ਬਲਜੀਤ ਬਾਸੀ
ਫੋਨ: 734-259-9353
ਪ੍ਰਯਾਗਰਾਜ ਵਿਚ ਅੱਜ ਕਲ੍ਹ 13 ਜਨਵਰੀ ਤੋਂ 45 ਦਿਨ ਤੱਕ ਚੱਲਣ ਵਾਲੇ ਕੁੰਭ ਮੇਲੇ ਦਾ ਖੂਬ ਧੂਮ-ਧੜੱਕਾ ਹੈ। ਇਹ ਮੇਲਾ ਗੰਗਾ, ਜਮਨਾ ਅਤੇ ਸਰਸਵਤੀ ਦੀ ਤ੍ਰਿਵੇਣੀ ਦੇ ਆਸ-ਪਾਸ ਮਨਾਇਆ ਜਾਾਂਦਾ ਹੈ। ਮੇਲੇ ਦਾ ਦਿਨ ਬਿਕਰਮੀ ਸੰਮਤ ਅਤੇ ਜੋਤਿਸ਼ ਦੇ ਹਿਸਾਬ ਨਾਲ ਗ੍ਰਹਿਆਂ ਦੀ ਦਸ਼ਾ ਤੋਂ ਨਿਰਧਾਰਤ ਕੀਤਾ ਜਾਂਦਾ ਹੈ। ਏਥੇ ਵੰਨ-ਸਵੰਨੇ ਸਾਧੂਆਂ, ਸੰਨਿਆਸੀਆਂ, ਸੰਤਾਂ, ਨੇਤਾਵਾਂ ਅਤੇ ਕਰੋੜਾਂ ਦੀ ਗਿਣਤੀ ਵਿਚ ਪੁੱਜ ਰਹੇ ਸ਼ਰਧਾਲੂਆਂ ਦੀ ਖੂਬ ਗਹਿਮਾ-ਗਹਿਮੀ ਹੈ।
ਪਾਪ `ਤੇ ਪਾਪ ਧੋਤੇ ਜਾ ਰਹੇ ਹਨ ਤੇ ਨਾਲੋ ਨਾਲ ਰਾਜਨੀਤੀ ਵੀ ਚੱਲ ਰਹੀ ਹੈ। ਭਾਰਤ ਵਿਚ ਵਿਸ਼ਾਲ ਪੱਧਰ ‘ਤੇ ਮਨਾਏ ਜਾਂਦੇ ਕੁੰਭ-ਪੁਰਬਾਂ ਦੌਰਾਨ ਦੇਸ਼ ਭਰ ਦੀ ਆਬਾਦੀ ‘ਚ ਵਿਚਰਦੀ ਧਰਮ, ਜਾਤ, ਰੰਗ, ਨਸਲ, ਲਿੰਗ ਆਦਿ ਦੀ ਅਨੇਕਤਾ ਦੇ ਭਰਪੂਰ ਦਰਸ਼ਨ ਹੁੰਦੇ ਹਨ ਪਰ ਇਸ ਵਾਰ ਰਾਜ ਕਰਦੀ ਪਾਰਟੀ ਵਲੋਂ ਆਪਣੇ ਨੇਤਾਵਾਂ ਦੇ ਨਾ ਸਿਰਫ਼ ਪਹਿਲ ਦੇ ਆਧਾਰ `ਤੇ ਇਸ਼ਨਾਨ ਕਰਾਏ ਜਾ ਰਹੇ ਹਨ ਸਗੋਂ ਉਨ੍ਹਾਂ ਦਾ ਪ੍ਰਚਾਰ ਵੀ ਖੂਬ ਹੋ ਰਿਹਾ ਹੈ। ਇਸ ਨਾਲ ਆਮ ਸ਼ਰਧਾਲੂਆਂ ਨੂੰ ਢੇਰ ਅੜਚਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਟੇ ਵਜੋਂ ਭਗਦੜ ਦੌਰਾਨ ਕਿੰਨੇ ਲੋਕ ਮਾਰੇ ਗਏ ਤੇ ਹੋਰ ਕਿੰਨੇ ਜ਼ਖਮੀ ਹੋ ਗਏ। ਮੇਲੇ `ਤੇ ਵੱਧ ਤੋਂ ਵੱਧ ਲੋਕਾਂ ਨੂੰ ਖਿੱਚਣ ਲਈ ਹਰ ਵਾਰੀ ਕੋਈ ਨਾ ਕੋਈ ਵਿਲੱਖਣਤਾ ਕੱਢ ਕੇ ਇਸ ਨੂੰ ਮਹਾਂਕੁੰਭ ਦੱਸ ਦਿੱਤਾ ਜਾਂਦਾ ਹੈ। ਇਸ ਕੁੰਭ ਦੀ ਵਿਸ਼ੇਸ਼ਤਾ ਦੱਸੀ ਗਈ ਕਿ ਇਸ ਵਾਰੀ ਸੂਰਜ, ਚੰਦ, ਸ਼ਨੀ ਅਤੇ ਬ੍ਰਹਸਪਤੀ ਗ੍ਰਹਿ 144 ਸਾਲ ਬਾਅਦ ਇੱਕ ਸੇਧ ਵਿਚ ਹਨ। ਅਤੀਤ ਵਿਚ ਸਭਿਅਤਾਵਾਂ ਪਾਣੀਆਂ ਦੇ ਕੰਢਿਆਂ `ਤੇ ਵਸੀਆਂ, ਇਸ ਲਈ ਜਲ-ਸਥਾਨਾਂ ਦਾ ਤੀਰਥ ਸਥਾਨ ਬਣ ਜਾਣਾ, ਖਾਸ ਤੌਰ `ਤੇ ਭਾਰਤ ਜਿਹੇ ਦੇਸ਼ ਵਿਚ, ਕੋਈ ਅਲੋਕਾਰ ਗੱਲ ਨਹੀਂ। ਤੀਰਥ ਸ਼ਬਦ ਦਾ ਸ਼ਾਬਦਿਕ ਅਰਥ ਹੀ ਪਾਣੀ ਦੇ ਕੰਢੇ ‘ਤੇ ਬਣਿਆ ਇਸ਼ਨਾਨ ਘਰ ਹੈ।
ਭਾਰਤ ਵਿਚ ਹਰ ਬਾਰਾਂ ਸਾਲਾਂ ਬਾਅਦ ਲਗਦੇ ਚਾਰ ਕੁੰਭ ਮੇਲੇ ਮਸ਼ਹੂਰ ਹਨ: ਪ੍ਰਯਾਗਰਾਜ, ਹਰਿਦਵਾਰ, ਨਾਸਿਕ ਅਤੇ ਉਜੈਨ। ਇੱਕ ਮੇਲੇ ਦਾ ਦੂਜੇ ਮੇਲੇ ਤੋਂ ਤਿੰਨ ਸਾਲ ਦਾ ਫਰਕ ਹੁੰਦਾ ਹੈ। ਇਸ ਤਰ੍ਹਾਂ ਹਰ ਤਿੰਨਾਂ ਸਾਲਾਂ ਬਾਅਦ ਕਿਤੇ ਨਾ ਕਿਤੇ ਕੁੰਭ ਲੱਗਾ ਹੀ ਹੁੰਦਾ ਹੈ। ਉਂਜ ਬ੍ਰਾਹਮਣਵਾਦ ਦੀ ਸਾਡੇ ‘ਤੇ ਖੂਬ ਕਿਰਪਾ ਹੈ ਕਿ ਇਨ੍ਹਾਂ ਕੁੰਭਾਂ ਦੀ ਲੋਕਪ੍ਰਿਅਤਾ ਦੇਖ ਕੇ ਅਰਧ-ਕੁੰਭ ਵੀ ਮਨਾਏ ਜਾਣ ਲੱਗ ਪਏ ਹਨ। ਸਾਰੇ ਧਾਰਮਿਕ ਸਮਾਗਮਾਂ ਵਾਂਗ ਹੀ ਕੁੰਭ ਮੇਲੇ ਦੇ ਅਰੰਭ ਬਾਰੇ ਮਿਥਿਹਾਸਕ ਪ੍ਰਪੰਚ ਜੋੜੇ ਗਏ ਹਨ। ਸਕੰਦ ਪੁਰਾਣ ਅਨੁਸਾਰ ਦੇਵਾਂ ਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਰਿੜਕਿਆ ਤਾਂ ਨਿਕਲੇ ਚੌਦਾਂ ਰਤਨਾਂ ਵਿਚੋਂ ਅੰਮ੍ਰਿਤ ਦਾ ਕੁੰਭ ਚੁੱਕੀ ਧਨਵੰਤਰੀ ਵੀ ਪ੍ਰਗਟ ਹੋਇਆ। ਧਨਵੰਤਰੀ ਨੇ ਇਹ ਕੁੰਭ ਇੰਦਰ ਦੇਵਤਾ ਦੇ ਹਵਾਲੇ ਕੀਤਾ ਤੇ ਅੱਗੋਂ ਇੰਦਰ ਨੇ ਆਪਣੇ ਪੁੱਤਰ ਜਯੰਤ ਨੂੰ ਇਸ ਆਸ਼ੇ ਨਾਲ ਦੇ ਦਿੱਤਾ ਕਿ ਉਹ ਇਸ ਨੂੰ ਸਵਰਗ ਵਿਚ ਲੈ ਜਾਏਗਾ। ਦੈਂਤਾਂ ਨੇ ਆਪਣੇ ਗੁਰੂ ਸ਼ੁਕਰ ਨੂੰ ਕੁੰਭ ਖੋਹਣ ਲਈ ਪ੍ਰੇਰਿਆ। ਕਿਹਾ ਜਾਂਦਾ ਹੈ ਕਿ ਦੈਂਤਾਂ ਅਤੇ ਦੇਵਤਿਆਂ ਵਿਚਾਲੇ 12 ਦਿਨ, ਜੋ ਮਨੁੱਖਾਂ ਦੇ ਬਾਰਾਂ ਸਾਲ ਦੇ ਬਰਾਬਰ ਹਨ, ਘੋਰ ਯੁੱਧ ਚਲਦਾ ਰਿਹਾ। ਇਸ ਕਸ਼ਮਕਸ਼ ਵਿਚ ਚਾਰ ਸਥਾਨਾਂ `ਤੇ ਅੰਮ੍ਰਿਤ ਦੀਆਂ ਬੂੰਦਾਂ ਡਿਗ ਪਈਆਂ। ਜਿਥੇ ਜਿਥੇ ਇਹ ਬੂੰਦਾਂ ਡਿਗੀਆਂ, ਉਥੇ ਉਥੇ ਹਰ ਬਾਰਾਂ ਸਾਲ ਬਾਅਦ ਕੁੰਭ ਦਾ ਮੇਲਾ ਲੱਗਣਾ ਸ਼ੁਰੂ ਹੋ ਗਿਆ।
ਇੱਕ ਹੋਰ ਮਨੌਤ ਅਨੁਸਾਰ ਵਿਸ਼ਨੂੰ ਦੇਵਤਾ ਅੰਮ੍ਰਿਤ ਵਾਲਾ ਕੁੰਭ ਚੁੱਕੀ ਜਾ ਰਿਹਾ ਸੀ ਤਾਂ ਉਸ ਵਿਚੋਂ ਥਾਂ ਥਾਂ ਅੰਮ੍ਰਿਤ ਦੀਆਂ ਬੂੰਦਾਂ ਕਿਰ ਗਈਆਂ। ਇਸ ਮੇਲੇ ਨੂੰ ਕੁੰਭ ਰਾਸ਼ੀ ਦੀ ਦਸ਼ਾ ਅਨੁਸਾਰ ਮਿਥੇ ਜਾਣ ਕਰਕੇ ਇਸ ਨੂੰ ਕੁੰਭ ਰਾਸ਼ੀ ਨਾਲ ਵੀ ਜੋੜਿਆ ਜਾਂਦਾ ਹੈ। ਜੋਤਸ਼ੀਆਂ ਅਨੁਸਾਰ ਕੁੰਭ ਦਾ ਅਸਾਧਾਰਨ ਮਹੱਤਵ ਬ੍ਰਹਿਸਪਤੀ ਦੇ ਕੁੰਭ ਰਾਸ਼ੀ ਵਿਚ ਪ੍ਰਵੇਸ਼ ਅਤੇ ਸੂਰਜ ਦੇ ਮੇਖ ਰਾਸ਼ੀ ਵਿਚ ਪ੍ਰਵੇਸ਼ ਨਾਲ ਜੁੜਿਆ ਹੋਇਆ ਹੈ। ਗ੍ਰਹਿਆਂ ਦੀ ਅਜਿਹੀ ਸਥਿਤੀ ਦਰਿਆਵਾਂ ਦੇ ਪਾਣੀਆਂ ਨੂੰ ਸ਼ੁਧ ਕਰ ਦਿੰਦੀ ਹੈ, ਇਸ ਲਈ ਕੁੰਭ ਦੌਰਾਨ ਡੁਬਕੀ ਲਾਉਣ ਦਾ ਮਹਾਤਮ ਹੈ। ‘ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ’- ਭਗਤ ਨਾਮਦੇਵ। ਕੁੰਭਾਂ ਦਾ ਜ਼ਿਕਰ ਪੁਰਾਣਾਂ ਵਿਚ ਮਿਲਦਾ ਹੈ, ਇਸ ਲਈ ਵਿਸ਼ਵਾਸ ਹੈ ਕਿ ਇਹ ਮੇਲੇ ਪੁਰਾਣਾਂ ਦੇ ਯੁੱਗ ਅਰਥਾਤ ਮੱਧਕਾਲ ਵਿਚ ਹੀ ਸ਼ੁਰੂ ਹੋਏ।
ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਿ ਦੱਖਣ ਵਿਚ ਵੀ ਕੁੰਭ ਨਾਂ ਦਾ ਇੱਕ ਮੇਲਾ ਹਰ ਬਾਰਾਂ ਵਰਿ੍ਹਆਂ ਬਾਅਦ ਲਗਦਾ ਹੈ ਜਿਸ ਪਿੱਛੇ ਵੀ ਇੱਕ ਮਿਲਦੀ-ਜੁਲਦੀ ਮਿੱਥ ਹੈ। ਇਹ ਮੇਲਾ ਤਾਮਿਲ ਨਾਡੂ ਦੇ ਤੰਜਾਵੁਰ ਜ਼ਿਲ੍ਹੇ ਦੇ ਇੱਕ ਸ਼ਹਿਰ ਕੁੰਭਕੋਣਮ ਵਿਖੇ ਹੁੰਦਾ ਹੈ ਜੋ ਦੋ ਨਦੀਆਂ, ਕਾਵੇਰੀ ਅਤੇ ਅਰਸਲਾ ਨਾਲ ਘਿਰਿਆ ਹੋਇਆ ਹੈ। ਕੁੰਭਕੋਣਮ ਦਾ ਸ਼ਾਬਦਿਕ ਅਰਥ ਹੈ ਘੜੇ ਦਾ ਕੋਨਾ। ਮਿਥ ਅਨੁਸਾਰ ਜਦ ਇੱਕ ਵਾਰ ਪਰਲੈ ਕਾਰਣ ਸ੍ਰਿਸ਼ਟੀ ਦਾ ਨਾਸ ਹੋ ਗਿਆ ਤਾਂ ਬ੍ਰਹਮਾ ਨੇ ਸ੍ਰਿਸ਼ਟੀ ਨੂੰ ਮੁੜ ਸਾਜਣ ਲਈ ਸ਼ਿਵ ਦੀ ਸਲਾਹ ਲਈ। ਸ਼ਿਵ ਨੇ ਵਿਭਿੰਨ ਪਵਿੱਤਰ ਸਥਾਨਾਂ ਤੋਂ ਰੇਤ ਇਕੱਠੀ ਕਰ ਕੇ ਇਕ ਕੁੰਭ (ਘੜਾ) ਬਣਾਉਣ ਅਤੇ ਇਸ ਨੂੰ ਪਰਲੈ ਨਾਲ ਜਮ੍ਹਾਂ ਹੋਏ ਪਾਣੀ ਵਿਚ ਤਰਾਉਣ ਦਾ ਸੁਝਾਅ ਦਿੱਤਾ। ਮਾਨਤਾ ਹੈ ਕਿ ਕੁੰਭਕੋਣਮ ਉਹ ਸਥਾਨ ਹੈ ਜਿੱਥੇ ਇਹ ਘੜਾ ਰੁਕਿਆ। ਫਿਰ ਭਗਵਾਨ ਸ਼ਿਵ ਨੇ ਘੜੇ `ਤੇ ਤੀਰ ਚਲਾਇਆ ਜਿਸ ਨਾਲ ਇਸ ਸਥਾਨ `ਤੇ ਕੁਝ ਅੰi੍ਰਮਤ ਛਲਕ ਪਿਆ ਅਤੇ ਜੀਵਨ ਮੁੜ ਤੋਂ ਸ਼ੁਰੂ ਹੋ ਗਿਆ।
ਕੁਝ ਵੀ ਹੋਵੇ, ਕੁੰਭ ਮੇਲੇ ਦਾ ਸਬੰਧ ਕੁੰਭ ਨਾਲ ਹੈ। ਇਸ ਸੰਸਕ੍ਰਿਤ ਸ਼ਬਦ ਦਾ ਅਰਥ ਕਲਸ਼, ਘੜਾ, ਮਟਕਾ ਅਰਥਾਤ ਪਾਣੀ ਰੱਖਣ ਵਾਲਾ ਪਾਤਰ ਹੈ। ਕੁੰਭ ਇੱਕ ਤਰ੍ਹਾਂ ਪਾਣੀ ਦਾ ਪ੍ਰਤੀਕ ਬਣਦਾ ਹੈ। ਪਾਣੀ, ਜੋ ਸਾਡੇ ਸਰੀਰ ਦੀ ਮੈਲ ਦੇ ਨਾਲ ਨਾਲ ਪਾਪ ਵੀ ਧੋਂਦਾ ਹੈ। ਗੁਰੂ ਨਾਨਕ ਦੇਵ ਫੁਰਮਾਉਂਦੇ ਹਨ, “ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭ ਨ ਹੋਇ”। ਇਹ ਠੀਕ ਹੈ ਕਿ ਅੱਜ ਕਲ੍ਹ ਅਸੀਂ ਆਮ ਬੋਲਚਾਲ ਵਿਚ ਕੁੰਭ ਸ਼ਬਦ ਨੂੰ ਘੜੇ ਦੇ ਅਰਥਾਂ ਵਿਚ ਨਹੀਂ ਵਰਤਦੇ। ਇਸ ਦੀ ਅਜਿਹੀ ਵਰਤੋਂ ਧਾਰਮਿਕ ਪ੍ਰਸੰਗ ਵਿਚ ਹੀ ਹੁੰਦੀ ਹੈ। ਕੁੰਭ ਦੇ ਅਰਥਾਂ ਦਾ ਵਿਸਥਾਰ ਹੋਇਆ ਹੈ। ਇਸ ਦਾ ਸਭ ਤੋਂ ਵੱਧ ਵਰਤਿਆ ਜਾਂਦਾ ਅਰਥ ਹੈ, ਕੁੰਭ ਰਾਸ਼ੀ, ਕਿਉਂਕਿ ਇਸ ਦੇ ਨਛੱਤਰਾਂ ਦਾ ਆਕਾਰ ਕੁੰਭ ਜਿਹਾ ਬਣਦਾ ਹੈ। ਇਹ ਸਬੱਬ ਨਹੀਂ ਕਿ ਇਸ ਰਾਸ਼ੀ ਲਈ ਵਰਤੇ ਜਾਂਦੇ ਅੰਗਰੇਜ਼ੀ ਸ਼ਬਦ Aquarius ਦਾ ਅਰਥ ‘ਜਲ-ਵਾਹਕ’ (ਝੀਵਰ) ਹੈ। ਇਹ ਲਾਤੀਨੀ ਸ਼ਬਦ ਹੈ, ਜੋ ਅੱਗੋਂ ਇਕ ਗਰੀਕ ਸ਼ਬਦ Hydrokhos ਦਾ ਸਿੱਧਾ ਅਨੁਵਾਦ ਹੈ। ਲਾਤੀਨੀ Aqua ਅਤੇ ਗਰੀਕ Hydro ਸਜਾਤੀ ਸ਼ਬਦ ਹਨ, ਜਿਨ੍ਹਾਂ ਦਾ ਅਰਥ ਪਾਣੀ ਹੈ ਤੇ ਇਹ ਸ਼ਬਦ ਸੰਸਕ੍ਰਿਤ ‘ਅਪ’ ਅਤੇ ਫਾਰਸੀ ‘ਆਬ’ ਦੇ ਵੀ ਸਜਾਤੀ ਹਨ। ਗਰੀਕ ਜਲ-ਵਾਹਕ ਪਿੱਛੇ ਵੀ ਇਕ ਗਰੀਕ ਮਿਥ ਹੈ।
ਹਾਥੀ ਦੇ ਮੱਥੇ ‘ਤੇ ਘੜੇ ਜਿਹੇ ਡੂੰਘ ਨੂੰ ਵੀ ਕੁੰਭ ਆਖਦੇ ਹਨ, ‘ਕਟ ਕਟ ਗਿਰੇ ਗਜਨ ਕੁੰਭਸਥਲ।’ ਪਹਿਲੀਆਂ ਵਿਚ ਕੁੰਭ ਸ਼ਬਦ ਦੀ ਵਰਤੋਂ ਦੋ ਦ੍ਰੌਣ (ਚੌਂਹਠ ਸੇਰ) ਭਾਰ ਦੇ ਅੰਨ ਲਈ ਇੱਕ ਪੈਮਾਨੇ ਵਜੋਂ ਵੀ ਕੀਤੀ ਜਾਂਦੀ ਸੀ। ਸਪੱਸ਼ਟ ਹੈ ਕਿ ਏਨਾ ਅੰਨ ਮਿਣਨ ਲਈ ਇੱਕ ਕੁੰਭ (ਮਟਕੇ) ਦੀ ਵਰਤੋਂ ਕੀਤੀ ਜਾਂਦੀ ਹੋਵੇਗੀ। ਸਾਡੇ ਘਰ ਅਜਿਹਾ ਹੀ ਇੱਕ ਮਿੱਟੀ ਦਾ ਵੱਡਾ ਸਾਰਾ ਕੁੰਭ ਹੁੰਦਾ ਸੀ, ਜਿਸ ਵਿਚ ਕਣਕ ਸੰਭਾਲੀ ਜਾਂਦੀ ਸੀ, ਪਰ ਅਸੀਂ ਇਸ ਨੂੰ ਭੜੋਲਾ ਕਹਿੰਦੇ ਸਾਂ। ਯੋਗ ਵਿਚ ਪ੍ਰਾਣਾਯਾਮ ਦੀ ਇਕ ਰੀਤੀ ਨੂੰ ਵੀ ਕੁੰਭ ਕਿਹਾ ਜਾਂਦਾ ਹੈ, ਜਿਸ ਵਿਚ ਨਾਸਾਂ ਅਤੇ ਮੂੰਹ ਨੂੰ ਇਕੋ ਵੇਲੇ ਬੰਦ ਕੀਤਾ ਜਾਂਦਾ ਹੈ। ਇਸ ਲਈ ਕੁੰਭਕ ਸ਼ਬਦ ਵੀ ਚਲਦਾ ਹੈ। ਵੱਡੇ ਪੱਧਰ ‘ਤੇ ਮਨਾਏ ਜਾ ਰਹੇ ਕਿਸੇ ਜਸ਼ਨ ਨੂੰ ਵੀ ਕੁੰਭ ਜਾਂ ਮਹਾਂ ਕੁੰਭ ਕਹਿ ਦਿੱਤਾ ਜਾਂਦਾ ਹੈ, ਜਿਵੇਂ ਕਬੱਡੀ ਦਾ ਮਹਾਂ ਕੁੰਭ। ਸੰਸਕ੍ਰਿਤ ਕੁੰਭਮੰਡੂਕ ਦਾ ਅਰਥ ਹੈ, ਘੜੇ ਦਾ ਡੱਡੂ। ਵਾਰਿਸ ਸ਼ਾਹ ਦੀ ਹੀਰ ਵਿਚ ਜਦ ਕੁੜੀਆਂ ਰਾਂਝੇ ਕੋਲ ਜਾਂਦੀਆਂ ਹਨ ਤਾਂ ਇਸ ਨੂੰ ਵੀ ਕੁੰਭ ਆਖਦੀਆਂ ਹਨ,
ਵੱਡੀ ਮਿਹਰ ਹੋਈ ਏਸ ਦੇਸ ਉਤੇ
ਵਿਹੜੇ ਹੀਰ ਦੇ ਨੂੰ ਚਲ ਤਾਰੀਏ ਨੀ।
ਮੰਗ ਨਗਰ ਅਤੀਤ ਨੇ ਅਜੇ ਖਾਣਾ
ਬਾਤਾਂ ਸ਼ੌਕ ਦੀਆਂ ਚਾਇ ਵਸਾਰੀਏ ਨੀ।
ਮੇਲੇ ਕੁੰਭ ਦੇ ਹਮੀਂ ਅਤੀਤ ਚੱਲੇ
ਨਗਰ ਜਾਇਕੇ ਭੀਖ ਚਤਾਰੀਏ ਨੀ।
ਕਈ ਹਿੰਦ-ਆਰਿਆਈ ਭਾਸ਼ਾਵਾਂ ਵਿਚ ਵੀ ਕੁੰਭ ਨਾਲ ਮਿਲਦੇ-ਜੁਲਦੇ ਰੁਪਾਂਤਰ ਉਪਲੱਬਧ ਹਨ। ਕੁਝ ਵਿਚ ਸਬੰਧਤ ਸ਼ਬਦਾਂ ਦੇ ਅਰਥ ਟੋਭਾ, ਬਾਲਟੀ, ਜਾਰ, ਖੇਤਾਂ ਨੂੰ ਸਿੰਜਣ ਲਈ ਤਲਾਬ ਵਿਚੋਂ ਕੱਢੇ ਜਾਂਦੇ ਪਾਣੀ ਦਾ ਜੁਗਾੜ ਆਦਿ ਹਨ। ਲਹਿੰਦੇ ਪਾਸੇ ਇਸ ਤੋਂ ਬਣੇ ਸ਼ਬਦ ਖੁੰਭ/ਖੁੰਬ ਉਸ ਭੱਠੀ ਨੂੰ ਕਹਿੰਦੇ ਹਨ, ਜਿਸ ‘ਤੇ ਧੋਬੀ ਕੱਪੜਿਆਂ ਨੂੰ ਭਾਫ ਲਵਾਉਂਦੇ ਹਨ। ਪੰਜਾਬੀ ਵਿਚ ਤਾਂਬੇ ਦੇ ਬਣੇ ਉਸ ਮਟਕੇ ਨੂੰ ਖੁੰਭ ਆਖਦੇ ਹਨ, ਜਿਸ ਵਿਚ ਧੋਬੀ ਕੱਪੜੇ ਉਬਾਲਦੇ ਹਨ। ਉਬਾਲਣ ਦੀ ਇਸ ਕਿਰਿਆ ਦੌਰਾਨ ਕੱਪੜਿਆਂ ਨੂੰ ਖੂਬ ਪਲਟਿਆ, ਕੁੱਟਿਆ ਵੀ ਜਾਂਦਾ ਹੈ। ਗੁਰੂ ਨਾਨਕ ਨੇ ਇਹ ਸ਼ਬਦ ਵਰਤਿਆ ਹੈ, “ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ।” ਵਾਰਿਸ ਸ਼ਾਹ ਨੇ ਆਪਣੇ ‘ਅਸ਼ਲੀਲ’ ਰੰਗ ਵਿਚ ਇਸ ਸ਼ਬਦ ਨੂੰ ਵਰਤਿਆ ਹੈ,
ਕੋਈ ਧੋਬੀ ਵਲਾਇਤੋਂ ਆਣ ਲੱਥਾ
ਸਿਰੀ ਸਾਫ ਦੇ ਥਾਨ ਚੜ੍ਹ ਖੁੰਮ ਗਏ।
ਤੇਰੀ ਚੋਲੀ ਵਲੂੰਧਰੀ ਸਣੇ ਸੀਨੇ
ਪੇਂਜੇ ਤੂੰਬਿਆਂ ਨੂੰ ਜਿਵੇਂ ਤੁੰਮ ਗਏ।
ਮਹਾਨ ਕੋਸ਼ ਨੇ ‘ਕਸ਼ਾਰਾਂਬੁ’ ਇੰਦਰਾਜ ਅਧੀਨ ਇਸ ਦਾ ਪਹਿਲਾ ਅਰਥ ਖਾਰਾ ਪਾਣੀ ਦਿੱਤਾ ਹੈ ਜੋ ਕਿ ਦਰੁਸਤ ਹੈ ਪਰ ਦੂਜਾ ਅਰਥ ‘ਧੋਬੀ ਦਾ ਉਹ ਬਰਤਨ ਜਿਸ ਵਿਚ ਖਾਰ ਮਿਲਿਆ ਪਾਣੀ ਪਾ ਕੇ ਉਪਰ ਵਸਤਰ ਚਿਣ ਕੇ ਤੇਜ਼ ਭਾਪ ਦਿੰਦਾ ਹੈ, ਜਿਸ ਤੋਂ ਮੈਲ ਅਲੱਗ ਹੋ ਜਾਂਦੀ ਹੈ’ ਗਲਤ ਜਾਪਦਾ ਹੈ। ਸੰਸਕ੍ਰਿਤ ਸ੍ਰੋਤਾਂ ਵਿਚ ਅਜਿਹਾ ਕੋਈ ਅਰਥ ਨਹੀਂ। ਕਰੜੀ ਆਲੋਚਨਾ ਲਈ ਵਰਤਿਆ ਜਾਂਦਾ ਮੁਹਾਵਰਾ ‘ਖੁੰਬ ਠੱਪਣਾ’ ਇਥੋਂ ਹੀ ਬਣਿਆ ਹੈ, ਵਰਨਾ ਖਾਣ ਵਾਲੀਆਂ ਖੁੰਬਾਂ ਨੂੰ ਠੱਪਣ ਦਾ ਕੋਈ ਤੁਕ ਨਹੀਂ ਬਣਦਾ। ਕੁੰਭ ਸ਼ਬਦ ਦਾ ਫਾਰਸੀ ਸਜਾਤੀ ਸ਼ਬਦ ਹੈ, ‘ਖੁਮ’ ਜੋ ਪਲੈਟਸ ਅਨੁਸਾਰ ਜ਼ੰਦ ਦੇ ਖੁੰਬ ਸ਼ਬਦ ਦਾ ਵਿਉਤਪਤ ਰੂਪ ਹੈ। ਇਸ ਦਾ ਅਰਥ ਘੜਾ ਦੇ ਨਾਲ-ਨਾਲ ਸ਼ਰਾਬ ਦਾ ਮਟਕਾ ਵੀ ਹੈ। ਫੈਜ਼ ਦੀ ਸ਼ਾਇਰੀ ਵਿਚ ਦੇਖੋ,
ਦੋਨੋਂ ਜਹਾਂ ਤੇਰੀ ਮੁਹੱਬਤ ਮੇਂ ਹਾਰ ਕੇ
ਵੋਹ ਜਾ ਰਹਾ ਹੈ ਕੋਈ ਸ਼ਬ-ਏ-ਗਮ ਗੁਜ਼ਾਰ ਕੇ।
ਵੀਰਾਂ ਹੈ ਮਯਕਦਾ ਖੁਮ-ਓ-ਸਾਗਰ ਉਦਾਸ ਹੈ
ਤੁਮ ਕਿਆ ਗਏ ਕਿ ਰੂਠ ਗਏ ਦਿਨ ਬਹਾਰ ਕੇ।
ਕੁੰਭ ਤੋਂ ਬਣੇ ਕੁੰਭੀ ਦਾ ਅਰਥ ਹੈ, ਘਰੋਟੀ, ਮਟਕੀ, ਹਾਂਡੀ। ਇੱਕ ਨਰਕ ਨੂੰ ‘ਕੁੰਭੀ ਨਰਕ’ ਕਿਹਾ ਜਾਂਦਾ ਹੈ। ਮਾਤਾ ਦੇ ਪੇਟ ਵਿਚਲੇ ਬੱਚੇ ਲਈ ਵੀ ਇਹ ਉਕਤੀ ਵਰਤੀ ਜਾਂਦੀ ਹੈ, ਕਿਉਂਕਿ ਇਸ ਵਿਚ ਬੱਚਾ ਪੁੱਠਾ ਲਟਕਿਆ ਰਹਿੰਦਾ ਹੈ। ਰਾਵਣ ਦੇ ਇਕ ਭਰਾ ਦਾ ਨਾਂ ਕੁੰਭਕਰਣ ਹੈ, ਜੋ ਛੇ ਮਹੀਨੇ ਸੌਂਦਾ ਤੇ ਕੇਵਲ ਇੱਕ ਦਿਨ ਜਾਗਦਾ ਸੀ। ਸਾਡੇ ਪਿੰਡ ਹੁੰਦੇ ਦਸਹਿਰੇ ਵਿਚ ਸੁੱਤੇ ਪਏ ਕੁੰਭਕਰਣ ਨੂੰ ਜਗਾਉਣ ਲਈ ਢੋਲ ਵਜਾਏ ਜਾਂਦੇ ਸਨ। ਕੁੰਭਕਰਣ ਬਣਿਆ ਹੈ, ਕੁੰਭ+ਕਰਣ ਤੋਂ, ਜਿਸ ਦਾ ਸ਼ਾਬਦਿਕ ਅਰਥ ਹੋਇਆ, ਘੜੇ ਜਿੱਡੇ ਕੰਨਾਂ ਵਾਲਾ। ਸੰਸਕ੍ਰਿਤ ਵਿਚ ਮਿੱਟੀ ਦੇ ਭਾਂਡੇ ਅਰਥਾਤ ਕੁੰਭ, ਮਟਕੇ ਆਦਿ ਬਣਾਉਣ ਵਾਲੇ ਨੂੰ ਕੁੰਭਕਾਰ ਕਿਹਾ ਜਾਂਦਾ ਹੈ। ਕੁੰਭਕਾਰ ਦੇ ਘੁਮਾਰ ਵਿਚ ਪਲਟਣ ਨੂੰ ਇਸ ਤਰ੍ਹਾਂ ਉਲੀਕਿਆ ਜਾ ਸਕਦਾ ਹੈ: ਕੁੰਭਕਾਰ> ਕੁੰਭਾਰ> ਕੁਮਹਾਰ> ਘੁਮਾਰ (ਘੁਮਿਆਰ)। ਗੁਰੂ ਗ੍ਰੰਥ ਸਾਹਿਬ ਵਿਚ ਇਸ ਦਾ ਰੂਪ ਕੁਮਿਆਰ ਜਿਹਾ ਵੀ ਆਇਆ ਹੈ, “ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮਿਆਰਿ ਭਵਾਇਆ॥” (ਗੁਰੂ ਰਾਮ ਦਾਸ); ਕੁੰਭਾਰ ਵੀ ਆਇਆ ਹੈ, “ਕੁੰਭਾਰ ਕੈ ਘਰਿ ਹਾਂਡੀ ਆਛੈ॥” (ਭਗਤ ਨਾਮਦੇਵ); “ਨਾ ਕਛੁ ਪੋਚ ਮਾਟੀ ਕੇ ਭਾਂਡੇ ਨਾ ਕਛੁ ਪੋਚ ਕੁੰਭਾਰੈ॥” (ਭਗਤ ਕਬੀਰ) ਅਤੇ ਕੁੰਭਕ ਵੀ।