ਵਾਸ਼ਿੰਗਟਨ: ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੂੰ ਜਨਮਜਾਤ ਨਾਗਰਿਕਤਾ ਮਾਮਲੇ ‘ਚ ਇਕ ਹੋਰ ਝਟਕਾ ਲੱਗਾ ਹੈ। ਸਿਆਟਲ ਦੇ ਇਕ ਸੰਘੀ ਜੱਜ ਨੇ ਇਸ ਸਬੰਧੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਰੀ ਹੁਕਮ ‘ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਨੇ ਟਰੰਪ ‘ਤੇ ਕਾਨੂੰਨ ਦੇ ਸ਼ਾਸਨ ਨੂੰ ਨਜ਼ਰਅੰਦਾਜ਼ ਕਰਨਾ ਦਾ ਦੋਸ਼ ਲਾਇਆ ਹੈ
ਤੇ ਜਨਮਜਾਤ ਨਾਗਰਿਕਤਾ ਦੇ ਹੱਕ ਨੂੰ ਖਤਮ ਕਰਨ ਵਾਲੇ ਕਾਰਜਕਾਰੀ ਹੁਕਮ ਨੂੰ ਗ਼ੈਰ-ਸੰਵਿਧਾਨਕ ਐਲਾਨ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਰਤੀਆਂ ਨੂੰ ਵੀ ਫ਼ਾਇਦਾ ਹੋਵੇਗਾ, ਜੋ ਵੀਜ਼ਾ ‘ਤੇ ਇਸ ਦੇਸ਼ ‘ਚ ਰਹਿ ਰਹੇ ਹਨ ਤੇ ਗ੍ਰੀਨ ਕਾਰਡ ਦੀ ਉਡੀਕ ‘ਚ ਹਨ। ਟਰੰਪ ਦੇ ਨਾਗਰਿਕਤਾ ਸਬੰਧੀ ਕਾਰਜਕਾਰੀ ਹੁਕਮ ‘ਤੇ ਦੋ ਦਿਨ ਪਹਿਲਾਂ ਵੀ ਇਕ ਸੱਜ ਨੇ ਰੋਕ ਲਾਈ ਸੀ। ਇਸ ‘ਤੇ ਹੁਣ ਤੱਕ ਕੁਲ ਤਿੰਨ ਜੱਜ ਰੋਕ ਲਾ ਚੁੱਕੇ ਹਨ। ਸਿਆਟਲ ‘ਚ ਅਮਰੀਕੀ ਜ਼ਿਲ੍ਹਾ ਜੱਜ ਜਾਨ ਕਫੇਨੌਰ ਨੇ ਵੀਰਵਾਰ ਨੂੰ ਸੰਵਿਧਾਨ ਪ੍ਰਤੀ ਪ੍ਰਸ਼ਾਸਨ ਦੇ ਵਤੀਰੇ ਦੀ ਨਿੰਦਾ ਕੀਤੀ ਤੇ ਕਿਹਾ, “ਟਰੰਪ ਇਕ ਕਾਰਜਕਾਰੀ ਹੁਕਮ ਨਾਲ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਸਿਆਸੀ ਤੇ ਨਿੱਜੀ ਫਾਇਦੇ ਲਈ ਕਾਨੂੰਨ ਦੇ ਸ਼ਾਸਨ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਜੱਜ ਦੇ ਫ਼ੈਸਲੇ ‘ਤੇ ਕੋਰਟ ਰੂਮ ‘ਚ ਹਾਜ਼ਰ ਲੋਕਾਂ ਨੇ ਤਾੜੀਆਂ ਮਾਰੀਆਂ। ਇਹ ਫ਼ੈਸਲਾ ਵਾਸ਼ਿੰਗਟਨ, ਐਰੀਜ਼ੋਨਾ, ਇਲੀਨੋਇਸ ਤੇ ਓਰੇਗਨ ਵਰਗੇ ਡੈਮੋਕ੍ਰੇਟਿਕ ਸੂਬਿਆਂ ਤੇ ਕਈ ਗਰਭਵਤੀ ਔਰਤਾਂ ਵੱਲੋਂ ਦਾਖਲ ਇਕ ਮੁਕੱਦਮੇ ‘ਤੇ ਆਇਆ ਹੈ।