ਜਲੰਧਰ: ਪਿੰਡ ਰਾਏਪੁਰ ਰਸੂਲਪੁਰ ਵਿਚ ਰਹਿਣ ਵਾਲੇ ਯੂਟਿਊਬਰ ਰੋਜਰ ਸੰਧੂ ਦੇ ਘਰ ਸ਼ਨਿਚਰਵਾਰ ਰਾਤ ਕੁਝ ਲੋਕਾਂ ਨੇ ਹੈਂਡ ਗ੍ਰਨੇਡ ਸੁੱਟਿਆ।
ਗਨੀਮਤ ਰਹੀ ਕਿ ਗ੍ਰਨੇਡ ਫਟਿਆ ਨਹੀਂ ਪਰ ਇਲਾਕੇ ਵਿਚ ਦਹਿਸ਼ਤ ਫੈਲ ਗਈ। ਰਾਤ ਤਿੰਨ ਤੋਂ ਚਾਰ ਵਜੇ ਦੇ ਵਿਚਾਲੇ ਹੋਇਆ ਇਹ ਹਮਲਾ ਮੁੰਬਈ ਵਿਚ ਬਾਬਾ ਸਿੱਦੀਕੀ ਦੀ ਹੱਤਿਆ ਦੇ ਮਾਸਟਰ ਮਾਈਡ ਜੀਸ਼ਾਨ ਅਖ਼ਤਰ ਦੀ ਮਦਦ ਨਾਲ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਨੇ ਕਰਵਾਉਣ ਦਾ ਦਾਅਵਾ ਕੀਤਾ ਹੈ। ਸ਼ਹਿਜਾਦ ਭੱਟੀ ਨੇ ਦਾਅਵਾ ਕੀਤਾ ਕਿ ਰੋਜ਼ਰ ਸੰਧੂ ਨੇ ਉਨ੍ਹਾਂ ਦੇ ਧਰਮ ਦੇ ਖ਼ਿਲਾਫ਼ ਬੋਲਿਆ, ਜਿਸ ਕਾਰਨ ਹਮਲਾ ਕਰਵਾਇਆ ਗਿਆ ਹੈ। ਉੱਥੇ ਭੱਟੀ ਨੇ ਗ੍ਰਨੇਡ ਸੁੱਟੇ ਜਾਣ ਦੀ ਵੀਡੀਓ ਵੀ ਜਾਰੀ ਕੀਤੀ ਅਤੇ ਕਿਹਾ ਕਿ ਇਕ-ਦੋ ਨਹੀਂ ਬਲਕਿ ਪੰਜ ਲੋਕਾਂ ਨੇ ਹਮਲਾ ਕੀਤਾ ਹੈ। ਜੇਕਰ ਇਹ ਵਿਅਕਤੀ ਬਚ ਗਿਆ ਹੈ ਤਾਂ ਦੁਬਾਰਾ ਹਮਲਾ ਕੀਤਾ ਜਾਵੇਗਾ। ਓਧਰ, ਰੋਜਰ ਸੰਧੂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੇ ਕਿਸੇ ਧਰਮ ਖ਼ਿਲਾਫ਼ ਕੁਝ ਬੋਲਿਆ ਹੈ ਅਤੇ ਨਾ ਹੀ ਕੋਈ ਵੀਡੀਓ ਬਣਾਈ ਹੈ। ਉਸ ਨੇ ਕਿਹਾ ਕਿ ਜਦੋਂ ਉਹ ਸਵੇਰੇ ਉੱਠਿਆ ਤਾਂ ਪਹਿਲੀ ਮੰਜ਼ਿਲ ਦੀ ਬਾਲਕੋਨੀ ਵਿਚ ਗ੍ਰਨੇਡ ਵਰਗੀ ਚੀਜ਼ ਪਈ ਦੇਖੀ ਤਾਂ ਉਸਨੇ ਪੁਲਿਸ ਨੂੰ ਸੂਚਿਤ ਕੀਤਾ। ਗ੍ਰਨੇਡ ਹਮਲੇ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਗੁਰਮੀਤ ਸਿੰਘ, ਏਸੀਪੀ ਸੁਰਿੰਦਰ ਧੋਗੜੀ ਫੋਰੈਂਸਿਕ ਟੀਮ ਨਾਲ ਮੌਕੇ ‘ਤੇ ਪੁੱਜੇ। ਐੱਸਐੱਸਪੀ ਨੇ ਕਿਹਾ ਕਿ ਗ੍ਰਨੇਡ ਵਰਗੀ ਚੀਜ਼ ਮਿਲੀ ਹੈ ਪਰ ਉਸ ਵਿਚ ਇਹ ਕੀ ਹੈ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।
ਇਸ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਡੀਐੱਸਪੀ ਨੇ ਕਿਹਾ ਕਿ ਅਣਪਛਾਤੇ ਲੋਕਾਂ ਖ਼ਿਲਾਫ਼ ਯੂਏਪੀਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਲਈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।
ਸ਼ਹਿਜਾਦ ਭੱਟੀ ਨੇ ਜਾਰੀ ਵੀਡੀਓ ਵਿਚ ਕਿਹਾ ਹੈ ਕਿ ਮੈਂ ਭਰਾ ਜੀਸ਼ਾਨ ਅਖ਼ਤਰ ਉਰਫ਼ ਜੈਸੀ ਪੁਰੇਵਾਲ (ਜੋ ਬਾਬਾ ਸਿੱਦੀਕੀ ਮਰਡਰ ਦਾ ਮਾਸਟਰਮਾਈਡ ਹੈ) ਅਤੇ ਹੈਪੀ ਪਸ਼ੀਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਇਸ ਕੰਮ ਵਿਚ ਮੇਰੀ ਮਦਦ ਕੀਤੀ। ਭੱਟੀ ਨੇ ਕਿਹਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਖੂਨ ਖਰਾਬਾ ਨਾ ਹੋਵੇ ਤਾਂ ਸਾਰਿਆਂ ਨੂੰ ਗ੍ਰਿਫ਼ਤਾਰ ਕਰ ਲਓ ਵਰਨਾ ਕਾਰਵਾਈ ਏਦਾਂ ਹੀ ਜਾਰੀ ਰਹੇਗੀ।
