ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਦਿਆਂ ਮਿਡਲ ਕਲਾਸ ਲਈ ਆਮਦਨ ਟੈਕਸ ਨੂੰ ਲੈ ਕੇ ਵੱਡਾ ਐਲਾਨ ਕਰਦਿਆਂ 12 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਕਰਨ ਦਾ ਐਲਾਨ ਕਰ ਦਿੱਤਾ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਟੈਕਸ ਛੂਟ ਹੈ।
ਇਸ ਤੋਂ ਇਲਾਵਾ ਬਜਟ ‘ਚ ਬਜ਼ੁਰਗਾਂ ਲਈ ਵੀ ਵੱਡਾ ਐਲਾਨ ਕਰਦਿਆਂ ਵਿਆਜ ‘ਤੇ ਟੀ.ਡੀ.ਐਸ ਦੀ ਹੱਦ ਦੁੱਗਣੀ ਕਰਕੇ 1 ਲੱਖ ਰੁਪਏ ਕਰ ਦਿੱਤੀ ਗਈ। ਸੰਸਦ ‘ਚ ਅਗਲੇ ਹਫ਼ਤੇ ਨਵਾਂ ਆਮਦਨ ਕਰ ਬਿੱਲ ਪੇਸ਼ ਕੀਤਾ ਜਾਵੇਗਾ। ਕਿਸਾਨ ਕਰੈਡਿਟ ਕਾਰਟ ਦੀ ਲਿਮਟ 5 ਲੱਖ ਤੱਕ ਵਧਾਈ ਗਈ ਹੈ। ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜਾਂ ਨੂੰ ਡੇਢ ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ ਮਿਲੇਗਾ ਅਤੇ ਸਾਰੇ ਜ਼ਿਲ੍ਹਾ ਹਸਪਤਾਲਾਂ ‘ਚ ਡੇ-ਕੇਅਰ ਕੈਂਸਰ ਸੈਂਟਰ ਸਥਾਪਤ ਕੀਤੇ ਜਾਣਗੇ। ਰੱਖਿਆ ਬਜਟ ਲਈ 6.81 ਲੱਖ ਕਰੋੜ . ਪੈਡਾਂ ਲਈ 330 ਕਰੋੜ ਰੁਪਏ ਅਤੇ ਰੇਲਵੇ ਲਈ 2.55 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਸਰਕਾਰ ‘ਪਹਿਲਾਂ ਵਿਸ਼ਵਾਸ ਕਰੋ, ਬਾਅਦ ‘ਚ ਜਾਂਚ ਕਰੋ ਸੰਕਲਪ ਨੂੰ ਅੱਗੇ ਵਧਾਉਣ ਲਈ ਅਗਲੇ ਹਫ਼ਤੇ ਇਕ ਨਵਾਂ ਆਮਦਨ ਕਰ ਬਿੱਲ ਪੇਸ਼ ਕਰੇਗੀ। ਇਕ ਹੋਰ ਵੱਡੇ ਸੁਧਾਰ ਕਦਮ ਤਹਿਤ ਮੰਤਰੀ ਨੇ ਐਲਾਨ ਕੀਤਾ ਕਿ ਬੀਮਾ ਖੇਤਰ ‘ਚ ਸਿੱਧੇ ਵਿਦੇਸ਼ੀ ਨਿਵੇਸ਼ (ਐਫ. ਡੀ. ਆਈ.) ਨੂੰ 74 ਪ੍ਰਤੀਸ਼ਤ ਤੋਂ ਵਧਾ ਕੇ 100 ਪ੍ਰਤੀਸ਼ਤ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ‘ ਨੇ ਆਮਦਨ ਕਰ ਦਰਾਂ ‘ਚ ਫੇਰਬਦਲ ਕਰ ‘ ਕੇ ਲੋਕਾਂ ਦੇ ਹੱਥਾਂ ‘ਚ ਲੁੜੀਂਦੀ ਮਾਤਰਾ ‘ਚ ਪੈਸਾ ਦਿੱਤਾ ਹੈ। ਅਸੀਂ ਮੱਧ ਵਰਗ ਨੂੰ ਫ਼ਾਇਦਾ ਪਹੁੰਚਾਉਣ ਲਈ ਟੈਕਸ ਦੀਆਂ ਦਰਾਂ ਘੱਟ ਕੀਤੀਆਂ ਹਨ। ਅਸੀਂ ਆਮ ਲੋਕਾਂ ਵੱਲੋਂ ਚੁੱਕੇ ਗਏ ਮੁੱਦਿਆਂ ਦਾ ਸਕਾਰਾਤਮ ਜਵਾਬ ਦਿੰਦੇ ਹਾਂ।
ਬੱਜਟ ਬਾਰੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਬਜਟ ‘ਚ ਸਰਕਾਰੀ ਖ਼ਜ਼ਾਨਾ ਭਰਨ ਦੀ ਬਜਾਏ ਜਨਤਾ ਦੀ ਜੇਬ ਭਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਇਹ ਬਜਟ ਨਾ ਸਿਰਫ਼ ਦੇਸ਼ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਧਿਆਨ ‘ਚ ਰੱਖਦਾ ਹੈ, ਬਲਕਿ ਭਵਿੱਖ ਦੀ ਤਿਆਰੀ ਕਰਨ ‘ਚ ਵੀ ਮਦਦ ਕਰਨ ਵਾਲਾ ਹੈ।
ਬੱਜਟ: ਇਕ ਨਜ਼ਰ
-ਅਗਲੇ ਹਫ਼ਤੇ ਕਰਦਾਤਿਆਂ ਦੀ ਸਹੂਲਤ ਲਈ ਨਵਾਂ ਆਮਦਨ ਕਰ ਬਿੱਲ ਪੇਸ਼ ਕਰਨ ਦਾ ਐਲਾਨ
-ਬੀਮਾ ਖੇਤਰ ਵਿਚ 100 ਫੀਸਦ ਸਿੱਧੇ ਵਿਦੇਸ਼ੀ ਨਿਵੇਸ਼ (ਐੱਫਡੀਆਈ) ਨੂੰ ਮਨਜ਼ੂਰੀ
-100 ਜ਼ਿਲਿ੍ਹਆਂ ‘ਚ ਕਿਸਾਨਾਂ ਲਈ ਯੋਜਨਾਵਾਂ, 1.7 ਕਰੋੜ ਤੋਂ ਵੱਧ ਕਿਸਾਨਾਂ ਨੂੰ ਹੋਵੇਗਾ ਫਾਇਦਾ
-ਕਿਸਾਨ ਕਰੈਡਿਟ ਕਾਰਡ ਦੀ ਲਿਮਟ ਤਿੰਨ ਲੱਖ ਤੋਂ ਵਧਾ ਕੇ ਪੰਜ ਲੱਖ ਕਰਨ ਦਾ ਐਲਾਨ
-ਭਾਰਤ ਨੂੰ ਖਿਡੌਣਿਆਂ ਦਾ ਆਲਮੀ ਹੱਬ ਬਣਾਉਣ ਦਾ ਦਾਅਵਾ
-ਯੂਰੀਆ ਉਤਪਾਦਨ ਵਿਚ ਆਤਮ ਨਿਰਭਰ ਬਣਨ ਲਈ ਅਸਾਮ (ਪੂਰਬੀ ਭਾਰਤ) ‘ਚ ਯੂਰੀਆ ਪਲਾਂਟ ਖੋਲ੍ਹਣ ਦਾ ਐਲਾਨ
-ਏਆਈ ਸਿੱਖਿਆ ਲਈ 500 ਕਰੋੜ ਰੁਪਏ ਰਾਖਵੇਂ, ਦੇਸ਼ ‘ਚ ਤਿੰਨ ਏਆਈ ਐਕਸੀਲੈਂਸ ਸੈਂਟਰ ਬਣਨਗੇ
-ਹੋਮ ਡਲਿਵਰੀ ਵਾਲਿਆਂ ਲਈ ਬੀਮਾ ਕਵਰ, ਈ-ਸ਼੍ਰਮ ਪੋਰਟਲ ‘ਤੇ ਹੋਵੇਗਾ ਰਜਿਸਟਰੇਸ਼ਨ
-ਬੁਨਿਆਦੀ ਢਾਂਚੇ ਦੇ ਵਿਕਾਸ ਲਈ ਰਾਜਾਂ ਨੂੰ ਮਿਲੇਗਾ ਡੇਢ ਲੱਖ ਕਰੋੜ ਰੁਪਏ ਦਾ ਵਿਆਜ ਮੁਕਤ ਕਰਜ਼ਾ