਼ਾਲਸਾ ਪਰਗਟ ਕਰਨ ਦਾ ਅੇਲਾਣ ਕਿਵੇਂ ਹੋਇਆ?
1698 ਤੀਕ ਤਕਰੀਬਨ 100 ਸਾਲ ਤੋਂ ਵੀ ਵਧ ਤੀਕ ਮਸੰਦ ਜਮਾਤ ਸਹੀ ਤਰੀਕੇ ਨਾਲ ਚਲਦੀ ਰਹੀ ਸੀ। ਇਸ ਵੇਲੇ ਤਕ ਇਸ ਜਮਾਤ ਦਾ ਰੋਲ ਸਹੀ ਰਿਹਾ ਸੀ, ਪਰ ਜਿਉਂ-ਜਿਉਂ ਅਸਲ ਮਸੰਦਾਂ ਦੀ ਜਗ੍ਹਾ (ਕਿਸੇ ਮਸੰਦ ਦੇ ਮਰਨ ਪਿੱਛੋਂ) ਉਨ੍ਹਾਂ ਦੀ ਔਲਾਦ ਆਉਂਦੀ ਗਈ, ਯਾਨੀ ਇਹ ‘ਜੱਦੀ ਅਹੁਦਾ’ ਬਣ ਗਿਆ ਤਾਂ ਇਸ ਜਮਾਤ ਵਿਚ ਖ਼ਰਾਬੀਆਂ ਆਉਣੀਆਂ ਸ਼ੁਰੂ ਹੋ ਗਈਆਂ। ਵਕਤ ਬੀਤਣ ਦੇ ਨਾਲ ਇਨ੍ਹਾਂ ਵਿਚੋਂ ਕੁਝ ਮਸੰਦ ਬੇਈਮਾਨ ਹੋ ਗਏ ਸਨ। ਕਈ ਤਾਂ ਆਪਣੇ ਆਪ ਨੂੰ ‘ਗੁਰੂ ਵਰਗਾ’ ਹੀ ਸਮਝਣ ਲਗ ਪਏ ਅਤੇ ‘ਨਾਇਬ-ਗੁਰੂ’ ਵਾਂਗ ਵਿਚਰਨ ਲਗ ਪਏ। ਕਈ ਤਾਂ ਠੱਗ ਅਤੇ ਵਿਭਚਾਰੀ ਵੀ ਬਣ ਗਏ ਅਤੇ ਸੰਗਤ ਦਾ ਦਸਵੰਧ ਹੜੱਪ ਕਰਨ ਲਗ ਪਏ ਸਨ।
8 ਫ਼ਰਵਰੀ ਤੋਂ 14 ਫ਼ਰਵਰੀ 1698 ਤਕ ਹੋਲੀਆਂ ਦੇ ਦਿਨ ਸਨ। ਇਨ੍ਹਾਂ ਦਿਨਾਂ ਵਿਚ ਗੁਰੂ ਜੀ ਹੋਲੀ ਦੀ ਥਾਂ ‘ਹੋਲਾ ਮਹੱਲਾ’ ਮਨਾਇਆ ਕਰਦੇ ਸਨ। 1698 ਵਿਚ ਵੀ ਹੋਲਾ ਮਹੱਲਾ ਦੇ ਦਿਨਾਂ ਦੌਰਾਨ ਹੋਣ ਵਾਲੇ ਕੁਸ਼ਤੀਆਂ, ਗਤਕਾ, ਘੋੜਸਵਾਰੀ, ਨੇਜ਼ਾ-ਬਾਜ਼ੀ, ਤਲਵਾਰ-ਬਾਜ਼ੀ ਦੇ ਮੁਕਾਬਲਿਆਂ ਵਿਚ ਸ਼ਾਮਿਲ ਹੋਣ ਵਾਸਤੇ ਸਿੱਖਾਂ ਦੇ ਕਈ ਜੱਥੇ ਅਨੰਦਪੁਰ ਆਏ ਹੋਏ ਸਨ। ਇਸ ਮੌਕੇ ’ਤੇ ਕਈ ਤਰ੍ਹਾਂ ਦੀਆਂ ਖੇਡਾਂ ਤੋਂ ਇਲਾਵਾ ਕੁਝ ਮਸਖਰੇ, ਮਖ਼ੌਲੀਏ ਅਤੇ ਭੰਡ ਵੀ ਆਪਣਾ ਫ਼ਨ ਵਿਖਾਂਦੇ ਹੁੰਦੇ ਸਨ। ਉਸ ਵਾਰੀ ਕੁਝ ਭੰਡਾਂ ਨੇ ਨਿੱਕਾ ਜਿਹਾ ਨਾਟਕ ਖੇਡਿਆ ਜਿਸ ਵਿਚ ਮਸੰਦਾਂ ਦੀਆਂ ਕਰਤੂਤਾਂ ਦੀ ਨਕਲ ਲਾ ਕੇ ਦਿਖਾਈ। ਉਨ੍ਹਾਂ ਨੇ ਮਸੰਦਾਂ ਨੂੰ ਲੁਟੇਰੇ, ਠੱਗ, ਹੈਂਕੜਬਾਜ਼, ਕੁਰਪਟ, ਬਦ-ਇਖ਼ਲਾਕ ਅਤੇ ਅੱਯਾਸ਼ ਜਿਹੇ ਦਿਖਾਇਆ।
ਉਸ ਵੇਲੇ ਗੁਰੂ ਸਾਹਿਬ ਕੋਲ ਭਾਈ ਨਾਨੂ ਰਾਮ ਦਿਲਵਾਲੀ ਬੈਠਾ ਸੀ। ਉਸ ਨੇ ਅਤੇ ਹੋਰ ਮੁਹਤਬਰ ਸਿੱਖਾਂ ਨੇ ਵੀ ਗੁਰੂ ਸਾਹਿਬ ਨੂੰ ਬੇਈਮਾਨ ਤੇ ਬਦਇਖ਼ਲਾਕ ਮਸੰਦਾਂ ਬਾਰੇ ਕੁਝ ਹੋਰ ਵਾਕਫ਼ੀ ਵੀ ਦਿੱਤੀ। ਇਹ ਸਾਰਾ ਕੁਝ ਸੁਣ ਕੇ ਗੁਰੂ ਸਾਹਿਬ ਦੇ ਰੌਂਗਟੇ ਖੜੇ੍ਹ ਹੋ ਗਏ। ਗੁਰੂ ਸਾਹਿਬ ਨੇ ਦੀਵਾਨ ਮਨੀ ਰਾਮ (ਪਾਹੁਲ ਮਗਰੋਂ ਭਾਈ ਮਨੀ ਸਿੰਘ) ਨੂੰ ਹੁਕਮ ਕੀਤਾ ਕਿ ਸਾਰੇ ਮਸੰਦਾਂ ਨੂੰ ਮੁਸ਼ਕਾਂ ਬੰਨ੍ਹ ਕੇ ਅਨੰਦਪੁਰ ਬੁਲਾਇਆ ਜਾਏ। ਭਾਈ ਆਲਮ ਚੰਦ ‘ਨੱਚਣਾ’ (ਪਾਹੁਲ ਮਗਰੋਂ ਆਲਮ ਸਿੰਘ ਨੱਚਣਾ) ਨਾਲ ਚਾਰ ਹੋਰ ਸਿੱਖ ਭੇਜੇ ਗਏ ਤਾਂ ਜੋ ਉਹ ਮਸੰਦਾਂ ਨੂੰ ਅਨੰਦਪੁਰ ਲਿਆ ਕੇ ਗੁਰੂ ਜੀ ਅੱਗੇ ਪੇਸ਼ ਕਰਨ।
ਕੁਝ ਹੀ ਦਿਨਾਂ ਵਿਚ ਸਾਰੇ ਮਸੰਦ ਅਨੰਦਪੁਰ ਪੁੱਜ ਗਏ। ਗੁਰੂ ਸਾਹਿਬ ਨੇ ਇਕੱਲੇ-ਇਕੱਲੇ ਮਸੰਦ ਦੀ ਪਰਖ ਕੀਤੀ। ਜਿਹੜੇ ਮਸੰਦ ਬੇਈਮਾਨ ਤੇ ਮੁਜਰਿਮ ਸਨ, ਉਨ੍ਹਾਂ ਨੂੰ ਮੌਕੇ ’ਤੇ ਹੀ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਕੁਝ ਮਸੰਦ ਇਸ ਇਮਤਿਹਾਨ ਵਿਚੋਂ ਸੁਰਖ਼ੂਰ ਹੋ ਕੇ ਵੀ ਨਿਕਲੇ। ਇਨ੍ਹਾਂ ਨੂੰ ਗੁਰੂ ਸਾਹਿਬ ਵੱਲੋਂ ਸਿਰੋਪਾਓ ਭੇਟ ਕੀਤੇ ਗਏ। ਇਨ੍ਹਾਂ ਵਿਚ ਭਾਈ ਬਖ਼ਤ ਮੱਲ ਸੂਰੀ (ਜਲਾਲਪੁਰ ਜੱਟਾਂ) ਤੇ ਭਾਈ ਸੰਗਤ/ਭਾਈ ਫੇਰੂ (ਮੀਆਂ ਕੀ ਮੌੜ, ਹੁਣ ਜ਼ਿਲ੍ਹਾ ਕਸੂਰ) ਵੀ ਸ਼ਾਮਿਲ ਸਨ।
ਇਸ ਦੇ ਨਾਲ ਹੀ ਗੁਰੂ ਜੀ ਨੇ ਮੰਸਦ ਜਮਾਤ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਐਲਾਨ ਕੀਤਾ ਕਿ ਅੱਗੇ ਤੋਂ ਸਾਰੇ ਸਿੱਖ ‘ਖ਼ਾਲਸਾ’ ਹੋਣਗੇ (ਉਹ ਸਿੱਧੇ ਗੁਰੂ ਨਾਲ ਸਬੰਧ ਰੱਖਣਗੇ; ਕਿਸੇ ਮਸੰਦ ਜਾਂ ਕਿਸੇ ਹੋਰ ਵਿਚੋਲੇ ਰਾਹੀਂ ਗੁਰੂ ਦਰਬਾਰ ਨਾਲ ਰਾਬਤਾ ਨਹੀਂ ਰੱਖਣਗੇ)। ਗੁਰੂ ਜੀ ਨੇ ਇਹ ਹੁਕਮਨਾਮਾ ਵੀ ਜਾਰੀ ਕੀਤਾ ਕਿ ਅੱਗੇ ਤੋਂ ਕੋਈ ਵੀ ਸਿੱਖ ਆਪਣਾ ਦਸਵੰਧ ਭੇਟਾ ਮਸੰਦਾਂ ਨੂੰ ਨਾ ਦੇਵੇ ਅਤੇ ਸਿੱਧੀ ਗੁਰੂ ਦਰਬਾਰ ਨੂੰ ਭੇਜੇ। ਉਨ੍ਹਾਂ ਐਲਾਨ ਕੀਤਾ ਕਿ ਮਸੰਦ ਰਾਹੀਂ ਆਈ ਭੇਟਾ ਕਬੂਲ ਨਹੀਂ ਕੀਤੀ ਜਾਵੇਗੀ।
ਇੰਞ ਗੁਰੂ ਸਾਹਿਬ ਨੇ ਗੁਰੂ ਤੇ ਸਿੱਖ ਵਿਚਕਾਰ ਮਸੰਦ ਤੇ ਹੋਰ ਵਿਚੋਲੇ ਖ਼ਤਮ ਕਰ ਦਿੱਤੇ ਤੇ ਸਾਰੇ ਸਿੱਖਾਂ ਨੂੰ ਆਪਣਾ ‘ਖ਼ਾਲਸਾ’ ਬਣਾਉਣ ਦਾ ਐਲਾਨ ਕਰ ਦਿਤਾ।

‘ਸੀਸ ਭੇਟ ਕੌਤਕ’ ਅਤੇ ‘ਖੰਡੇ ਦੀ ਪਾਹੁਲ’:
‘ਖੰਡੇ ਦੀ ਪਾਹੁਲ’ ਉਹ ਰਸਮ ਹੈ, ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਨਵੀਂ ਪਛਾਣ ਦੇਣ ਵਾਸਤੇ ਸ਼ੁਰੂ ਕੀਤੀ ਸੀ। ਉਸ ਸਾਲ ਚੇਤਰ ਦੇ ਸ਼ੁਰੂ ਵਿਚ ਗੁਰੂ ਸਾਹਿਬ ਨੇ ਸਾਰੇ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਬਿਕ੍ਰਮੀ ਸੰਮਤ ਦੇ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ਼ (29 ਮਾਰਚ 1698) ਦੇ ਦਿਨ ਅਨੰਦਪੁਰ ਸਾਹਿਬ ਪਹੁੰਚਣ ਵਾਸਤੇ ਆਖਿਆ (ਹਾਲਾਂਕਿ ਹਰ ਸਾਲ ਬਹੁਤ ਸਾਰੇ ਸਿੱਖ ਪਹਿਲੀ ਮਾਘ, ਪਹਿਲੀ ਵਿਸਾਖ ਅਤੇ ਕੱਤਕ ਵਦੀ 30 ਦੇ ਦਿਨ ਅਨੰਦਪੁਰ ਆਇਆ ਕਰਦੇ ਸਨ)। ਬਹੁਤ ਸਾਰੇ ਲੇਖਕ ਇਸ ਕੌਤਕ ਨੂੰ 29 ਮਾਰਚ 1699 ਦੇ ਦਿਨ ਹੋਇਆ ਮੰਨਦੇ ਹਨ। ਕੁਝ ਸਨ 1695 ਵਿਚ ਹੋਇਆ ਦਸਦੇ ਹਨ, ਪਰ ਮੈਂ ਭੱਟ ਵਹੀਆਂ ਦੀ ਤਾਰੀਖ਼ 29 ਮਾਰਚ 1698 ਨੂੰ ਵਧੇਰੇ ਸਹੀ ਮੰਨਦਾ ਹਾਂ। ਦਰਅਸਲ ਅਗਲੇ ਸਾਲ ਦੀ ਵਿਸਾਖੀ (29 ਮਾਰਚ 1699) ਦੇ ਦਿਨ ਅਨੰਦਪੁਰ ਸਾਹਿਬ ਵਿਚ 1698 ਤੋਂ ਵੀ ਵੱਡਾ ਇਕੱਠ ਹੋਇਆ ਸੀ ਤੇ ਇਸ ਦਿਨ ਵੀ ਹਜ਼ਾਰਾਂ ਸਿੱਖਾਂ ਨੇ ਪਾਹੁਲ ਲਈ ਸੀ। ਇਹ ਭੁਲੇਖਾ ਇਸ ਤੋਂ ਹੀ ਸ਼ੁਰੂ ਹੋਇਆ ਹੋਵੇਗਾ। ਇੰਝ ਹੀ ਸਨ 1695 ਵਿਚ ਕੇਸਧਾਰੀ ਹੋਣ ਤੇ ਕੜਾ ਪਾਉਣ ਦਾ ਹੁਕਮਨਾਮਾ ਜਾਰੀ ਹੋਇਆ ਸੀ। ਕਿਸੇ ਨੇ ਭੁਲੇਖੇ ਨਾਲ ਇਸ ਨੂੰ ਹੀ ਪਾਹੁਲ ਨਾਲ ਜੋੜ ਦਿੱਤਾ ਹੋਵੇਗਾ। ਗੱਪੀ ਕਵੀ ਸੰਤੋਖ ਸਿੰਘ ਨੇ ‘ਸੂਰਜ ਪ੍ਰਕਾਸ਼’ ਵਿਚ ਇਸ ਦਾ ਕੋਈ ਸਾਲ ਨਹੀਂ ਦਿੱਤਾ। ਸਨ 1699 ਸਾਲ ਲਿਖਣ ਦੀ ਗ਼ਲਤੀ ਸਭ ਤੋਂ ਪਹਿਲਾਂ ਗਪੌੜ ਘੜਨ ਵਾਲੇ ਗਿਆਨੀ ਗਿਆਨ ਸਿੰਘ ਨੇ 1891 ਵਿਚ ਛਪੇ ਪੰਥ ਪ੍ਰਕਾਸ਼ ਵਿਚ ਕੀਤੀ ਸੀ (‘ਪੰਥ ਪ੍ਰਕਾਸ਼’, ਪੱਥਰ ਛਾਪਾ ਐਡੀਸ਼ਨ 1891, ਸਫ਼ਾ 309)। ਬਾਕੀ ਸਾਰਿਆਂ ਨੇ ਇਸੇ ਗ਼ਲਤੀ ਨੂੰ ਤਵਾਰੀਖ਼ ਬਣਾ ਦਿੱਤਾ। ‘ਗੁਰੂ ਕੀਆਂ ਸਾਖੀਆਂ’ (ਲਿਖਣ ਸਾਲ 1798) ਵਿਚ ਤਾਰੀਖ਼ 1698 ਦੀ ਦਿਤੀ ਹੋਈ ਹੈ। ‘ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ’ ਵਿਚ ਵੀ 1698 ਦਾ ਸਾਲ ਦਿੱਤਾ ਹੋਇਆ ਹੈ।
ਖ਼ੈਰ, ਉਸ ਪਹਿਲੀ ਵਿਸਾਖ ਦੇ ਦਿਨ ਹਜ਼ਾਰਾਂ ਸਿੱਖ ਅਨੰਦਪੁਰ ਪੁੱਜੇ ਸਨ। ਉਸ ਦਿਨ ਸਵੇਰੇ ਰਬਾਬੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਕੀਰਤਨ ਤੋਂ ਬਾਅਦ ਭਾਈ ਮਨੀ ਰਾਮ ਨੇ ਇਕ ਸ਼ਬਦ ਦੀ ਕਥਾ ਕੀਤੀ। ਇਸ ਦੇ ਨਾਲ ਹੀ ਗੁਰੂ ਸਾਹਿਬ ਖੜੇ੍ਹ ਹੋ ਗਏ, ਆਪਣੀ ਕਿਰਪਾਨ ਮਿਆਨ ਵਿਚੋਂ ਕੱਢੀ ਤੇ ਆਖਿਆ ਕਿ ਮੈਨੂੰ ਇਕ ਸਿਰ ਚਾਹੀਦਾ ਹੈ। ਗੁਰੂ ਸਾਹਿਬ ਦੇ ਬੋਲ ਸੁਣ ਕੇ ਸਾਰੇ ਪਾਸੇ ਚੁੱਪ ਛਾ ਗਈ। ਸਾਖੀਆਂ ਮੁਤਾਬਿਕ ਗੁਰੂ ਸਾਹਿਬ ਨੇ ਤਿੰਨ ਵਾਰੀ ਇਹੀ ਬੋਲ ਆਖੇ। ਉਨ੍ਹਾਂ ਦੇ ਤੀਜੀ ਵਾਰ ਆਖਣ ਤੋਂ ਪਿੱਛੋਂ ਭਾਈ ਦਇਆ ਰਾਮ ਖੜ੍ਹਾ ਹੋਇਆ। ਗੁਰੂ ਸਾਹਿਬ ਉਸ ਨੂੰ ਫੜ ਕੇ ਨੇੜੇ ਵਾਲੀ ਜ਼ਰਾ ਕੂ ਉਚੀ ਇਕ ਹੋਰ ਪਹਾੜੀ ’ਤੇ ਗੱਡੇ ਹੋਏ ਤੰਬੂ ਵਿਚ ਲੈ ਗਏ। (ਹੁਣ ਉਹ ‘ਤੰਬੂ ਵਾਲੀ ਪਹਾੜੀ’ ਕੱਚੀ ਪਹਾੜੀ ਵਜੂਦ ਵਿਚ ਨਹੀਂ ਹੈ ਕਿਉਂਕਿ ਉਹ ਬਾਰਸ਼ਾਂ ਨਾਲ ਖੁਰ ਗਈ ਸੀ) ਕੁਝ ਪਲਾਂ ਬਾਅਦ ਗੁਰੂ ਸਾਹਿਬ ਖ਼ੂਨ ਨਾਲ ਲਿਬੜੀ ਕਿਰਪਾਨ ਲੈ ਕੇ ਬਾਹਰ ਆਏ। ਇਸ ਵਾਰ ਗੁਰੂ ਸਾਹਿਬ ਨੇ ਇਕ ਹੋਰ ਸਿਰ ਦੀ ਮੰਗ ਕੀਤੀ। ਇਹ ਕੌਤਕ ਗੁਰੂ ਸਾਹਿਬ ਨੇ ਪੰਜ ਵਾਰ ਦੁਹਰਾਇਆ। ਪੰਜਵੇਂ ਸਿੱਖ ਵੱਲੋਂ ‘ਸਿਰ ਭੇਟ ਕਰਨ’ ਤੋਂ ਮਗਰੋਂ ਗੁਰੂ ਸਾਹਿਬ ਸੀਸ ਭੇਟ ਕਰਨ ਵਾਲੇ ਪੰਜਾਂ ਸਿੱਖਾਂ ਨੂੰ ਨੀਲੇ ਬਾਣੇ ਵਿਚ ਪੰਡਾਲ ਵਿਚ ਲੈ ਕੇ ਆਏ। ਗੁਰੂ ਸਾਹਿਬ ਨੇ ਆਪ ਵੀ ਨੀਲਾ ਬਾਣਾ ਪਹਿਣਿਆ ਹੋਇਆ ਸੀ। (ਵੇਖੋ: ਗੁਰੂ ਕੀਆਂ ਸਾਖੀਆਂ, ਸਾਖੀ 59, ਮਹਿਮਾ ਪ੍ਰਕਾਸ਼, ਸਫ਼ਾ 825)। ਇਸ ਸਬੰਧੀ ‘ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ’ ਵਿਚ ਇਕ ਇੰਦਰਾਜ ਇੰਞ ਮਿਲਦਾ ਹੈ:
‘ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ ਸਿੰਘ ਨਾਮ ਰਾਖਾ। ਪ੍ਰਿਥਮੈ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਆ ਖਲਾ ਹੂਆ। ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫ਼ਰਾਬਾਦ, ਧਰਮ ਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੁਏ। ਸਬ ਕੋ ਨੀਲ ਅੰਬਰ ਪਹਿਨਾਇਆ। ਵਹੀ ਬੇਸ ਅਪਨਾ ਕੀਆ। ਹੁੱਕਾ, ਹਲਾਲ, ਹਜਾਮਤ ਹਰਾਮ, ਟਿੱਕਾ ਜੰਞੂ ਧੋਤੀ ਕਾ ਤਿਆਗ ਕਰਾਇਆ। ਮੀਣੇ ਧੀਰਮਲੀਏ ਰਾਮ ਰਾਈਏ, ਸਿਰਗੁੰਮ, ਮਸੰਦਾਂ ਕੀ ਵਰਤਨ ਬੰਦ ਕੀ। ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ। ਸਭ ਕੇਸਧਾਰੀ ਕੀਏ।’ (ਇਸ ਇੰਦਰਾਜ ਮੁਤਾਬਿਕ ਪੰਜਵਾਂ ਕਕਾਰ ‘ਕੇਸਕੀ’ ਹੈ; ‘ਕੇਸ’ ਤਾਂ ਭਾਵੇਂ ਗੁਰੂ ਨਾਨਕ ਸਾਹਿਬ ਦੇ ਵੇਲਿਆਂ ਤੋਂ ਹੀ ਇਕ ਤਰ੍ਹਾਂ ਨਾਲ ਲਾਜ਼ਮੀ ਸਨ, ਪਰ ਭੱਟ ਵਹੀਆਂ ਦੇ ਇਕ ਇੰਦਰਾਜ ਮੁਤਾਬਿਕ ਗੁਰੂ ਗੋਬਿੰਦ ਸਿੰਘ ਜੀ ਨੇ 1695 ਵਿਚ ਹੀ ਕੇਸ ਲਾਜ਼ਮੀ ਕਰ ਦਿੱਤੇ ਸਨ)।
‘ਸੀਸ ਭੇਟ ਕੌਤਕ’ ਪਿੱਛੋਂ ਗੁਰੂ ਸਾਹਿਬ ਨੇ ਚਉਪਤਿ ਰਾਇ ਨੂੰ ਆਖਿਆ ਕਿ ਉਹ ਸਤਲੁਜ ਵਿਚੋਂ ਸਾਫ਼ ਪਾਣੀ ਭਰ ਕੇ ਲਿਆਉਣ। ਗੁਰੂ ਜੀ ਨੇ ਦੀਵਾਨ ਧਰਮ ਚੰਦ ਛਿੱਬਰ ਨੂੰ ਪੱਥਰ ਦਾ ਕੂੰਡਾ, ਲੋਹੇ ਦਾ ਬਾਟਾ ਅਤੇ ਖੰਡਾ ਲਿਆਉਣ ਵਾਸਤੇ ਆਖਿਆ। ਗੁਰੂ ਸਾਹਿਬ ਨੇ ਪੱਥਰ ਦੇ ਕੂੰਡੇ ’ਤੇ ਲੋਹੇ ਦਾ ਬਾਟਾ ਰੱਖ ਕੇ, ਉਸ ਵਿਚ ਸਤਲੁਜ ਦਰਿਆ ਤੋਂ ਮੰਗਵਾਇਆ ਪਾਣੀ ਪਾ ਕੇ, ‘ਪਾਹੁਲ’ ਤਿਆਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਅਰਦਾਸ ਕੀਤੀ ਤੇ ‘ਖੰਡੇ ਦੀ ਪਾਹੁਲ’ ਦੇਣ ਦੀ ਰਸਮ ਸ਼ੁਰੂ ਕੀਤੀ। ਗੁਰੂ ਸਾਹਿਬ ਨੇ ਖੰਡੇ ਨਾਲ ਪਹਿਲਾਂ ਆਪਣੇ ਮੂੰਹ ਵਿਚ ਪਾਹੁਲ ਦੀਆਂ ਪੰਜ ਬੂੰਦਾਂ ਪਾਈਆਂ ਤੇ ਫਿਰ ਪੰਜਾਂ ਪਿਆਰਿਆਂ ਨੂੰ ਇਹ ਪਾਹੁਲ ਦਿੱਤੀ। (ਪੰਜਾਂ ਪਿਆਰਿਆਂ ਨੂੰ ਪਾਹੁਲ ਦੇਣ ਪਿੱਛੋਂ ਆਪ ਉਨ੍ਹਾਂ ਕੋਲੋਂ ਪਾਹੁਲ ਲੈਣ ਦੀ ਕਹਾਣੀ ਮਗਰੋਂ ਨਿਰਮਲਿਆਂ ਨੇ ਘੜੀ ਸੀ। ਕੁਝ ਲੋਕ ਨਿਰਮਲੇ ਗੁਰਦਾਸ ਸਿੰਘ ਦੀ ਵਾਰ ਵਿਚ ‘ਆਪੇ ਗੁਰ ਚੇਲਾ’ ਨੂੰ ਪੰਜਾਂ ਕੋਲੋਂ ਪਾਹੁਲਾ ਲੈਣਾ ਕਹਿ ਦੇਂਦੇ ਹਨ, ਹਾਲਾਂ ਕਿ ਇਸ ਦਾ ਮਤਲਬ ਹਰਗਿਜ਼ ਇਹ ਨਹੀਂ ਨਿਕਲਦਾ। ‘ਆਪੇ ਗੁਰ ਚੇਲਾ’ ਦੇ ਫ਼ਲਸਫ਼ੇ ਦਾ ਜ਼ਿਕਰ ਤਾਂ ‘ਸੱਤੇ ਤੇ ਬਲਵੰਡ ਦੀ ਵਾਰ’ ਵਿਚ ਮਿਲਦਾ ਹੈ ਜਿਹੜਾ ਆਪਣੇ ਜਿਊਂਦੇ ਜੀਅ ਗੁਰਗੱਦੀ ਦੀ ਰਸਮ ਕਰਨ ਨਾਲ ਸਬੰਧ ਰਖਦਾ ਹੈ)।
ਪੰਜਾਂ ਪਿਆਰਿਆਂ ਨੂੰ ਪਾਹੁਲ ਦੇ ਕੇ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਨਵਾਂ ਨਾਂ ‘ਸਿੰਘ’ ਦਿਤਾ। ਪਹਿਲਾ ਗੁਰੂ ਸਾਹਿਬ ਨੇ ਆਪਣਾ ਨਾਂ ‘ਗੋਬਿੰਦ ਸਿੰਘ’ ਰੱਖਿਆ ਤੇ ਫੇਰ ਪੰਜ ਪਿਆਰਿਆਂ ਨੂੰ ਦਇਆ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਧਰਮ ਸਿੰਘ, ਹਿੰਮਤ ਸਿੰਘ ਦੇ ਨਾਂ ਦਿੱਤੇ। ਇਸ ਪਿੱਛੋਂ ਆਪ ਨੇ ਉਨ੍ਹਾਂ ਨੂੰ ਰਹਿਤ-ਮਰਿਆਦਾ ਦੱਸੀ ਕਿ ਹੁਣ ਤੁਹਾਡਾ ਪਿਛਲਾ ਜਨਮ, ਧਰਮ, ਕਰਮ, ਭਰਮ ਤੇ ਸ਼ਰਮ ਖ਼ਤਮ ਹੋ ਗਈਆਂ ਹਨ। ਹੁਣ ਤੁਸੀਂ ‘ਅਕਾਲ ਪੁਰਖ ਦਾ ਖਾਲਸਾ’ ਹੋ। ਤੁਸੀਂ ‘ਪੰਜ ਕਕਾਰਾਂ’ ਨੂੰ ਹਮੇਸ਼ਾ ਆਪਣੇ ਅੰਗ ਰੱਖਣਾ। ਮੀਣੇ, ਮਸੰਦ, ਧੀਰਮੱਲੀਏ, ਰਾਮਰਾਈਏ ਤੇ ਸਿਰਗੁੰਮ (ਮੋਨੇ); ਇਨ੍ਹਾਂ ਪੰਜਾਂ ਨਾਲ ਮੇਲ ਨਹੀਂ ਰੱਖਣਾ। ਗੋਰ (ਕਬਰ), ਮੜ੍ਹੀ (ਸਮਾਧ), ਮੱਠ (ਜਠੇਰਿਆਂ ਦੀਆਂ ਸਮਾਧਾਂ) ਭੁੱਲ ਕੇ ਨਹੀਂ ਮੰਨਣਾ। ਤੁਹਾਨੂੰ ਸੁਨਹਿਰੇ ਵਿਚ ਰਲਾ ਦਿੱਤਾ ਹੈ। ਆਪਸ ’ਚ ਭਰਮ ਭੇਦ ਨਹੀਂ ਰੱਖਣਾ।
ਇਸ ਕੌਤਕ ਨੂੰ ‘ਸੀਸ ਭੇਟ ਕੌਤਕ’ ਕਿਹਾ ਜਾਂਦਾ ਹੈ। ਇਸ ਦਾ ਮਕਸਦ ਇਹ ਸੀ ਕਿ (1) ਸਿੱਖ ਦਾ ਸਿਰ ਸਦਾ ਵਾਸਤੇ ‘ਧਰਮ’ ਦੇ ਲੇਖੇ (ਸੱਚ, ਇਨਸਾਫ਼, ਇਨਸਾਨੀਅਤ ਵਾਸਤੇ) ਹਾਜ਼ਰ ਹੈ; ਅਤੇ ਜਿਹੜਾ ‘ਖੰਡੇ ਦੀ ਪਾਹੁਲ’ ਲਏਗਾ ਉਸ ਦਾ ਸਿਰ ‘ਪੰਜ ਪਿਆਰਿਆਂ’ ਵਾਂਙ ਸੱਚ ਵਾਸਤੇ ਕੁਰਬਾਨ ਹੋਣ ਵਾਸਤੇ ਸਦਾ ਹਾਜ਼ਰ ਹੋਵੇਗਾ। (2) ਸਿੱਖ ਦਾ ਰੂਪ (ਕੇਸ ਤੇ ਦਸਤਾਰ ਵਾਲਾ) ਨਿਆਰਾ ਰਹੇਗਾ ਤੇ (3) ਸਿੱਖ ਆਪਣੇ ਫ਼ਸਲਫ਼ੇ ਵਿਚ ਪਰਪੱਕ ਰਹੇਗਾ (ਫ਼ਲਸਫ਼ੇ ਦਾ ਮਾਅਨਾ ਹੈ: ਰਹਿਤਾਂ ਕੁਰਹਿਤਾਂ, ਯਾਨਿ ਸਮਾਜਿਕ ਰਹਿਣੀ ਬਹਿਣੀ, ਅਤੇ ਗੁਰਬਾਣੀ, ਯਾਨਿ ਰੂਹਾਨੀ ਰਹਿਣੀ ਬਹਿਣੀ, ਦੋਵੇਂ ਹਨ)।
ਪੰਜ ਪਿਆਰਿਆਂ ਨੂੰ ਪਾਹੁਲ ਦੇਣ ਦੀ ਰਸਮ ਪੂਰੀ ਹੋਣ ਮਗਰੋਂ ਗੁਰੂ ਸਾਹਿਬ ਨੇ ਦਇਆ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਧਰਮ ਸਿੰਘ, ਹਿੰਮਤ ਸਿੰਘ (ਪੰਜ ਪਿਆਰਿਆਂ) ਨੂੰ ਖੰਡੇ ਦੀ ਪਾਹੁਲ ਤਿਆਰ ਕਰਨ ਅਤੇ ਪੰਜ ਮੁਕਤਿਆਂ: ਦੇਵਾ ਰਾਮ, ਰਾਮ ਚੰਦ, ਟਹਿਲ ਦਾਸ, ਈਸ਼ਰ ਦਾਸ, ਤੇ ਫ਼ਤਹਿ ਚੰਦ ਨੂੰ ਪਾਹੁਲ ਦੇਣ ਵਾਸਤੇ ਕਿਹਾ ਤੇ ਉਨ੍ਹਾਂ ਨੂੰ ‘ਸਿੰਘ’ ਨਾਂ ਬਖਸ਼ੇ। ਇਨ੍ਹਾਂ ਦਸਾਂ ਮਗਰੋਂ ਪੰਜ ਪਿਆਰਿਆਂ ਨੇ ਭਾਈ ਮਨੀ ਸਿੰਘ, ਉਨ੍ਹਾਂ ਦੇ ਛੇ ਸਪੁੱਤਰ (ਚਿਤਰ ਸਿੰਘ, ਬਚਿਤਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ ਤੇ ਅਜਾਇਬ ਸਿੰਘ), ਚੌਪਾ ਸਿੰਘ, ਸਿੰਘ (ਦੀਵਾਨ), ਆਲਮ ਸਿੰਘ ‘ਨੱਚਣਾ’ ਤੇ ਗੁਰਬਖਸ਼ ਸਿੰਘ (ਰਾਮ ਕੰਵਰ); ਗਿਆਰਾਂ ਸਿੱਖਾਂ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ਇੱਕੀਆਂ ਤੋਂ ਮਗਰੋਂ ਰਾਇ ਸਿੰਘ ਮੁਲਤਾਨੀ, ਗੁਰਬਖਸ਼ ਸਿੰਘ, ਗੁਰਬਖ਼ਸ਼ੀਸ਼ ਸਿੰਘ, ਕਿਰਪਾ ਸਿੰਘ ਦੱਤ (ਕਿਰਪਾ ਰਾਮ), ਸਨਮੁਖ ਸਿੰਘ ਦੱਤ (ਭਰਾ ਕਿਰਪਾ ਰਾਮ), ਗੁਰਮੁਖ ਸਿੰਘ (ਪਿਤਾ ਭਾਈ ਕਿਰਪਾ ਰਾਮ), ਸੁਬੇਗ ਸਿੰਘ; ਅਮਰੀਕ ਸਿੰਘ, ਦਯਾ ਸਿੰਘ ਪੁਰੋਹਤ, ਬਰਨ ਸਿੰਘ, ਅਣੀ ਸਿੰਘ, ਲਾਲ ਸਿੰਘ ਪਿਸ਼ੌਰੀਆ, ਰੂਪ ਸਿੰਘ, ਸੋਢੀ ਦੀਪ ਸਿੰਘ, ਸੋਢੀ ਨੰਦ ਸਿੰਘ, ਨਾਨੂੰ ਸਿੰਘ ਦਿਲਵਾਲੀ, ਸਰਹੰਦ ਦੇ ਹਜ਼ਾਰੀ ਸਿੰਘ, ਭੰਡਾਰੀ ਸਿੰਘ ਤੇ ਦਰਬਾਰੀ ਸਿੰਘ ਵਗ਼ੈਰਾ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ਸਾਰੇ 45 ਸਿੱਖਾਂ ਨੂੰ ਪਾਹੁਲ ‘ਪੰਜ ਪਿਆਰਿਆਂ’ ਨੇ ਆਪ ਦਿੱਤੀ ਸੀ।
ਇਸ ਮਗਰੋਂ ਅਗਲੇ ਦਿਨ ਇਨ੍ਹਾਂ 50 ਵਿਚੋਂ ਪੰਜ-ਪੰਜ ਸਿੰਘਾਂ ਦੇ ਕਈ ਜਥੇ ਬਣਾ ਦਿੱਤੇ ਗਏ ਜੋ ਹਜ਼ਾਰਾਂ ਸਿੱਖਾਂ ਨੂੰ ਪਾਹੁਲ ਦੇਣ ਲੱਗ ਪਏ। ਇੰਞ ਲਗਾਤਾਰ ਕਈ ਦਿਨ ਖੰਡੇ ਦੀ ਪਾਹੁਲ ਦੇਣ ’ਚ ਬੀਤ ਗਏ ਤੇ ਕਈ ਹਜ਼ਾਰ ਸਿੱਖਾਂ ਨੇ ਖੰਡੇ ਦੀ ਪਾਹੁਲ ਹਾਸਿਲ ਕੀਤੀ। (ਇਸ ਤੋਂ ਸਾਬਿਤ ਹੁੰਦਾ ਹੈ ਕਿ ਇਸ ਮੌਕੇ ’ਤੇ ਅਨੰਦਪੁਰ ਸਾਹਿਬ ਵਿਚ 20 ਹਜ਼ਾਰ ਤੋਂ ਵਧ ਸਿੱਖ, ਬੀਬੀਆਂ ਤੇ ਬੱਚੇ ਪਹੁੰਚੇ ਹੋਏ ਸਨ। ਇਕ ਲੇਖਕ ਨੇ 80 ਹਜ਼ਾਰ ਦੀ ਗਿਣਤੀ ਦਿੱਤੀ ਹੈ ਜੋ ਸਹੀ ਨਹੀਂ ਹੈ)।

ਪੰਜ ਪਿਆਰਿਆਂ ਹੱਥੋਂ ਗੁਰੂ ਜੀ ਵੱਲੋਂ ਪਾਹੁਲ ਲੈਣ ਦੀ ਕਹਾਣੀ
ਨਿਰਮਲੇ ਲੇਖਕ ਭਾਈ ਵੀਰ ਸਿੰਘ ਨੇ ਸਨ 1911 ਵਿਚ ਇਕ ਨਵੀਂ ਗੱਪ ਸਿੱਖ ਤਵਾਰੀਖ਼ ਵਿਚ ਸ਼ਾਮਿਲ ਕਰ ਦਿੱਤੀ ਸੀ ਕਿ ‘ਪੰਜ ਪਿਆਰਿਆਂ’ ਨੂੰ ‘ਖੰਡੇ ਪਾਹੁਲ’ ਦੇਣ ਮਗਰੋਂ ਗੁਰੂ ਗੋਬਿੰਦ ਸਿੰਘ ਖ਼ੁਦ ਉਨ੍ਹਾਂ ਅੱਗੇ ਖੜੇ ਹੋ ਗਏ ਅਤੇ ਆਪ ‘ਖੰਡੇ ਦੀ ਪਾਹੁਲ’ ਦੀ ਮੰਗ ਕੀਤੀ ਸੀ। ਇਹ ਗੱਪ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ, ਗੁਰਦਾਸ ਸਿੰਘ ਦੇ ਨਾਂ ਹੇਠ ਲਿਖੀ ਇਕ ਨਿਰਮਲੇ ਲੇਖਕ ਦੀ 28 ਪਉੜੀਆਂ ਦੀ ਵਾਰ ਦੀ ਸੰਪਾਦਨਾ ਵਿਚ ਲਿਖੀ ਸੀ। (ਇਹ ਵਾਰ ਇਸ ਦੀ ਅੰਦਰੂਨੀ ਗਵਾਹੀ ਮੁਤਾਬਿਕ ਸਨ 1787 ਤੋਂ ਮਗਰੋਂ ਦੀ ਰਚਨਾ ਹੈ ਜਿਸ ਨੂੰ ਭਾਈ ਵੀਰ ਸਿੰਘ ਨੇ 41ਵੀਂ ਵਾਰ ਦਾ ਨਾਂ ਦਿੱਤਾ ਹੈ। ਇਹ ਉਸੇ ਨਿਰਮਲੇ ਟੋਲੇ ਵਾਲਿਆਂ ਦੇ ਇਕ ਸਾਥੀ ਨੇ ਲਿਖੀ ਸੀ ਜਿਸ ਨੇ ਅਖੌਤੀ ‘ਦਸਮਗ੍ਰੰਥ’ ਦੀਆਂ ਕਈ ਕਵਿਤਾਵਾਂ ਲਿਖੀਆਂ ਸਨ)
ਇਸ ਵਾਰ ਵਿਚ ਇਕ ਲਾਈਨ ਆਉਂਦੀ ਹੈ ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ’; ਹਾਲਾਂ ਕਿ ਇਸ ਲਾਈਨ ਦਾ ਮਤਲਬ ਹਰਗਿਜ਼ ਇਹ ਨਹੀਂ ਨਿਕਲਦਾ ਕਿ ਗੁਰੂ ਜੀ ਨੇ ਆਪਣੇ ‘ਚੇਲਿਆਂ’, ਯਾਨਿ ‘ਪੰਜ ਪਿਆਰਿਆਂ’ ਤੋਂ ਖੰਡੇ ਦੀ ਪਾਹੁਲ ਲਈ ਸੀ ਤੇ ਇਸ ਕਰ ਕੇ ਉਹ ‘ਗੁਰੂ ਵੀ ਤੇ ਚੇਲਾ ਵੀ’ ਬਣੇ ਸਨ; ਅਤੇ ਨਾ ਹੀ ਉਸ ‘ਵਾਰ’ ਵਿਚ ਕਿਸੇ ਜਗ੍ਹਾ ਗੁਰੂ ਜੀ ਵੱਲੋਂ ਖ਼ੁਦ ਪਾਹੁਲ ਲੈਣ ਦਾ ਜ਼ਿਕਰ ਜਾਂ ਜ਼ਰਾ ਮਾਸਾ ਇਸ਼ਾਰਾ ਵੀ ਆਉਂਦਾ ਹੈ। ਇਹ ਉਹੀ ਵਾਰ/ਕਵਿਤਾ ਹੈ ਜਿਸ ਵਿਚ ਆਉਂਦਾ ਹੈ ‘ਗੁਰੁ ਦਾਸ ਮਨਾਈ ਕਾਲਕਾ ਖੰਡੇ ਕੀ ਵੇਲਾ’। ਪੀਵਹੁ ਪਾਹੁਲ ਖੰਡੇਧਾਰ ਹੁਇ ਜਨਮ ਸੁਹੇਲਾ। ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।’
ਗੁਰ-ਚੇਲਾ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ, ਰਾਗ ਸੂਹੀ ਵਿਚ, ਸਫ਼ਾ 731 ‘ਤੇ ਆਉਂਦਾ ਹੈ ‘ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ, ਹਮ ਵੇਚਿਓ ਸਿਰੁ ਗੁਰ ਕੇ॥ ਜਨ ਨਾਨਕ ਨਾਮੁ ਪਰਿਓ ਗੁਰ ਚੇਲਾ, ਗੁਰ ਰਾਖਹੁ ਲਾਜ ਜਨ ਕੇ॥’ (ਜਿਸ ਦਾ ਮਾਅਨਾ ਹੈ: ‘ਗੁਰੂ ਹੀ ਮੇਰੀ ਜਾਤਿ ਹੈ, ਗੁਰੂ ਹੀ ਮੇਰੀ ਇੱਜ਼ਤ ਹੈ; ਮੈਂ ਆਪਣਾ ਸਿਰ ਗੁਰੂ ਪਾਸ ਵੇਚ ਦਿੱਤਾ ਹੈ; ਮੇਰਾ ਸਿਰ ਗੁਰੂ ਦੇ ਹਵਾਲੇ ਹੈ; ਹੁਣ ਮੇਰਾ ਨਾਂ ‘ਗੁਰੂ ਦਾ ਚੇਲਾ’ ਪੈ ਗਿਆ ਹੈ, ਗੁਰੂ ਜੀ ਹੁਣ ਤੁਸੀਂ ਹੀ ਆਪਣੇ ਸੇਵਕ ਦੀ ਇੱਜ਼ਤ ਰਖੋ ਤੇ ਰੱਬ ਦਾ ਨਾਂ ਜਪਾਈ ਰੱਖੋ)।
ਖੰਡੇ ਦੀ ਪਾਹੁਲ ਦੀ ਰਸਮ ਸ਼ੁਰੂ ਕਰਨ ਦਾ ਅਸਲ ਬਿਆਨ ‘ਗੁਰੂ ਕੀਆਂ ਸਾਖੀਆਂ’ ਦੀ 59ਵੀਂ ਸਾਖੀ ਵਿਚ ਮਿਲਦਾ ਹੈ ਕਿ: ‘ਗੁਰੂ ਸਾਹਿਬ ਨੇ ਖੰਡੇ ਦੇ ਪਿਪਲੇ ‘ਤੇ ਅੰਮ੍ਰਿਤ ਪਾਇ ਪਾਇ ਪਾਂਚ ਦਫ਼ਾ ਕੇ ਆਪਣੇ ਮੂੰਹ ਮੇਂ ਚੁਆਇ, ਪਾਂਚ ਹੀ ਬਾਰ ਵਾਹ ਗੁਰੂ ਜੀ ਦੀ ਫ਼ਤੇ ਗਜਾਈ’; ਅਤੇ ਫਿਰ ਪੰਜਾਂ ਪਿਆਰਿਆਂ ਨੂੰ ਇਹ ਪਾਹੁਲ ਦਿੱਤੀ। (ਖੰਡੇ ਦੀ ਪਾਹੁਲ ਗੁਰੂ ਸਾਹਿਬ ਨੇ ਇਕੱਲਿਆਂ ਤਿਆਰ ਕੀਤੀ ਸੀ, ਉਨ੍ਹਾਂ ਨਾਲ ਚਾਰ ਹੋਰ ਜਣੇ ਨਹੀਂ ਸਨ)।
ਉਂਞ ਅਸੂਲੀ ਤੌਰ ’ਤੇ ਵੀ ਵੇਖਿਆ ਜਾਵੇ ਤਾਂ ਪੰਜ ਪਿਆਰਿਆਂ ਨੂੰ ਪਾਹੁਲ ਦੇ ਕੇ ਫਿਰ ਉਨ੍ਹਾਂ ਤੋਂ ਪਾਹੁਲ ਲੈਣਾ ਬੇਦਲੀਲੀ ਗੱਲ ਜਾਪਦੀ ਹੈ। ਇਸ ਦਾ ਮਤਲਬ ਇਹ ਨਿਕਲਦਾ ਹੈ ਕਿ ਪਾਹੁਲ ਦੇਣ ਵੇਲੇ ਗੁਰੂ ਸਾਹਿਬ ਆਪ ਤਾਂ ਅਜੇ ਪਾਹੁਲੀਏ ਨਹੀਂ ਸਨ (ਯਾਨਿ, ਇਸ ਕਹਾਣੀ ਮੁਤਾਬਿਕ ਉਹ ਇਕ ਤਰ੍ਹਾਂ ਨਾਲ ‘ਬੇਅੰਮ੍ਰਿਤੀਏ’ ਹੀ ਸਨ)। ਇਸ ਹਿਸਾਬ ਨਾਲ ਤਾਂ ਪੰਜ ਪਿਆਰਿਆਂ ਨੇ ਇਕ ‘ਬੇਅੰਮ੍ਰਿਤੀਏ’ ਪਾਸੋਂ ਪਾਹੁਲ ਲਈ ਸੀ। ਪਰ ਇਹ ਸਹੀ ਨਹੀਂ। ਗੁਰੂ ਸਾਹਿਬ ਨੇ ਪਹਿਲਾਂ ਆਪਣੇ ਮੂੰਹ ਵਿਚ ਪਾਹੁਲ ਦੀਆਂ ਪੰਜ ਬੂੰਦਾਂ ਪਾਈਆਂ ਸਨ ਤੇ ਪਹਿਲਾਂ ਆਪ ‘ਪਾਹੁਲੀਏ’ ਬਣੇ ਸਨ, ਖ਼ੁਦ ਪਾਹੁਲ ਲੈਣ ਮਗਰੋਂ ਉਨ੍ਹਾਂ ਨੇ ਪੰਜ ਸਿੰਘਾਂ ਨੂੰ ਪਾਹੁਲ ਦਿੱਤੀ ਸੀ।
‘ਸੀਸ ਭੇਟ ਕੌਤਕ’ ਅਤੇ ‘ਖੰਡੇ ਦੀ ਪਾਹੁਲ’ ਦੇਣ ਦੀਆਂ ਘਟਨਾਵਾਂ (ਜਿਨ੍ਹਾਂ ਵਿਚ ‘ਖਾਲਸਾ ਸਾਜਨ’ ਦੀ ਕੋਈ ਗੱਲ ਨਹੀਂ ਸੀ) ਦਾ ਜ਼ਿਕਰ ਸਿੱਖ ਤਵਾਰੀਖ਼ ਦੇ ਉਸੇ ਕਾਲ ਵਿਚ (ਸਨ 1711 ਵਿਚ) ਲਿਖੀ ਕਿਤਾਬ ‘ਗੁਰ ਸੋਭਾ’ (ਲੇਖਕ ਕਵੀ ਸੈਨਾਪਤੀ) ਵਿਚ ਅਤੇ ਭੱਟ ਵਹੀਆਂ ਵਿਚ ਸਾਫ਼ ਲਿਖਿਆ ਮਿਲ ਜਾਂਦਾ ਹੈ:

ਗੁਰ ਸੋਭਾ ਵਿਚੋਂ:
ਚੇਤ ਮਾਸ ਬੀਤਿਓਸਕਲ ਮੇਲ ਭਯੋ ਅਪਾਰ।
ਬੈਸਾਖੀ ਕੈ ਦਰਸ ਪੈ ਸਤਿਗੁਰ ਕ੍ਰੀਯੋ ਬਿਚਾਰ॥ (5:2॥118)।
ਸੰਗਤ ਦਰਸਨ ਕਰਤੁ ਸਬ ਨਗਰ ਬਿਸਥਾਰ।
ਹੂਐ ਦਇਆਲ ਦਰਸਨ ਦੀਯੋ ਕਰਨਹਾਰ ਕਰਤਾਰ॥ (3॥119)
ਗੋਬਿੰਦ ਸਿੰਘ ਕਰੀ ਖੁਸੀ ਸੰਗਤਿ ਕਰੀ ਨਿਹਾਲ।
ਕੀਓ ਪ੍ਰਗਟ ਤਬ ਖਾਲਸਾ ਚੁਕਿ ਸਗਲ ਜੰਜਾਲ॥4॥120॥
ਸਬ ਸਮੂਹ ਸੰਗਤਿ ਮਿਲੀ ਸੁਭ ਸਤਿਲੁਦ੍ਰ ਕੇ ਤੀਰ।
ਕੇਤਕ ਸੁਨ ਭਏ ਖਾਲਸਾ ਕੇਤਕ ਭਏ ਅਧੀਰ॥5॥121॥
ਕਵੀ ਸੈਨਾਪਤੀ ਮੁਤਾਬਿਕ ਗੁਰੂ ਜੀ ਨੇ ਸਿੱਖ ਨੂੰ ਖ਼ਾਲਸਾ ਬਣਾ ਕੇ ਮਸੰਦਾਂ ਦੀ ਵਿਚੋਲਗਿਰੀ ਖ਼ਤਮ ਕੀਤੀ ਸੀ; ਕੋਈ ਨਵਾਂ ਪੰਥ ਨਹੀਂ ਸਾਜਿਆ:
ਤਜ ਮਸੰਦ ਪ੍ਰਭ ਏਕ ਜਪ ਯਹ ਬਿਬੇਕ ਤਹਾਂ ਕੀਨ।
ਸਤਿਗੁਰ ਸੋ ਸੇਵਕ ਮਿਲੇ ਨੀਰ ਮਹਿ ਜੋ ਮੀਨ॥6॥122॥
ਕਰਨਹਾਰ ਕਰਤਾਰ ਹੁਕਮ ਕਰਤੇ ਕੀਆ।
ਕਰ ਮਸੰਦ ਸਭਿ ਦੂਰ, ਖਾਲਸਾ ਕਰ ਲੀਆ॥32॥148॥
ਸਿਮਰਤ ਨਾਮ ਪੁਨੀਤ ਟੂਟਤ ਫੰਦ ਹੈ।
ਭਏ ਖਾਲਸਾ ਸੋਇ ਛੋੜਿ ਮਸੰਦ ਹੈ॥46॥162॥
ਖੰਡੇ ਕੀ ਪਾਹਿਲ ਦਈ ਕਰਨਹਾਰ ਪ੍ਰਭ ਸੋਈ।
ਕੀਉ ਦਸੋਂ ਦਿਸ ਖਾਲਸਾ ਤਾਂ ਬਿਨ ਅਵਰ ਨਾ ਕੋਈ॥33॥149॥
ਸੋ, ਗੁਰੂ ਜੀ ਨੇ ਕੋਈ ‘ਖਾਲਸਾ ਪੰਥ’ ਜਾਂ ਨਵਾਂ ਪੰਥ ਨਹੀਂ ਸਾਜਿਆ ਸੀ; ਉਨ੍ਹਾਂ ਨੇ ਤਾਂ ਸਿੱਖਾਂ ਨੂੰ ‘ਆਪਣਾ ਖਾਲਸਾ’ (ਸਿੱਧਾ ਖ਼ੁਦ ਨਾਲ ਸਬੰਧਤ) ਐਲਾਨਿਆ ਸੀ। ਬਹੁਤੇ ਸਿੱਖ ਲੇਖਕ (ਸਾਰੇ ਨਹੀਂ) ਮੱਖੀ ‘ਤੇ ਮੱਖੀ ਮਾਰਨ ਵਾਲੀ ਚਾਲ ਵਿਚ ‘ਖਾਲਸਾ ਦੀ ਸਿਰਜਣਾ’ ਦਾ ਰੌਲਾ ਪਾਈ ਜਾ ਰਹੇ ਹਨ।
ਹਰਜਿੰਦਰ ਸਿੰਘ ਦਿਲਗੀਰ, ਡਾ.
ਡਾਇਰੈਕਟਰ ਗੁਰੂ ਨਾਨਕ ਰੀਸਰਚ ਇੰਸਟੀਚਿਊਟ
ਬ੍ਰਿਮਿੰਘਮ (ਇੰਗਲੈਂਡ)