ਕਵਿਤਾ ਨਾਲ ਮੇਰਾ ਰਿਸ਼ਤਾ

ਵਰਿਆਮ ਸਿੰਘ ਸੰਧੂ
ਫੋਨ: 647-535-1539
ਕਵਿਤਾ ਤਾਂ ਸਾਡੇ ਚਾਰ-ਚੁਫ਼ੇਰੇ, ਅੰਦਰ-ਬਾਹਰ ਖਿੱਲਰੀ ਪਈ ਹੈ। ਉਹਨੂੰ ਮਹਿਸੂਸ ਕਰਨ ਲਈ ਹੱਸਾਸ ਹਿਰਦਾ, ਵੇਖਣ ਲਈ ਨੂਰ-ਨਜ਼ਰ ਚਾਹੀਦੀ ਹੈ, ਉਹਦੇ ਡੂੰਘ ਵਿਚ ਉੱਤਰਨ ਲਈ ਲੰਮਾਂ ਦਮ ਚਾਹੀਦਾ, ਇਹਨੂੰ ਉੱਚੇ ਨਸ਼ੱਤਰਾਂ ਵਿਚੋਂ ਛੂਹਣ ਲਈ ਅੰਬਰੀ ਪਰਵਾਜ਼ ਭਰਨ ਵਾਲੇ ਪਰ ਚਾਹੀਦੇ। ਇਹ ਅਜਿਹੀ ਖ਼ੁਸ਼ਬੋ ਹੈ, ਜਿਸ ਨੂੰ ਮੁੱਠ ਵਿਚ ਨਹੀਂ ਫੜਿਆ ਜਾ ਸਕਦਾ।

ਕਵਿਤਾ ਨਾਲ ਮੇਰਾ ਪਹਿਲਾ ਵਾਹ-ਵਾਸਤਾ ਪਿਆ ਆਪਣੇ ਪਿੰਡ ਦੇ ਧਾਰਮਿਕ ਦੀਵਾਨਾਂ ਵਿਚ ਗਾਈ ਜਾਂਦੀ ਕਵੀਸ਼ਰੀ ਤੇ ਢਾਡੀ ਵਾਰਾਂ ਨਾਲ। ਦੂਜਾ ਵਾਸਤਾ ਗਿਆਨੀ ਨਿਰੰਜਣ ਸਿੰਘ ਰਾਹੀਂ ਪਿਆ। ਉਹ ਅਜਿਹਾ ਅਧਿਆਪਕ ਸੀ ਜਿਸਦਾ ਇਸ ਗੱਲ ਉੱਤੇ ਜ਼ੋਰ ਹੁੰਦਾ ਕਿ ਪੰਜਾਬੀ ਦੀ ਸੰਬੰਧਤ ਸ਼੍ਰੇਣੀ ਦੀ ਪਾਠ-ਪੁਸਤਕ ਦਾ ਹਰੇਕ ਲੇਖ, ਕਵਿਤਾ ਅਤੇ ਕਹਾਣੀ ਸਾਨੂੰ ਜ਼ਬਾਨੀ ਯਾਦ ਹੋਣੀ ਚਾਹੀਦੀ ਹੈ ਅਤੇ ਉਹ ਇਸ ਗੱਲ ਉੱਤੇ ਡਟਵਾਂ ਪਹਿਰਾ ਦੇ ਕੇ ਸਾਨੂੰ ਪਾਠ-ਪੁਸਤਕ ਯਾਦ ਕਰਵਾਉਂਦਾ। ਉਸ ਵੇਲੇ ਦੀਆਂ ਯਾਦ ਕੀਤੀਆਂ ਕਈ ਕਵਿਤਾਵਾਂ ਅਜੇ ਵੀ ਮੇਰੇ ਚੇਤੇ ਵਿਚੋਂ ਪਾਣੀ ਵਾਂਗ ਵਹਿ ਨਿਕਲਦੀਆਂ ਹਨ। ਜ਼ਬਾਨੀ ਯਾਦ ਕੀਤੀਆਂ ਅਤੇ ਵਾਰ ਵਾਰ ਦੁਹਰਾਈਆਂ ਅਤੇ ਸੁਣਾਈਆਂ ਜਾਣ ਵਾਲੀਆਂ ਇਨ੍ਹਾਂ ਕਵਿਤਾਵਾਂ ਦੀ ਬਦੌਲਤ ਹੀ ਮੇਰਾ ਕਵਿਤਾ ਨਾਲ ਪਿਆਰ ਹੋਰ ਗੂੜ੍ਹਾ ਹੋ ਗਿਆ ਤੇ ਮੈਨੂੰ ਕਵਿਤਾ ਦੇ ਮੀਟਰ, ਬਹਿਰ ਅਤੇ ਵਜ਼ਨ ਦੀ ਵੀ ਸਹਿਜ-ਸੋਝੀ ਮਿਲ ਗਈ। ਬਿਨਾਂ ਕਿਸੇ ਬਾਕਾਇਦਾ ਸਿੱਖਿਆ ਦੇ ਮੈਨੂੰ ਕਵਿਤਾ ਵਿਚ ਵਜ਼ਨ ਦੀ ਘਾਟ-ਵਾਧ ਦਾ ਤੁਰੰਤ ਪਤਾ ਚੱਲ ਜਾਂਦਾ ਹੈ। ਰਚਨਾ ਨੂੰ ਜ਼ਬਾਨੀ ਯਾਦ ਕਰਨ ਨਾਲ ਹਰੇਕ ਸ਼ਬਦ ਅਤੇ ਵਾਕ ਨੂੰ ਨੇੜਿਓਂ ਜਾ ਕੇ ਮਿਲਣ, ਸਮਝਣ ਅਤੇ ਮਾਨਣ ਦਾ ਮੌਕਾ ਮਿਲਦਾ।
ਸ਼ਬਦਾਂ ਦੇ ਇਨਾ ਨੇੜੇ ਜਾ ਕੇ ਅਤੇ ਹਰ ਪਲ ਯਾਦ ਵਿਚ ਵੱਸੇ ਹੋਣ ਕਰਕੇ ਪ੍ਰਾਪਤ ਹੋਈ ‘ਸ਼ਬਦਾਂ ਦੀ ਰਹੱਸਮਈ ਤਾਕਤ’ ਨੂੰ ਵੀ ਅਣਗੌਲਿਆ ਨਹੀਂ ਜਾ ਸਕਦਾ। ਇਹ ਤਾਕਤ ਉਨ੍ਹਾਂ ਸ਼ਾਇਰਾਂ ਕੋਲ ਸੀ, ਜਿਨ੍ਹਾਂ ਦਾ ਉਸ ਵੇਲੇ ਪੰਜਾਬੀ ਕਵਿਤਾ ਵਿਚ ਵੱਡਾ ਨਾਂ ਸੀ। ਬੋਲ-ਸ਼ਾਇਰੀ ਤੋਂ ਲਿਖਿਤ ਸ਼ਾਇਰੀ ਨਾਲ ਮੇਰੀ ਜਾਣ-ਪਛਾਣ ਬਣੀ। ਕਵਿਤਾ ਦੀ ਸਿਰਜਣਾ ਵੱਲ ਰੁਚਿਤ ਕਰਨ ਵਾਲਾ ਸੀ ਮੇਰਾ ਅਧਿਆਪਕ ਲਾਲ ਸਿੰਘ! ਲਾਲ ਸਿੰਘ ਆਪ ਸਟੇਜ ਦਾ ਬਹੁਤ ਵਧੀਆ ਬੁਲਾਰਾ ਸੀ ਅਤੇ ਆਪਣੀਆਂ ਪ੍ਰਾਪਤੀਆਂ ਵਿਚ ਆਪਣੇ ਇਸ ਕੌਸ਼ਲ ਦੀ ਦੇਣ ਨੂੰ ਭਲੀ-ਭਾਂਤ ਸਮਝਦਾ ਸੀ; ਇਸ ਲਈ ਉਹ ਚਾਹੁੰਦਾ ਸੀ, ਹਰੇਕ ਵਿਦਿਆਰਥੀ ਨੂੰ ਸਟੇਜ ਉੱਤੇ ਜਾ ਕੇ ਆਪਣੇ ਖ਼ਿਆਲਾਂ ਨੂੰ ਪ੍ਰਗਟਾ ਸਕਣ ਦਾ ਜੇਰਾ ਤੇ ਜਾਚ ਆਉਣੀ ਚਾਹੀਦੀ ਹੈ। ਉਸ ਨੇ ਆਉਂਦਿਆਂ ਹੀ ਮੁੱਖ-ਅਧਿਆਪਕ ਨੂੰ ਆਖ ਕੇ ਕੁੱਝ ਸਮਾਂ ਰੋਜ਼ ਹੀ ਬਾਲ-ਸਭਾ ਲਾਉਣ ਲਈ ਰਾਖ਼ਵਾਂ ਰੱਖ ਲਿਆ।
ਮਾਸਟਰ ਲਾਲ ਸਿੰਘ ਨੇ ਸਕੂਲ ਦੇ ਹਰੇਕ ਵਿਦਿਆਰਥੀ ਨੂੰ ਇਸ ਇਮਤਿਹਾਨ ਵਿਚ ਪਾਉਣ ਅਤੇ ਪਾਸ ਕਰਨ ਦਾ ਇਰਾਦਾ ਕਰ ਲਿਆ। ਸਕੂਲ ਦੇ ਹਰੇਕ ਬੱਚੇ ਨੂੰ ਸਟੇਜ ਉੱਤੇ ਖਲੋ ਕੇ ਭਾਸ਼ਣ ਤੇ ਕਵਿਤਾ ਸੁਨਾਉਣ ਜਾਂ ਆਪਣੀ ਗੱਲ ਕਹਿਣ ਦੀ ਔਖ-ਸੌਖ ਦਾ ਸਾਹਮਣਾ ਕਰਨਾ ਹੀ ਪੈਣਾ ਸੀ। ਉਸਨੇ ਸ਼ੁਰੂਆਤ ਦਸਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਕੀਤੀ ਅਤੇ ਸਭ ਨੂੰ ਆਖਿਆ ਕਿ ਹਰੇਕ ਵਿਦਿਆਰਥੀ ਨੂੰ ਆਪਣੇ ਰੋਲ ਨੰਬਰ ਅਨੁਸਾਰ ਆਉਂਦੀ ਵਾਰੀ ਤੇ ਕੁੱਝ ਨਾ ਕੁੱਝ ਜ਼ਰੂਰ ਸੁਨਾਉਣਾ ਪਵੇਗਾ। ਉਨ੍ਹਾਂ ਦੀ ਹਰ ਤਰ੍ਹਾਂ ਅਗਵਾਈ ਕਰਨ ਲਈ ਉਹ ਤਿਆਰ ਸੀ। ਅੱਠ–ਦਸ ਵਿਦਿਆਰਥੀ ਰੋਜ਼ ਭੁਗਤ ਜਾਂਦੇ। ਕਈ ਡਰਦੇ, ਕੰਬਦੀਆਂ ਲੱਤਾਂ ਨਾਲ ਸਟੇਜ ’ਤੇ ਚੜ੍ਹਦੇ। ਕਈ ਥਥਲਾਉਂਦੇ, ਕਈ ਭੁੱਲ ਜਾਂਦੇ, ਕਈ ਹਿੰਮਤ ਕਰਕੇ ਆਪਣੀ ਵਾਰੀ ਠੀਕ-ਠਾਕ ਭੁਗਤਾ ਜਾਂਦੇ। ਜਿਨ੍ਹਾਂ ਦੀ ਵਾਰੀ ਨਾ ਹੁੰਦੀ ਉਹ ਇਸ ਸਭ ਕੁੱਝ ਦਾ ਆਨੰਦ ਮਾਣਦੇ। ਕਿਸੇ ਦੇ ਭੁੱਲਣ ’ਤੇ ਹੱਸਦੇ ਵੀ। ਪਰ ਜਿਨ੍ਹਾਂ ਦੀ ਵਾਰੀ ਅਗਲੇ ਦਿਨਾਂ ਵਿਚ ਆਉਣ ਵਾਲੀ ਹੁੰਦੀ ਉਨ੍ਹਾਂ ਦੇ ਸਾਹ ਸੁੱਕੇ ਰਹਿੰਦੇ ਤੇ ਆਪਣੀ ਵਾਰੀ ਭੁਗਤਾਉਣ ਦਾ ਫ਼ਿਕਰ ਲੱਗਾ ਰਹਿੰਦਾ। ਜਦੋਂ ਅੱਠਵੀਂ ਜਮਾਤ ਦੀ ਵਾਰੀ ਸ਼ੁਰੂ ਹੋਈ ਤਾਂ ਮੈਨੂੰ ਵੀ ਚਿੰਤਾ ਨੇ ਆ ਘੇਰਿਆ।
ਮੇਰਾ ਜਮਾਤੀ ਅਤਰ ਸਿੰਘ ਮੇਰਾ ਨੇੜਲਾ ਮਿੱਤਰ ਵੀ ਸੀ। ਸਾਡੇ ਰੋਲ ਨੰਬਰ ਵੀ ਨੇੜੇ-ਨੇੜੇ ਸਨ। ਉਸਨੇ ਸੁਝਾਓ ਦਿੱਤਾ ਕਿ ਆਪਾਂ ਆਪਣੀ ਵਾਰੀ ਉੱਤੇ ਆਪ ਕਵਿਤਾ ਜੋੜ ਕੇ ਸੁਣਾਈਏ। ਮੈਨੂੰ ਇਹ ਗੱਲ ਅਜੀਬ ਅਤੇ ਅਲੋਕਾਰ ਲੱਗੀ। ਆਪ ਕਵਿਤਾ ਲਿਖਣ ਬਾਰੇ ਤਾਂ ਮੈਂ ਅੱਜ ਤੱਕ ਸੋਚਿਆ ਹੀ ਨਹੀਂ ਸੀ। ਉਂਜ ਅਤਰ ਸਿੰਘ ਦਾ ਸੁਝਾਓ ਰੁਮਾਂਚਿਤ ਕਰਨ ਵਾਲਾ ਸੀ। ਪਹਿਲੀ ਕਵਿਤਾ ਲਿਖਣ ਵਾਲਾ ਵੱਡਾ ਆਗੂ ਰੋਲ ਵੀ ਅਤਰ ਸਿੰਘ ਨੇ ਹੀ ਨਿਭਾਇਆ। ਉਹ ਸਾਡੇ ਕਵੀਸ਼ਰੀ ਜਥੇ ਦਾ ਲੈਕਚਰ ਦੇਣ ਵਾਲਾ ‘ਜਥੇਦਾਰ’ ਵੀ ਬਣਿਆ। ਮੇਰੀ ਅਤੇ ਮਹਿੰਦਰ ਦੀ ਆਵਾਜ਼ ਚੰਗੀ ਸੀ। ਵਾਰੀ ਆਉਣ ਉੱਤੇ ਅਸੀਂ ਡਰੇ-ਸਹਿਮੇ ਤਿੰਨੇ ਜਣੇ ਸਟੇਜ ਉੱਤੇ ਜਾ ਚੜ੍ਹੇ। ਅਤਰ ਸਿੰਘ ਨੇ ਛੋਟਾ ਜਿਹਾ ਲੈਕਚਰ ਝਾੜਿਆ, ‘ਅਧਿਆਪਕ ਸਾਹਿਬਾਨ ਅਤੇ ਭਰਾਵੋ, ਅਸੀਂ ਜਿਹੜੀ ਕਵਿਤਾ ਸੁਨਾਉਣ ਲੱਗੇ ਹਾਂ ਇਹ ਸਾਡੀ ਆਪਣੀ ਲਿਖੀ ਹੋਈ ਹੈ।’ ਉਹਦਾ ਐਲਾਨ ਸੁਣ ਕੇ ਕੋਲ ਖਲੋਤੇ ਅਧਿਆਪਕਾਂ ਨੇ ਦਿਲਚਸਪੀ ਨਾਲ ਮੁਸਕਰਾ ਕੇ ਸਾਡੇ ਵੱਲ ਵੇਖਿਆ।
‘ਕਵਿਤਾ ਹੈ ਵੀ ਆਪਣੇ ਸਕੂਲ ਬਾਰੇ ਅਤੇ ਇੱਥੋਂ ਦੇ ਮਾਹੌਲ ਬਾਰੇ। ਇਸ ਵਿਚ ਕੁੱਝ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵੀ ਜ਼ਿਕਰ ਹੈ। ਜੇ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੇ ਤਾਂ ਅਸੀਂ ਪਹਿਲਾਂ ਹੀ ਮੁਆਫ਼ੀ ਮੰਗ ਲੈਂਦੇ ਹਾਂ…’
ਅਤਰ ਸਿੰਘ ਨੇ ਭੂਮਿਕਾ ਬੰਨ੍ਹ ਕੇ ਚੰਗੀ ਉਤਸੁਕਤਾ ਪੈਦਾ ਕਰ ਦਿੱਤੀ। ਉਸਨੂੰ ਹੌਸਲੇ ਨਾਲ ਬੋਲਦਿਆਂ ਵੇਖ ਕੇ ਅਸੀਂ ਵੀ ਪੈਰ ਜਮਾ ਲਏ। ਸਾਹਮਣੇ ਕਤਾਰਾਂ ਵਿਚ ਬੈਠੇ ਮੁੰਡੇ ਧੌਣਾ ਚੁੱਕ-ਚੁੱਕ ਕੇ ਸਾਡੇ ਵੱਲ ਵੇਖ ਰਹੇ ਸਨ।
ਅਤਰ ਸਿੰਘ ਨੇ ਲੈਕਚਰ ਖ਼ਤਮ ਕੀਤਾ ਅਤੇ ਮੈਂ ਅੱਗੇ ਲੱਗ ਕੇ ਕਵੀਸ਼ਰੀ ਦੇ ਅੰਦਾਜ਼ ਵਿਚ ਕਵਿਤਾ ਗਾਉਣੀ ਸ਼ੁਰੂ ਕੀਤੀ। ਮੁਖੜਾ ਮੈਂ ਬੋਲਦਾ ਅਤੇ ਮਗਰਲੀ ਟੇਕ ਮਹਿੰਦਰ ਦੁਹਰਾਉਂਦਾ। ਆਪਣੇ ਪਿੰਡ ਦੇ ਮਹੱਤਵ, ਖ਼ਾਸ ਖ਼ਾਸ ਥਾਵਾਂ, ਸਕੂਲ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਜ਼ਿਕਰ ਕਵਿਤਾ ਵਿਚ ਸੁਣ ਕੇ ਸਭ ਸਰੋਤੇ ਗਦਗਦ ਭਾਵਾਂ ਨਾਲ ਮੁਸਕਰਾ ਰਹੇ ਸਨ ਅਤੇ ਸਾਡੀ ਇਸ ਪੇਸ਼ਕਾਰੀ ਨੂੰ ਅਸਲੋਂ ਹੀ ਵੱਖਰੀ ਤੇ ਨਿਆਰੀ ਸਮਝ ਕੇ ਮਾਣ ਰਹੇ ਸਨ। ਕਵਿਤਾ ਮੁਕਾ ਕੇ ਅਸੀਂ ‘ਫ਼ਤਹਿ’ ਬੁਲਾਈ ਤਾਂ ਸਾਰਾ ਮੈਦਾਨ ਤਾੜੀਆਂ ਦੀ ਗੜਗੜਾਹਟ ਨਾਲ ਗੂੰਜਣ ਲੱਗਾ। ਸਟੇਜ ਤੋਂ ਹੇਠਾਂ ਉੱਤਰੇ ਤਾਂ ਵਾਰੀ-ਵਾਰੀ ਸਾਰੇ ਮਾਸਟਰਾਂ ਨੇ ਅੱਗੇ ਵਧ ਕੇ ਸਾਨੂੰ ਸ਼ਾਬਾਸ਼ ਦਿੱਤੀ।
ਸਟੇਜ ਉੱਤੇ ਚੜ੍ਹਨ ਤੋਂ ਪਹਿਲਾਂ ਅਸੀਂ ਸਕੂਲ ਦੇ ਆਮ ਵਿਦਿਆਰਥੀ ਸਾਂ ਪਰ ਆਪਣੀ ਲਿਖੀ ਕਵਿਤਾ ਦੀ ਪੇਸ਼ਕਾਰੀ ਦੀ ਕਰਾਮਾਤ ਸੀ ਕਿ ਸਟੇਜ ਤੋਂ ਉੱਤਰਦਿਆਂ ਹੀ ਅਸੀਂ ‘ਖ਼ਾਸ’ ਵਿਦਿਆਰਥੀ ਬਣ ਗਏ ਸਾਂ। ਸਾਨੂੰ ਇਹ ਖ਼ਾਸ ਬਣ ਜਾਣਾ ਬਹੁਤ ਚੰਗਾ ਲੱਗਾ।
ਸਾਡੇ ਪਿੱਛੋਂ ਮਾਸਟਰ ਲਾਲ ਸਿੰਘ ਨੇ ਸਾਡੀ ਭਰਵੀਂ ਤਾਰੀਫ਼ ਕੀਤੀ। ਸਾਡੇ ਅੰਦਰ ਲੁਕੇ ਹੋਏ ਵੱਡੇ ਅਤੇ ਸੰਭਾਵਨਾ ਪੂਰਨ ਕਵੀ/ਲੇਖਕ ਨੂੰ ਪਛਾਣਦਿਆਂ ਇਸ ਨੂੰ ਲਗਾਤਾਰ ਜ਼ਬਾਨ ਦਿੰਦੇ ਰਹਿਣ ਲਈ ਕਿਹਾ।
ਉਤਸ਼ਾਹ ਦੇ ਹੁਲਾਰੇ ਨਾਲ ਮਸਤ ਅਸੀਂ ਤਿੰਨੇ ਛੁੱਟੀ ਹੁੰਦਿਆਂ ਹੀ ਖੇਤਾਂ ਵੱਲ ਨਿਕਲ ਗਏ। ਅਸੀਂ ਇੱਕ ਆਖ਼ਰੀ ਟੇਕ ਮਿਥ ਲਈ, ਜਿਸ ਉੱਤੇ ਕਵਿਤਾ ਉਸਾਰਨੀ ਸੀ, ਫ਼ਿਰ ਅਸੀਂ ਉਸਦੇ ਤੁਕਾਂਤ ਨਾਲ ਜੁੜਦੀਆਂ ਸਤਰਾਂ ਸੋਚਣੀਆਂ ਸ਼ੁਰੂ ਕਰ ਦਿੱਤੀਆਂ। ਜਿਸਦੀ ਜਿਹੜੀ ਸਤਰ ਵਧੇਰੇ ਢੁੱਕਵੀਂ ਹੁੰਦੀ, ਉਸਨੂੰ ਕਵਿਤਾ ਵਿਚ ਜੋੜ ਲਿਆ ਜਾਂਦਾ। ਜੇ ਕੋਈ ਮਾੜਾ-ਮੋਟਾ ਕਾਵਿਕ-ਨੁਕਸ ਨਜ਼ਰ ਆਉਂਦਾ ਤਾਂ ਸਾਂਝੀ ਰਾਇ ਨਾਲ ਠੀਕ ਕਰ ਲਿਆ ਜਾਂਦਾ। ਕਵਿਤਾ ਦਾ ਮੀਟਰ ਤਾਂ ਗਿਆਨੀ ਨਿਰੰਜਣ ਸਿੰਘ ਦੁਆਰਾ ਯਾਦ ਕਰਵਾਈਆਂ ਕਵਿਤਾਵਾਂ ਸਦਕਾ ਸਾਡੇ ਧੁਰ ਅੰਦਰ ਕਿਧਰੇ ਵੱਸਿਆ ਹੋਇਆ ਸੀ। ਪਿੰਡ ਦੇ ਮੇਲਿਆਂ ’ਤੇ ਗਾਈ ਜਾਣ ਵਾਲੀ ਕਵੀਸ਼ਰੀ ਦੀ ਸੁਰ ਅਤੇ ਲੈਅ ਵੀ ਸਾਡੇ ਕੋਲ ਸੀ। ਅਸੀਂ ਸਤਰ ਨੂੰ ਗੁਣਗਣਾ ਕੇ ਵੀ ਵੇਖ ਲੈਂਦੇ। ਸ਼ਾਮ ਤੱਕ ਨਵੀਂ ਸਮੂਹਿਕ ਕਵਿਤਾ ਤਿਆਰ ਕਰ ਲਈ। ਅਗਲੇ ਦਿਨ ਅਸੀਂ ਆਪ ਮੰਗ ਕੇ ਸਮਾਂ ਲਿਆ। ਇੱਕ ਹੋਰ ਨਵੀਂ ਕਵਿਤਾ ਸੁਣ ਕੇ ਸਭ ਨੇ ਸਾਡਾ ਸਿੱਕਾ ਮੰਨ ਲਿਆ।
ਹੁਣ ਅਸੀਂ ਸਕੂਲ ਦਾ ਬੜਾ ਮਹੱਤਵਪੂਰਨ ਕਵੀਸ਼ਰੀ-ਜਥਾ ਸਾਂ। ਰੋਜ਼ ਅਸੀਂ ਸਮੂਹਕ ਤੌਰ ’ਤੇ ਨਵੀਂ ਕਵਿਤਾ ਲਿਖ ਕੇ ਲਿਆਉਂਦੇ ਅਤੇ ਬਾਲ-ਸਭਾ ਵਿਚ ਪੜ੍ਹਦੇ। ਸਕੂਲ ਦੀ ਸਟੇਜ ਉੱਤੇ ਸਾਡੀ ਸਰਦਾਰੀ ਨਿਰਵਿਵਾਦ ਰੂਪ ਵਿਚ ਸਥਾਪਤ ਹੋ ਗਈ। ਇੱਥੋਂ ਉਤਸ਼ਾਹ ਲੈ ਕੇ ਸਾਡੇ ਸਾਥੀਆਂ ਨੇ ਪਿੰਡ ਦੇ ਮੇਲੇ ਉੱਤੇ ਨਿਕਲਦੇ ਜਲੂਸ ਵਿਚ ਵੀ ਸਾਨੂੰ ਕਵਿਤਾਵਾਂ ਪੜ੍ਹਨ ਲਈ ਪ੍ਰੇਰ ਲਿਆ।
ਸਮੂਹਿਕ ਕਵਿਤਾ ਰਚਨ ਦੇ ਅਨੁਭਵ ਵਿਚੋਂ ਹੀ ਮੈਨੂੰ ਲੱਗਿਆ ਕਿ ਆਪਣੇ ਦੂਜੇ ਦੋਵਾਂ ਸਾਥੀਆਂ ਨਾਲੋਂ ਮੇਰੇ ਵਿਚ ਕਵਿਤਾ ਜੋੜਨ ਦੀ ਕਲਾ ਕੁੱਝ ਵਧੇਰੇ ਹੈ। ਜਦੋਂ ਅਸੀਂ ਕਿਸੇ ਟੇਕ ਨੂੰ ਆਧਾਰ ਬਣਾ ਕੇ ਉਸ ਨਾਲ ਜੁੜਦੀਆਂ ਸਤਰਾਂ ਸੋਚ ਰਹੇ ਹੁੰਦੇ ਤਾਂ ਮੈਨੂੰ ਵੱਡੀ ਗਿਣਤੀ ਵਿਚ ਚੰਗੀਆਂ ਕਾਵਿਕ-ਸਤਰਾਂ ਸੁੱਝਣ ਲੱਗੀਆਂ। ਹੌਲੀ ਹੌਲੀ ਮੇਰੇ ਸਾਥੀ ਇਸ ਖੇਤਰ ਵਿਚ ਮੇਰੀ ਸਰਦਾਰੀ ਮੰਨਣ ਲੱਗੇ। ਹੁਣ ਮੇਰੇ ਮਨ ਵਿਚ ਇਹ ਵੀ ਵਿਚਾਰ ਆਉਣ ਲੱਗਾ ਕਿ ਮੈਂ ਆਪ ਇਕੱਲਾ ਵੀ ਕੋਈ ਕਵਿਤਾ ਲਿਖ ਸਕਦਾ ਹਾਂ। ਇਹ 1958-59 ਦਾ ਸਾਲ ਸੀ। ਉਹਨੀਂ ਦਿਨੀਂ ਪੰਜਾਬੀ ਸੂਬੇ ਦੀ ਲਹਿਰ ਬੜੇ ਜ਼ੋਰਾਂ-ਸ਼ੋਰਾਂ ‘ਤੇ ਸੀ। ਅਖ਼ਬਾਰਾਂ ਵਿਚ ਇੱਕ ਕਾਲਮ ‘ਕਾਵਿ–ਫ਼ੁਲਵਾੜੀ’ ਛਪਦਾ ਹੁੰਦਾ, ਜਿਸ ਵਿਚ ਟੇਕ ਜਾਂ ਸਮੱਸਆ ਵੱਜੋਂ ਆਖ਼ਰੀ ਸਤਰ ਦਿੱਤੀ ਹੁੰਦੀ ਤੇ ਵੱਖ-ਵੱਖ ਕਵੀ ਹਰ ਹਫ਼ਤੇ ਉਸ ‘ਸਮੱਸਿਆ’ ਦੇ ਤੁਕਾਂਤ ਅਨੁਸਾਰ ਅੱਠ-ਅੱਠ ਦਸ-ਦਸ ਸਤਰਾਂ ਦੀ ਬੈਂਤ-ਨੁਮਾ ਕਵਿਤਾ ਲਿਖ ਕੇ ਭੇਜਦੇ। ਮੈਂ ਵੀ ਇਸ ਕਾਵਿ-ਫ਼ੁਲਵਾੜੀ ਲਈ ‘ਸਮੱਸਿਆ-ਆਧਾਰਿਤ’ ਕਵਿਤਾ ਲਿਖਣ ਦਾ ਮਨ ਬਣਾ ਲਿਆ। ਟੇਕ ਸੀ:
ਸੂਬਾ ਲੈਣਾ ਹੈ ਅਸਾਂ ਪੰਜਾਬੀਆਂ ਦਾ!
ਮੈਂ ਕੁੱਝ ਸਤਰਾਂ ਲਿਖ ਕੇ ਲਿਫ਼ਾਫ਼ੇ ਵਿਚ ਬੰਦ ਕਰ ਕੇ ‘ਸੰਪਾਦਕ ਦੇ ਨਾਂ’ ਲਿਖੀ ਚਿੱਠੀ ਵਿਚ ਪਾ ਦਿੱਤੀਆਂ। ਮੈਨੂੰ ਇਹ ਆਸ ਹਰਗ਼ਿਜ਼ ਨਹੀਂ ਸੀ ਕਿ ਵੱਡੇ ਵੱਡੇ ਕਵੀਆਂ ਵਿਚ ਅੱਠਵੀਂ ’ਚ ਪੜ੍ਹਦੇ ਇਸ ਵਿਦਿਆਰਥੀ ਦੀ ਕਵਿਤਾ ਵੀ ਛਪ ਜਾਵੇਗੀ। ਇਹ ਛਪ ਗਈ ਤੇ ਇਸਦਾ ਪਤਾ ਵੀ ਮੈਨੂੰ ਬੜੇ ਦਿਲਚਸਪ ਅੰਦਾਜ਼ ਵਿਚ ਲੱਗਾ। ਸਾਡੇ ਘਰ ਦੇ ਸੱਜੇ ਹੱਥ ਪਿੱਛੇ ਬਾਜ਼ਾਰ ਵਿਚ ਭਾਈ ਰਾਮ ਸਿੰਘ ਅਤੇ ਮਿਹਰ ਸਿੰਘ ਦੀ ਸਾਈਕਲ ਮੁਰੰਮਤ ਕਰਨ ਤੇ ਲੱਕੜ ਦੇ ਕੰਮ ਦੀ ਜਿਹੜੀ ਦੁਕਾਨ ਸੀ ਓਥੇ ਭਾਈ ਰਾਮ ਸਿੰਘ ਕੋਲ ਵੀ ਪੰਜਾਬੀ ਦੀ ਅਖ਼ਬਾਰ ਆਉਂਦੀ ਸੀ। ਬੈਠੇ ਹੋਏ ਪੰਜ-ਸੱਤ ਬੰਦਿਆਂ ਵਿਚੋਂ ਇੱਕ ਜਣਾ ਅਖ਼ਬਾਰ ਪੜ੍ਹਦਾ ਅਤੇ ਦੂਜੇ ਲੋਕ ਕੋਲ ਬੈਠ ਕੇ ਖ਼ਬਰਾਂ ਸੁਣਦੇ। ਅਖ਼ਬਾਰ ਦਾ ਵਰਕਾ ਉਥੱਲਦਿਆਂ ਪੜ੍ਹਨ ਵਾਲੇ ਦੀ ਨਜ਼ਰ ਅਚਨਚੇਤ ਕਾਵਿ-ਫ਼ੁਲਵਾੜੀ ਦੇ ਕਾਲਮ ਉੱਤੇ ਜਾ ਪਈ। ਓਥੇ ਕਵਿਤਾ ਹੇਠਾਂ ਮੇਰਾ ਨਾਮ ਛਪਿਆ ਹੋਇਆ ਸੀ:
ਵਰਿਆਮ ਸਿੰਘ ਸੰਧੂ-ਸੁਰ ਸਿੰਘ
ਪੜ੍ਹਨ ਵਾਲੇ ਨੇ ਆਪਣੇ ਪਿੰਡ ਦਾ ਨਾਂ ਛਪਿਆ ਵੇਖ ਕੇ ਪੁੱਛਿਆ, ‘ਬਈ ਆਹ ਕੌਣ ਹੋਇਆ ਆਪਣੇ ਪਿੰਡ ਦਾ ਵਰਿਆਮ ਸਿੰਘ ਸੰਧੂ…ਕਵਿਤਾ ਲਿਖਣ ਵਾਲਾ?’
ਸਾਰੇ ਸੋਚਣ ਲੱਗੇ। ਸਾਡੇ ਪਿੰਡ ਵਿਚ ਜਿੰਨੇ ਵਰਿਆਮ ਸਿੰਘ ਸਨ, ਉਨ੍ਹਾਂ ਬਾਰੇ ਜ਼ਿਕਰ ਛਿੜਿਆ। ‘ਮਾਣਾਂ ਦੀ ਪੱਤੀ’ ਵਾਲਾ ਵਰਿਆਮ ਕਬੱਡੀ ਦਾ ਖਿਡਾਰੀ ਸੀ, ਉਂਜ ਵੀ ਅਨਪੜ੍ਹ ਸੀ। ਉਸ ਤੋਂ ਕਵਿਤਾ ਲਿਖਣ ਦੀ ਆਸ ਹੀ ਨਹੀਂ ਸੀ ਕੀਤੀ ਜਾ ਸਕਦੀ। ਜਾਤ ਦਾ ਵੀ ਢਿੱਲੋਂ ਸੀ। ਪੜ੍ਹਿਆ ਲਿਖਿਆ ਸੀ ਵਰਿਆਮ ਸਿੰਘ ਥਾਣੇਦਾਰ- ਪਰ ਉਹਦਾ ਗੋਤ ਛੀਨਾ ਸੀ। ਪਿੰਡ ਵਿਚਲੇ ਸੰਧੂਆਂ ਦੇ ਘਰਾਂ ਵੱਲ ਸਭ ਦੀ ਨਜ਼ਰ ਗਈ। ਕੋਈ ‘ਵਰਿਆਮ ਸਿੰਘ’ ਹੈ ਹੀ ਨਹੀਂ ਸੀ। ਇਹ ‘ਵਰਿਆਮ ਸਿੰਘ ਸੰਧੂ’ ਸਭ ਲਈ ਬੁਝਾਰਤ ਬਣਿਆ ਹੋਇਆ ਸੀ!
ਇਸੇ ਸਮੇਂ ਮੈਂ ਸਕੂਲੋਂ ਪੜ੍ਹ ਕੇ ਘਰ ਪਰਤ ਰਿਹਾ ਸਾਂ। ਮੈਂ ਲਾਭ ਚੰਦ ਦੀ ਦੁਕਾਨ ਵਾਲੇ ਆਪਣੇ ਘਰ ਨੂੰ ਮੁੜਦੇ ਮੋੜ ਤੋਂ ਮੁੜ ਰਿਹਾ ਸਾਂ ਕਿ ਭਾਈ ਰਾਮ ਸਿੰਘ ਦੀ ਨਜ਼ਰ ਮੇਰੇ ਉੱਤੇ ਪਈ ਅਤੇ ਉਸਨੂੰ ਫ਼ੁਰਨਾ ਫ਼ੁਰਿਆ, ‘ਕਿਤੇ ਇਹ ਆਪਣੇ ਦੀਦਾਰ ਸੂੰਹ ਦਾ ਮੁੰਡਾ ਵਰਿਆਮ ਤਾਂ ਨਹੀਂ…’
‘ਲੈ, ਰਹਿਣ ਦੇ ਰਾਮ ਸਿੰਅ੍ਹਾਂ…ਕਿਹੋ ਜਿਹੀਆਂ ਭੋਲੀਆਂ ਗੱਲਾਂ ਕਰਦੈਂ। ਕਿੱਥੇ ਕੱਲ੍ਹ ਦਾ ਛੋਕਰਾ ਤੇ ਕਿੱਥੇ ਅਖ਼ਬਾਰ ਵਿਚ ਕਵਿਤਾ! ਉਹਨੂੰ ਨਿਆਣੇ ਨੂੰ ਕੀ ਪਤਾ…ਇਹੋ ਜਿਹੀਆਂ ਗੱਲਾਂ ਦਾ!’ ਅਖ਼ਬਾਰ ਪੜ੍ਹਨ ਵਾਲੇ ਬਜ਼ੁਰਗ ਨੇ ਉਹਦੀ ਗੱਲ ਨੂੰ ਮਖ਼ੌਲ ਵਿਚ ਉਡਾ ਦਿੱਤਾ। ਪਰ ਭਾਈ ਰਾਮ ਸਿੰਘ ਨੇ ਸਕੂਲੋਂ ਘਰ ਨੂੰ ਤੁਰੇ ਜਾਂਦੇ ਮੇਰੇ ਇੱਕ ਜਮਾਤੀ ਨੂੰ ਮੇਰੇ ਪਿੱਛੇ ਦੌੜਾ ਦਿੱਤਾ। ਉਸਨੇ ਮੈਨੂੰ ਘਰ ਦੇ ਬਾਹਰਲੇ ਦਰਵਾਜ਼ੇ ’ਚ ਹੀ ਆ ਘੇਰਿਆ।
‘ਤੈਨੂੰ ਬੰਦੇ ਸੱਦਦੇ ਨੇ…’
ਮੈਂ ਉਹਦੇ ਨਾਲ ਦੁਕਾਨ ‘ਤੇ ਪੁੱਜਾ। ਭਾਈ ਰਾਮ ਸਿੰਘ ਨੇ ਅਖ਼ਬਾਰ ਉੱਤੇ ਮੇਰੇ ਨਾਂ ਵਾਲੇ ਥਾਂ ਉੱਤੇ ਉਂਗਲ ਰੱਖੀ ਅਤੇ ਪੁੱਛਿਆ ਕਿ ਕੀ ਉਹ ਕਵਿਤਾ ਲਿਖਣ ਵਾਲਾ ਮੈਂ ਹੀ ਹਾਂ। ਆਪਣਾ ਨਾਮ ਛਪਿਆ ਵੇਖ ਕੇ ਮੇਰੀਆਂ ਅੱਖਾਂ ਵਿਚ ਚਮਕ ਆ ਗਈ। ਮੈਂ ਮਾਣ ਵਿਚ ਭਰ ਕੇ ‘ਹਾਂ’ ਵਿਚ ਸਿਰ ਹਿਲਾਇਆ ਤੇ ਸਭ ਦੇ ਚਿਹਰਿਆਂ ਵੱਲ ਵੇਖਿਆ। ਸਾਰਿਆਂ ਦੇ ਚਿਹਰਿਆਂ ਉੱਤੇ ਖ਼ੁਸ਼ੀ ਭਰੀ ਹੈਰਾਨੀ ਦੀ ਲਿਸ਼ਕ ਸੀ।
‘ਮੈਂ ਤੁਹਾਨੂੰ ਆਖ਼ਦਾ ਨਹੀਂ ਸਾਂ…’ ਭਾਈ ਰਾਮ ਸਿੰਘ ਦੇ ਬੋਲਾਂ ’ਚੋਂ ਅਮਰੀਕਾ ਲੱਭਣ ਵਰਗੀ ਖ਼ੁਸ਼ੀ ਬੋਲ ਰਹੀ ਸੀ।
‘ਬੱਲੇ ਓਏ ਜਵਾਨਾਂ! ਨਹੀਂ ਓਏ ਰੀਸਾਂ ਤੇਰੀਆਂ’ ਜਿਹੜੇ ਬਜ਼ੁਰਗ ਦੇ ਪਹਿਲਾਂ ਮੰਨਣ ਵਿਚ ਨਹੀਂ ਸੀ ਆ ਰਿਹਾ, ਉਸ ਨੇ ਸਟੂਲ ਤੋਂ ਉੱਠ ਕੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਅਤੇ ਫਿਰ ਜੱਫੀ ਵਿਚ ਲੈ ਕੇ ਜ਼ਮੀਨ ਤੋਂ ਉੱਚਾ ਚੁੱਕ ਦਿੱਤਾ। ਮਾਣ ਵਿਚ ਚੌੜੇ ਹੁੰਦਿਆਂ ਉਸਨੇ ਆਖਿਆ, ‘ਪੁੱਤਰਾ! ਨਾਂ ਕੱਢ ਦੇ ਆਪਣੇ ਪਿੰਡ ਦਾ ਤਕੜਾ ਹੋ ਕੇ…’
ਮੈਂ ਜਦੋਂ ਉਨ੍ਹਾਂ ਬਜ਼ੁਰਗਾਂ ਦੀ ਟੋਲੀ ਵਿਚੋਂ ਵਾਪਸ ਪਰਤ ਰਿਹਾ ਸਾਂ ਤਾਂ ਮੇਰੇ ਪੈਰ ਧਰਤੀ ਉੱਤੇ ਨਹੀਂ ਸਨ ਲੱਗਦੇ। ਕੀ ਮੈਂ ਸੱਚ-ਮੁੱਚ ਕੁੱਝ ਅਜਿਹਾ ‘ਵਿਸ਼ੇਸ਼’ ਕੰਮ ਕਰ ਕੇ ਵਿਖਾ ਦਿੱਤਾ ਸੀ ਕਿ ਗੁਰਦੁਆਰੇ ਦਾ ਮੰਨਿਆ ਕਥਾਕਾਰ ਰਾਮ ਸਿੰਘ, ਜਿਸਨੂੰ ਮੈਂ ਬਹੁਤ ਆਦਰ ਅਤੇ ਸ਼ਰਧਾ ਵਾਲੇ ਉੱਚੇ ਥਾਂ ’ਤੇ ਰੱਖਿਆ ਸੀ, ਮੇਰੇ ਇਸ ਕਾਰਜ ਨੂੰ ਫ਼ਖ਼ਰਯੋਗ ਸਮਝ ਰਿਹਾ ਸੀ। ਕੀ ਮੈਂ ਕਵਿਤਾ ਲਿਖ ਕੇ ਸੱਚਮੁੱਚ ਅਜਿਹਾ ਬੰਦਾ ਬਣਨ ਵੱਲ ਵਧ ਰਿਹਾ ਸਾਂ ਜਿਸ ਕੋਲੋਂ ਪਿੰਡ ਦੇ ਬਜ਼ੁਰਗਾਂ ਨੂੰ, ਜਿਨ੍ਹਾਂ ਵਿਚੋਂ ਕਈ ਮੇਰੇ ਪਿਤਾ ਦੀ ਉਮਰ ਤੋਂ ਵੀ ਵੱਡੇ ਸਨ; ਪਿੰਡ ਦਾ ਨਾਂ ਉੱਚਾ ਚੁੱਕ ਸਕਣ ਦੀ ਸਮਰੱਥਾ ਅਤੇ ਸੰਭਾਵਨਾ ਨਜ਼ਰ ਆ ਗਈ ਸੀ।
ਕੁਝ ਵੀ ਹੋਵੇ ਮੈਨੂੰ ਇਹ ਅਹਿਸਾਸ ਜ਼ਰੂਰ ਹੋ ਗਿਆ ਕਿ ਲੇਖਕ ਹੋਣਾ ਆਮ ਬੰਦਿਆਂ ਤੋਂ ਵੱਖਰੇ, ਵਿਸ਼ੇਸ਼ ਅਤੇ ‘ਵੱਡੇ’ ਹੋਣਾ ਹੁੰਦਾ ਹੈ। ਵੱਖਰਾ ਅਤੇ ਵਿਸ਼ੇਸ਼ ਬਣਨ ਦੀ ਰੀਝ ਕਿਧਰੇ ਮੇਰੇ ਅਚੇਤ ਵਿਚ ਵੱਸ ਗਈ।
ਭਾਵੇਂ ਮੈਂ ਨਾਲ-ਨਾਲ ਕਹਾਣੀ ਵੀ ਲਿਖਣ ਲੱਗ ਪਿਆ ਪਰ ਕਵਿਤਾ ਲਿਖਣੀ ਵੀ ਮੈਂ ਨਹੀਂ ਸੀ ਛੱਡੀ। ਜਿੱਥੇ ਕਹਾਣੀਆਂ ਮੈਂ ਅਖ਼ਬਾਰਾਂ ਵਿਚ ਛਪਣ ਲਈ ਭੇਜਦਾ, ਓਥੇ ਕਵਿਤਾਵਾਂ ‘ਫ਼ਤਹਿ’, ‘ਪ੍ਰੀਤਮ’, ‘ਕਹਾਣੀ’ ਆਦਿ ਪਰਚਿਆਂ ਨੂੰ ਭੇਜਦਾ। ਇੱਕ ਵਾਰ ‘ਕਹਾਣੀ’ ਵਿਚ ਇੱਕੋ ਸਫ਼ੇ ਉੱਤੇ ਖੱਬੇ ਪਾਸੇ ਗੁਰਮੁਖ਼ ਸਿੰਘ ਮੁਸਾਫ਼ਿਰ ਦੀਆਂ ਚਾਰ ਰੁਬਾਈਆਂ ਛਪੀਆਂ ਹੋਈਆਂ ਸਨ ਅਤੇ ਦੂਜੇ ਪਾਸੇ ਮੇਰੀਆਂ ਚਾਰ ਰੁਬਾਈਆਂ। ਸੋਲਾਂ ਸਾਲ ਦੇ ਮੁੰਡੇ ਲਈ ਇਹ ਕੋਈ ਘੱਟ ਮਾਣ ਵਾਲੀ ਗੱਲ ਨਹੀਂ ਸੀ। ਉਨ੍ਹਾਂ ਵਿਚੋਂ ਇੱਕ ਰੁਬਾਈ ਮੈਨੂੰ ਹੁਣ ਵੀ ਯਾਦ ਹੈ:
ਬੱਦਲ ਆਇਆ, ਘਟਾਂ ਕਾਲੀਆਂ, ਪੈਲਾਂ ਪਾਉਂਦੇ ਮੋਰ।
ਓਸ ਕੁੜੀ ਦੇ ਨੈਣ ਨਸ਼ੀਲੇ, ਹੈ ਮਸਤਾਨੀ ਤੋਰ।
ਉਹ ਹੱਸਦੀ ਪਰ ਮੈਂ ਹਾਂ ਰੋਂਦੀ, ਇਸਦਾ ਭੇਤ ਮੈਂ ਜਾਣਾਂ
ਉਸਦਾ ਪ੍ਰੀਤਮ ਕੋਲ ਓਸਦੇ, ਦੂਰ ਮੇਰਾ ਚਿੱਤ-ਚੋਰ।
ਅੱਗੇ ਜਾ ਕੇ ਕਵਿਤਾ ਨੇ ਕਈ ਪੱਖਾਂ ਤੋਂ ਮੇਰੀ ਜ਼ਿੰਦਗੀ ਵਿਚ ਬੜਾ ਵੱਡਾ ਰੋਲ ਅਦਾ ਕੀਤਾ। ਜਦੋਂ ਮੇਰਾ ਰਿਸ਼ਤਾ ਤੈਅ ਹੋਇਆ ਤਾਂ ਮੇਰੇ ਪਿਤਾ ਨੇ ਬੜੇ ਖੁੱਲ੍ਹੇ ਦਿਲ ਨਾਲ ਕਿਹਾ ਸੀ ਕਿ ਮੈਂ ਜਿੱਥੇ ਚਾਹਵਾਂ ਆਪਣੀ ਮਨ-ਮਰਜ਼ੀ ਨਾਲ ਵਿਆਹ ਕਰਵਾ ਸਕਦਾ ਹਾਂ। ਇਸਤੋਂ ਪਹਿਲਾਂ ਵੀ ਜਦ ਕਦੀ ਮੇਰੇ ਰਿਸ਼ਤੇ ਦੀ ਗੱਲ ਚੱਲਦੀ ਤਾਂ ਉਹ ਅਗਲਿਆਂ ਨੂੰ ਕਹਿੰਦਾ ਕਿ ਇਸ ਰਿਸ਼ਤੇ ਦਾ ਅੰਤਮ ਫ਼ੈਸਲਾ ਕਿਉਂਕਿ ਮੇਰੇ ਪੁੱਤਰ ਨੇ ਹੀ ਕਰਨਾ ਹੈ, ਇਸ ਲਈ ਗੱਲ ਉਸ ਨਾਲ ਹੀ ਕੀਤੀ ਜਾਵੇ; ਆਪਣੇ ਪੁੱਤਰ ਦਾ ਹਰ ਫ਼ੈਸਲਾ ਉਸਨੂੰ ਪਰਵਾਨ ਹੋਵੇਗਾ। ਬੀਬੀ ਨੇ ਜੇ ਆਖਣਾ ਕਿ ਉਹ ਆਪਣੀ ਕੋਈ ਰਾਇ ਤਾਂ ਦੇਵੇ ਤਾਂ ਉਸਨੇ ਕਹਿਣਾ ਮੈਂ ਉਸਦੀ ਕਵਿਤਾ ਪੜ੍ਹੀ ਹੋਈ ਹੈ। ਕਵਿਤਾ ਵਾਲੀ ਗੱਲ ਵੀ ਉਹ ਬੀਬੀ ਨੂੰ ਹੀ ਆਖਦਾ ਸੀ, ਮੈਨੂੰ ਨਹੀਂ। ਮੈਨੂੰ ਤਾਂ ਬਹੁਤ ਸਾਲਾਂ ਬਾਅਦ ਬੀਬੀ ਨੇ ਹੀ ਇਹ ਗੱਲ ਦੱਸੀ ਸੀ।
ਕਵਿਤਾ ਦਾ ਮਾਜਰਾ ਇਹ ਸੀ। ਦਸਵੀਂ ਦਾ ਇਮਤਿਹਾਨ ਦੇ ਕੇ ਮੈਂ ਬਾਪੂ ਚੰਦਾ ਸਿੰਘ ਕੋਲ ਅਬੋਹਰ ਵਾਲੀ ਠਾਹਰ ’ਤੇ ਮਿਲਣ ਗਿਆ ਸਾਂ। ਉਥੋਂ ਵਾਪਸੀ ’ਤੇ ਮੈਂ ਫ਼ੀਰੋਜ਼ਪੁਰੋਂ ਮਖੂ ਦੀ ਗੱਡੀ ਫੜ੍ਹਨੀ ਸੀ। ਮੈਂ ਬੁੱਕ ਸਟਾਲ ਤੋਂ ਅੰਮ੍ਰਿਤਸਰ ਤੋਂ ਛਪਦਾ ਮਾਸਿਕ-ਪੱਤਰ ‘ਕਹਾਣੀ’ ਖ੍ਰੀਦਿਆ। ਇਸ ਵਿਚ ਕੁੱਝ ਦਿਨ ਪਹਿਲਾਂ ਭੇਜੀ ਮੇਰੀ ਕਵਿਤਾ ਛਪੀ ਹੋਈ ਸੀ।
ਮੇਰੇ ਪਿਤਾ ਨੂੰ ਸਾਹਿਤ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹਨੇ ਪਰਚਾ ਮੇਰੇ ਹੱਥੋਂ ਫੜ੍ਹਿਆ ਅਤੇ ਉਸਤੇ ਝਾਤ ਮਾਰਨ ਲੱਗਾ। ਮੇਰਾ ਨਾਮ ਛਪਿਆ ਵੇਖ ਕੇ ਮੇਰੀ ਕਵਿਤਾ ਪੜ੍ਹਨ ਲੱਗਾ। ਕਵਿਤਾ ਤਾਂ ਭਾਵੇਂ ਤੁਕ-ਬੰਦੀ ਜਿਹੀ ਸੀ ਪਰ ਕਿਸੇ ਸਾਹਿਤਕ ਪਰਚੇ ਵਿਚ ਛਪਣ ਦਾ ਚਾਅ ਤਾਂ ਹੈ ਹੀ ਸੀ। ਉਂਜ ਮੈਂ ਪਿਤਾ ਨੂੰ ਕਵਿਤਾ ਪੜ੍ਹਾਉਣੋਂ ਝਿਜਕਦਾ ਸਾਂ, ਪਰ ਉਸਨੇ ਆਪ ਹੀ ਮੇਰੇ ਕੋਲੋਂ ਪਰਚਾ ਲੈ ਲਿਆ ਸੀ।
ਮੈਂ ਚਾਹੁੰਦਾ ਸਾਂ ਕਿ ਉਹ ਮੇਰੀ ਗ਼ੈਰਹਾਜ਼ਰੀ ਵਿਚ ਕਵਿਤਾ ਪੜ੍ਹਦਾ। ਉਸਦੇ ਕਵਿਤਾ ਪੜ੍ਹਨ ਸਮੇਂ ਕੋਲ ਖਲੋਤਿਆਂ ਮੈਨੂੰ ਸੰਗ ਆਉਂਦੀ ਸੀ। ਸਾਢੇ ਕੁ ਪੰਦਰਾਂ ਸਾਲ ਦੀ ਉਮਰ ਸੀ ਮੇਰੀ ਉਦੋਂ। ਮੈਂ ਚੋਰ-ਅੱਖਾਂ ਨਾਲ ਪਿਤਾ ਦੇ ਚਿਹਰੇ ਵੱਲ ਵੇਖਦਾ ਉਸਦੇ ਹਾਵ-ਭਾਵ ਨੋਟ ਕਰ ਰਿਹਾ ਸਾਂ। ਕਵਿਤਾ ਖ਼ਤਮ ਕਰਕੇ ਉਹ ਮੁਸਕਰਾਇਆ ਅਤੇ ਮੇਰੇ ਨਾਲ ਇਸ ਬਾਰੇ ਕੋਈ ਗੱਲ ਕਰਨ ਦੀ ਥਾਂ ਅੱਗੋਂ ਕੋਈ ਹੋਰ ਚੀਜ਼ ਪੜ੍ਹਨ ਲੱਗਾ। ਮੈਂ ਸੁਖ ਦਾ ਸਾਹ ਲਿਆ ਕਿ ਉਸਨੇ ਕੋਈ ਟਿੱਪਣੀ ਨਹੀਂ ਸੀ ਕੀਤੀ। ਮੈਂ ਟਿੱਪਣੀ ਚਾਹੁੰਦਾ ਵੀ ਨਹੀਂ ਸਾਂ। ਕਵਿਤਾ ਹੀ ਕੁੱਝ ਇਸਤਰ੍ਹਾਂ ਦੀ ਸੀ। ਇਹ ਪਿਓ ਵੱਲੋਂ ਪੁੱਤ ਨੂੰ ਸੰਬੋਧਤ ਹੋ ਕੇ ਲਿਖੀ ਗਈ ਸੀ। ਚੇਤੇ ‘ਤੇ ਜ਼ੋਰ ਪਾਇਆਂ ਇਸ ਕਵਿਤਾ ਦੀਆਂ ਸਤਰਾਂ ਅੱਜ ਵੀ ਮੇਰੇ ਜ਼ਿਹਨ ਵਿਚੋਂ ਬੜੇ ਸਹਿਜ ਨਾਲ ਹੀ ਕਿਰਨ-ਮ-ਕਿਰਨੀ ਕਿਰ ਪਈਆਂ ਹਨ:
ਐ ਮੇਰੇ ਪੁਤਰ ਪਿਆਰੇ, ਮੇਰੀ ਅੱਖ ਦੇ ਲਾਲ ਸਿਤਾਰੇ।
ਜ਼ਿੰਦਗੀ ਦੇ ਸੰਗਰਾਮਾਂ ਅੰਦਰ, ਲੱਖਾਂ ਰਾਹੀ ਥੱਕ-ਟੁੱਟ ਹਾਰੇ।
ਮੈਂ ਵੀ ਉਨ੍ਹਾਂ ’ਚੋਂ ਇੱਕ, ਮੇਰੇ, ਗਏ ਕਦੀ ਸਨ ਜਜ਼ਬੇ ਮਾਰੇ।

ਦਿਲ ਦਾ ਹਰ ਕੋਨਾ ਰੁਸ਼ਨਾਇਆ, ਪਿਆਰ ਦੀ ਦੇਵੀ ਚਰਨ ਜਾਂ ਪਾਇਆ।
ਜੀਵਨ ਖਿੜਿਆ ਵਾਂਗ ਗੁਲਾਬਾਂ, ਚੰਨੀ ਨੂੰ ਹਿੱਕ ਨਾਲ ਜਾਂ ਲਾਇਆ।
ਸਾਥ ਚੁਣਨ ਦਾ ਸਮਾਂ ਜਾਂ ਆਇਆ, ਪਿਤਾ ਅੱਗੇ ਸਵਾਲ ਮੈਂ ਪਾਇਆ।
ਉਨ੍ਹਾਂ ਮੇਰੀ ਇੱਕ ਨਾ ਮੰਨੀ, ਤੇਰੀ ਮਾਂ ਦੇ ਨਾਲ ਵਿਆਹਿਆ।
ਤੜਪਦੀਆਂ ਰਹੀਆਂ ਦੋ ਜਿੰਦਾਂ, ਪਰ ਉਨ੍ਹਾਂ ਨੂੰ ਤਰਸ ਨਾ ਆਇਆ।

ਬਹੁਤਾ ਕੀ ਵਿਸਥਾਰ ’ਚ ਜਾਣਾ, ਮੈਂ ਤਾਂ ਹੈ ਤੈਨੂੰ ਸਮਝਾਣਾ।
ਜੀਵਨ ਸਾਥੀ ਚੁਣ ਮਰਜ਼ੀ ਦਾ ਮੈਂ ਨਹੀਂ ਵਿਚ ਰੋੜਾ ਅਟਕਾਣਾ।
ਆਪ ਤੜਪ ਕੇ ਵੇਖ ਲਿਆ ਮੈਂ ਚਾਹੁੰਦਾ ਨਹੀਂ ਤੈਨੂੰ ਤੜਪਾਣਾ।

ਇਹ ਕਵਿਤਾ ਮੇਰੇ ਅਨੁਭਵ ਦੀ ਕੋਈ ਸੱਚੀ ਆਵਾਜ਼ ਨਹੀਂ ਸੀ। ਮੈਂ ਤਾਂ ਕਿਤਾਬੀ ਪ੍ਰੇਮ-ਕਹਾਣੀਆਂ ਪੜ੍ਹ ਕੇ ਕਿ ਦੋ ਦਿਲਾਂ ਦੇ ਮਿਲਣ ਵਿਚ ਉਨ੍ਹਾਂ ਦੇ ਮਾਪੇ ਅਤੇ ਬਕੌਲ ਦਿਲ-ਜਲੇ ਆਸ਼ਕਾਂ ਦੇ, ‘ਜ਼ਾਲਮ ਸਮਾਜ’, ਜੋ ਨਜਾਇਜ਼ ਰੁਕਾਵਟਾਂ ਖੜੀਆਂ ਕਰਦੇ ਰਹਿੰਦੇ ਹਨ, ਨੂੰ ਨਜ਼ਰ ਵਿਚ ਰੱਖ ਕੇ ਇਹ ਕਵਿਤਾ ਲਿਖੀ ਸੀ। ਇਸਦਾ ਮੇਰੀ ਨਿੱਜੀ ਇੱਛਾ ਨਾਲ ਉਸ ਵੇਲੇ ਕੋਈ ਲੈਣਾ-ਦੇਣਾ ਨਹੀਂ ਸੀ। ਪਿਆਰ-ਮੁਹੱਬਤ ਦੀ ਗੱਲ ਤਾਂ ਦੂਰ ਰਹੀ ਮੈਂ ਤਾਂ ਉਸ ਵੇਲੇ ਤੱਕ ਕਿਸੇ ਜਵਾਨ ਲੜਕੀ ਨਾਲ ਬੋਲ ਤੱਕ ਵੀ ਸਾਂਝਾ ਕਰਨ ਦੀ ਜੁਰਅਤ ਨਹੀਂ ਸੀ ਕੀਤੀ। ਜਦੋਂ ਮੇਰੇ ਪਿਤਾ ਨੇ ਕਵਿਤਾ ਪੜ੍ਹ ਲਈ ਤਾਂ ਮੈਂ ਬੜਾ ਸ਼ਰਮਸਾਰ ਹੋਇਆ ਸਾਂ। ਸੋਚਦਾ ਸਾਂ ਮੇਰਾ ਪਿਤਾ ਆਖੇਗਾ, ‘ਜੰਮ ਮੁਕਿਆ ਨਹੀਂ ਤੇ ਇਸ਼ਕ ਦਾ ਭੂਤ ਪਹਿਲਾਂ ਹੀ ਸਿਰ ’ਤੇ ਸਵਾਰ ਹੋ ਗਿਐ। ਇਹ ਛੋਕਰਾ ਹੁਣ ਤੋਂ ਪਿਓ ਨੂੰ ਉਪਦੇਸ਼ ਦੇਣ ਲੱਗਾ ਹੈ!’
ਕਈ ਦਿਨ ਮੈਂ ਉਸਦੀਆਂ ਅੱਖਾਂ ਵਿਚ ਅੱਖਾਂ ਪਾਉਣ ਤੋਂ ਝਿਜਕਦਾ ਰਿਹਾ। ਡਰਦਾ ਸਾਂ ਕਿ ਉਸਨੇ ਹੁਣ ਵੀ ਇਸ ਮਸਲੇ ਤੇ ਗੱਲ ਕੀਤੀ ਕਿ ਕੀਤੀ। ਪਰ ਕਵਿਤਾ ਪੜ੍ਹ ਕੇ ਚਿਹਰੇ ’ਤੇ ਇੱਕ ਪਲ ਆਈ ਮੁਸਕਰਾਹਟ ਤੋ ਇਲਾਵਾ ਉਸਨੇ ਕਦੀ ਵੀ ਮੇਰੇ ਨਾਲ ਇਸ ਕਵਿਤਾ ਜਾਂ ਇਸ ਵਿਚਲੇ ਸੁਨੇਹੇ ਬਾਰੇ ਗੱਲ-ਬਾਤ ਨਹੀਂ ਸੀ ਕੀਤੀ। ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਉਸਨੇ ਮੇਰੇ ਨਾਲ ਤਾਂ ਕੋਈ ਗੱਲ ਨਾ ਕੀਤੀ ਸਗੋਂ ਮੇਰੀ ਮਾਂ ਨੂੰ ਬਾਰਾਂ-ਤੇਰਾਂ ਸਾਲ ਪਹਿਲਾਂ ਮੇਰੀ ਕਵਿਤਾ ਪੜ੍ਹੀ ਹੋਣ ਦਾ ਹਵਾਲਾ ਦੇ ਕੇ ਮੈਨੂੰ ਮਨ-ਮਰਜ਼ੀ ਕਰਨ ਦੀ ਛੋਟ ਦੇ ਦਿੱਤੀ। ਮੇਰੀ ਕਵਿਤਾ ਵਿਚੋਂ ਹੀ ਮੇਰੇ ਮਨ ਦੀ ਕਾਵਿਕ-ਇੱਛਾ ਪੜ੍ਹ ਕੇ ਉਸਨੂੰ ਮਾਨਤਾ ਦੇਣੀ ਇਹ ਉਸਦੀ ਸੰਵੇਦਨਸ਼ੀਲਤਾ ਦੀ ਜਗਦੀ ਮਿਸਾਲ ਹੈ।
ਜੁਝਾਰ-ਵਿਦਰੋਹੀ ਕਵਿਤਾ ਦਾ ਦੌਰ ਸ਼ੁਰੂ ਹੋਇਆ ਤਾਂ ਸਮੇਂ ਦੇ ਰੁਝਾਨ ਮੁਤਾਬਕ ਮੈਂ ਜੁਝਾਰੂ ਕਵਿਤਾਵਾਂ ਵੀ ਲਿਖ ਰਿਹਾ ਸਾਂ ਅਤੇ ਉਸ ਵੇਲੇ ਦੇ ਅੱਠ-ਦਸ ਚੰਗੇ ਸ਼ਾਇਰਾਂ ਦੀ ਸੂਚੀ ਵਿਚ ਪਿਛੇ ਜਿਹੇ ਕਰ ਕੇ ਮੇਰਾ ਨਾਂ ਵੀ ਛਪਦਾ ਹੁੰਦਾ ਸੀ। ਇਨ੍ਹਾਂ ਦਿਨਾਂ ਵਿਚ ਇਨਕਾਲਬੀ ਲੇਖਕਾਂ ਦੀਆਂ ਕਾਨਫ਼ਰੰਸਾਂ ਅਤੇ ਕਵੀ-ਦਰਬਾਰ ਵੀ ਹੋਣ ਲੱਗੇ। ਮੈਂ ਇਨ੍ਹਾਂ ਕਾਨਫ਼ਰੰਸਾਂ ਵਿਚ ਵੀ ਹਾਜ਼ਰ ਹੁੰਦਾ। ਕਵੀ-ਦਰਬਾਰਾਂ ਵਿਚ ਕਵਿਤਾਵਾਂ ਪੜ੍ਹਦਾ। ਚਾਰੇ ਪਾਸੇ ਜੋਸ਼ ਅਤੇ ਉਤਸ਼ਾਹ ਦਾ ਵਾਤਾਵਰਣ ਸੀ ਅਤੇ ਕੁੱਝ ਕਰ ਗੁਜ਼ਰਨ ਦੀ ਪ੍ਰਬਲ ਖ਼ਾਹਿਸ਼। ਉਸ ਸਮੇਂ ਛਪੇ ਚੋਣਵੇਂ ਕਾਵਿ-ਸੰਗ੍ਰਹਿਆਂ ‘ਆਰੰਭ’ ਅਤੇ ‘ਅਸੀਂ ਜਿਊਂਦੇ ਅਸੀਂ ਜਾਗਦੇ’ ਆਦਿ ਵਿਚ ਵੀ ਮੇਰੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਸਨ। ਕੁੱਝ ਕਵਿਤਾਵਾਂ ਦੇ ਅਨੁਵਾਦ ਤਾਂ ਉਸ ਵੇਲੇ ਦੇ ਪ੍ਰਸਿੱਧ ਹਿੰਦੀ ਸਪਤਾਹਿਕ ‘ਧਰਮ-ਯੁਗ’ ਵਿਚ ਵੀ ਛਪੇ ਸਨ।
ਉਨ੍ਹਾਂ ਦਿਨਾਂ ਵਿਚ ਅਜਿਹੀ ਕਵਿਤਾ ਛਾਪਣ ਲਈ ਦੋ-ਦੋ, ਚਾਰ-ਚਾਰ ਵਰਕਿਆਂ ਵਾਲੇ ਪਰਚੇ ਵੀ ਛਪਣ ਲੱਗੇ। ਅਸੀ ਆਪਣੇ ਇਲਾਕੇ ਵਿਚ ਸਾਹਿਤ ਸਭਾ ਬਣਾਈ ਹੋਈ ਸੀ। ਅਸਾਂ ਵੀ ਫ਼ੈਸਲਾ ਕੀਤਾ ਕਿ ‘ਜੁਝਾਰ’ ਨਾਂ ਦੀ ਇੱਕ ਚੌਵਰਕੀ ਜਾਂ ਛੇ-ਵਰਕੀ ਛਾਪੀ ਜਾਵੇ ਅਤੇ ਇਨ੍ਹੀਂ ਹੀ ਦਿਨੀਂ ਅੰਮ੍ਰਿਤਸਰ ਵਿਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਵੱਲੋਂ ਕੀਤੀ ਜਾਣ ਵਾਲੀ ‘ਪ੍ਰੀਤ-ਮਿਲਣੀ’ ਉੱਤੇ ‘ਪ੍ਰੀਤ-ਪਾਠਕਾਂ’ ਵਿਚ ਤਕਸੀਮ ਕੀਤੀ ਜਾਵੇ। ਇਸਤਰ੍ਹਾਂ ਇਕਦਮ ਵੱਡੇ ਸਾਹਿਤਕ ਦਾਇਰੇ ਵਿਚ ਸਾਡੀ ਸਭਾ ਤੇ ਸਾਡੇ ਲੇਖਕਾਂ ਦਾ ਨਾਂ ਜਾਵੇਗਾ ਅਤੇ ਉਨ੍ਹਾਂ ਦੀ ਸਾਹਿਤਕ ਹਲਕਿਆਂ ਵਿਚ ਪਛਾਣ ਬਣੇਗੀ। ਸਾਨੂੰ ਕਿਉਂਕਿ ਪਰਚੇ ਨੂੰ ਛਪਵਾਉਣ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਸੀਂ ਪੈਸੇ ਇਕੱਠੇ ਕਰ ਕੇ ਪਰਚੇ ਨੂੰ ਛਪਵਾਉਣ ਦੀ ਸੇਵਾ ਕੁਲਵੰਤ ਸਿੰਘ ਦੇ ਜ਼ਿੰਮੇ ਲਾਈ। ਕੁਲਵੰਤ ਸਿੰਘ ਪ੍ਰਿੰਸੀਪਲ ਸੁਜਾਨ ਸਿੰਘ ਹੁਰਾਂ ਦਾ ਬੇਟਾ ਸੀ ਤੇ ਉਹਦੇ ਕਹਿਣ ’ਤੇ ਅਸੀਂ ਉਹਦੇ ਲਈ ਆਪਣੇ ਇਲਾਕੇ ਵਿਚ ਗਿਆਨੀ ਕਾਲਜ ਖੋਲ੍ਹਣ ਵਿਚ ਮਦਦ ਕਰਨ ਲਈ ਅੱਗੇ ਪੜ੍ਹਨ ਦੀ ਰੁਚੀ ਰੱਖਣ ਵਾਲੇ ਕੁਝ ਅਧਿਆਪਕ/ਵਿਦਿਆਰਥੀ ਵੀ ਮੁਹੱਈਆ ਕਰਵਾਏ ਸਨ। ਉਹ ਨਕਸਲੀ ਵਿਚਾਰਾਂ ਦਾ ਪ੍ਰਚਾਰਕ ਸੀ। ਲਾਗ ਤਾਂ ਸਾਨੂੰ ਵੀ ਲੱਗੀ ਹੋਈ ਸੀ।
‘ਪ੍ਰੀਤ-ਮਿਲਣੀ’ ਦੀ ਵਿਚਕਾਰਲੀ ਰਾਤ ਅਸੀਂ ‘ਜੁਝਾਰ’ ਪ੍ਰਾਪਤ ਕਰ ਲਿਆ ਅਤੇ ਰਾਤ ਨੂੰ ਆਪਣੀ ਰਿਹਾਇਸ਼ ’ਤੇ ਬੈਠ ਕੇ ਇਸਦੀਆਂ ਤਹਿਆਂ ਲਾਈਆਂ। ਇਹ ਪੀਲੇ ਰੰਗ ਦੇ ਮੋਟੇ ਕਾਗ਼ਜ਼ ’ਤੇ ਲੰਮੇ-ਰੁਖ਼ ਵੱਡੇ ਆਕਾਰ ਦੇ ਅੱਠ ਸਫ਼ਿਆਂ ’ਤੇ ਛਪਿਆ ਸੀ। ਅਗਲੀ ਸਵੇਰੇ ‘ਪ੍ਰੀਤ-ਮਿਲਣੀ’ ਦੇ ਪਹਿਲੇ ਇਕੱਠ ਤੋਂ ਪਿੱਛੋਂ ਚਾਹ-ਪਾਣੀ ਪੀਣ ਦੇ ਵਕਫ਼ੇ ਸਮੇਂ ਅਸੀਂ ਇਹ ਅੱਠ-ਵਰਕੀ ‘ਜੁਝਾਰ’ ਵੰਡਣਾ ਸ਼ੁਰੂ ਕੀਤਾ। ‘ਜੁਝਾਰ’ ਦੇ ਮੁੱਖ ਪੰਨੇ ਉੱਤੇ ਮੇਰੀ ਕਵਿਤਾ ਸੀ- ਜਿਸ ਵਿਚ ਗੁਰਬਖ਼ਸ਼ ਸਿੰਘ ਦੀ ‘ਪ੍ਰੀਤ-ਮਿਲਣੀ’ ਨੂੰ ਅਜੋਕੇ ਪ੍ਰਸੰਗ ਵਿਚ ਵਿਅੰਗ ਦਾ ਨਿਸ਼ਾਨਾ ਬਣਾਇਆ ਗਿਆ ਸੀ:

ਦੀਵਾਰ ਤੇ ਲਟਕਿਆ ਲੈਨਿਨ ਬੁੱਢਾ ਹੋ ਰਿਹਾ ਹੈ
ਸੀਸ ਲਈ ਮੰਗ ਕਰਦੀ
ਗੋਬਿੰਦ ਦੀ ਤਣੀ ਉਂਗਲ ਥੱਕ ਚੱਲੀ ਹੈ
-ਤੁਸੀਂ ਰੰਗਲੇ ਬੰਗਲਿਆਂ ਵਿਚ ਬਹਿ ਕੇ
ਆਰਾਮ ਦੀ ਗੱਲ ਕਰਦੇ ਹੋ!
ਪ੍ਰੀਤਾਂ ਦਾ ਮਿਲਣ ਚਾਹੁੰਦੇ ਹੋ!
ਕੁਲਵੰਤ ਨੇ ਪਹਿਲਾਂ ਹੀ ਪਰਚਾਰ ਸ਼ੁਰੂ ਕਰ ਦਿੱਤਾ ਸੀ ਕਿ ਉਹਨੇ ਸਾਡੇ ਇਲਾਕੇ ਵਿਚ ਨਕਸਲੀ ਲਹਿਰ ਦੇ ‘ਪੈਰ ਲਾ ਦਿੱਤੇ’ ਨੇ। ਕੁਲਵੰਤ ਦੇ ਐਲਾਨਾਂ ਨੇ ਤੇ ‘ਜੁਝਾਰ’ ਵਿਚ ਛਪੀਆਂ ਕਵਿਤਾਵਾਂ ਨੇ ਪੁਲਿਸ ਅਤੇ ਸੀ ਆਈ ਡੀ ਦਾ ਧਿਆਨ ਆਕਰਸ਼ਿਤ ਕਰਨਾ ਹੀ ਸੀ। ਨਿਸਚੈ ਹੀ ‘ਪ੍ਰੀਤ-ਮਿਲਣੀ’ ’ਤੇ ਗੁਪਤਚਰ ਵਿਭਾਗ ਦੇ ਕਰਮਚਾਰੀ ਵੀ ਹੋਣਗੇ। ਕਵੀ ਅਤੇ ਕਵਿਤਾ ਇਨ੍ਹੀਂ ਦਿਨੀਂ ਖ਼ਤਰਨਾਕ ਹੋ ਗਏ ਸਨ। ਸਰਕਾਰ ਦਾ ਖ਼ੁਫ਼ੀਆ ਵਿਭਾਗ ਚੌਕਸ ਹੋ ਗਿਆ ਸੀ। ਹਰੇਕ ਸੈਮੀਨਾਰ, ਕਾਨਫ਼ਰੰਸ ਵਿਚ ਸੀ ਆਈ ਡੀ ਦੇ ਬੰਦੇ ਹੁੰਦੇ। ਸਰਕਾਰ ਸਾਹਿਤਕ ਖ਼ੇਤਰ ਵਿਚ ਉੱਭਰ ਰਹੇ ‘ਇਨਕਲਾਬੀ ਉਭਾਰ’ ਨੂੰ ਬੜੇ ਧਿਆਨ ਨਾਲ ਵਾਚ ਰਹੀ ਸੀ। ਲੇਖਕਾਂ ਨੇ ਤਾਂ ਪਤਾ ਨਹੀਂ ਸਾਡੇ ਪਰਚਾ ਵੰਡਣ ਦਾ ਕੋਈ ਨੋਟਿਸ ਲਿਆ ਵੀ ਸੀ ਜਾਂ ਨਹੀਂ ਪਰ ਸੀ ਆਈ ਡੀ ਨੇ ਇਸਦਾ ਨੋਟਿਸ ਗੰਭੀਰਤਾ ਨਾਲ ਲਿਆ।
ਸ਼ਾਇਦ 1971 ਦੀ ਗੱਲ ਹੈ। ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਚ ਕਵੀ ਦਰਬਾਰ ਸੀ। ਪੰਜਾਬੀ ਦੇ ਚੋਟੀ ਦੇ ਜੁਝਾਰਵਾਦੀ ਕਵੀ ਓਥੇ ਹਾਜ਼ਰ ਸਨ। ਮੈਂ ਇੱਥੇ ਆਪਣੀ ਕਵਿਤਾ ਪੜ੍ਹੀ:
ਕਿਸਨੂੰ ਉਡੀਕਦੇ ਹੋ?
ਗੋਬਿੰਦ ਨੇ ਹੁਣ ਪਟਨੇ ’ਚੋਂ ਨਹੀਂ ਆਉਣਾ
ਮਸਤਕ ਤੋਂ ਹੱਥ ਤੱਕ
ਇਹੋ ਹੀ ਰਸਤਾ ਕੇਸਗੜ ਦੇ ਮੈਦਾਨ ਨੂੰ ਜਾਂਦਾ ਹੈ
ਕਵਿਤਾ ਸੁਣਾ ਕੇ ਸਟੇਜ ਤੋਂ ਉੱਤਰਿਆ ਤਾਂ ਇੱਕ ਸਾਊ ਦਿੱਸਦੇ ਆਦਮੀ ਨੇ ਅੱਗੇ ਵਧ ਕੇ ਗਰਮਜੋਸ਼ੀ ਨਾਲ ਹੱਥ ਮਿਲਾ ਕੇ ਮੇਰੀ ਕਵਿਤਾ ਦੀ ਪ੍ਰਸ਼ੰਸਾ ਕੀਤੀ ਤੇ ਅੱਗੇ ਤੋਂ ਵੀ ਮੇਰੇ ਨਾਲ ਸੰਪਰਕ ਬਣਾਈ ਰੱਖਣ ਲਈ ਮੇਰਾ ਅਤਾ-ਪਤਾ ਪੁੱਛਿਆ। ਮੈਂ ਖ਼ੁਸ਼ੀ-ਖ਼ੁਸ਼ੀ ਦੱਸ ਦਿੱਤਾ। ਆਖ਼ਰ ਉਹ ਮੇਰੀ ਕਵਿਤਾ ਦਾ ‘ਏਡਾ ਵੱਡਾ ਪ੍ਰਸ਼ੰਸਕ’ ਸੀ! ਉਹ ਹੱਥ ਮਿਲਾ ਕੇ ਤੁਰਿਆ ਤਾਂ ਫਤਹਿਜੀਤ ਨੇ ਦੱਸਿਆ, ‘ਇਹ ਤਾਂ ਸੀ ਆਈ ਡੀ ਦਾ ਬੰਦਾ ਸੀ।’
ਸਾਹਿਤਕ ਹਲਕਿਆਂ ਵਿਚ ਵੀ ਮੇਰਾ ਨਾਮ ਬੋਲਣ ਲੱਗ ਪਿਆ ਸੀ। ਕਹਾਣੀਕਾਰ ਦੇ ਤੌਰ ‘ਤੇ ਵੀ ਅਤੇ ਕਵੀ ਦੇ ਰੂਪ ਵਿਚ ਵੀ। ਦੂਜੇ ਪਾਸੇ ‘ਸਰਕਾਰੀ ਕਾਗ਼ਜ਼ਾਂ’ ਵਿਚ ਮੇਰਾ ਨਾਮ ਇੱਕ ‘ਖ਼ਤਰਨਾਕ ਵਿਅਕਤੀ’ ਵਜੋਂ ਦਰਜ ਹੋ ਗਿਆ ਸੀ। ਅਗਲੇ ਸਾਲਾਂ ਵਿਚ ਵਾਰ-ਵਾਰ ਇਸ ਤੱਥ ਦੀ ਪੁਸ਼ਟੀ ਹੁੰਦੀ ਰਹੀ।
ਜਦੋਂ ਮੈਨੂੰ ਐਮਰਜੈਂਸੀ ਵੇਲੇ ਡੀ ਆਈ ਆਰ ਲਾ ਕੇ ਜੇਲ੍ਹ ਭੇਜਿਆ ਤਾਂ ਸਾਡੇ ਵਕੀਲ ਅਜਾਇਬ ਹੁੰਦਲ ਨੇ ਜਦੋਂ ਗ਼ਿ੍ਰਫ਼ਤਾਰੀ ਦਾ ਕਾਰਨ ਪੁੱਛਿਆ ਤਾਂ ਜੱਜ ਨੇ ਕਿਹਾ, ‘ਯੇਹ ਇੰਦਰਾ ਗਾਂਧੀ ਕੇ ਖ਼ਿਲਾਫ਼ ਕਵਿਤਾਏਂ ਲਿਖਤੇ ਹੈਂ।
ਤਾਂ ਇਹ ਸੀ ਕਵਿਤਾ ਦੀ ਮੈਨੂੰ ਦਿੱਤੀ ਦੇਣ!
ਜਦੋਂ ਜੁਝਾਰ-ਵਿਦਰੋਹੀ ਕਵਿਤਾ ਦਾ ਦੌਰ ਸਿਖ਼ਰ ’ਤੇ ਸੀ ਤਾਂ ਮੇਰਾ ਬਤੌਰ ਕਹਾਣੀਕਾਰ ਨਾਂ ਬਣ ਰਿਹਾ ਸੀ। ‘ਲੋਹੇ ਦੇ ਹੱਥ’ (1971) ਕਹਾਣੀ-ਸੰਗ੍ਰਹਿ ਛਪਣ ਨਾਲ ਕਹਾਣੀਕਾਰ ਵਜੋਂ ਮੇਰਾ ਵੱਜ ਬਣ ਗਿਆ ਤੇ ਮੈਂ ਆਪਣਾ ਧਿਆਨ ਕਹਾਣੀ ’ਤੇ ਕੇਂਦ੍ਰਿਤ ਕਰ ਲਿਆ। ਕਵਿਤਾ ਵਿਚ ਮੇਰਾ ਨਾਂ ਅਠਵੇਂ ਨੌਵੇਂ ਨੰਬਰ ’ਤੇ ਆਉਂਦਾ ਸੀ, ਇਨਕਲਾਬੀ ਚੱਸ ਵਾਲੀ ਕਹਾਣੀ ਲਿਖਣ ਵਾਲਿਆਂ ਵਿਚ ਮੈਂ ਪਹਿਲਿਆਂ ਵਿਚ ਸਾਂ। ਹੌਲੀ ਹੌਲੀ ਮੈਂ ਕਵਿਤਾ ਲਿਖਣੀ ਹੀ ਛੱਡ ਦਿੱਤੀ। ਭਾਵੇਂ ਮੇਰੇ ਕੁਝ ਸ਼ਾਇਰ ਤੇ ਲੇਖਕ ਦੋਸਤ ਮੇਰੀ ਸ਼ਾਇਰੀ ਦੀ ਤਾਰੀਫ਼ ਕਰਦੇ ਰਹਿੰਦੇ। ਪ੍ਰਸਿੱਧ ਨਾਟਕਕਾਰ ਸਤੀਸ਼ ਵਰਮਾ ਨੇ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਕਾਲਜ ਪੜ੍ਹਦਿਆਂ ਉਹਨੇ ਮੇਰੀ ਕਵਿਤਾ ‘ਨਾ ਰੋ!’ ਕਾਵਿ-ਉਚਾਰਣ ਮੁਕਾਬਲਿਆਂ ਵਿਚ ਸੁਣਾ ਕੇ ਕਈ ਇਨਾਮ ਜਿੱਤੇ। ਇੰਝ ਦੀ ਗੱਲ ਹੀ ਰਵਿੰਦਰ ਸਹਿਰਾਅ ਕਹਿੰਦਾ ਹੈ ਕਿ ਉਹ ਮੇਰੀ ਨਜ਼ਮ ‘ਦੀਵਾਰ ’ਤੇ ਲਟਕਿਆ ਲੈਨਿਨ’ ਅਕਸਰ ਕਾਵਿ-ਉਚਾਰਣ ਮੁਕਾਬਲਿਆਂ ਵਿਚ ਸੁਣਾਇਆ ਕਰਦਾ ਸੀ। ਸੁਰਿੰਦਰ ਧੰਜਲ ਨੇ ਤਾਂ ਲਿਖ ਕੇ ਇਹ ਗੱਲ ਮੰਨੀ ਹੋਈ ਹੈ ਕਿ ਜੁਝਾਰ-ਵਿਦਰੋਹੀ ਦੌਰ ਦੇ ਜਿਨ੍ਹਾਂ ਨੌਂ ਕਵੀਆਂ ਤੋਂ ਉਹ ਮੁਤਾਸਰ ਹੋ ਕੇ ਕਵਿਤਾ ਲਿਖਣ ਲੱਗਾ, ਉਨ੍ਹਾਂ ਵਿਚ ‘ਵਰਿਆਮ ਸਿੰਘ ਸੰਧੂ’ ਵੀ ਇੱਕ ਨਾਂ ਸੀ।
ਪਿਛਲੇ ਪੰਦਰਾਂ ਕੁ ਸਾਲਾਂ ਤੋਂ ਅਚਨਚੇਤ ਕਵਿਤਾ ਮੁੜ ਮੇਰੇ ਵਿਹੜੇ ਵਿਚ ਬਰਸਣ ਲੱਗੀ। ਇਨ੍ਹਾਂ ਸਾਲਾਂ ਵਿਚ ਮੈਂ ਕਈ ਕਵਿਤਾਵਾਂ ਲਿਖੀਆਂ। ਕਦੀ ਕਦੀ ਮੇਰੇ ਮਨ ਵਿਚ ਇਹ ਖ਼ਿਆਲ ਆਉਂਦਾ ਕਿ ਮੈਨੂੰ ਆਪਣੀਆਂ ਨਵੀਆਂ ਪੁਰਾਣੀਆਂ ਕਵਿਤਾਵਾਂ ਇਕੱਠੀਆਂ ਕਰ ਕੇ ਇਕ ਥਾਂ ਸਾਂਭ ਲੈਣੀਆਂ ਚਾਹੀਦੀਆਂ ਨੇ। ਦੋਸਤ-ਮਿੱਤਰ ਵੀ ਅਕਸਰ ਕਹਿੰਦੇ ਰਹਿੰਦੇ। ਪਰ ਮੇਰੇ ਖ਼ਿਆਲ ਨੂੰ ਸਾਕਾਰ ਕਰਨ ਵਿਚ ਡਾ ਲਖਵਿੰਦਰ ਜੌਹਲ ਹੁਰਾਂ ਮੈਨੂੰ ਪ੍ਰੇਰਿਤ ਕੀਤਾ:
ਇੰਝ ‘ਵਰਿ੍ਹਆਂ ਪਿੱਛੋਂ’ ਇਹ ਕਵਿਤਾ ਤੁਹਾਡੇ ਰੂ ਬ ਰੂ ਹੈ।
ਕਵਿਤਾਵਾਂ ਦੋ ਭਾਗਾਂ ਵਿਚ ਵੰਡੀਆਂ ਗਈਆਂ ਹਨ। ਪਹਿਲੇ ਭਾਗ ਵਿਚ ‘ਤਾਜ਼ਾ’ ਕਵਿਤਾਵਾਂ ਨੇ ਤੇ ਦੂਜੇ ਭਾਗ ਵਿਚ ਪੰਜਾਹ ਸਾਲ ਪਹਿਲਾਂ ਲਿਖੀਆਂ ‘ਪੁਰਾਣੀਆਂ ਕਵਿਤਾਵਾਂ।
ਅੱਧੀ ਸਦੀ ਪਹਿਲਾਂ ਲਿਖੀਆਂ ਕਵਿਤਾਵਾਂ ’ਤੇ ਤਤਕਾਲੀ ਰਾਜਨੀਤਕ, ਸਮਾਜਿਕ-ਸਭਿਆਚਰਕ ਤੇ ਸਾਹਿਤਕ ਹਾਲਾਤ ਦਾ ਅਸਰ ਪ੍ਰਤੱਖ ਹੈ।
‘ਹੁਣ’ ਲਿਖੀਆਂ ਕਵਿਤਾਵਾਂ ਨੂੰ ‘ਦੂਰ ਦੀ ਨਜ਼ਰ’ ਨਾਲ ਅਤੇ ਪਹਿਲੀਆਂ ਕਵਿਤਾਵਾਂ ਨੂੰ ‘ਨੇੜੇ ਦੀ ਨਜ਼ਰ’ ਨਾਲ ਵੇਖਣ ਦੀ ਇਲਤਜਾ ਹੈ।
ਉਮੀਦ ਹੈ, ਨਵੀਆਂ ਦੀ ਤਾਜ਼ਗੀ ਦੇ ਸਵਾਦ ਬਾਰੇ ਵੀ ਦੱਸੋਗੇ, ਪਰ ਪੁਰਾਣੀਆਂ ਬਾਰੇ ਵੀ ਦੱਸਣਾ ਕਿ ‘ਬੇਹੀਆਂ’ ਤਾਂ ਨਹੀਂ ਹੋ ਗਈਆਂ!