ਕੌਣ ਚੁੱਕਦੇ ਨੇ ਡੀ.ਸੀ. ਦੀ ਰਸੋਈ ਦਾ ਖਰਚਾ?

ਸਾਬਕਾ ਡੀ.ਸੀ. ਹਰਕੇਸ਼ ਸਿੱਧੂ ਦੀ ਆਤਮਕਥਾ `ਚ ਵੱਡੇ ਖੁਲਾਸੇ
ਸਰਬਜੀਤ ਧਾਲੀਵਾਲ
ਅਕਸਰ ਕਿਹਾ ਜਾਂਦਾ ਹੈ ਕਿ ਜੱਟ ਤਾਂ ਸੁਹਾਗੇ ‘ਤੇ ਚੜ੍ਹਿਆ ਮਾਨ ਨਹੀਂ ਹੁੰਦਾ, ਜੇਕਰ ਡੀ.ਸੀ. ਲੱਗ’ਜੇ ਫਿਰ ਤਾਂ ਕਹਿਣਾ ਹੀ ਕੀ। ਹਰਕੇਸ਼ ਸਿੱਧੂ ਜੱਟਾਂ ਦਾ ਮੁੰਡਾ ਵੀ ਹੈ। ਉਹ ਸੁਹਾਗੇ ‘ਤੇ ਵੀ ਚੜ੍ਹਿਆ ਤੇ ਸੁਹਾਗਾ ਫੇਰਿਆ ਵੀ ਹੈ। ਉਹ ਸਰਪੰਚ ਵੀ ਰਿਹਾ ਹੈ ਤੇ ਡੀ.ਸੀ. ਵੀ। ਪਰ ਉਸਨੂੰ ਇਹ ਸਭ ਕੁਝ ਦਾ ਕਦੇ ਘਮੰਡ ਨਹੀਂ ਰਿਹਾ, ਕਿਉਂਕਿ ਉਹ ਗੁਰੂ ਦੇ ਭਾਣੇ ‘ਚ ਵਿਚਰਨ ਵਾਲਾ ਸ਼ਖਸ ਹੈ। ਗੁਰੂਬਾਣੀ ਉਸਦਾ ਓਟ-ਆਸਰਾ ਰਹੀ ਹੈ ਤੇ ਹੁਣ ਵੀ ਹੈ। ਗੁਰੂ ਦਾ ਭੈਅ ਉਸਦੇ ਅੰਗ-ਸੰਗ ਰਿਹਾ ਹੈ। ਇਸ ਭੈਅ ਅਧੀਨ ਵਿਚਰਦਿਆਂ ਹੋਇਆ ਹੀ ਉਸਨੇ ਆਪਣੀ ਸਰਪੰਚੀ, ਸਰਕਾਰੀ ਵਕੀਲ ਤੇ ਡੀ.ਸੀ. ਦੇ ਕਾਰਜ ਨੂੰ ਨਿਭਾਇਆ ਹੈ। ਆਪਣੀ ਅਣਖ ਤੇ ਜਮੀਰ ਨਾਲ ਸਮਝੌਤਾ ਨਹੀਂ ਕੀਤਾ ਤੇ ਕਿਸੇ ਨਾਡੂਖਾਨ ਨੂੰ ਆਪਣੇ ਸਾਹਮਣੇ ਖੰਗਣ ਨਹੀਂ ਦਿੱਤਾ।

ਸੰਗਰੂਰ ਜਿਲ੍ਹੇ ਦੇ ਆਪਣੇ ਪਿੰਡ ਲਾਡਬਣਜਾਰੇ ਜਨਮਿਆ ਹਰਕੇਸ਼ ਸਿੰਘ ਸਿੱਧੂ ਦਾ ਬਚਪਨ ਕਠਿਨਾਈਆਂ, ਮੁਸ਼ਕਿਲਾਂ ਤੇ ਹਾਦਸਿਆਂ ਭਰਿਆ ਰਿਹਾ। ਉਸਨੇ ਆਪਣਾ ਜ਼ਿੰਦਗੀਨਾਮਾ ਆਪੇ ਲਿਖੀ ਕਿਤਾਬ ‘ਸਰਪੰਚ ਤੋਂ ਡੀ. ਸੀ ਤਕ’ ਵਿਚ ਵੜੀ ਇਮਾਨਦਾਰੀ ਨਾਲ ਕਲਮਬੰਦ ਕੀਤਾ ਹੈ। ਉਹ ਹਾਲੇ ਬਚਪਨ ਦੀ ਦਹਿਲੀਜ ‘ਤੇ ਖੇਡ ਹੀ ਰਿਹਾ ਸੀ ਕਿ ਉਸਦੇ ਪਿਤਾ ਤੇ ਦਾਦਾ ਦਾ ਕਤਲ ਹੋ ਗਿਆ। ਜਿਥੇ ਉਹ ਆਪਣੇ ਪਿਉ-ਦਾਦੇ ਦੀ ਵਿਰਾਸਤ ਦਾ ਵਾਰਿਸ ਬਣਿਆ, ਉਥੇ ਉਸਨੂੰ ਬਚਪਨ ‘ਚ ਹੀ ਉਨ੍ਹਾਂ ਦੇ ਸਦੀਵੀ ਵਿਛੋੜੇ ਦਾ ਦਰਦ ਹੰਢਾਉਣਾ ਪਿਆ। ਉਸਦੇ ਨਾਨਾ ਉਸਨੂੰ ਤੇ ਉਸਦੀ ਮਾਤਾ ਨੂੰ ਆਪਣੇ ਪਿੰਡ ਸੰਗਤੀਵਾਲਾ ਲੈ ਗਏ ਤੇ ਉਨ੍ਹਾਂ ਦੀ ਪਰਵਰਿਸ਼ ਆਪਣੇ ਨਾਨਾ ਸ. ਹਰੀ ਨੰਦ ਸਿੰਘ ਦੀ ਦੇਖ ਰੇਖ ‘ਚ ਹੋਈ। ਨਾਨਾ ਜੀ ਧਾਰਮਿਕ ਬਿਰਤੀ ਵਾਲੇ ਸਨ ਤੇ ਇਸ ਦਾ ਹਰਕੇਸ਼ ਸਿੰਘ ਸਿੱਧੂ ਦੇ ਜੀਵਨ ‘ਤੇ ਗਹਿਰਾ ਅਸਰ ਪਿਆ। ਇਸ ਕਰਕੇ ਉਹ ਮੀਟ ਤੇ ਸ਼ਰਾਬ ਵਰਗੀਆਂ ਅਲਾਮਤਾਂ ‘ਤੋਂ ਬਚਿਆ ਰਿਹਾ।
ਉਸਨੂੰ ਜਿੰਦਗੀ ਦੇ ਹਰ ਖੇਤਰ ਵਿਚ ਵਿਚਰਣ ਦਾ ਮੌਕਾ ਮਿਲਿਆ। ਉਹ ਨਾਨਕੇ ਘਰ ਵੱਡਾ ਹੋਇਆ, ਸਰਕਾਰੀ ਸਕੂਲ ‘ਚ ਪੜ੍ਹਿਆ, ਫਿਰ ਪ੍ਰਾਈਵੇਟ ਵੀ ਪੜ੍ਹਿਆ, ਨੌਕਰੀ ਕਰਦਿਆਂ ਵੀ ਪੜ੍ਹਦਾ ਰਿਹਾ, ਪੜ੍ਹਦੇ ਸਮੇਂ ਸ਼ਰਾਰਤਾਂ ਕੀਤੀਆਂ, ਸੱਟਾਂ ਖਾਦੀਆਂ, ਸੱਟ ਖਾ ਕੇ ਸਬਕ ਸਿਖਿਆ ਤੇ ਮਿਹਨਤ ਕਰਨ ਵੱਲ ਮੋੜਾ ਕੱਟਿਆ, ਅਨੇਕਾਂ ਨੌਕਰੀਆਂ ਕੀਤੀਆਂ ਤੇ ਛੱਡੀਆਂ, ਵਕੀਲ ਬਣਿਆ, ਸਰਕਾਰੀ ਵਕੀਲ ਬਣਿਆ ਤੇ ਫਿਰ ਨੌਕਰੀ ਛੱਡ ਕੇ ਸਰਪੰਚੀ ਕੀਤੀ, ਸਿਆਸਤ ਕੀਤੀ, ਨੌਕਰੀ ਤੋਂ ਛੁੱਟੀ ਲੈ ਕੇ ਐਸ.ਜੀ.ਪੀ.ਸੀ ਦੀ ਚੋਣ ਲੜੀ, ਪੱਤਰਕਾਰੀ ਚ ਡਿਗਰੀ ਹਾਸਿਲ ਕੀਤੀ ਤੇ ਧਰਮ ਅਧਿਆਇਨ ਦੀ ਐੱਮ.ਏ. ਤੇ ਪੀਐੱਚਡੀ ਕੀਤੀ। ਫਿਰ ਪੀ.ਸੀ.ਐਸ. ਅਧਿਕਾਰੀ ਬਣਿਆ ਤੇ ਮੈਜਿਸਟ੍ਰੇਟ, ਐਸ.ਡੀ.ਐੱਮ. ਵੀ ਲੱਗਿਆ। ਫਿਰ ਆਈ.ਏ.ਐਸ. ਵਜੋਂ ਤਰੱਕੀ ਹੋਈ ਤੇ ਡੀ.ਸੀ ਬਣਿਆ ਤੇ ਕਈ ਮਹਿਕਮਿਆਂ ਦਾ ਮੁਖੀ ਬਣਨ ਦਾ ਮੁਕਾਮ ਹਾਸਿਲ ਕੀਤਾ।
ਅਫ਼ਸਰੀ ਕਰਦੇ ਸਮੇਂ ਉਹ ਕਿਸਤਰ੍ਹਾਂ ਦੇ ਟਿੱਬਿਆਂ-ਟੋਇਆ ਵਿਚ ਦੀ ਗੁਜਰਿਆ, ਇਸ ਦਾ ਦਿਲਚਸਪ ਬਿਰਤਾਂਤ ਉਸਦੀ ਆਪਣੀ ਆਤਮ ਕਥਾ ਨੂੰ ਇਕ ਨਿਰਾਲਾਪਣ ਬਖਸ਼ਦਾ ਹੈ। ਅਫ਼ਸਰੀ ਨਾਲ ਜਿੱਥੇ ਠਾਠ-ਬਾਠ ਜੁੜੀ ਹੋਈ ਹੈ ਜਾਂ ਸਾਨੂੰ ਦਿਸਦੀ ਹੈ, ਉਹ ਅਸਲੀਅਤ ਵੀ ਹੈ ਤੇ ਛਲਾਵਾ ਵੀ। ਅਫ਼ਸਰੀ ਇਕ ਅਜਿਹੀ ਕੰਡਿਆਲੀ ਥੋਰ ਹੈ, ਜਿਸਦੇ ਕੰਡੇ ਬਹੁਤ ਕਟੀਲੇ ਤੇ ਫੁੱਲ ਬਹੁਤ ਹੀ ਦੁਰਲੱਭ ਤੇ ਖੂਬਸੂਰਤ ਹੁੰਦੇ ਨੇ। ਸ਼ੁਰੂ ਚ ਹਰਕੇਸ਼ ਨੇ ਬੈਂਕ ‘ਚ ਨੌਕਰੀ ਕੀਤੀ। ਉਸ ਬੈਂਕ ਦਾ ਮੈਨੇਜਰ ਸ਼ਰਾਬੀ ਤੇ ਭ੍ਰਿਸਟ ਸੀ। ਹਰ ਜਿਮੀਂਦਾਰ ਕੋਲੋਂ ਟਾਊਟ ਰਾਹੀਂ ਰਿਸ਼ਵਤ ਲੈਂਦਾ ਸੀ। ਇਹ ਗੱਲ ਹਰਕੇਸ਼ ਨੂੰ ਬਹੁਤ ਰੜਕਦੀ ਸੀ। ਇਕ ਵਾਰੀ ਸਾਰੇ ਸਟਾਫ ਨੂੰ ਸਹੁੰ ਪੁਆ ਦਿਤੀ ਕਿ ਕੋਈ ਰਿਸ਼ਵਤ ਨਹੀਂ ਲਵੇਗਾ, ਪਰ ਮੈਨੇਜਰ ਨਾ ਹਟਿਆ। ਹਰਕੇਸ਼ ਨੇ ਉਸਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਮੈਨੇਜਰ ਨੇ ਆਪਣੀ ਕਲਾ ਵਰਤੀ ਤੇ ਹਰਕੇਸ਼ ਹੋਰਾਂ ਨੂੰ ਨੌਕਰੀਓਂ ਵਿਹਲੇ ਕਰ ਦਿੱਤਾ ਤੇ ਆਪ ਮੈਨਜਮੈਂਟ ਦੀਆਂ ਨਜਰਾਂ ਵਿਚ ਇਹ ਦਲੀਲ ਦੇ ਕੇ ਚੰਗਾ ਬਣ ਗਿਆ ਕਿ ਬੈਂਕ ਦਾ ਖਰਚਾ ਘਟਾ ਦਿੱਤਾ ਹੈ। ਹਰਕੇਸ਼ ਨੇ ਲੇਬਰ ਕੋਰਟ ‘ਚ ਕੇਸ ਕਰ ਦਿੱਤਾ। ਲੇਬਰ ਕੋਰਟ ਦਾ ਜੱਜ ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਈਵਨਿੰਗ ਲਾਅ ਕੋਰਸ ‘ਚ ਪਾਰੑਟ ਟਾਈਮ ਲੈਕਚਰਾਰ ਵੀ ਸੀ। ਉਥੇ ਹਰਕੇਸ਼ ਸਿੰਘ ਈਵਨਿੰਗ ਕੋਰਸ ਵਿਚ ਕਾਨੂੰਨ ਵਿਭਾਗ ਦਾ ਵਿਦਿਆਰਥੀ ਸੀ ਤੇ ਉਸ ਲੈਕਚਰਾਰ ਨਾਲ ਕੁੱਝ ਕਾਰਨਾਂ ਕਰਕੇ ਪੰਗਾ ਚਲਦਾ ਸੀ।
ਪੇਸ਼ੀ ਸਮੇ ਜੱਜ ਹਰਕੇਸ਼ ਸਿੰਘ ਨੂੰ ਘੂਰਨ ਲੱਗ ਪਿਆ। ਬੇਇਜਤੀ ਕਰਨ ਦੇ ਮਨੋਰਥ ਨਾਲ ਰੋਹਬ ਝਾੜਨ ਲਗ ਪਿਆ। ਹਰਕੇਸ਼ ਸਿੰਘ ਨੇ ਅਦਬ ਨਾਲ ਜੱਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ‘ਸਰ ਤੁਸੀਂ ਮੇਰੇ ਟੀਚਰ ਵੀ ਹੋ ਤੇ ਜੱਜ ਵੀ, ਤੁਸੀਂ ਜੋ ਮਰਜੀ ਫੈਸਲਾ ਕਰ ਦਿਓ, ਪਰ ਮੇਰੀ ਬੇਇਜਤੀ ਕਰਨ ਦਾ ਥੋਡæੇ ਕੋਲ ਕੋਈ ਅਧਿਕਾਰ ਨਹੀਂ। ਇੱਜਤ ਤੇ ਅੱਣਖ ਲਈ ਬੰਦਾ ਕੁਝ ਵੀ ਕਰ ਸਕਦਾ ਹੈ। ਮੈਂ ਅਗੇ ਤੋਂ ਤੁਹਾਡੀ ਕਲਾਸ ਤੇ ਅਦਾਲਤ ‘ਚ ਨਹੀਂ ਆਉਣਾ। ਮੈਂ ਤੁਹਾਡੀ ਸਾਰੀ ਕਾਰਵਾਈ ਦੀ ਹਾਈ ਕੋਰਟ ਤੇ ਯੂਨੀਵਰਸਿਟੀ ਕੋਲ ਸ਼ਿਕਾਇਤ ਕਰੂੰਗਾ।’ ਹਰਕੇਸ਼ ਸਿੰਘ ਨੇ ਸਾਰੀ ਗੱਲ ਆਪਣੇ ਕਾਨੂੰਨ ਵਿਭਾਗ ਦੇ ਹੈਡ ਨੂੰ ਦੱਸ ਦਿਤੀ।
ਹੈਡ ਨੇ ਜੱਜ ਨੂੰ ਅਜਿਹਾ ਡਰਾਇਆ ਕੇ ਉਹ ਹਰਕੇਸ਼ ਸਿੰਘ ਨਾਲ ਸੁਲਾਹ ਕਰ ਗਿਆ ਤੇ ਮਾਮਲਾ ਰਫ਼ਾ-ਦਫ਼ਾ ਹੋ ਗਿਆ। ਅਗਲੇ ਸਾਲ ਹਰਕੇਸ਼ ਸਿੰਘ ਕਾਨੂੰਨ ਵਿਭਾਗ ਦੀ ਵਿਦਿਆਰਥੀ ਯੂਨੀਅਨ ਦਾ ਪ੍ਰਧਾਨ ਬਣ ਗਿਆ ਤੇ ਜੱਜ ਉਸਦਾ ਹੋਰ ਵੀ ਅਸਰ ਮੰਨਣ ਲੱਗ ਪਿਆ। ਬੈਂਕ ਵਾਲਾ ਹਰਕੇਸ਼ ਸਿੰਘ ਦਾ ਕੇਸ ਪਹਿਲਾਂ ਹੀ ਮਜਬੂਤ ਸੀ। ਨਤੀਜਾ ਇਹ ਹੋਇਆ ਕਿ ਫੈਸਲਾ ਹਰਕੇਸ਼ ਸਿੰਘ ਦੇ ਹੱਕ ‘ਚ ਹੋ ਗਿਆ। ਤਨਖਾਹ ਬਹਾਲ ਹੋ ਗਈ। ਪੁਰਾਣਾ ਦਸਵੀਂ ਪਾਸ ਮੈਨੇਜਰ ਬਦਲ ਗਿਆ ਸੀ ਤੇ ਨਵਾਂ ਭਾਵੇਂ ਪੂਰਾ ਪੜ੍ਹਿਆ-ਲਿਖਿਆ ਸੀ ਪਰ ਕੁਰਪਟ ਸੀ। ਤਨਖਾਹ ਦਾ ਬਕਾਇਆ ਦੇਣ ਲਈ ਹਰਕੇਸ਼ ਸਿੰਘ ‘ਤੋਂ ਪੈਸੇ ਭਾਲਦਾ ਸੀ। ਹਰਕੇਸ਼ ਸਿੰਘ ਅੜ੍ਹ ਗਿਆ। ਉਸਨੇ ਸਹਾਇਕ ਕਿਰਤ ਕਮਿਸ਼ਨਰ ਦੇ ਅਗੇ ਬੈਂਕ ‘ਤੇ ਕੁਰਕੀ ਦਾ ਕੇਸ ਪਾ ਦਿੱਤਾ। ਹਰਕੇਸ਼ ਸਿੰਘ ਇਥੇ ਵੀ ਕੇਸ ਜਿੱਤ ਗਿਆ ਤੇ ਸੁਨਾਮ ਦੀ ਤਹਿਸੀਲਦਾਰ ਦੀ ਅਦਾਲਤ ‘ਚ ਬੈਂਕ ਦੇ ਖਿਲਾਫ ਕੁਰਕੀ ਦੇ ਵਾਰੰਟ ਲੈ ਲਏ। ਤਹਿਸੀਲ ‘ਚੋਂ ਕਾਨੂੰਨਗੋ ਨੂੰ ਨਾਲ ਲੈ ਕੇ ਬੈਂਕ ਦੀ ਜੀਪ, ਮੈਨੇਜਰ ਦੇ ਕਮਰੇ ਦਾ ਟੇਬਲ, ਮੇਜ, ਕੁਰਸੀਆਂ ਅਤੇ ਸੋਫਾ ਚੁਕਵਾ ਕੇ ਤਹਿਸੀਲ ਲੈ ਗਿਆ। ਬੈਂਕ ਨੇ ਮਸਾਂ ਖਹਿੜਾ ਛੁਡਵਾਇਆ ਤੇ ਉਸਦਾ ਬਕਾਇਆ ਦੇ ਦਿੱਤਾ।
ਹਰਕੇਸ਼ ਸਿੰਘ ਸਿੱਧੂ ਨੇ ਆਪਣੀ ਆਤਮ ਕਥਾ ਲਿਖਦੇ ਸਮੇਂ ਡੀਸੀਆਂ ਦਾ ਵੀ ਲਿਹਾਜ਼ ਨਹੀਂ ਕੀਤਾ। ਉਹ ਖੁਦ ਬਰਨਾਲੇ, ਸੰਗਰੂਰ ਤੇ ਕਪੂਰਥਲੇ ਦਾ ਡੀ.ਸੀ. ਰਿਹਾ। ਡੀਸੀਆਂ ਦੀ ਰਸੋਈ ਦਾ ਖਰਚਾ ਕਿਵੇਂ ਚਲਦਾ ਹੈ। ਜਦੋਂ ਇਕ ਡੀ.ਸੀ. ਬਦਲ ਜਾਵੇ ਤੇ ਦੂਜਾ ਆਵੇ ਤਾਂ ਡੀ.ਸੀ. ਦੀ ਕੋਠੀ ਖਾਲੀ ਹੋਣ ਤੇ ਨਵਾਂ ਰੰਗ-ਰੋਗਣ ਕਰਦੇ ਹੋਏ ਕਈ ਵਾਰੀ ਮਹੀਨੇ ਲੱਗ ਜਾਂਦੇ ਨੇ। ਹਰਕੇਸ਼ ਸਿੱਧੂ ਲਿਖਦਾ ਹੈ, ‘ਡੀਸੀ ਨੂੰ ਕੋਠੀ ਨਾ ਮਿਲਣ ਤੱਕ ਰੈਸਟ ਹਾਊਸ ਵਿਚ ਰਹਿਣਾ ਪੈਂਦਾ ਹੈ। ਚੰਦ ਕੁ ਗਿਣਤੀ ਦੇ ਅਫਸਰ ਛੱਡ ਕੇ ਬਾਕੀਆਂ ਲਈ ਰਸੋਈ ਦੇ ਖਰਚੇ ਝੱਲਣ ਲਈ ਮਾਲ ਮਹਿਕਮੇ ਦੇ ਬੰਦੇ ਸੇਵਾ ਪੰਥੀਏ ਤਾਇਨਾਤ ਕਰ ਦਿੱਤੇ ਜਾਂਦੇ ਹਨ। ਲਉ ਜੀ ਤੁਸੀਂ ਹੈਰਾਨ ਹੋਵੋਂਗੇ, ਇਹ ਖਰਚਾ ਕੋਈ ਰਿਸ਼ਵਤ ਨਹੀਂ ਸਮਝਿਆ ਜਾਂਦਾ। ਡੀਸੀ ਜਿਹੜੇ ਪਹਿਲਾਂ ਜਿਲੇ ਦੇ ਅੱਖ, ਕੰਨ ਤੇ ਮੂੰਹ ਜਾਣੇ ਜਾਂਦੇ ਸੀ, ਫੇਰ ਮਾਈ-ਬਾਪ ਤੇ ਹੌਲੀ ਹੌਲੀ ਪ੍ਰੋਹਿਤ ਬਣ ਬੈਠੇ ਨੇ।’
ਉਹ ਅਗੇ ਲਿਖਦੇ ਨੇ, ‘ਸੋ ਮੇਰੇ ਨਾਲ ਇੰਝ ਹੋਇਆ। ਮੈਂ ਕੁਝ ਫਾਲਤੂ ਬੰਦੇ ਜੋ ਰੈਸਟ ਹਾਊਸ ਵਿਚ ਡੀਸੀ ਦੀ ਰਸੋਈ ਦਾ ਖਰਚਾ ਝੱਲਣ ਲਈ ਬੈਠੇ ਸੀ ਵਾਪਿਸ ਭੇਜ ਦਿੱਤੇ। ਸੱਭ ਨੂੰ ਸੰਕੇਤ ਮਿਲ ਗਿਆ ਕੇ ਡੀਸੀ ਇਮਾਨਦਾਰ ਹੈ ਤੇ ਵਗਾਰ ਨੂੰ ਲੱਤ ਮਾਰਦਾ ਹੈ। ਮੇਰੇ ਨਾਲ ਸੰਗਰੂਰ ਵੀ ਇੰਝ ਹੀ ਹੋਇਆ। ਮੈਂ ਕੋਠੀ ਵਿਚ ਜਾਣ ਤੋਂ ਪਹਿਲਾਂ ਗੁਰੂ ਦੀ ਅਪਾਰ ਕਿਰਪਾ ਹਾਸਿਲ ਕਰਨ ਲਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਭੋਗ ਪਾਉਣ ਦਾ ਫੈਸਲਾ ਕਰ ਲਿਆ। ਸਿਰਫ ਜਿਲਾ ਪੱਧਰ ਦੇ ਅਫਸਰ ਬੁਲਾਏ। ਉਪਕਾਰ ਸਿੰਘ ਪੀ.ਸੀ.ਐੱਸ. ਅਫਸਰ ਨੂੰ ਸਾਰੇ ਪ੍ਰਬੰਧ ਕਰਨ ਲਈ ਅਡਵਾਂਸ ਪੈਸੇ ਦੇ ਦਿਤੇ। ਪਾਠ ਪ੍ਰਕਾਸ਼ ਕਰਨ ਵਾਲੇ ਦਿਨ ਧੂਰੀ ਸ਼ੂਗਰ ਮਿਲ ‘ਤੋਂ ਦੋ ਚੀਨੀ ਦੀਆਂ ਬੋਰੀਆਂ ਡੀ.ਸੀ. ਦੇ ਕੋਠੀ ਹੋਣ ਵਾਲੇ ਪਾਠ ਦੇ ਖਰਚੇ ਲਈ ਨਿਸ਼ਕਾਮ ਭੰਡਾਰਾ ਆ ਗਿਆ। ਜਦੋਂ ਮੈਨੂੰ ਪਤਾ ਲਗਾ ਤਾਂ ਮੈਂ ਉਨ੍ਹੀਂ ਪੈਰੀਂ ਹੀ ਆਟੋ ਰਿਕਸ਼ਾ ਵਾਪਿਸ ਕਰ ਦਿੱਤਾ।
ਡੀ.ਸੀ. ਦੀ ਕੋਠੀ ਦਾ ਖਰਚਾ ਆਮ ਤੌਰ ਤੇ ਲੋਕਲ ਤਹਿਸੀਲਦਾਰ, ਲੋਕਲ ਪਟਵਾਰੀ, ਖੁਰਾਕ ਤੇ ਸਪਲਾਈ ਮਹਿਕਮੇ ਬਰਦਾਸ਼ਤ ਕਰਦੇ ਨੇ। ਇਹ ਰਵਾਇਤ ਬਣੀ ਹੋਈ ਹੈ। ਇਕ ਮੱਝ ਜਾਂ ਗਊ, ਪੱਠੇ, ਚਾਰਾ ਤੇ ਦਾਣਾ ਆਦਿ, ਇਹ ਸਭ ਕੁੱਝ ਲੋਕਲ ਪਟਵਾਰੀ ਵੱਲ ਹੁੰਦਾ ਹੈ। ਸ਼ਾਇਦ ਕੋਈ ਟਾਵੀਂ-ਟਾਵੀਂ ਛੋਟ ਹੋਵੇ ਪਰ ਆਸਾਰ ਬੜੇ ਘੱਟ ਨੇ। ਇਸ ਅਲਾਮਤ ਤੋਂ ਬਚਣਾ ਸੌਖਾ ਨਹੀਂ। ਫੇਰ ਦੂਜਾ ਖਰਚਾ ਰੈੱਡ ਕਰਾਸ ਦੇ ਫੰਡਜ਼ ਵਿਚੋਂ ਹੁੰਦਾ ਹੈ। ਡੀ.ਸੀ. ਦੀ ਕੋਠੀ ਵਿਚ ਕੋਠੀ ਦੇ ਆਕਾਰ ਦੇ ਅਨੁਸਾਰ ਤਕਰੀਬਨ ਵੀਹ ਬਾਈ ਬੰਦੇ ਵੱਖਰੇ ਵੱਖਰੇ ਮਹਿਕਮਿਆਂ ਦੇ ਤਾਇਨਾਤ ਹੁੰਦੇ ਨੇ।’ ਹਰਕੇਸ਼ ਸਿੰਘ ਸਿੱਧੂ ਲਿਖਦੇ ਨੇ ਮੇਰੇ ਤੇ ਗੁਰੂ ਦੀ ਬਖਸ਼ਿਸ ਰਹੀ ਤੇ ਮੈਂ ਇਸ ਭ੍ਰਿਸ਼ਟ ਕੋਹੜ ‘ਤੋਂ ਬਚਿਆ ਰਿਹਾ।
ਵਕਾਲਤ ਦੀ ਪੜ੍ਹਾਈ ਕਰਨ ਤੋਂ ਬਾਅਦ ਹਰਕੇਸ਼ ਸਿੰਘ ਸਿੱਧੂ ਕੁੱਝ ਦੇਰ ਵਕੀਲ ਦੇ ਤੌਰ ‘ਤੇ ਪ੍ਰੈਕਟਿਸ ਕਰਦਾ ਰਿਹਾ ਤੇ ਫਿਰ ਸਰਕਾਰੀ ਵਕੀਲ ਸਿਲੈਕਟ ਹੋ ਗਿਆ। ਪਹਿਲੀ ਪੋਸਟਿੰਗ ਫਰੀਦਕੋਟ ਹੋਈ, ਤੇ ਉਸਦਾ ਆਰਜ਼ੀ ਤੌਰ ਤੇ ਹੈੱਡਕੁਆਰਟਰ ਮੋਗੇ ਬਣਾ ਦਿੱਤਾ ਗਿਆ। ਉਸ ਸਮੇਂ ਮੋਗਾ ਫਰੀਦਕੋਟ ਜਿਲ੍ਹੇ ਦਾ ਹਿੱਸਾ ਸੀ। ਮੋਗੇ ਜਾ ਕੇ ਹਰਕੇਸ਼ ਸਿੰਘ ਸਿੱਧੂ ਦਾ ਜੱਜ ਨਾਲ ਪੰਗਾ ਪੈ ਗਿਆ। ਹਰਕੇਸ਼ ਸਿੰਘ ਸਿੱਧੂ ਮੁਤਾਬਿਕ ਉਹ ਜੱਜ ਘਟੀਆ ਦਰਜੇ ਦਾ ਭ੍ਰਿਸਟ ਤੇ ਭੁੱਖੀ ਨੀਅਤ ਦਾ ਸੀ। ਉਹ ਹਰ ਐਸ.ਐਚ.ਓ. ਤੋਂ ਮਹੀਨੇ ਵਗਾਰ ‘ਚ ਕਾਰ, ਮੱਛੀ ਤੇ ਹੋਰ ਜੋ ਵੀ ਮਿਲੇ ਮੰਗਦਾ ਸੀ। ਮੈਂ ਇੱਕ ਐਸ.ਐਚ.ਓ. ਨੂੰ ਚੁੱਕ ਦੇ ਕੇ ਜੱਜ ਦੇ ਖਿਲਾਫ ਉਸਦੀਆਂ ਵਗਾਰਾਂ ਬਾਰੇ ਰੋਜਨਾਮਚੇ ‘ਚ ਰਪਟ ਦਰਜ ਕਰਵਾ ਦਿਤੀ। ਬਾਅਦ ਵਿਚ ਉਹ ਜੱਜ ਜਬਰੀ ਰਿਟਾਇਰ ਕਰ ਦਿੱਤਾ ਗਿਆ। ਉਸ ਜੱਜ ਨੇ ਮੇਰੀ ਬਦਲੀ ਬਾਰੇ ਜਿਲਾ ਅਟਾਰਨੀ ਨੂੰ ਕਿਹਾ। ਮੇਰੇ ਜਿਲਾ ਅਟਾਰਨੀ ਨੇ ਮੇਰੀ ਸਾਲਾਨਾ ਗੁਪਤ ਰਿਪੋਰਟ ਵਿਚ ਇਹ ਕਥਨ ਲਿਖੇ: ‘ਇਮਾਨਦਾਰ ਅਤੇ ਮਿਹਨਤੀ ਹੈ ਪਰ ਇਸਦਾ ਝੁਕਾਅ ਟ੍ਰੇਡ ਯੂਨੀਅਨ ਦੀਆਂ ਗਤੀਵਿਧੀਆਂ ਵੱਲ ਹੈ। ਇਸ ‘ਤੇ ਨਿਰੰਤਰ ਚੌਕਸੀ ਰੱਖਣ ਦੀ ਲੋੜ ਹੈ।’ ਇਸ ਕਾਰਨ ਤੇ ਕੁਝ ਹੋਰ ਗੱਲਾਂ ਜੋੜ ਕੇ ਹਰਕੇਸ਼ ਸਿੰਘ ਸਿੱਧੂ ਦੀ ਨੌਕਰੀ ‘ਤੋਂ ਛੁੱਟੀ ਕਰ ਦਿਤੀ ਗਈ।
ਕੁੱਝ ਦੇਰ ਚਾਰਾਜੋਈ ਕਰਨ ਤੋਂ ਬਾਦ ਹਰਕੇਸ਼ ਸਿੰਘ ਸਿੱਧੂ ਪਿੰਡ ਸੰਗਤੀਵਾਲੇ ਆ ਗਿਆ। ਪਿੰਡ ‘ਚ ਪੰਚਾਇਤ ਚੋਣਾਂ ਦੇ ਚਰਚੇ ਚਲ ਰਹੇ ਸਨ। ਸਰਬਸੰਮਤੀ ਨਾਲ ਪੰਚਾਇਤ ਚੁਣਨ ਲਈ ਪਿੰਡ ਦੇ ਦਰਵਾਜੇ ‘ਚ ਹਰ ਰੋਜ ਇਕੱਠ ਹੁੰਦਾ। ਕੁਝ ਬੰਦਿਆਂ ਨੇ ਹਰਕੇਸ਼ ਸਿੰਘ ਦਾ ਨਾਮ ਤਜਵੀਜ ਕਰ ਦਿੱਤਾ। ਦਲੀਲ ਦਿਤੀ ਕਿ ਪਿੰਡ ਦਾ ਦੋਹਤਾ ਹੈ, ਵਕੀਲ ਹੈ ਤੇ ਅਸਰ ਰਸੂਖ ਰੱਖਦਾ ਹੈ। ਕੁਝ ਲੋਕਾਂ ਨੂੰ ਗੱਲ ਹਜ਼ਮ ਨਹੀਂ ਹੋਈ ਤੇ ਉਨ੍ਹਾਂ ਨੇ ਵਿਰੋਧ ਕੀਤਾ। ਪਰ ਆਖਰ ਸਰਬਸੰਮਤੀ ਹੋ ਗਈ ਤੇ ਹਰਕੇਸ਼ ਸਿੰਘ ਸਿੱਧੂ ਸਰਪੰਚ ਬਣ ਗਿਆ। ਉਹ ਸੁਨਾਮ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਵੀ ਬਣਿਆ ਤੇ ਮਾਲਵਾ ਮਿਲਕ ਯੂਨੀਅਨ ਸੰਗਰੂਰ ਦਾ ਸਰਬਸੰਮਤੀ ਨਾਲ ਡਾਇਰੈਕਟਰ ਵੀ ਬਣਿਆ।
ਡੀ.ਸੀ. ਹੁੰਦੇ ਸਮੇ ਉਸਦਾ ਕਿਵੇਂ ਕੁਝ ਰਾਜਨੀਤਕ ਲੋਕਾਂ ਨਾਲ ਪਾਲਾ ਪਿਆ। ਕਿਵੇਂ ਸਰਪੰਚੀ ਦੇ ਪੰਗੇ ਝੱਲੇ ਤੇ ਕਿਵੇਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਕਿਵੇਂ ਮੰਤਰੀਆਂ ਨਾਲ ਆਢੇ ਲੱਗੇ, ਕਿਵੇਂ ਘੱਗਰ ਦੇ ਬਨ੍ਹ ਦੀ ਰਾਖੀ ਕੀਤੀ, ਕਿਵੇਂ ਸਾਬਕਾ ਮੰਤਰੀ ਦਾ ਮੁੰਡਾ ਰਿਸ਼ਵਤ ਲੈਂਦਾ ਫੜ੍ਹਿਆ ਤੇ ਹੋਰ ਬੜਾ ਕੁਝ ਇਸ ਕਿਤਾਬ ਵਿਚ ਦਰਜ ਹੈ। ਪੜ੍ਹ ਕੇ ਪਤਾ ਲੱਗਦਾ ਹੈ ਕਿ ਕਿਵੇਂ ਸਿਸਟਮ ਦਾ ਉੱਪਰੋਂ ਲੈ ਕੇ ਥੱਲੇ ਤਕ ਬੇੜਾ ਗਰਕ ਹੋਇਆ ਪਿਆ।