ਦੀਪਿਕਾ ਪਾਦੂਕੋਨ ਆਪਣੇ ਪਿਤਾ `ਤੇ ਫ਼ਿਲਮ ਬਣਾਏਗੀ

ਦੀਪਿਕਾ ਪਾਦੂਕੋਨ ਬਹੁਤ ਛੇਤੀ ਆਪਣੇ ਪਿਤਾ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਨ ਦੀ ਬਾਇਓਪਿਕ ਬਣਾਉਣ ਜਾ ਰਹੀ ਹੈ। ਕਾਫ਼ੀ ਸਮੇਂ ਤੋਂ ਦੀਪਿਕਾ ਇਸ ‘ਤੇ ਕੰਮ ਕਰ ਰਹੀ ਹੈ।

ਦੀਪਿਕਾ ਦਾ ਕਹਿਣਾ ਹੈ ਕਿ ਮੇਰੇ ਪਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮੈਰਿਜ ਹਾਊਸ ਨੂੰ ਬੈਡਮਿੰਟਨ ਕੋਰਟ ਬਣਾ ਕੇ ਕੀਤੀ ਸੀ। ਜੇਕਰ ਉਸ ਦੇ ਕੋਲ ਅੱਜ ਵਰਗੀਆਂ ਸਹੂਲਤਾਂ ਹੁੰਦੀਆਂ ਤਾਂ ਉਸ ਦੀ ਕਹਾਣੀ ਕੁਝ ਹੋਰ ਹੀ ਹੁੰਦੀ। ਪਿਛਲੀ ਵਾਰ ਫ਼ਿਲਮ ‘ਸਿੰਘਮ ਅਗੇਨ’ ਵਿਚ ਨਜ਼ਰ ਆਉਣ ਵਾਲੀ ਅਦਾਕਾਰਾ ਦੀਪਿਕਾ ਨੇ ਅਦਾਕਾਰ ਰਣਵੀਰ ਸਿੰਘ ਨਾਲ 14 ਨਵੰਬਰ, 2018 ਨੂੰ ਵਿਆਹ ਕੀਤਾ ਸੀ। ਪਿਛਲੇ ਸਾਲ 8 ਸਤੰਬਰ ਨੂੰ ਦੋਵੇਂ ਬੇਟੀ ਦੁਆ ਦੇ ਮਾਪੇ ਬਣੇ ਸਨ। ਫਿਲਮ ‘ਸਿੰਘਮ ਅਗੇਨ’ ਵਿਚ ਦੀਪਿਕਾ ਨੇ ਸ਼ਕਤੀ ਸ਼ੈਟੀ ਦੀ ਭੂਮਿਕਾ ਅਦਾ ਕੀਤੀ ਸੀ । ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਉਸ ਨੇ ਆਪਣੇ ਗਰਭ ਸਮੇਂ ਦੌਰਾਨ ਕੀਤੀ ਸੀ। ਮਾਂ ਬਣਨ ਤੋਂ ਬਾਅਦ ਹੁਣ ਦੀਪਿਕਾ ਛੇਤੀ ਹੀ ਫ਼ਿਲਮ ‘ਕਲਕੀ 2898 ਏ.ਡੀ’ ਦੇ ਵਿਸਥਾਰ ‘ਕਲਕੀ 2898 ਏ.ਡੀ. ਪਾਰਟ-2’ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਸੰਜੈ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਫ਼ਿਲਮ ‘ਲਵ ਐਂਡ ਵਾਰ’ ਵਿਚ ਵੀ ਅਦਾਕਾਰਾ ਦੀਪਿਕਾ ਪਾਦੂਕੋਨ ਦਾ ਦਾਖ਼ਲਾ ਹੋ ਗਿਆ ਹੈ। ਇਸ ਫ਼ਿਲਮ ਵਿਚ ਆਲੀਆ ਭੱਟ ਇਕ ਕੈਬਰੇ ਡਾਂਸਰ ਦੀ ਭੂਮਿਕਾ ਵਿਚ ਹੈ। ਉਥੇ ਰਣਬੀਰ ਕਪੂਰ ਅਤੇ ਵਿੱਕੀ ਕੋਸ਼ਲ ਫ਼ਿਲਮ ਵਿਚ ਇੰਡੀਅਨ ਆਰਮਡ ਫੋਰਸ ਦੇ ਅਫ਼ਸਰਾਂ ਦੇ ਕਿਰਦਾਰ ਵਿਚ ਦਿਸਣਗੇ। ਇਹ ਫ਼ਿਲਮ ਅਗਲੇ ਸਾਲ 20 ਮਾਰਚ ਨੂੰ ਸਿਨੇਮਾ ਘਰਾਂ ਵਿਚ ਦਸਤਕ ਦੇਵੇਗੀ। ਦੀਪਿਕਾ ਵੱਡੇ ਪਰਦੇ ‘ਤੇ ਗ਼ਜ਼ਬ ਦੀ ਖ਼ੂਬਸੂਰਤ ਨਜ਼ਰ ਆਉਂਦੀ ਹੈ। ਉਸ ਦੀਆਂ ਅੱਖਾਂ ਵਿਚ ਝਲਕਦੀ ਕਾਤਿਲਾਨਾ ਮੁਸਕਾਨ ਅਤੇ ਕਾਇਲ ਕਰ ਦੇਣ ਵਾਲੀਆਂ ਗੱਲ੍ਹਾਂ ‘ਚ ਪੈਂਦੇ ਡਿੰਪਲ ਭਾਵ ਡੂੰਘ ਉਸ ਦੀ ਖੂਬਸੂਰਤੀ ਨੂੰ ਵੱਖਰਾ ਹੀ ਕਰ ਦਿੰਦੇ ਹਨ। ਅੱਜ ਦੇ ਦੌਰ ਵਿਚ ਉਹ ਇਕੱਲੋਤੀ ਇਸ ਤਰ੍ਹਾਂ ਦੀ ਅਦਾਕਾਰਾ ਹੈ, ਜੋ ਸਾੜ੍ਹੀ ਅਤੇ ਬਿਕਨੀ, ਦੋਵਾਂ ਵਿਚ ਖ਼ੂਬਸੂਰਤ ਨਜ਼ਰ ਆਉਂਦੀ ਹੈ। ਉਸ ਨੇ ਆਪਣੀ ਖੂਬਸੂਰਤੀ ਦੇ ਦਮ ‘ਤੇ ਦੁਨੀਆ ਭਰ ਵਿਚ ਦਬਦਬਾ ਕਾਇਮ ਕਰਦੇ ਹੋਏ ਕਰੋੜਾਂ ਦੀਵਾਨੇ ਬਣਾਏ ਹਨ। ਦੀਪਿਕਾ ਅਤੇ ਰਣਵੀਰ ਸਿੰਘ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਦੀਪਿਕਾ ਦਾ ਆਕਰਸ਼ਣ ਅੱਜ ਵੀ ਉਵੇਂ ਹੀ ਬਰਕਰਾਰ ਹੈ। ਬਾਲੀਵੁੱਡ ਦੀ ਉਹ ਪਹਿਲੀ ਇਸ ਤਰ੍ਹਾਂ ਦੀ ਅਦਾਕਾਰਾ ਹੈ, ਜਿਸ ਨੂੰ ਨਾ ਸਿਰਫ਼ ਵਿਆਹ ਤੋਂ ਬਾਅਦ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕੰਮ ਮਿਲ ਰਿਹਾ ਹੈ, ਸਗੋਂ ਉਸ ਦੀ ਬ੍ਰਾਂਡ ਕੀਮਤ ਲਗਾਤਾਰ ਵਧਦੀ ਹੀ ਜਾ ਰਹੀ ਹੈ।