ਤਿੜਕ ਗਿਆ ਬਦਲਵੀਂ ਰਾਜਨੀਤੀ ਦਾ ਸੁਪਨਾ

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਅਣਕਿਆਸੇ ਹਨ। ਕਿਸੇ ਵੀ ਰਾਜਨੀਤਕ ਮਾਹਿਰ ਨੇ ਅਜਿਹੇ ਨਤੀਜੇ ਆਉਣ ਦੇ ਦਿਨ ਤੱਕ ਇਹ ਨਹੀਂ ਸੀ ਸੋਚਿਆ ਕਿ ਆਮ ਆਦਮੀ ਪਾਰਟੀ ਨੂੰ ਏਡੀ ਵੱਡੀ ਹਾਰ ਦਾ ਮੂੰਹ ਵੇਖਣਾ ਪਵੇਗਾ। ਪਰ ਬਹੁਤ ਸਾਲਾਂ ਬਾਅਦ ਇਹ ਵੀ ਪਹਿਲੀ ਵਾਰ ਹੋਇਆ ਕਿ ਐਗਜ਼ਿਟ ਪੋਲ ਦੇ ਅੰਕੜੇ ਨਤੀਜਿਆਂ ਦੇ ਨੇੜੇ-ਤੇੜੇ ਹੀ ਰਹੇ ਹੋਣ।

ਲਗਭਗ 14 ਸਾਲ ਪਹਿਲਾਂ 2011 ਵਿਚ ਅੰਨਾ ਹਜ਼ਾਰੇ ਦੀ ਅਗਵਾਈ ਵਿਚ ਰਾਮਲੀਲਾ ਮੈਦਾਨ ਤੋਂ ਸ਼ੁਰੂ ਹੋਇਆ ‘ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ` ਜਦੋਂ 26 ਨਵੰਬਰ 2012 ਨੂੰ ਬਦਲਵੀਂ ਰਾਜਨੀਤੀ ਦਾ ਸੰਕਲਪ ਲੈ ਕੇ ਆਮ ਆਦਮੀ ਪਾਰਟੀ ਦੇ ਰੂਪ ਵਿਚ ਰਾਜਨੀਤੀ ਦੇ ਚੋਣ ਮੈਦਾਨ ਵਿਚ ਦਾਖਲ ਹੋਇਆ ਤਾਂ ਭਾਰਤ ਦੇ ਲੋਕਾਂ ਨੂੰ ਇੱਕ ਆਸ ਬੱਝੀ ਸੀ ਕਿ ਦੇਸ਼ ਹੁਣ ਨਵਾਂ ਇਤਿਹਾਸ ਸਿਰਜੇਗਾ। ਸਾਫ਼ ਸੁਥਰੀ ਰਾਜਨੀਤੀ ਦੇ ਸੁਪਨੇ ਲੈਣ ਵਾਲੇ ਹਜ਼ਾਰਾਂ ਲੋਕ ਆਪਣੇ ਸੁੱਖ ਸਾਧਨ ਤਿਆਗ ਕੇ, ਆਪਣੀਆਂ ਨੌਕਰੀਆਂ ਨੂੰ ਲੱਤ ਮਾਰ ਕੇ ਬਦਲਵੀਂ ਰਾਜਨੀਤੀ ਦੇ ਲੁਭਾਉਣੇ ਸੁਪਨੇ ਦੇ ਲੜ ਲੱਗ ਗਏ। ਦੇਸ਼ ਵਾਸੀਆਂ ਦੇ ਦਿਲਾਂ ਵਿਚ ਇਮਾਨਦਾਰੀ ਭਰੀ ਨੈਤਿਕ ਰਾਜਨੀਤੀ ਦੀ ਨਵੀਂ ਪਰਿਭਾਸ਼ਾ ਪਨਪਣ ਲੱਗੀ। ਆਮ ਆਦਮੀ ਦੀਆਂ ਅਕਾਂਖਿਆਵਾਂ ਦਾ ਪ੍ਰਤੀਕ ਬਣ ਕੇ ਉੱਭਰੀ ਆਮ ਆਦਮੀ ਪਾਰਟੀ, ਪਹਿਲਾਂ 49 ਦਿਨਾਂ ਲਈ ਕਾਂਗਰਸ ਦੀ ਹਮਾਇਤ ਨਾਲ ਤੇ ਫਿਰ 2015 ਵਿਚ ਪੰਜ ਸਾਲ ਲਈ ਆਪਣੇ ਦਮ ਉੱਤੇ ਦਿੱਲੀ ਦੀ ਸੱਤਾ ਉੱਤੇ ਕਾਬਜ਼ ਹੋ ਗਈ। ਦਿੱਲੀ ਵਿਧਾਨ ਸਭਾ ਦੇ ਇਤਿਹਾਸ ਵਿਚ ਏਨੀ ਬੰਪਰ ਜਿੱਤ ਪਹਿਲਾਂ ਕਦੇ ਕਿਸੇ ਵੀ ਪਾਰਟੀ ਨੂੰ ਹਾਸਲ ਨਹੀਂ ਸੀ ਹੋਈ। ਫੇਰ 2020 ਵਿਚ ਲਗਭਗ ਉਸੇ ਤਰ੍ਹਾਂ ਦੀ ਬੰਪਰ ਜਿੱਤ ਨੇ, ਭਾਰਤੀ ਜਨਤਾ ਪਾਰਟੀ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਇੱਕ ਵਾਰ ਫਿਰ ਹੈਰਾਨ ਕਰ ਦਿੱਤਾ ਸੀ। ਇਥੋਂ ਤੱਕ ਕਿ 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਦਿੱਲੀ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਨੂੰ ਮੁਕੰਮਲ ਰੂਪ ਵਿਚ ਆਪਣੀ ਝੋਲੀ ਪਾਉਣ ਵਾਲੀ, ਭਾਰਤੀ ਜਨਤਾ ਪਾਰਟੀ ਵੀ ਵਿਧਾਨ ਸਭਾ ਦੇ ਤਾਜ਼ਾ ਨਤੀਜਿਆਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਅਜਿਹੀ ਹਾਰ ਦਾ ਸੁਪਨਾ ਲੈਣ ਤੋਂ ਝਿਜਕਦੀ ਸੀ।
ਆਪਣੀ ਲੋਕਪ੍ਰੀਅਤਾ ਦੇ ਦਮ ਉੱਤੇ ਦੇਸ਼ ਦੀ ਰਾਜਨੀਤੀ ਦੇ ਵੱਡੇ ਅਹੁਦਿਆਂ ਉੱਤੇ ਸਿੱਧੀ ਚੋਣ ਕਰਾਏ ਜਾਣ ਦੀ ਵਕਾਲਤ ਕਰਨ ਵਾਲਾ ਅਰਵਿੰਦ ਕੇਜਰੀਵਾਲ ਆਪਣੀ ਸੀਟ ਵੀ ਹਾਰ ਜਾਵੇਗਾ, ਇਹ ਖੁਦ ਕੇਜਰੀਵਾਲ ਨੇ ਤਾਂ ਕੀ ਕਿਸੇ ਨੇ ਵੀ ਨਹੀਂ ਸੀ ਸੋਚਿਆ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ ਅਤੇ ਸੋਮਨਾਥ ਭਾਰਤੀ ਸਮੇਤ ‘ਆਪ’ ਦੇ ਦਿੱਗਜਾਂ ਦਾ ਹਾਰ ਜਾਣਾ ਅਤੇ ਸਮੁੱਚੀ ਪਾਰਟੀ ਦਾ 62 ਤੋਂ 22 ਸੀਟਾਂ ਉੱਤੇ ਸਿਮਟ ਜਾਣਾ ਕੀ ਦਰਸਾਉਂਦਾ ਹੈ?
-ਕੀ ਇਹ ਸੱਤਾ ਦੇ ਹੰਕਾਰ ਦੀ ਹਾਰ ਹੈ?
-ਕੀ ਇਹ ਸੱਤਾ ਦੀ ਪ੍ਰਾਪਤੀ ਲਈ ਸਿਰਫ਼ ਚੋਣਾਵੀ ਪਾਰਟੀ ਤੱਕ ਸੀਮਤ ਹੋ ਜਾਣ ਦਾ ਨਤੀਜਾ ਹੈ?
-ਕੀ ਇਹ ਕਿਸੇ ਰਾਜਸੀ ਏਜੰਡੇ ਤੋਂ ਬਿਨਾਂ ਰਾਜਨੀਤੀ ਕਰਨ ਕਰਕੇ ਹੈ?
-ਕੀ ਇਹ ਇਮਾਨਦਾਰੀ ਦੀ ਸਿਰਫ਼ ਬਿਆਨਬਾਜ਼ੀ ਕਰਨ ਤੱਕ ਸਿਮਟ ਕੇ ਇਮਾਨਦਾਰੀ ਦੀ ਛਵੀ ਵਿਗਾੜ ਲੈਣ ਦੀ ਕਹਾਣੀ ਹੈ?
-ਕੀ ਇਹ ‘ਸੁਪਰੀਮੋ ਕਲਚਰ’ ਵਿਚ ਢਲੇ ਜਥੇਬੰਦਕ ਢਾਂਚੇ ਦਾ ਫਲ ਹੈ?
-ਕੀ ਇਹ ਰਾਜਨੀਤੀ ਦੇ ਨੈਤਿਕ ਬਦਲ ਦੀਆਂ ਗੱਲਾਂ ਕਰਨ ਵਾਲੇ ਅਰਵਿੰਦ ਕੇਜਰੀਵਾਲ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਉਪਰੰਤ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਸਮੇਂ ਸਿਰ ਅਸਤੀਫ਼ਾ ਨਾ ਦੇਣ ਦਾ ਖਮਿਆਜ਼ਾ ਹੈ?
-ਕੀ ਇਹ ‘ਕੱਟੜ ਹਿੰਦੂਤਵ’ ਦੀ ਰਾਜਨੀਤੀ ਨੂੰ ‘ਨਰਮ ਹਿੰਦੂਤਵ’ ਦੇ ਸੰਕਲਪ ਨਾਲ ਮਾਤ ਦੇਣ ਦੀ ਅਸਫ਼ਲਤਾ ਹੈ?
-ਕੀ ਇਹ ਧਾਰਾ 370, ਸਮਾਨ ਨਾਗਰਿਕ ਕਾਨੂੰਨ, ਤਿੰਨ ਤਲਾਕ, ਇੱਕ ਦੇਸ਼-ਇੱਕ ਚੋਣ, ਜਾਤੀਗਤ ਜਨਗਣਨਾ ਆਦਿ ਮਸਲਿਆਂ ਉੱਤੇ ਚੁੱਪ ਰਹਿਣ ਦਾ ਨਤੀਜਾ ਹੈ?
-ਕੀ ਇਹ ਪਾਰਟੀ ਦੇ ਅੰਦਰ ਪੈਦਾ ਹੋਣ ਵਾਲੀ ਵਿਰੋਧ ਦੀ ਆਵਾਜ਼ ਨੂੰ ਬਾਹਰ ਦਾ ਰਸਤਾ ਦਿਖਾਉਣ ਵਾਲੇ ਵਤੀਰੇ ਦਾ ਪਰਤੌ ਹੈ?
ਇਹ ਸਾਰੇ ਨੁਕਤੇ ਗਹਿਰੇ ਧਿਆਨ ਦੀ ਮੰਗ ਕਰਦੇ ਹਨ।
ਇਨ੍ਹਾਂ ਚੋਣ ਨਤੀਜਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੇ ਮੁਕਾਬਲੇ ਵਿਚ ਟਕਰਾਉਣ ਦੀ ਵੰਗਾਰ ਪੈਦਾ ਕਰਨ ਵਾਲੇ ਅਤੇ ਭਾਜਪਾ ਦੀ ਅੱਖ ਵਿਚ ਬੇਬਸੀ ਦੇ ਕੰਕਰ ਵਾਂਗ ਲਗਾਤਾਰ ਰੜਕਣ ਵਾਲੇ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਤਾਂ ਧੋ ਸੁੱਟਿਆ ਹੈ। ਪਰ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਇਤਿਹਾਸ ਬਿੰਦੂ ਤੋਂ ਅੱਗੇ ਤੁਰਨ ਵਾਲੀ ਸਿਆਸਤ ਕਿਸ ਪਾਸੇ ਨੂੰ ਜਾਵੇਗੀ?
ਦਿੱਲੀ ਦਾ ਦੰਗਲ ਜਿੱਥੇ ‘ਆਪ’ ਲਈ ਉਸ ਦੀ ‘ਹੋਂਦ ਦਾ ਸਵਾਲ’ ਹੈ, ਉੱਥੇ ਇਹ ਬਦਲਵੀਂ ਰਾਜਨੀਤੀ ਦੀ ਨਵੀਂ ਪਰਿਭਾਸ਼ਾ ਲਿਖਣ ਦਾ ਸਮਾਂ ਵੀ ਹੈ। ਕਿਉਂਕਿ ਇਹ ਝਟਕਾ ਸਿਰਫ਼ ਆਮ ਆਦਮੀ ਪਾਰਟੀ ਲਈ ਹੀ ਨਹੀਂ ਹੈ, ਸਗੋਂ ਨਵੀਂ ਅਤੇ ਬਦਲਵੀਂ ਰਾਜਨੀਤੀ ਦਾ ਸੁਪਨਾ ਲੈਣ ਵਾਲੇ ਉਨ੍ਹਾਂ ਸਭ ਪ੍ਰਾਣੀਆਂ ਲਈ ਵੀ ਹੈ, ਜਿਨ੍ਹਾਂ ਦੇ ਦਿਲਾਂ ਵਿਚ ਵਿਚਾਰਧਾਰਕ ਵਿਰਾਸਤ ਤੋਂ ਵਿਛੁੰਨੀ ਜਾ ਰਹੀ ਰਾਜਨੀਤੀ ਦੇ ਦਰਦ ਦੀ ਕਸਕ ਹੈ। ਇਹ ਘੜੀ ਉਨ੍ਹਾਂ ਸਾਰੇ ਰੌਸ਼ਨ ਦਿਮਾਗ਼ਾਂ ਲਈ ਇੱਕ ਵੰਗਾਰ ਹੈ, ਜਿਨ੍ਹਾਂ ਨੇ ਦੇਸ਼ ਵਿਚ ਸੰਵਿਧਾਨਕ ਢਾਂਚੇ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਨੂੰ ਬਚਾਉਣ ਦਾ ਸੰਕਲਪ ਸਾਧਿਆ ਹੋਇਆ ਹੈ। ਦਿੱਲੀ ਦੇ ਲੋਕਾਂ ਨੇ ਸਿਰਫ਼ ਬਿਆਨਬਾਜ਼ੀ ਕੀਤੇ ਜਾਣ ਦੀ ਨੀਤੀ ਨੂੰ ਜਿਵੇਂ ਨਕਾਰਿਆ ਹੈ, ਉਹ ਸਾਬਤ ਕਰਦਾ ਹੈ ਕਿ ਆਪਣੇ ਹੰਕਾਰ ਨੂੰ ਆਪੇ ਪ੍ਰਚਾਰਨਾ ਅਤੇ ਮੁਫ਼ਤਖੋਰੀ ਦੀ ਰਾਜਨੀਤੀ ਨਾਲ,ਕਰਜ਼ੇ ਚੁੱਕ ਚੁੱਕ ਕੇ ਸੱਤਾ ਦੇ ਸੁੱਖ ਨੂੰ ਮਾਨਣ ਦਾ ਸਦੀਵੀ ਭਰਮ ਪਾਲ ਲੈਣਾ, ਕੁਝ ਸਮੇਂ ਲਈ ਹੀ ਲੁਭਾਉਣਾ ਹੋ ਸਕਦਾ ਹੈ।
ਇਹ ਸਮਾਂ ਬਦਲਵੀਂ ਰਾਜਨੀਤੀ ਦੀ ਪਰਿਭਾਸ਼ਾ ਨੂੰ ਨਵੇਂ ਸੰਕਲਪਾਂ ਨਾਲ ਉਜਾਗਰ ਕਰਨ ਦਾ ਹੈ। ‘ਆਪ’ ਨੂੰ ਪਈਆਂ ਵੋਟਾਂ ਦੀ ਪ੍ਰਤੀਸ਼ਤ ਸਪਸ਼ਟ ਸੰਕੇਤ ਦਿੰਦੀ ਹੈ ਕਿ ਇਹ ਇਕ ਚਿਤਾਵਨੀ ਹੈ। ਜੇਕਰ ਆਪਣੀਆਂ ਗ਼ਲਤੀਆਂ ਤੋਂ ਸਬਕ ਸਿੱਖ ਕੇ ਸਵਰਾਜ ਦੇ ਮੁਢਲੇ ਸੰਕਲਪਾਂ ਉੱਤੇ ਕੇਂਦਰਿਤ ਹੋ ਕੇ ਅੱਗੇ ਵਧਣ ਦਾ ਯਤਨ ਕੀਤਾ ਜਾਵੇ ਤਾਂ ਡੁੱਲ੍ਹੇ ਹੋਏ ਬੇਰ ਮੁੜ ਝੋਲੀ ਵਿਚ ਆ ਸਕਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਬਦਲਵੀਂ ਰਾਜਨੀਤੀ ਦਾ ਸਿੱਧਾ ਟਕਰਾਓ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਰੁਝਾਨਾਂ ਨਾਲ ਹੈ, ਜੋ ਆਪਣੇ ਵਿਰੋਧੀਆਂ ਨੂੰ ਮਸਲ ਕੇ ਰੱਖ ਦੇਣ ਵਿਚ ਯਕੀਨ ਰੱਖਦੇ ਹਨ।
ਆਪਣੀ ਹਠਧਰਮੀ ਨੂੰ ਤਿਆਗ਼ ਕੇ, ਆਪਣੇ ਵਤੀਰੇ ਦੀਆਂ ਗਹਿਰਾਈਆਂ ਵਿੱਚੋਂ ਜਮਹੂਰੀ ਕਦਰਾਂ-ਕੀਮਤਾਂ ਨੂੰ ਕਸ਼ੀਦ ਕੇ, ਲਹਿਰ ਨਾਲੋਂ ਵਿਛੁੰਨੇ ਗਏ ਪ੍ਰਸ਼ਾਂਤ ਭੂਸ਼ਣ, ਅਸ਼ੂਤੋਸ਼, ਯੋਗੇਂਦਰ ਯਾਦਵ, ਧਰਮਵੀਰ ਗਾਂਧੀ, ਮਿਆਂਕ ਗਾਂਧੀ ਅਤੇ ਕਿਸੇ ਹੱਦ ਤੱਕ ਕੁਮਾਰ ਵਿਸ਼ਵਾਸ ਵਰਗੇ ਵਿਚਾਰਵਾਨਾਂ ਨੂੰ ਨਾਲ ਲੈ ਕੇ, ਰਾਜਨੀਤੀ ਦੀ ਨਾਜ਼ੁਕਤਾ ਨੂੰ ਸਮਝਦੇ ਹੋਏ, ਰਾਜਨੀਤੀ ਦੀ ਨਵੀਂ ਨਿਕੋਰ ਪਰਿਭਾਸ਼ਾ ਲਿਖਣ ਲਈ, ਨਵੇਂ ਸਿਰੇ ਤੋਂ ਪਹਿਲਕਦਮੀ ਕਰਨ ਲਈ, ਕਈ ਅਰਵਿੰਦ ਕੇਜਰੀਵਾਲ ਇੱਕ ਵਾਰ ਫੇਰ ਅੱਗੇ ਆਉਣਗੇ?
ਬਦਲਵੀਂ ਰਾਜਨੀਤੀ ਦੇ ਤਿੜਕ ਚੁੱਕੇ ਸੁਪਨੇ ਨੂੰ ਮੁੜ ਤੋਂ ਸੰਕਲਪਣਾ ਬਹੁਤ ਜ਼ਰੂਰੀ ਹੈ।