ਸ. ਜਰਨੈਲ ਸਿੰਘ ਆਰਟਸਿਟ ‘ਪੰਜਾਬ ਟਾਈਮਜ਼’ ਨਾਲ ਸ਼ੁਰੂ ਤੋਂ ਜੁੜੇ ਹੋਏ ਸਨ ਅਤੇ ਸਮੇਂ ਸਮੇਂ ‘ਪੰਜਾਬ ਟਾਈਮਜ਼’ ਦੀ ਬਿਹਤਰੀ ਲਈ ਸੁਝਾਅ ਵੀ ਦਿੰਦੇ ਰਹਿੰਦੇ ਸਨ। ਅਜੇ ਦੋ-ਤਿੰਨ ਮਹੀਨੇ ਪਹਿਲਾਂ ਉਹ ‘ਵਿਪਸਾ’ ਵਲੋਂ ਕਰਵਾਈ ਗਈ ਕਾਨਫਰੰਸ ਮੌਕੇ ਆਪਣੇ ਸੁਭਾਅ ਮੁਤਾਬਕ ਬੜੇ ਨਿੱਘ ਨਾਲ ਮਿਲੇ ਸਨ।
ਉਨ੍ਹਾਂ ਦੇ ਨਾਲ ਆਏ ਸਾਥੀ ਹਰਦਮ ਮਾਨ ਨੂੰ ਜਦੋਂ ਮੈਂ ਕਿਹਾ ਕਿ ਇਸ ਵਾਰੀ ਤੁਸੀਂ ਆਪਣੀ ਸਾਰੀ ਟੀਮ ਨਾਲ ‘ਪੰਜਾਬ ਟਾਈਮਜ਼ ਨਾਈਟ’ ‘ਤੇ ਆਉਣਾ ਹੈ, ਤਾਂ ਉਹ ਹੱਸ ਕੇ ਕਹਿਣ ਲੱਗਾ, ‘ਇਹ ‘ਫੌਜਾਂ ਦੇ ਜਰਨੈਲ’ ‘ਤੇ ਮੁਨੱਸਰ ਕਰਦਾ ਹੈ, ਜਿੱਧਰ ਹਿਕ ਕੇ ਲੈ ਜਾਣਗੇ, ਚਲੇ ਜਾਵਾਂਗੇ’ ਅਚਾਨਕ ਉਨ੍ਹਾਂ ਦੇ ਇਸ ਤਰ੍ਹਾਂ ਚਲੇ ਜਾਣ ਨਾਲ ਜਿਥੇ ਉਨ੍ਹਾਂ ਸਾਰੀਆਂ ਸੰਸਥਾਵਾਂ ਦੇ ਮੈਂਬਰਾਂ ਨੂੰ, ਜਿਨ੍ਹਾਂ ਨਾਲ ਉਹ ਜੁੜੇ ਹੋਏ ਸਨ, ਵਡਾ ਘਾਟਾ ਪਿਆ ਹੈ, ਉਥੇ ‘ਪੰਜਾਬ ਟਾਈਮਜ਼’ ਵੀ ਆਪਣੇ ਇਕ ਸ਼ੁਭਚਿੰਤਕ ‘ਤੋਂ ਵਾਂਝਾ ਹੋ ਗਿਆ ਹੈ। ਅਦਾਰਾ ‘ਪੰਜਾਬ ਟਾਈਮਜ਼’ ਅਤੇ ਇਸ ਦੀ ਸਾਰੀ ਟੀਮ ਉਨ੍ਹਾਂ ਦੇ ਸਾਥੀਆਂ ਸਮੇਤ ਪਰਿਵਾਰ ਦੇ ਦੁਖ ਵਿਚ ਸ਼ਰੀਕ ਹੈ।
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸ. ਜਰਨੈਲ ਸਿੰਘ ਆਰਟਿਸਟ ਵਿਛੋੜਾ ਦੇ ਗਏ ਹਨ। ਉਹ ਇੰਨੀਂ ਦਿਨੀਂ ਪੰਜਾਬ ਗਏ ਹੋਏ ਸਨ, ਜਿੱਥੇ ਉਹ ਪਿਛਲੇ ਕੁਝ ਦਿਨਾਂ ‘ਤੋਂ ਬਿਮਾਰ ਸਨ ਅਤੇ ਅੱਜ ਇਹ ਦੁਖਦਾਈ ਖਬਰ ਮਿਲੀ ਕਿ ਉਹ ਸੰਸਾਰਕ ਯਾਤਰਾ ਪੂਰੀ ਕਰ ਗਏ ਹਨ। ਪਰਿਵਾਰਿਕ ਸੂਤਰਾਂ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸਨ, ਜਿੱਥੇ 10 ਫਰਵਰੀ ਦੀ ਸਵੇਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ, ਜੋ ਜਾਨ ਲੇਵਾ ਸਾਬਤ ਹੋਇਆ। ਇਸ ਤੋਂ ਪਹਿਲਾਂ ਪੀਲੀਏ ਦੀ ਸ਼ਿਕਾਇਤ ਕਾਰਨ ਉਹ ਹਸਪਤਾਲ ਦਾਖਲ ਹੋਏ, ਜਿਸ ਦਾ ਲਿਵਰ ਤੇ ਕਿਡਨੀ ‘ਤੇ ਅਸਰ ਸੀ, ਇਲਾਜ ਮਗਰੋਂ ਉਨ੍ਹਾਂ ਨੂੰ ਹਸਪਤਾਲ ‘ਤੋਂ ਛੁੱਟੀ ਮਿਲ ਗਈ ਸੀ ਅਤੇ ਘਰੇ ਆ ਗਏ ਸਨ। ਪੰਜਾਬ ਫੇਰੀ ਦੌਰਾਨ ਉਨਾਂ ਦੀ ਸੁਪਤਨੀ ਬੀਬੀ ਬਲਜੀਤ ਕੌਰ ਨਾਲ ਸਨ, ਜਦ ਕਿ ਪੁੱਤਰ ਤੇ ਧੀ ਕੈਨੇਡਾ ‘ਤੋਂ ਪੰਜਾਬ ਰਵਾਨਾ ਹੋ ਰਹੇ ਹਨ। ਉਨ੍ਹਾਂ ਦਾ ਸਸਕਾਰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ।
ਉਹ 69 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਸੁਪਤਨੀ, ਪੁੱਤਰ, ਧੀ ਅਤੇ ਵੱਡਾ ਸਾਹਿਤਕ ਪਰਿਵਾਰ ਛੱਡ ਗਏ ਹਨ। ਜਰਨੈਲ ਸਿੰਘ ਮਹਾਨ ਚਿੱਤਰਕਾਰ ਸ. ਕਿਰਪਾਲ ਸਿੰਘ ਜੀ ਦੇ ਸਪੁੱਤਰ ਸਨ ਅਤੇ ਉਨਾਂ ਨੇ ਸਮੁੱਚੀ ਜ਼ਿੰਦਗੀ ਸਾਹਿਤ ਅਤੇ ਕਲਾ ਖੇਤਰ ਦੀ ਬੇਮਿਸਾਲ ਸੇਵਾ ਕੀਤੀ। ਆਪ ਦਾ ਜਨਮ ਸੰਨ 1956 ਵਿਖੇ ਜ਼ੀਰਾ ਸ਼ਹਿਰ ‘ਚ ਹੋਇਆ ਅਤੇ ਆਪਣੇ ਪਿਤਾ ਕਿਰਪਾਲ ਸਿੰਘ ਜੀ ਤੋਂ ਪੇਂਟਿੰਗ ਦਾ ਗਿਆਨ ਹਾਸਲ ਕੀਤਾ। ਇਸ ਤੋਂ ਇਲਾਵਾ ਉਚ ਕੋਟੀ ਦੇ ਵਿਸ਼ਵ ਵਿਦਿਆਲੇ ‘ਤੋਂ ਇਸ ਸਬੰਧੀ ਮੁਹਾਰਤ ਹਾਸਲ ਕੀਤੀ ਅਤੇ ਆਪਣੀ ਯੋਗਤਾ ਨਾਲ ਦੇਸ਼-ਵਿਦੇਸ਼ ਵਿਚ ਨਾਮਣਾ ਖੱਟਿਆ। ਆਪਣੇ ਜੀਵਨ ਦਾ 40 ਸਾਲਾਂ ਤੋਂ ਵੱਧ ਸਮਾਂ ਪੰਜਾਬ ਆਰਟ ਖੇਤਰ ਨੂੰ ਸਮਰਪਿਤ ਕੀਤਾ। 2000 ਵਿਚ ਪਰਿਵਾਰ ਸਮੇਤ ਪੱਕੇ ਤੌਰ ‘ਤੇ ਕੈਨੇਡਾ ਟਿਕਾਣਾ ਕੀਤਾ। ਕੈਨੇਡਾ ਵਿਖੇ ਉਹ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਮੁਢਲੇ ਮੈਂਬਰਾਂ ਵਿਚੋਂ ਸਨ ਅਤੇ ਇਸ ਦੇ ਪ੍ਰਧਾਨ ਰਹਿ ਚੁੱਕੇ ਸਨ ਤੇ ਅੱਜ-ਕੱਲ ਜਨਰਲ ਸਕੱਤਰ ਦੇ ਅਹੁਦੇ ‘ਤੇ ਸਨ। ਇਸ ਤੋਂ ਇਲਾਵਾ ਪੰਜਾਬੀ ਲੇਖਕ ਮੰਚ, ਵੈਨਕੂਵਰ ਵਿਚਾਰ ਮੰਚ ਸਮੇਤ ਕਈ ਸਾਹਿਤਕ ਸੰਸਥਾਵਾਂ ਦੀ ਵੀ ਆਪ ਅਗਵਾਈ ਕਰਦੇ ਰਹੇ। ਆਪ ਸਰੀ ਤੋਂ ਪ੍ਰਕਾਸ਼ਤ ਹੁੰਦੇ ਹਫਤਾਵਾਰੀ ਪੰਜਾਬੀ ਅਖਬਾਰ ‘ਇੰਟਰਨੈਸ਼ਨਲ ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਵੀ ਸਨ।
ਚਿੱਤਰਕਾਰ ਜਰਨੈਲ ਸਿੰਘ ਨੇ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਅਨੇਕਾਂ ਚਿੱਤਰ ਬਣਾਏ। ਉਨ੍ਹਾਂ ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਵਿਖੇ ਗਦਰੀ ਬਾਬਿਆਂ ਦੀਆਂ ਯਾਦਗਾਰੀ ਤਸਵੀਰਾਂ ਬਣਾਈਆਂ, ਜੋ ਪਿੱਛੇ ਜਿਹੇ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ ਸਨ। ਉਨ੍ਹਾਂ ਦੀਆਂ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਸਬੰਧੀ ਬਣਾਈਆਂ ਪੇਂਟਿੰਗਾਂ ਦੀ ਕੈਨੇਡਾ ਵਿਚ ਥਾਂ ਥਾਂ ਪ੍ਰਦਰਸ਼ਨੀ ਅਤੇ ਉਨ੍ਹਾਂ ਨੂੰ ਬੇਹਦ ਸਤਿਕਾਰ ਮਿਲਿਆ। ਆਪ ਦੀਆਂ ਆਖਰੀ ਪੇਂਟਿੰਗਾਂ ਵਿਚੋਂ ਇੱਕ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਪੇਂਟਿੰਗ ਸੀ, ਜੋ ਮੂਲ ਨਿਵਾਸੀ ਭਾਈਚਾਰੇ ਦੇ ਦਿਹਾੜੇ ‘ਤੇ ਰਿਲੀਜ਼ ਕੀਤੀ ਗਈ। ਆਪਣੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ‘ਏ ਜਰਨੀ ਵਿਦ ਦਾ ਐਂਡਲੈਸ ਆਈ’, ‘ਵਿਸ਼ਵ ਦੇ ਪ੍ਰਸਿੱਧ ਚਿੱਤਰਕਾਰ ਸ਼ਾਹਕਾਰ’ ਅਤੇ ‘ਪੰਜਾਬੀ ਪੇਂਟਿੰਗਜ਼’ ਆਦਿ ਸ਼ਾਮਿਲ ਹਨ। ਪ੍ਰਸਿੱਧ ਲਿਖਾਰੀ ਹਰਭਜਨ ਸਿੰਘ ਹੁੰਦਲ ਵੱਲੋਂ ਆਪ ਬਾਰੇ ਕਿਤਾਬ ‘ਚਿਤਰਕਾਰ ਜਰਨੈਲ ਸਿੰਘ’ ਲਿਖੀ ਗਈ।
ਸਰੀ ਵਿਚ ਜਰਨੈਲ ਸਿੰਘ ਆਰਟਿਸਟ ਦੀ ਜਰਨੈਲ ਆਰਟਸ ਅਕੈਡਮੀ ਸਾਹਿਤਿਕ ਇਕੱਠਾ ਦਾ ਕੇਂਦਰ ਹੁੰਦੀ, ਜਿੱਥੇ ਵੱਖ ਵੱਖ ਸ਼ਖਸੀਅਤਾਂ ਆਉਂਦੀਆਂ ਅਤੇ ਵਿਚਾਰ ਸਾਂਝੇ ਕਰਦੀਆਂ। ਉਨਾਂ ਦੇ ਮਿਲਾਪੜੇ ਸੁਭਾਅ ਨੇ ਸਾਰਿਆਂ ਦੇ ਦਿਲਾਂ ਨੂੰ ਜੋੜਿਆ ਅਤੇ ਬੇਪਨਾਹ ਮੁਹੱਬਤ ਹਾਸਲ ਕੀਤੀ। ਪੰਜਾਬ ਤੋਂ ਇਲਾਵਾ ਕੈਨੇਡਾ ਵਿਚ ਵੀ ਉਨਾਂ ਨੂੰ ਕਲਾ ਖੇਤਰ ਵਿਚ ਵੱਡੇ ਸਨਮਾਨ ਮਿਲ ਚੁੱਕੇ ਸਨ ਅਤੇ ਸਭ ਤੋਂ ਵੱਡਾ ਸਨਮਾਨ ਜਰਨੈਲ ਸਿੰਘ ਦਾ ਲੋਕ ਦਿਲਾਂ ਵਿਚ ਸਤਿਕਾਰ ਸੀ। ਆਪ ਨੂੰ ਕੈਨੇਡਾ ਸਰਕਾਰ ਵੱਲੋਂ ਕੁਇਨ ਅਲੈਜ਼ਾਬਿਥ ਡਾਇਮੰਡ ਜੁਬਲੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ, ਗਦਰੀ ਬਾਬਿਆਂ ਦੇ ਮੇਲੇ ਅਤੇ ਸਰੀ ਆਰਟਸ ਕੌਂਸਲ ਵੱਲੋਂ ਵੀ ਵਿਸ਼ੇਸ਼ ਅਵਾਰਡ ਦਿੱਤੇ ਗਏ। ਬੀਸੀ ਸਿੱਖ ਕੌਂਸਲ, ਕੈਨੇਡਾ ਵੱਲੋਂ ਸੰਨ 2001 ਵਿਚ ਕੌਮਾਂਤਰੀ ਸਿੱਖ ਕਾਨਫਰੰਸ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਸਰਦਾਰ ਜਰਨੈਲ ਸਿੰਘ ਦਾ ਵਿਛੋੜਾ ਦਰਦਨਾਕ ਹੈ। ਵਾਹਿਗੁਰੂ ਪਰਿਵਾਰ ਅਤੇ ਦੋਸਤਾਂ-ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ!
-ਰਿਪੋਰਟ: ਡਾ. ਗੁਰਵਿੰਦਰ ਸਿੰਘ