\ਚੰਡੀਗੜ੍ਹ: ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕ ਅਹਿਮ ਮੀਟਿੰਗ ਸਥਾਨਕ ਸੈਕਟਰ 5 ਸਥਿਤ ਉਪ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਹੋਈ,
ਜਿਸ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਅੰਤ੍ਰਿੰਗ ਕਮੇਟੀ ਵਲੋਂ 5 ਨਾਮਨਜ਼ੂਰ ਕਰ ਦਿੱਤਾ ਗਿਆ। ਮੀਟਿੰਗ ਉਪਰੰਤ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਨਾਮਨਜ਼ੂਰ ਕਰਕੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਅਹੁਦੇ ਦੀਆਂ ਸੇਵਾਵਾਂ ਤੁਰੰਤ ਸੰਭਾਲਣ ਲਈ ਉਨ੍ਹਾਂ ਦੇ ਘਰ ਜਾ ਕੇ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਕੌਮ ਦੇ ਕੌਮੀ ਤਿਉਹਾਰ ਹੋਲਾ ਮਹੱਲਾ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਦਿੱਤੇ ਗਏ ਸੰਦੇਸ਼ ਦੀ ਰੌਸ਼ਨੀ ਵਿਚ ਕੇਂਦਰ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਦੀ ਪੜਚੋਲ ਕਰਨ ਵਾਸਤੇ ਅਕਾਦਮਿਕ ਵਿਦਵਾਨਾਂ ਦੀ ਇਕ ਕਮੇਟੀ ਬਣਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੰਦਰਭ ਵਿਚ ਇਸ ਸਿੱਖਿਆ ਨੀਤੀ ਅੰਦਰ ਕੀ ਕੀ ਸੁਧਾਰ ਲੋੜੀਂਦੇ ਹਨ, ਇਸ ਬਾਰੇ ਕਮੇਟੀ ਰਾਹੀਂ ਮੁਲਾਂਕਣ ਕੀਤਾ ਜਾਵੇਗਾ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਇਹ ਕਮੇਟੀ ਪੰਜਾਬ ਗੁਰਮੁਖੀ ਨੂੰ ਮੌਜੂਦਾ ਚੁਣੌਤੀਆਂ ‘ਤੇ ਵੀ ਮੰਥਨ ਕਰੇਗੀ ਅਤੇ ਜੋ ਵੀ ਸੁਝਾਅ ਸਾਹਮਣੇ ਆਉਣਗੇ ਉਸ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਵਲੋਂ ਜਥੇਦਾਰ ਸਾਹਿਬ ਦੇ ਆਦੇਸ਼ ਅਨੁਸਾਰ ਇਕ ਪ੍ਰਚੰਡ ਧਰਮ ਪ੍ਰਚਾਰ ਲਹਿਰ ਆਰੰਭੀ ਜਾਵੇਗੀ, ਜੋ ਘਰ-ਘਰ ਤੱਕ ਪਹੁੰਚ ਕਰੇਗੀ। ਇਹ ਲਹਿਰ ਇਸੇ ਸਾਲ 13 ਅਪ੍ਰੈਲ ਨੂੰ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਸ਼ੁਰੂ ਕੀਤੀ ਜਾਵੇਗੀ। ਇਸ ਦੀ ਆਰੰਭਤਾ ਮੌਕੇ ਤਖ਼ਤ ਸਾਹਿਬਾਨ ‘ਤੇ ਵੱਡੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਕ ਖੰਡੇ ਨਾਲ ਅੰਮ੍ਰਿਤ ਸੰਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ 350ਵਾਂ ਸ਼ਹੀਦੀ ਦਿਹਾੜੇ ਅਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵਾਂ ਗੁਰਿਆਈ ਦਿਵਸ ਦੀ ਸ਼ਤਾਬਦੀ ਪੰਥਕ ਰਵਾਇਤਾਂ ਅਨੁਸਾਰ ਮਨਾਈ ਜਾ ਰਹੀ ਹੈ, ਇਹ ਧਰਮ ਪ੍ਰਚਾਰ ਲਹਿਰ ਇਨ੍ਹਾਂ ਦਿਹਾੜਿਆਂ ਨੂੰ ਸਮਰਪਿਤ ਹੋਵੇਗੀ। ਇਕੱਤਰਤਾ ਦੌਰਾਨ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ, ਅਮਰੀਕ ਸਿੰਘ ਵਿਛੋਆ, ਸੁਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖ਼ਾਲਸਾ, ਸੁਰਜੀਤ ਸਿੰਘ ਗੜ੍ਹੀ, ਬਲਦੇਵ ਸਿੰਘ ਕਾਇਮਪੁਰ, ਦਲਜੀਤ ਸਿੰਘ ਭਿੰਡਰ, ਸੁਖਹਰਪ੍ਰੀਤ ਸਿੰਘ ਰੋਡੇ ਆਦਿ ਹਾਜ਼ਰ ਸਨ। ਬੀਬੀ ਹਰਜਿੰਦਰ ਕੌਰ ਅੱਜ ਦੀ ਮੀਟਿੰਗ ‘ਚ ਹਾਜ਼ਰ ਨਹੀਂ ਸਨ। ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਧਾਮੀ ਵਲੋਂ 17 ਫਰਵਰੀ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਅੰਤ੍ਰਿੰਗ ਕਮੇਟੀ ਦੀਆਂ ਦੋ ਮੀਟਿੰਗਾਂ 20 ਫਰਵਰੀ ਅਤੇ 7 ਮਾਰਚ ਨੂੰ ਹੋਈਆਂ ਸਨ, ਜਿਨ੍ਹਾਂ ‘ਚ ਪ੍ਰਧਾਨ ਦੇ ਅਸਤੀਫ਼ੇ ਸੰਬੰਧੀ ਫ਼ੈਸਲਾ ਵਿਚਾਰ ਅਧੀਨ ਹੀ ਰਿਹਾ।
ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਭਰਤੀ ਕਮੇਟੀ, ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਵੀ ਸ: ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕੀਤੀ ਜਾ ਚੁੱਕੀ ਹੈ। ਜੇਕਰ ਹੁਣ ਹਰਜਿੰਦਰ ਸਿੰਘ ਧਾਮੀ ਉਕਤ ਸਮੂਹ ਸ਼ਖਸੀਅਤਾਂ ਅਤੇ ਅੰਤ੍ਰਿੰਗ ਕਮੇਟੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਆਪਣਾ ਅਸਤੀਫ਼ਾ ਵਾਪਸ ਲੈ ਲੈਂਦੇ ਹਨ ਤਾਂ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਹੋ ਰਹੇ ਜਨਰਲ ਇਜਲਾਸ ਦੀ ਪ੍ਰਧਾਨਗੀ ਸ: ਹਰਜਿੰਦਰ ਸਿੰਘ ਧਾਮੀ ਕਰਨਗੇ।
