ਅੰਮ੍ਰਿਤਸਰ: ਸਿੱਖਾਂ ਦੇ ਸਰਬ ਉੱਚ ਧਾਰਮਿਕ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪ੍ਰਤੀ ਸ਼ਰਧਾ ਤੇ ਇਸ ਸੁਨਹਿਰੀ ਮੁਜੱਸਮੇ ਦੀ ਮਨਮੋਹਕ ਦਿੱਖ ਕਾਰਨ ਹਰ ਸਾਲ ਇਥੇ ਦੇਸ਼-ਵਿਦੇਸ਼ ਤੋਂ ਕਰੋੜਾਂ ਸ਼ਰਧਾਲੂ ਦਰਸ਼ਨਾਂ ਦੀ ਤਾਂਘ ਲੈ ਕੇ ਉਮੜਦੇ ਹਨ। ਵੇਰਵੇ ਮੁਤਾਬਕ ਰੋਜ਼ਾਨਾ ਸਵਾ ਤੋਂ ਡੇਢ ਲੱਖ ਸ਼ਰਧਾਲੂ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜਦੇ ਹਨ ਤੇ ਇਹ ਗਿਣਤੀ ਵਿਸ਼ੇਸ਼ ਦਿਨ ਦਿਹਾੜਿਆਂ ‘ਤੇ ਦੁੱਗਣੀ ਤੱਕ ਪਹੁੰਚ ਜਾਂਦੀ ਹੈ।
ਹਰਿਮੰਦਰ ਸਾਹਿਬ ਵਿਖੇ ਸ਼ਰਧਾਲੂਆਂ ਦੀ ਵਧਦੀ ਆਮਦ ਜਿਥੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਉਥੇ ਵਧੇਰੇ ਗਿਣਤੀ ਸ਼ਰਧਾਲੂਆਂ ਕਾਰਨ ਮੱਥਾ ਟੇਕਣ ਲਈ ਕਰਨੀ ਪੈਂਦੀ ਲੰਬਾ ਸਮਾਂ ਉਡੀਕ ਇਕ ਮੁਸ਼ਕਿਲ ਵਜੋਂ ਵੀ ਉੱਭਰ ਰਹੀ ਹੈ। ਵਿਸ਼ੇਸ਼ ਦਿਹਾੜਿਆਂ, ਜਿਨ੍ਹਾਂ ਵਿਚ ਗੁਰਪੁਰਬ, ਸੰਗਰਾਂਦ ਤੇ ਮੱਸਿਆ, ਕੌਮੀ ਤੇ ਸਥਾਨਕ ਛੁੱਟੀਆਂ, ਬਿਆਸ ਭੰਡਾਰੇ ਵਾਲੇ ਦਿਨ, ਸਨਿਚਰਵਾਰ ਤੇ ਐਤਵਾਰ, ਗਰਮੀਆਂ ਦੀਆਂ ਛੁੱਟੀਆਂ ਆਦਿ ਸ਼ਾਮਲ ਹਨ, ਦੌਰਾਨ ਕਿਸੇ ਆਮ ਸ਼ਰਧਾਲੂ ਨੂੰ ਮੱਥਾ ਟੇਕਣ ਲਈ ਕਈ ਵਾਰ ਤਿੰਨ ਤੋਂ ਚਾਰ ਘੰਟੇ ਕਤਾਰਾਂ ਵਿਚ ਖਲੋ ਕੇ ਲੰਘਾਉਣੇ ਪੈਂਦੇ ਹਨ, ਅਜਿਹੇ ਵਿਚ ਛੋਟੇ ਬੱਚਿਆਂ, ਬਜ਼ੁਰਗਾਂ ਤੇ ਅੰਗਹੀਣ ਸ਼ਰਧਾਲੂਆਂ ਦੀ ਸਮੱਸਿਆ ਦਾ ਸਹਿਜੇ ਅੰਦਾਜ਼ਾ ਲਾਇਆ ਜਾ ਸਕਦਾ ਹੈ। ਸਥਿਤੀ ਇਹ ਬਣਦੀ ਹੈ ਕਿ ਆਮ ਤੌਰ ‘ਤੇ 25 ਫੀਸਦੀ ਤੋਂ ਵਧੇਰੇ ਸੰਗਤ ਦਰਸ਼ਨ ਕਰਨ ਤੋਂ ਵਾਂਝੀ ਹੀ ਵਾਪਸ ਮੁੜ ਜਾਂਦੀ ਹੈ। ਭੀੜ ਕਾਰਨ ਸੰਗਤ ਵਿਚ ਸ਼ਾਮਲ ਹੋਏ ਗ਼ੈਰ ਸਮਾਜਕ ਤੱਤ ਸ਼ਰਧਾਲੂਆਂ ਦੀਆਂ ਜੇਬਾਂ ਕੱਟਣ ਤੇ ਬੀਬੀਆਂ ਨੂੰ ਪ੍ਰੇਸ਼ਾਨ ਕਰਨ ਵਰਗੇ ਘ੍ਰਿਣਤ ਕਾਰਿਆਂ ਨੂੰ ਅਸਾਨੀ ਨਾਲ ਅੰਜਾਮ ਦੇ ਜਾਂਦੇ ਹਨ। ਦਰਸ਼ਨੀ ਡਿਓੜੀ ਦੇ ਬਾਹਰ ਹਜ਼ਾਰਾਂ ਸ਼ਰਧਾਲੂਆਂ ਦੇ ਇਕੱਠ ਕਾਰਨ ਕਈ ਵਾਰ ਸ਼ਰਧਾਲੂ ਨਿਕਾਸੀ ਰਸਤੇ ਰਾਹੀਂ ਵੀ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਜ਼ਿਆਦਾ ਭੀੜ ਕਾਰਨ ਕਿਸੇ ਸ਼ਰਧਾਲੂ ਦੀ ਤਬੀਅਤ ਵਿਗੜਨ ‘ਤੇ ਉਸ ਨੂੰ ਪਾਣੀ ਜਾਂ ਡਾਕਟਰੀ ਸਹੂਲਤ ਵਿਚ ਵੀ ਰੁਕਾਵਟ ਪੈਂਦੀ ਹੈ।
ਅਜਿਹੇ ਵਿਚ ਇਕ ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਹੈ ਕਿ ਮੱਥਾ ਟੇਕਣ ਪਿੱਛੋਂ ਸੰਗਤ ਦੀ ਵਾਪਸੀ ਨਿਕਾਸੀ ਵਾਲਾ ਰਸਤਾ ਛੋਟਾ ਹੋਣ ਦੇ ਬਾਵਜੂਦ ਉਥੇ ਭੀੜ ਨਹੀਂ ਹੁੰਦੀ ਤੇ ਜਾਣ ਵਾਲੇ ਰਸਤੇ ‘ਤੇ ਭੀੜ ਹੋਣ ਦਾ ਕਾਰਨ ਸੱਚਖੰਡ ਅੰਦਰ ਮੱਥਾ ਟੇਕਣ ਪਿੱਛੋਂ ਨਿਕਾਸੀ ਦਾ ਰਸਤਾ ਘੱਟ ਹੋਣਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰੂਨੀ ਪ੍ਰਬੰਧਾਂ ਤਹਿਤ ਮੌਜੂਦਾ ਸਮੇਂ ਦਰਸ਼ਨਾਂ ਪਿੱਛੋਂ ਸਿਰਫ ਪੂਰਬੀ ਰਸਤੇ ਰਾਹੀਂ ਹੁੰਦੀ ਸੰਗਤ ਦੀ ਨਿਕਾਸੀ ਸ਼ਰਧਾਲੂਆਂ ਦੀ ਆਮਦ ਝੱਲਣ ਦੇ ਸਮਰੱਥ ਨਹੀਂ, ਅਜਿਹੇ ਵਿਚ ਪੱਛਮੀ ਦਰਵਾਜ਼ੇ ਰਾਹੀਂ ਵੀ ਸੰਗਤ ਦੇ ਨਿਕਾਸ ਦੇ ਪ੍ਰਬੰਧ ਕੀਤੇ ਜਾਣ ਨਾਲ ਭੀੜ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ।
ਪਿਛਲੇ ਲੰਬੇ ਸਮੇਂ ਤੋਂ ਇਸ ਸਮੱਸਿਆ ਦੇ ਹੱਲ ਲਈ ਵਿਉਂਤਾਂ ਬਣਾ ਰਹੇ ਗੁਰੂ ਘਰ ਦੇ ਇਕ ਸ਼ਰਧਾਲੂ ਵੱਲੋਂ ਭੀੜ ਦੇ ਹੱਲ ਲਈ ਨਕਸ਼ੇ ਸਹਿਤ ਜਾਣਕਾਰੀ ਦਿੱਤੀ। ਨਕਸ਼ੇ ਮੁਤਾਬਕ ਸੰਗਤ ਦੀ ਆਮਦ ਵਾਲੇ ਦਰਵਾਜ਼ੇ ਅੰਦਰੋਂ ਦਾਖਲ ਹੋ ਕੇ ਮੱਥਾ ਟੇਕਣ ਮਗਰੋਂ ਖੱਬੇ ਪਾਸੇ ਪੂਰਬੀ ਦਰਵਾਜ਼ੇ ਵਾਂਗ ਹੀ ਸੱਜੇ ਪਾਸੇ ਪੱਛਮੀ ਦਰਵਾਜ਼ੇ ਤੱਕ ਵੀ ਲਾਂਘਾ ਬਣਾ ਕੇ ਜੰਗਲਾ ਲਾ ਦਿੱਤਾ ਜਾਵੇ ਤੇ ਦੋਵਾਂ ਦਰਵਾਜ਼ਿਆਂ ਰਾਹੀਂ ਸੰਗਤ ਦਾ ਨਿਕਾਸ ਹੋਵੇ। ਇਸ ਤਬਦੀਲੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰੰਪਰਕ ਪਾਵਨ ਅਸਥਾਨ ਹੂਬਹੂ ਰਹਿਣਗੇ, ਸਿਰਫ ਬੀਬੀਆਂ ਦੇ ਬੈਠਣ ਲਈ ਰਾਖਵੀਂ ਜਗ੍ਹਾ ਥੋੜ੍ਹੀ ਕੁ ਘਟੇਗੀ।
ਜ਼ਿਕਰਯੋਗ ਹੈ ਕਿ ਇਸ ਸਥਾਨ ‘ਤੇ ਪਹਿਲਾਂ ਵੀ ਵਧੇਰੇ ਪੁਰਸ਼ ਸ਼ਰਧਾਲੂ ਹੀ ਬੈਠਦੇ ਹਨ। ਪੱਛਮੀ ਦਰਵਾਜ਼ੇ ਰਾਹੀਂ ਬਾਹਰ ਆਈ ਸੰਗਤ ਦੇ ਚੂਲਾ ਲੈਣ ਲਈ ‘ਹਰ ਕੀ ਪੌੜੀ’ ਤੱਕ ‘ਸੱਚਖੰਡ’ ਦੀ ਦੱਖਣ ਪੱਛਮੀ ਬਾਹੀ ਬਾਹਰ ਤਿੰਨ ਫੁੱਟ ਰਸਤੇ ਦਾ ਜੰਗਲਾ ਲਗਾ ਦਿੱਤਾ ਜਾਵੇ ਜੋ ਦੱਖਣੀ ਦਰਵਾਜ਼ੇ ਤੱਕ ਹੋਵੇ। ਨਕਸ਼ੇ ਮੁਤਾਬਕ ਦਰਸ਼ਨੀ ਡਿਓੜੀ ਤੋਂ ਆਮ ਸ਼ਰਧਾਲੂਆਂ ਲਈ ਆਮਦ ਰਸਤੇ ਦੇ ਨਾਲ ਵਿਚਲਾ ਵਿਸ਼ੇਸ਼ ਰਸਤਾ ਜੋ ਸੰਗਤ ਨੂੰ ਪੱਛਮੀ ਦਰਵਾਜ਼ੇ ਰਾਹੀਂ ਦਰਸ਼ਨ ਕਰਨ ਲਈ ਲਿਜਾਂਦਾ ਹੈ, ਜੇਕਰ ਬਰਕਰਾਰ ਰੱਖਣਾ ਹੋਵੇ ਤਾਂ ਪੱਛਮੀ ਦਰਵਾਜ਼ੇ ‘ਤੇ ਖੜ੍ਹਾ ਸੇਵਾਦਾਰ ਨਿਕਾਸੀ ਵਾਲੀ ਸੰਗਤ ਨੂੰ ਰੋਕ ਕੇ ਤਰਤੀਬਵਾਰ ਆਮਦ ਵਾਲੀ ਸੰਗਤ ਨੂੰ ਦਰਸ਼ਨਾਂ ਲਈ ਭੇਜ ਸਕਦਾ ਹੈ।
ਤਜਵੀਜ਼ ਮੁਤਾਬਕ ਦਰਸ਼ਨੀ ਡਿਓੜੀ ਦੇ ਬਾਹਰ ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਦਰਸ਼ਨ ਕਰਨ ਜਾਣ ਲਈ ਇਕੱਠੀ ਹੋਈ ਸੰਗਤ ਲਈ ਲਾਏ ਜੰਗਲੇ ਕਤਾਰਵਾਰ ਹੋਣ। ਅੰਗਹੀਣ, ਬਜ਼ੁਰਗ, ਛੋਟੇ ਬੱਚਿਆਂ, ਪ੍ਰਮੁੱਖ ਸ਼ਖ਼ਸੀਅਤਾਂ (ਵੀæਆਈæਪੀ) ਲਈ ਦਰਸ਼ਨੀ ਡਿਓੜੀ ਦੇ ਖੱਬੇ ਪਾਸੇ ਸਿੰਘ ਸਾਹਿਬ ਦੇ ਦਫਤਰ ਤੋਂ ਬਾਹਰ ਨਵੇਂ ਬਣੇ ਵਿਸ਼ੇਸ਼ ਰਸਤੇ ਰਾਹੀਂ ਤਿੰਨ ਫੁੱਟ ਤੱਕ ਜੰਗਲਾ ਲਾ ਕੇ ਬਾਹਰ-ਬਾਹਰ ਲਾਂਘਾ ਬਣਾ ਦਿੱਤਾ ਜਾਵੇ ਜਿਸ ਨਾਲ ਇਕ ਤਾਂ ਆਮ ਸੰਗਤ ਨੂੰ ਅੜਚਣ ਨਹੀਂ ਆਵੇਗੀ ਦੂਸਰਾ ਸ੍ਰੀ ਹਰਿਮੰਦਰ ਸਾਹਿਬ ਦੇ ਨਜ਼ਦੀਕ ਤੱਕ ‘ਵੀਲ੍ਹ ਚੇਅਰ’ ਲਿਜਾਈ ਜਾ ਸਕੇਗੀ। ਹਾਸਲ ਜਾਣਕਾਰੀ ਮੁਤਾਬਕ ਉਕਤ ਤਜਵੀਜ਼ ਨੂੰ ਪ੍ਰਬੰਧਕਾਂ ਦੀ ਸਹਿਮਤੀ ਦੇ ਬਾਵਜੂਦ ਅਮਲ ਵਿਚ ਨਹੀਂ ਲਿਆਂਦਾ ਜਾ ਰਿਹਾ। ਸ਼੍ਰੋਮਣੀ ਕਮੇਟੀ ਦੇ ਇਕ ਐਗਜ਼ੈਕਟਿਵ ਮੈਂਬਰ ਵੱਲੋਂ ਹੁਣ ਇਸ ਤਜਵੀਜ਼ ਨੂੰ ਬੈਠਕ ਵਿਚ ਰੱਖਣ ਦਾ ਵੀ ਭਰੋਸਾ ਦਿੱਤਾ ਗਿਆ ਹੈ।
Leave a Reply