-ਬੂਟਾ ਸਿੰਘ ਮਹਿਮੂਦਪੁਰ
ਉੱਤਰ ਪ੍ਰਦੇਸ਼ ਦੇ ‘ਪ੍ਰਯਾਗਰਾਜ’ ਵਿਚ 13 ਜਨਵਰੀ ਤੋਂ ਜੋ ‘ਮਹਾਕੁੰਭ’ ਚੱਲ ਰਿਹਾ ਸੀ ਉਹ 26 ਫਰਵਰੀ ਨੂੰ ਸਮਾਪਤ ਹੋ ਗਿਆ। ਇਹ ਸਤਰਾਂ ਲਿਖੇ ਜਾਣ ਤੱਕ ਰਾਜ ਸਰਕਾਰ ਦੇ ਅੰਕੜਿਆਂ ਅਨੁਸਾਰ ਤਕਰੀਬਨ 58 ਕਰੋੜ ਲੋਕ ‘ਪਵਿੱਤਰ ਇਸ਼ਨਾਨ’ ਕਰ ਚੁੱਕੇ ਹਨ।
ਭਗਵਾ ਹਕੂਮਤ ਵੱਲੋਂ ‘ਕੁੰਭ ਇਸ਼ਨਾਨ’ ਦੇ ਹਿੰਦੂ ਵਿਸ਼ਵਾਸ ਦਾ ਰਾਜਨੀਤਕ ਲਾਹਾ ਲੈਣ ਲਈ ਇਸ ਵਾਰ ‘ਮਹਾਕੁੰਭ’ ਨੂੰ ਬਹੁਤ ਜ਼ਿਆਦਾ ਧੂਮ-ਧੜੱਕੇ ਨਾਲ ਆਯੋਜਤ ਕੀਤਾ ਗਿਆ। ਸਰਕਾਰੀ ਖ਼ਜ਼ਾਨੇ ਦਾ ਪੈਸਾ ਸਿਹਤ, ਪੌਣ-ਪਾਣੀ ਦੀ ਸ਼ੁੱਧੀ ਅਤੇ ਸਿੱਖਿਆ ਦੇ ਢਾਂਚੇ ਨੂੰ ਸੁਧਾਰਨ ਉੱਪਰ ਖਰਚ ਕੇ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਬਜਾਏ ਅੰਨ੍ਹੀ ਸ਼ਰਧਾ ਨੂੰ ਜ਼ਰਬਾਂ ਦੇਣ ਅਤੇ ਆਪਣਾ ਹਿੰਦੂ ਰੱਖਿਅਕ ਦਾ ਅਕਸ ਪੱਕਾ ਕਰਨ ਉੱਪਰ ਪਾਣੀ ਵਾਂਗ ਰੋੜ੍ਹ ਦਿੱਤਾ ਗਿਆ। ਕੁੰਭ ਦਾ ਗੁਣਗਾਣ ਕਰਦਿਆਂ ਮਿਸਟਰ ਮੋਦੀ ਨੇ ਬੜ੍ਹਕ ਮਾਰੀ ਕਿ ‘ਕੁੰਭ ਲੋਕਾਂ ਨੂੰ ਸਮਾਜਿਕ ਸ਼ਕਤੀ ਹੀ ਨਹੀਂ ਸਗੋਂ ਆਰਥਕ ਤਾਕਤ ਵੀ ਦਿੰਦਾ ਹੈ’। ਮਹਾਕੁੰਭ ਲਈ ਸਰਕਾਰੀ ਖ਼ਰਚ ਨੂੰ ਜਾਇਜ਼ ਠਹਿਰਾਉਂਦਿਆਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਦਿੱਤਿਯਾਨਾਥ ਨੇ ਦਾਅਵਾ ਕੀਤਾ ਕਿ ‘ਜੇ 7500 ਕਰੋੜ ਰੁਪਏ ਨਾਲ 3.5 ਲੱਖ ਕਰੋੜ ਰੁਪਏ ਦੀ ਆਰਥਿਕ ਸਰਗਰਮੀ ਪੈਦਾ ਕੀਤੀ ਜਾ ਸਕਦੀ ਹੈ, ਕੀ ਇਹ ਸਿਆਣਪ ਵਾਲਾ ਪੂੰਜੀਨਿਵੇਸ਼ ਨਹੀਂ ਹੈ?’ ਇਸ ਤਰ੍ਹਾਂ ਵੱਡੇ-ਵੱਡੇ ਦਾਅਵੇ ਕੀਤੇ ਗਏ ਅਤੇ ਕੁੰਭ ਇਸ਼ਨਾਨ ਲਈ ਪਹੁੰਚਣ ਵਾਲੇ ਅੰਦਾਜ਼ਨ 45 ਕਰੋੜ ਸ਼ਰਧਾਲੂਆਂ ਦੀ ਸਹੂਲਤ ਲਈ ਵੱਡੇ-ਵੱਡੇ ਪ੍ਰੋਜੈਕਟ ਸ਼ੁਰੂ ਕਰਨ ਦੇ ਐਲਾਨ ਕੀਤੇ ਗਏ। ਜਿਨ੍ਹਾਂ ਵਿਚ ਨਦੀਆਂ ਦੇ ਪਾਣੀ ਨੂੰ ਨਹਾਉਣ ਯੋਗ ਬਣਾਉਣ ਲਈ ਸੀਵਰੇਜ ਸ਼ੁੱਧੀਕਰਨ ਪਲਾਂਟ ਵੀ ਸਨ।
7500 ਕਰੋੜ ਖ਼ਰਚਣ ਦੇ ਦਾਅਵਿਆਂ ਦੀ ਫੂਕ ਓਦੋਂ ਨਿੱਕਲ ਗਈ ਜਦੋਂ ਅਲਾਹਾਬਾਦ ਦੇ ਸੰਗਮ ਵਿਖੇ ਮੌਨੀ ਮੱਸਿਆ ਮੌਕੇ ਇਕ ਦੂਜੇ ਤੋਂ ਅੱਗੇ ਹੋ ਕੇ ‘ਡੁਬਕੀ ਲਾਉਣ’ ਲਈ ਮਚੀ ਭਗਦੜ ਵਿਚ ਅਣਗਿਣਤ ਲੋਕ ਮਾਰੇ ਗਏ। ਮਾਰੇ ਗਿਆਂ ਦੀ ਸਹੀ ਗਿਣਤੀ ਅਤੇ ਭਗਦੜ ਦੀ ਵਿਆਪਕਤਾ ਕਦੇ ਵੀ ਪਤਾ ਨਹੀਂ ਲੱਗੇਗੀ ਕਿਉਂਕਿ ਅਦਿੱਤਿਆਨਾਥ ਸਰਕਾਰ ਵੱਲੋਂ ਆਪਣੀ ਮੁਜਰਮਾਨਾ ਪ੍ਰਸ਼ਾਸਨਿਕ ਬਦਇੰਤਜ਼ਾਮੀ ਅਤੇ ਕੋਤਾਹੀ ਉੱਪਰ ਪਰਦਾ ਪਾਉਣ ਲਈ ਪੂਰੀ ਤਾਕਤ ਝੋਕ ਦਿੱਤੀ ਗਈ। ਅਦਿੱਤਿਆਨਾਥ ਨੇ ਭਗਦੜ ਨਾਲ ਮੌਤਾਂ ਨੂੰ ਅਫ਼ਵਾਹਾਂ ਕਹਿ ਕੇ ਦਬਾਉਣ ਦੀ ਕੋਸ਼ਿਸ਼ ਕੀਤੀ। ਜ਼ਮੀਨੀ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਵੱਲੋਂ ਜੋ ਮੌਕੇ ਦੇ ਦਰਦਨਾਕ ਹਾਲਾਤ, ਚਸ਼ਮਦੀਦ ਗਵਾਹਾਂ ਅਤੇ ਮਾਰੇ ਜਾਂ ਜ਼ਖ਼ਮੀ ਹੋਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਬਦਇੰਤਜ਼ਾਮੀ ਦੇ ਮੰਜ਼ਰ ਦੇ ਲਾਈਵ ਪ੍ਰਸਾਰਣ ਕੀਤੇ ਗਏ, ਉਨ੍ਹਾਂ ਅੱਗੇ ਇਹ ਝੂਠ ਕੁਝ ਘੰਟੇ ਵੀ ਟਿਕ ਨਾ ਸਕਿਆ ਅਤੇ ਯੋਗੀ ਸਰਕਾਰ ਨੂੰ ਮੌਤਾਂ ਦੀ ਹਕੀਕਤ ਮੰਨਣੀ ਪਈ। ਇਨ੍ਹਾਂ ਮੌਤਾਂ ਦੀ ਪੀੜਾ ਅਜੇ ਮੱਠੀ ਨਹੀਂ ਪਈ ਕਿ ਹੁਣ ਸੀਪੀਸੀਬੀ (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਦੀ ਰਿਪੋਰਟ ਨੇ ਅਦਿੱਤਿਆਨਾਥ ਸਰਕਾਰ ਸਮੇਤ ਸੰਘ ਹੁਕਮਰਾਨਾਂ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ। ਉਨ੍ਹਾਂ ਦਾ ‘ਹਿੰਦੂ ਹਿਰਦੈ ਸਮਰਾਟ’ ਦਾ ਸਵੈ-ਸਿਰਜਿਆ ਅਕਸ ਖ਼ੁਰਨਾ ਸ਼ੁਰੂ ਹੋ ਗਿਆ ਹੈ।
ਸਾਂਝੀ ਸੱਭਿਆਚਾਰਕ ਵਿਰਾਸਤ ਦੀ ਹੋਂਦ ਮਿਟਾਉਣ ਤੁਰੇ ਸੰਘ ਬ੍ਰਿਗੇਡ ਨੇ ਥਾਵਾਂ ਦੇ ਨਾਮ ਬਦਲਣ ਦੀ ਫਿਰਕੂ ਸਿਆਸਤ ਤਹਿਤ ਅਲਾਹਾਬਾਦ ਨੂੰ ਪ੍ਰਯਾਗਰਾਜ ਦਾ ਨਵਾਂ ਨਾਮ ਤਾਂ ਦੇ ਦਿੱਤਾ ਪਰ ਹਿੰਦੂ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਆੜ ‘ਚ ਹਿੰਦੂਆਂ ਨੂੰ ਧੋਖਾ ਦੇਣ ‘ਚ ਕੋਈ ਕਸਰ ਨਹੀਂ ਛੱਡੀ। ਸੀਪੀਸੀਬੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ‘ਪ੍ਰਯਾਗਰਾਜ’ ਦੇ ਪਾਣੀ ਦੇ ਨਮੂਨਿਆਂ ‘ਚ ਮਨੁੱਖੀ ਗੰਦਗੀ ਦੇ ਜੀਵਾਣੂ ਉਸ ਤੋਂ ਕਿਤੇ ਜ਼ਿਆਦਾ ਮਾਤਰਾ ‘ਚ ਮਿਲੇ ਹਨ ਜਿੰਨੇ ਸਿਹਤਮੰਦ ਮਿਆਰ ਅਨੁਸਾਰ ਹੋਣੇ ਚਾਹੀਦੇ ਹਨ। ਪਾਣੀ ਐਨਾ ਦੂਸ਼ਿਤ ਹੈ ਜੋ ਕਿਸੇ ਵੀ ਤਰ੍ਹਾਂ ਨਹਾਉਣ ਦੇ ਯੋਗ ਨਹੀਂ ਹੈ। ਇਸੇ ਸਿਲਸਿਲੇ `ਚ ਐੱਨਜੀਟੀ (ਨੈਸ਼ਨਲ ਗਰੀਨ ਟ੍ਰਿਬਿਊਨਲ) ਨੇ ਯੂਪੀਪੀਸੀਬੀ (ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ) ਨੂੰ ਜਵਾਬ ਤਲਬੀ ਲਈ ਸੱਦ ਲਿਆ ਹੈ ਕਿ ‘ਪ੍ਰਯਾਗਰਾਜ/ਅਲਾਹਾਬਾਦ’ ਵਿਚ ਗੰਗਾ, ਜਮੁਨਾ ਦੇ ਪਾਣੀ ਦੀ ਕੁਆਲਿਟੀ ਦੀ ਉਲੰਘਣਾ ਬਾਬਤ ਜੋ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ, ਉਨ੍ਹਾਂ ਉੱਪਰ ਅਮਲ ਕਿਉਂ ਨਹੀਂ ਕੀਤਾ ਗਿਆ।’ ਐੱਨਜੀਟੀ ਨੇ ਯੂਪੀਪੀਸੀਬੀ ਦੀ ਇਹ ਵੀ ਆਲੋਚਨਾ ਕੀਤੀ ਹੈ ਕਿ ਉਨ੍ਹਾਂ ਵੱਲੋਂ ਜੋ ਰਿਪੋਰਟ ਪੇਸ਼ ਕੀਤੀ ਗਈ, ਉਸਦੇ ਨਮੂਨੇ ਪੁਰਾਣੇ ਹਨ ਅਤੇ ਉਹ ਸਾਰੇ 12 ਜਨਵਰੀ ਤੋਂ ਪਹਿਲੇ ਯਾਨੀ ਕੁੰਭ ਮੇਲਾ ਸ਼ੁਰੂ ਹੋਣ ਤੋਂ ਪਹਿਲੇ ਹਨ। ‘ਪ੍ਰਯਾਗਰਾਜ’ ਵਿਚ ਗੰਗਾ ਅਤੇ ਯਮੁਨਾ ਵਿਚ ਅਣਸੋਧਿਆ ਸੀਵਰੇਜ ਪਾਉਣ ਦੇ ਮਸਲੇ ਦੀ ਸੁਣਵਾਈ ਕਰਦੇ ਹੋਏ ਐੱਨਜੀਟੀ ਨੇ ਆਪਣਾ ਇਹ ਦੋਸ਼ ਦੁਹਰਾਇਆ ਹੈ ਕਿ ਮਹਾਕੁੰਭ ਵਿਚ ਉਨ੍ਹਾਂ ਨੂੰ ਕਈ ਥਾਵਾਂ ਉੱਪਰ ਪਾਣੀ ਦੀ ਜਾਂਚ ਵਿਚ ਮਨੁੱਖੀ ਗੰਦਗੀ ਸਬੰਧੀ ਜੀਵਾਣੂ (ਬੈਕਟੀਰੀਆ) ਅਤੇ ਟੋਟਲ ਕਾਲੀਫਾਰਮ ਦੇ ਤੱਤ ਮਿਲੇ ਹਨ। ਕਾਲੀਫਾਰਮ ਜੀਵਾਣੂ ਬਹੁਤ ਸਾਰੇ ਜੀਵਾਣੂਆਂ ਦਾ ਸਮੂਹ ਹੈ, ਇਹ ਮਨੁੱਖਾਂ ਅਤੇ ਜਾਨਵਰਾਂ ਦੀਆਂ ਆਂਦਰਾਂ ਅਤੇ ਮਲ ਵਿਚ ਪਾਇਆ ਜਾਂਦਾ ਹੈ। ਜਦੋਂ ਇਹ ਸਰੀਰ ਦੇ ਅੰਦਰ ਹੁੰਦਾ ਹੈ ਤਾਂ ਨੁਕਸਾਨਦੇਹ ਨਹੀਂ ਹੁੰਦਾ ਪਰ ਪਾਣੀ ਵਿਚ ਮਿਲਣ ਤੋਂ ਬਾਅਦ ਜੀਵਾਣੂ ਖ਼ਤਰਨਾਕ ਹੋ ਜਾਂਦਾ ਹੈ।
ਸੀਪੀਸੀਬੀ ਵੱਲੋਂ 3 ਫਰਵਰੀ ਨੂੰ ਐੱਨਜੀਟੀ ਨੂੰ ਜੋ ਰਿਪੋਰਟ ਸੌਂਪੀ ਗਈ ਸੀ ਜਿਸ ਵਿਚ ਕਿਹਾ ਗਿਆ ਕਿ ਗੰਗਾ-ਯਮੁਨਾ ਦੇ ਪਾਣੀ ਵਿਚ ਤੈਅ ਮਿਆਰਾਂ ਤੋਂ ਕਈ ਗੁਣਾ ਜ਼ਿਆਦਾ ਫੀਕਲ ਕਾਲੀਫਾਰਮ ਜੀਵਾਣੂ ਮਿਲੇ ਹਨ। ਇਸ ਤੋਂ ਬੌਖਲਾਈ ਅਦਿੱਤਿਆਨਾਥ ਸਰਕਾਰ ਨੇ ਯੂਪੀਪੀਸੀਬੀ ਉੱਪਰ ਆਪਣੇ ਪੱਖੀ ਰਿਪੋਰਟ ਬਣਾਉਣ ਲਈ ਦਬਾਅ ਪਾਇਆ, ਜਿਸ ਨੇ ਅਦਿੱਤਿਆਨਾਥ ਸਰਕਾਰ ਵੱਲੋਂ ਸ਼ਰਧਾਲੂਆਂ ਨਾਲ ਕੀਤੇ ਖਿਲਵਾੜ ਨੂੰ ਲੁਕੋਣ ਲਈ 18 ਫਰਵਰੀ ਨੂੰ ਇਕ ਨਵੀਂ ਰਿਪੋਰਟ ਪੇਸ਼ ਕੀਤੀ ਜਿਸ ਵਿਚ ਸੀਪੀਸੀਬੀ ਦੀ ਰਿਪੋਰਟ ਨੂੰ ਖਾਰਜ ਕੀਤਾ ਗਿਆ। ਇਸ ਉੱਪਰ ਤਿੱਖੀ ਟਿੱਪਣੀ ਕਰਦੇ ਹੋਏ ਐੱਨਜੀਟੀ ਨੇ ਯੂਪੀਪੀਸੀਬੀ ਤੋਂ ਨਵੀਂ ਰਿਪੋਰਟ ਮੰਗੀ ਹੈ। ਅਗਲੀ ਸੁਣਵਾਈ 28 ਫਰਵਰੀ ਨੂੰ ਹੋਵੇਗੀ।
ਆਰਐੱਸਐੱਸ-ਭਾਜਪਾ ਦੀ ਖ਼ਸਲਤ ਅਨੁਸਾਰ ਅਦਿੱਤਿਆਨਾਥ ਕੋਲ ਹਰ ਸਵਾਲ ਅਤੇ ਦੋਸ਼ ਦਾ ਜਵਾਬ ਹਮੇਸ਼ਾ ਸਾਫ਼ ਮੁੱਕਰਨਾ ਹੀ ਹੁੰਦਾ ਹੈ। ਹੁਣ ਵੀ ਉਸਨੇ ਵਿਧਾਨ ਸਭਾ ਦੇ ਅੰਦਰ ਸੀਪੀਸੀਬੀ ਦੀ ਰਿਪੋਰਟ ਰੱਦ ਕਰ ਦਿੱਤੀ ਹੈ ਅਤੇ ਹਿੱਕ ਠੋਕ ਕੇ ਦਾਅਵਾ ਕੀਤਾ ਹੈ ਕਿ ਗੰਗਾ-ਯਮੁਨਾ ਦਾ ਪਾਣੀ ‘ਸਿਰਫ਼ ਨਹਾਉਣ ਯੋਗ ਹੀ ਨਹੀਂ ਹੈ ਇਹ ਤਾਂ ਪੀਣ ਯੋਗ ਵੀ ਹੈ।’ ਅਸਲ ਮਸਲੇ ਤੋਂ ਧਿਆਨ ਭਟਕਾਉਣ ਲਈ ਅਦਿੱਤਿਆਨਾਥ ਨੇ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਘਿਣਾਉਣੀ ਖੇਡ ਸ਼ੁਰੂ ਕਰ ਦਿੱਤੀ ਹੈ। ਉਸਨੇ ਦੋਸ਼ ਲਾਇਆ ਹੈ ਕਿ ‘ਸਨਾਤਨ ਧਰਮ ਦੇ ਵਿਰੋਧੀਆਂ’ ਤੋਂ ਮਹਾਕੁੰਭ ਦੀ ਸ਼ਾਨੋ-ਸ਼ੌਕਤ ਝੱਲੀ ਨਹੀਂ ਜਾ ਰਹੀ, ਉਹ ‘ਸਨਾਤਨ ਧਰਮ ਦੇ ਖਿæਲਾਫ਼ ਸੁਪਾਰੀ ਲੈ ਕੇ ਸਾਜ਼ਿਸ਼ ਤਹਿਤ’ ਨਵੇਂ ਤੋਂ ਨਵੇਂ ਝੂਠ ਘੜ ਰਹੇ ਹਨ। ਉਸਨੇ ਦਾਅਵਾ ਕੀਤਾ ਕਿ ਜਲ ਸ਼ੁੱਧੀਕਰਨ ਦਾ ਪ੍ਰਬੰਧ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ, ਸੰਗਮ ਅਤੇ ਨੇੜੇ-ਤੇੜੇ ਦੇ ਸਾਰੇ ਨਾਲਿਆਂ ਦੇ ਪਾਣੀ ਨੂੰ ਟੈਪ ਕਰ ਕੇ ਅਤੇ ਸ਼ੁੱਧ ਕਰ ਕੇ ਹੀ ਛੱਡਿਆ ਜਾ ਰਿਹਾ ਹੈ। ਇਸ ਸਮੇਂ ਪ੍ਰਯਾਗਰਾਜ ਵਿਚ ਫੀਕਲ ਕਾਲੀਫਾਰਮ ਜੀਵਾਣੂ ਦਾ ਪੱਧਰ ਪ੍ਰਤੀ 100 ਮਿਲੀਲੀਟਰ ਵਿਚ 2500 ਤੋਂ ਘੱਟ ਹੈ। ਉਸ ਮੁਤਾਬਿਕ ਸਿਰਫ਼ ਮਹਾਕੁੰਭ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ‘ਚੋਂ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ।
ਨਿਰਸੰਦੇਹ, ਵਿਰੋਧੀ-ਧਿਰ, ਕਾਂਗਰਸ ਅਤੇ ਸਮਾਜਵਾਦੀ ਪਾਰਟੀ, ਦੇ ਆਗੂ ਇਸ ਮੁੱਦੇ ਨੂੰ ਸਿਆਸੀ ਲਾਹਾ ਲੈਣ ਲਈ ਉਛਾਲ ਰਹੇ ਹਨ, ਪਰ ਭਾਰਤ ਦੇ ਕੇਂਦਰੀ ਅਦਾਰੇ ਤਾਂ ‘ਸਨਾਤਨ ਧਰਮ’ ਦੀ ਪੈਰੋਕਾਰ ਆਰਐੱਸਐੱਸ-ਭਾਜਪਾ ਸਰਕਾਰ ਦੇ ਅਧੀਨ ਹਨ, ਉਨ੍ਹਾਂ ਦੀਆਂ ਰਿਪੋਰਟਾਂ ਉੱਪਰ ਤਾਂ ਅਦਿੱਤਿਆਨਾਥ ਦੀ ਇਹ ਦਲੀਲ ਲਾਗੂ ਹੀ ਨਹੀਂ ਹੋ ਸਕਦੀ। ਇਨ੍ਹਾਂ ਅਦਾਰਿਆਂ ਨੇ ਕੁੰਭ ਮੇਲੇ ਦੌਰਾਨ ਸ਼ਰੰਗਬੇਰਪੁਰ ਘਾਟ, ਲਾਰਡ ਕਰਜਨ ਬਰਿੱਜ, ਨਾਗਾਵਾਸੁਕੀ ਮੰਦਰ, ਦੀਹਾ ਘਾਟ, ਨੈਨੀ ਬਰਿੱਜ ਅਤੇ ਸੰਗਮ ਖੇਤਰ ਤੋਂ ਬਾਕਾਇਦਗੀ ਨਾਲ ਪਾਣੀ ਦੇ ਨਮੂਨੇ ਲਏ ਸਨ। ਦੀਹਾ ਘਾਟ ਅਤੇ ਪੁਰਾਣੇ ਨੈਨੀ ਬਰਿੱਜ ਕੋਲੋਂ ਲਏ ਗਏ ਨਮੂਨਿਆਂ ਵਿਚ 100 ਮਿਲੀਲੀਟਰ ਪਾਣੀ ਵਿਚ ਮਨੁੱਖੀ ਗੰਦਗੀ ‘ਚ ਪੈਦਾ ਹੋਣ ਵਾਲੇ ਜੀਵਾਣੂ 13000 ਐੱਮਪੀਐੱਨ ਮਿਲੇ। ਰਿਪੋਰਟ ਵਿਚ ਫੀਕਲ ਕਾਲੀਫਾਰਮ ਬੈਕਟਰੀਆ ਹੀ ਨਹੀਂ ਸਗੋਂ ਕਿਸੇ ਵੀ ਮਿਆਰ ਅਨੁਸਾਰ ਇਨ੍ਹਾਂ ਥਾਵਾਂ ਦਾ ਪਾਣੀ ਨਹਾਉਣ ਦੇ ਯੋਗ ਨਹੀਂ ਮਿਲਿਆ। ਇਸ ਤੋਂ ਸਾਹਮਣੇ ਆਇਆ ਕਿ ਸੀਵਰੇਜ ਦੇ ਪਾਣੀ ਨੂੰ ਸ਼ੁੱਧ ਕਰਨ ਲਈ ਲਾਏ ਪਲਾਂਟ ਕੰਮ ਨਹੀਂ ਕਰ ਰਹੇ ਸਨ। ਇਹ ਤੈਅ ਸੀ ਕਿ ਉਨ੍ਹਾਂ ਦੀ ਸਮਰੱਥਾ ਗੰਗਾ-ਯਮੁਨਾ ਦੇ ਪਾਣੀ ਨੂੰ ਨਹਾਉਣ ਯੋਗ ਬਣਾਉਣ ਦੇ ਸਮਰੱਥ ਨਹੀਂ ਸੀ। ਐਮਰਜੈਂਸੀ ਕਦਮ ਚੁੱਕਣ ਲਈ ਨਾ ਢੌਂਗੀ ਸੰਘ-ਭਾਜਪਾ ਕੋਲ ਈਮਾਨਦਾਰੀ ਹੈ ਅਤੇ ਨਾ ਅਜਿਹੀ ਇੱਛਾ ਸ਼ਕਤੀ।
ਪ੍ਰਦੂਸ਼ਿਤ ਪਾਣੀ ਦੀਆਂ ਰਿਪੋਰਟਾਂ ਨੂੰ ਰੱਦ ਕਰਨ ਲਈ ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਥੇ ਕੋਈ ਲੋਕ ਬੀਮਾਰ ਤਾਂ ਹੋ ਨਹੀਂ ਰਹੇ, ਇਸਦਾ ਮਤਲਬ ਪਾਣੀ ਦੀ ਕੁਆਲਿਟੀ ਸਹੀ ਹੈ। ਹਕੀਕਤ ਇਹ ਹੈ ਕਿ ਲੋਕ ਇਸ਼ਨਾਨ ਕਰ ਕੇ ਆਪੋ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ, ਉਨ੍ਹਾਂ ਨੂੰ ਬੈਕਟੀਰੀਆ ਕਾਰਨ ਜੇਕਰ ਕੋਈ ਸਮੱਸਿਆ ਆਵੇਗੀ ਤਾਂ ਉਹ ਆਮ ਤੌਰ ‘ਤੇ ਆਪਣੇ ਘਰੀਂ ਜਾ ਕੇ ਆਵੇਗੀ। ਅਜਿਹੇ ਲੋਕਾਂ ਦਾ ਕੋਈ ਸਰਵੇਖਣ ਤਾਂ ਹੋ ਨਹੀਂ ਸਕਦਾ ਕਿ ਕਿੰਨੇ ਲੋਕ ਬੀਮਾਰ ਹੋਏ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਆਈਆਂ। ਸੋ ਅਦਿਤਿੱਆਨਾਥ ਵਰਗੇ ਢੌਂਗੀਆਂ ਕੋਲ ਜਵਾਬਦੇਹੀ ਤੋਂ ਬਚਣ ਦਾ ਚੰਗਾ ਬਹਾਨਾ ਹੈ।
ਇਹ ਹਕੀਕਤ ਜੱਗ ਜ਼ਾਹਰ ਹੈ ਕਿ ਭਾਰਤ ਦੀਆਂ ਨਦੀਆਂ ਅਤੇ ਹੋਰ ਜਲ-ਸਰੋਤ ਕਿੰਨੇ ਜ਼ਿਆਦਾ ਪ੍ਰਦੂਸ਼ਤ ਹਨ। ਸਰਕਾਰਾਂ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਫੈਕਟਰੀਆਂ ਅਤੇ ਹੋਰ ਉਦਯੋਗਾਂ ਦੀ ਜ਼ਹਿਰੀਲੀ ਡਿਸਪੋਜ਼ਲ ਇਨ੍ਹਾਂ ਜਲ ਸਰੋਤਾਂ ਅਤੇ ਜ਼ਮੀਨਦੋਜ਼ ਪਾਣੀ ਵਿਚ ਬੇਖ਼ੌਫ਼ ਹੋ ਕੇ ਪਾਉਣਾ ਤਾਂ ਅਕੱਟ ਸੱਚ ਹੈ ਹੀ, ਇਸ ਤੋਂ ਇਲਾਵਾ ਮਨੁੱਖਾਂ ਅਤੇ ਪਸ਼ੂਆਂ ਦੀ ਗੰਦਗੀ ਵੀ ਅਕਸਰ ਨਦੀਆਂ ਤੇ ਹੋਰ ਕੁਦਰਤੀ ਜਲ-ਸਰੋਤਾਂ ਵਿਚ ਮਿਲਦੀ ਰਹਿੰਦੀ ਹੈ। ਸ਼ਰਧਾਲੂ ਫੁੱਲ, ਹੋਰ ਸਮੱਗਰੀ, ਪਲਾਸਟਿਕ ਅਤੇ ਮੂਰਤੀਆਂ ਵੀ ਨਦੀਆਂ ਨਾਲਿਆਂ ਵਿਚ ਆਮ ਹੀ ਚੜ੍ਹਾਉਂਦੇ ਦੇਖੇ ਜਾ ਸਕਦੇ ਹਨ। ਕਰੋਨਾ ਦੇ ਦਿਨਾਂ ‘ਚ ਗੰਗਾ ‘ਚ ਲਾਸ਼ਾਂ ਤੈਰਨ ਦਾ ਮੁੱਦਾ ਉੱਠਣ ਸਮੇਂ ਰਿਪੋਰਟਾਂ ਛਪੀਆਂ ਸਨ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਅੰਤਮ ਸੰਸਕਾਰ ਤੋਂ ਅਸਮਰੱਥ ਗ਼ਰੀਬ ਲੋਕਾਂ ਵੱਲੋਂ ਗੰਗਾ `ਚ ਲਾਸ਼ਾਂ ਸੁੱਟ ਦੇਣਾ ਬਹੁਤ ਪੁਰਾਣੇ ਸਮੇਂ ਤੋਂ ਚਲਿਆ ਆ ਰਿਹਾ ਵਰਤਾਰਾ ਹੈ।
‘ਸਵੱਛ ਭਾਰਤ ਅਭਿਆਨ’ ਦੀ ਰਾਜਨੀਤਕ ਡਰਾਮੇਬਾਜ਼ੀ ਅਤੇ ਇਸ ਬਹਾਨੇ ਭਗਵਾ ਹੁਕਮਰਾਨਾਂ ਵੱਲੋਂ ਦਹਿ ਹਜ਼ਾਰਾਂ ਕਰੋੜ ਰੁਪਏ ਹੜੱਪਣ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਅਜੇ ਵੀ ਨਾ ਵਸੋਂ ਦੇ ਵੱਡੇ ਹਿੱਸੇ ਕੋਲ ਜੰਗਲ-ਪਾਣੀ ਜਾਣ ਦੀ ਸਹੀ ਸਹੂਲਤ ਹੈ ਅਤੇ ਨਾ ਘੋਰ ਗ਼ਰੀਬੀ ਤੇ ਅਨਪੜ੍ਹਤਾ ਕਾਰਨ ਉਹ ਸਾਫ਼-ਸਫ਼ਾਈ ਰੱਖਣ ਦੀ ਜ਼ਰੂਰਤ ਬਾਰੇ ਜਾਗਰੂਕ ਹਨ। ਦਿੱਲੀ ਵਰਗੇ ਮਹਾਂਨਗਰਾਂ ਵਿਚ ਪ੍ਰਦੂਸ਼ਣ ਦੀ ਹਾਲਤ ਦੱਸਣ ਲਈ ਕਿਸੇ ਸਬੂਤ ਦੀ ਜ਼ਰੂਰਤ ਨਹੀਂ ਹੈ। ਪੌਣ-ਪਾਣੀ ਦੇ ਸਰੋਤਾਂ ਦੇ ਲਗਾਤਾਰ ਵਧਦੇ ਜਾ ਰਹੇ ਪ੍ਰਦੂਸ਼ਣ ਨੂੰ ਰੋਕਣ ਦਾ ਕੋਈ ਉਚਿਤ, ਭਰੋਸੇਯੋਗ ਅਤੇ ਤਸੱਲੀਬਖ਼ਸ਼ ਪ੍ਰਬੰਧ ਕੀਤੇ ਜਾਣ ਦੀ ਤਾਂ ਗੱਲ ਛੱਡੋ, ਸਰਕਾਰ ਤੇ ਪ੍ਰਸ਼ਾਸਨ ਦੇ ਪੱਧਰ ‘ਤੇ ਇਸ ਪ੍ਰਤੀ ਕੋਈ ਸਰੋਕਾਰ ਅਤੇ ਸੰਜੀਦਾ ਕੋਸ਼ਿਸ਼ ਵੀ ਨਜ਼ਰ ਨਹੀਂ ਆਉਂਦੀ, ਹਾਲਾਂਕਿ ਇਹ ਜੀਵਨ ਦਾ ਆਧਾਰ ਹੈ।
ਕੁੰਭ ਮੇਲੇ ‘ਚ ਸ਼ਰਧਾਲੂਆਂ ਨੂੰ ਸਹੂਲਤਾਂ ਦੇਣ ਦੇ ਨਾਂ ਹੇਠ ਹਜ਼ਾਰਾਂ ਕਰੋੜ ਰੁਪਏ ਖ਼ਰਚਣ ਦੇ ਦਾਅਵਿਆਂ ਦੇ ਬਾਵਜੂਦ ਕਰੋੜਾਂ ਸ਼ਰਧਾਲੂਆਂ ਦੀ ਆਮਦ ਅਨੁਸਾਰ ਉੱਥੇ ਟੱਟੀ-ਪਿਸ਼ਾਬ ਜਾਣ ਦਾ ਲੋੜੀਂਦਾ ਪ੍ਰਬੰਧ ਨਹੀਂ ਸੀ। ਕੁਝ ਮਹੀਨਿਆਂ ਵਿਚ ਵੱਡੇ ਪੈਮਾਨੇ `ਤੇ ਪ੍ਰਬੰਧ ਕਰ ਸਕਣਾ ਸੰਭਵ ਵੀ ਨਹੀਂ ਸੀ। ਸੋ ਆਮ ਲੋਕਾਂ ਨੇ ਖੁੱਲ੍ਹੇ ਥਾਵਾਂ ਉੱਪਰ ਹੀ ਟੱਟੀ-ਪਿਸ਼ਾਬ ਕਰਨਾ ਸੀ। ਸੀਪੀਸੀਬੀ ਨੇ ਇਸ ਗੱਲ ਵੱਲ ਸਹੀ ਧਿਆਨ ਦਿੱਤਾ ਹੈ ਕਿ ਕੁੰਭ ‘ਚ ਲੋਕ ਬਹੁਤ ਵੱਡੀ ਗਿਣਤੀ ‘ਚ ਡੁਬਕੀ ਲਾਉਂਦੇ ਹਨ। ਉਨ੍ਹਾਂ ਦੇ ਸਰੀਰਾਂ ਅਤੇ ਕੱਪੜਿਆਂ ‘ਚੋਂ ਗੰਦਗੀ ਨਿਕਲ ਕੇ ਪਾਣੀ ‘ਚ ਮਿਲਦੀ ਰਹਿੰਦੀ ਹੈ। ਇਸ ਨਾਲ ਪਾਣੀ ਵਿਚ ਮਲ ਜੀਵਾਣੂਆਂ ਦੀ ਘਣਤਾ ਦਾ ਵਧਣਾ ਸੁਭਾਵਿਕ ਹੈ। ‘ਮਹਾਕੁੰਭ’ ਵਿਚ ਕਿਉਂਕਿ ਦਹਿ ਕਰੋੜਾਂ ਲੋਕਾਂ ਨੇ ਸ਼ਾਮਲ ਹੋਣਾ ਸੀ, ਇਸ ਲਈ ਸੀਪੀਸੀਬੀ ਅਤੇ ਹੋਰ ਸਬੰਧਤ ਸਰਕਾਰੀ ਅਦਾਰਿਆਂ ਨੇ ਪਾਣੀ ਦੇ ਨਮੂਨੇ ਤਾਂ ਲੈਣੇ ਹੀ ਸਨ। ਯੋਗੀ-ਮੋਦੀ ਵਰਗੇ ਢੌਂਗੀ ਸਿਰਫ਼ ਧਾਰਮਿਕ ਜਜ਼ਬਾਤ ਭੜਕਾਉਣੇ ਹੀ ਜਾਣਦੇ ਹਨ, ਨਾ ਇਹ ਡੂੰਘੇ ਮਨੁੱਖੀ ਸਰੋਕਾਰ ਉਨ੍ਹਾਂ ਦੇ ਥੋਥੇ ਦਿਮਾਗਾਂ ਨੂੰ ਸਮਝ ਆ ਸਕਦੇ ਹਨ ਅਤੇ ਨਾ ਉਨ੍ਹਾਂ ਦੀ ਦੰਭੀ ਅਣਮਨੁੱਖੀ ਖ਼ਸਲਤ ਤਲਖ਼ ਹਕੀਕਤਾਂ ਨੂੰ ਸਵੀਕਾਰ ਕਰ ਕੇ ਜਵਾਬਦੇਹ ਹੋਣ ਦੀ ਆਦੀ ਹੈ।
ਮਹਾਕੁੰਭ ਦੇ ਨਾਂ ਹੇਠ ਲੋਕਾਂ ਦੀ ਧਾਰਮਿਕ ਸ਼ਰਧਾ ਨਾਲ ਕੀਤੇ ਗਏ ਖਿਲਵਾੜ ਦੇ ਪਾਪਾਂ ਦਾ ਭਾਂਡਾ ਫੁੱਟਣਾ ਚੰਗੀ ਗੱਲ ਹੈ। ਪਰ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਐੱਨਜੀਟੀ ਅਤੇ ਸੀਪੀਸੀਬੀ ਵਰਗੇ ਅਦਾਰੇ ਉਨ੍ਹਾਂ ਕੁਝ ਕੁ ਨਦੀਆਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਕੋਈ ਅਸਰਦਾਰ ਕਾਰਵਾਈ ਕਰ ਸਕਣਗੇ ਜੋ ਹਿੰਦੂ ਆਸਥਾ ਅਨੁਸਾਰ ਬਹੁਤ ਪਵਿੱਤਰ ਮੰਨੀਆਂ ਜਾਂਦੀਆਂ ਹਨ। ਧਾਰਮਿਕ ਸ਼ਰਧਾ ਲੋਕਾਈ ਦਾ ਨਿੱਜੀ ਹੱਕ ਹੈ, ਪਰ ਕੀ ਉਹ ਇਸ ਨਾਂ ਹੇਠ ਆਪਣੇ ਨਾਲ ਹੋ ਰਹੇ ਖਿਲਵਾੜ ਦਾ ਨੋਟਿਸ ਲੈਣ ਲਈ ਵੀ ਕਦੇ ਜਾਗਰੂਕ ਹੋਣਗੇ? ਸਿਰਫ਼ ਪੌਣਪਾਣੀ ਨੂੰ ਜ਼ਿੰਦਗੀ ਦੇ ਯੋਗ ਬਣਾਉਣ ਦੀ ਲੋਕਾਈ ਦੀ ਜਾਗਰੂਕਤਾ ’ਤੇ ਆਧਾਰਤ ਜਨਤਕ ਦਬਾਅ ਹੀ ਪ੍ਰਦੂਸ਼ਣ ਨੂੰ ਰੋਕਣ ਲਈ ਠੋਸ ਯੋਜਨਾਵਾਂ ਬਣਾਉਣ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਢੌਂਗੀ ਹੁਕਮਰਾਨਾਂ ਨੂੰ ਮਜਬੂਰ ਕਰ ਸਕਦਾ ਹੈ।