ਅਮਰੀਕਾ `ਚ ਮੰਦਰ ਨੂੰ ਮੁੜ ਬਣਾਇਆ ਨਿਸ਼ਾਨਾ

ਨਿਊਯਾਰਕ: ਅਮਰੀਕਾ ਵਿਚ ਇਕ ਵਾਰ ਮੁੜ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲਾਸ ਏਂਜਲਸ ਵਿਚ ਖ਼ਾਲਿਸਤਾਨੀ ਰਿਫਰੈਂਡਮ ਤੋਂ ਕੁਝ ਦਿਨ ਪਹਿਲਾਂ ਕੈਲੀਫੋਰਨੀਆ ਦੇ ਚਿਨੋ ਹਿਲਜ਼ ਸਥਿਤ ਸਵਾਮੀ ਨਾਰਾਇਣ ਮੰਦਰ ‘ਤੇ ਇਤਰਾਜ਼ਯੋਗ ਸੰਦੇਸ਼ ਲਿਖ ਕੇ ਇਸਨੂੰ ਨੁਕਸਾਨ ਪਹੁੰਚਾਇਆ ਗਿਆ। ਭਾਰਤ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ ਅਤੇ ਘਟਨਾ ਵਿਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ (ਬੀਏਪੀਐੱਸ) ਨੇ ਕਿਹਾ ਕਿ ਸੈਨ ਬਰਨਾਡਿਰਨੋ ਕਾਊਂਟੀ ਦੇ ਚੀਨੋ ਹਿਲਜ਼ ਸ਼ਹਿਰ ਵਿਚ ਸਥਿਤ ਉਸ ਦੇ ਸ੍ਰੀ ਸਵਾਮੀਨਾਰਾਇਣ ਮੰਦਰ ਨੂੰ ਅਪਵਿੱਤਰ ਕੀਤਾ ਗਿਆ। ਚੀਨੋ ਹਿਲਜ਼ ਲਾਸ ਏਂਜਲਸ ਕਾਊਂਟੀ ਦੀ ਹੱਦ ‘ਤੇ ਹੈ। ਬੀਏਪੀਐੱਸ ਨੇ ਐਕਸ ‘ਤੇ ਇਕ ਪੋਸਟ ਵਿਚ ਕਿਹਾ, ਇਕ ਹੋਰ ਮੰਦਰ ਅਪਵਿੱਤਰ ਕੀਤਾ ਗਿਆ। ਇਸ ਵਾਰ ਇਹ ਘਟਨਾ ਕੈਲੀਫੋਰਨੀਆ ਵਿਚ ਚੀਨੋ ਹਿਲਜ਼ ਵਿਚ ਹੋਈ। ਹਿੰਦੂ ਭਾਈਚਾਰਾ ਨਫਰਤ ਦੇ ਖ਼ਿਲਾਫ਼ ਦ੍ਰਿੜਤਾ ਨਾਲ ਖੜ੍ਹਾ ਹੈ। ਚੀਨੋ ਹਿਲਜ਼ ਦੱਖਣੀ ਕੈਲੀਫੋਰਨੀਆ ਵਿਚ ਭਾਈਚਾਰਾ ਇਕੱਠਿਆਂ ਹੈ ਅਤੇ ਅਸੀਂ ਕਦੀ ਨਫਰਤ ਨੂੰ ਜੜ੍ਹਾਂ ਨਹੀਂ ਲਾਉਣ ਦੇਵਾਂਗੇ। ਪੋਸਟ ਵਿਚ ਘਟਨਾ ਦਾ ਬਿਓਰਾ ਦਿੱਤੇ ਬਿਨਾਂ ਕਿਹਾ ਗਿਆ ਹੈ ਕਿ ਸਾਡੀ ਸਾਂਝੀ ਮਨੁੱਖਤਾ ਤੇ ਆਸਥਾ ਇਹ ਯਕੀਨੀ ਕਰੇਗੀ ਕਿ ਸ਼ਾਂਤੀ ਤੇ ਕਰੁਣਾ ਕਾਇਮ ਰਹੇ। ਭਾਰਤ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਅਤੇ ਘਟਨਾ ਦੇ ਮੱਦੇਨਜ਼ਰ ਪੂਜਾ ਵਾਲੀਆਂ ਥਾਵਾਂ ਦੀ ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦਾ ਦਿੱਤਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਕੈਲੀਫੋਰਨੀਆ ਦੇ ਚਿਨੋ ਹਿਲਜ਼ ਵਿਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਬਾਰੇ ਰਿਪੋਰਟ ਦੇਖੀ ਹੈ। ਇਸ ਤਰ੍ਹਾਂ ਦੇ ਨਫਰਤੀ ਕਾਰਿਆਂ
ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਸਥਾਨਕ ਪ੍ਰਸ਼ਾਸਨ ਨੂੰ ਇਨ੍ਹਾਂ ਕਾਰਿਆਂ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਅਤੇ ਪੂਜਾ ਵਾਲੀਆਂ ਥਾਵਾਂ ਦੀ ਲੋੜੀਂਦੀ ਸੁਰੱਖਿਆ ਯਕੀਨੀ ਬਣਾਉਣ ਦਾ ਸੱਦੇ ਦਿੰਦੇ ਹਾਂ। ਗ਼ੈਰ-ਲਾਭਕਾਰੀ ਸੰਗਠਨ
‘ਹਿੰਦੂ ਅਮਰੀਕਨ ਫਾਊਂਡੇਸ਼ਨ’ ਨੇ ਕਿਹਾ ਕਿ ਕੈਲੀਫੋਰਨੀਆ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਨੂੰ ਅਪਵਿੱਤਰ ਕਰਨ ਦੀ ਇਹ ਘਟਨਾ ਸ਼ਨਿਚਰਵਾਰ ਨੂੰ ਹੋਈ। ਉਨ੍ਹਾਂ ਐੱਫਬੀਆਈ ਅਤੇ ਉਸ ਦੇ ਡਾਇਰੈਕਟਰ ਕਾਸ਼ ਪਟੇਲ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ।