ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋ ਲਏ ਜਾ ਰਹੇ ਸਖਤ ਫੈਸਲਿਆਂ ਨੇ ਵਿਸ਼ਵ ਭਰ ਵਿੱਚ ਹਾਹਾਕਾਰ ਮਚਾ ਰੱਖੀ ਹੈ।
ਅਮਰੀਕਾ ਵਿਚ ਰਹਿ ਰਹੇ ਗੈਰ ਕਾਨੂੰਨੀ ਵਿਦੇਸ਼ੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਵਾਪਸ ਭੇਜਣ, ਕੈਨੇਡਾ ਅਤੇ ਮੈਕਸੀਕੋ ਦੇ ਸਮਾਨ ਉੱਤੇ ਟੈਕਸ ਲਗਾਉਣ ਨਾਲ ਸਥਿਤੀ ਗੰਭੀਰ ਹੋ ਗਈ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੂੰ ਵੀ ਇਹ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਸਖ਼ਤ ਫੈਸਲਿਆਂ ਵਾਲਾ ਉਸਦਾ ਰਾਹ ਆਸਾਨ ਨਹੀਂ ਹੈ। ਉਸਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਨਾਂ ਨੂੰ ਔਖੇ ਦਿਨ ਦੇਖਣੇ ਪੈ ਸਕਦੇ ਹਨ। ਹੋਰ ਬਹੁਤ ਸਾਰੇ ਦੇਸ਼ਾਂ ਵਾਂਗ ਹੀ ਗੈਰ-ਕਾਨੂੰਨੀ ਢੰਗਾਂ ਨਾਲ ਅਮਰੀਕਾ ਆਏ ਲਗਭਗ ਅਠਾਰਾਂ ਹਜ਼ਾਰ ਭਾਰਤੀਆਂ ਨੂੰ ਵੀ ਵਾਪਸ ਭੇਜਿਆ ਜਾ ਰਿਹਾ ਹੈ।
ਦੂਸਰੇ ਪਾਸੇ ਟੋਰਾਂਟੋ ਤੋਂ ਖ਼ਬਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੈਨੇਡਾ ਦੇ ਜ਼ਿਆਦਾਤਰ ਸਾਮਾਨ ‘ਤੇ 25% ਟੈਰਿਫ ਲਗਾਉਣ ਦਾ ਐਲਾਨ ਕਰਨ ਤੋਂ ਬਾਅਦ ਕੈਨੇਡਾ ਦੇ ਨਾਗਰਿਕਾਂ ਨੇ ਸਰਹੱਦ ਦੇ ਦੱਖਣ ਵੱਲ ਯਾਤਰਾਵਾਂ ਰੱਦ ਕਰ ਦਿੱਤੀਆਂ ਹਨ, ਅਮਰੀਕੀ ਸ਼ਰਾਬ ਤੇ ਹੋਰ ਉਤਪਾਦਾਂ ਦਾ ਬਾਈਕਾਟ ਕੀਤਾ ਹੈ ਤੇ ਖੇਡ ਸਮਾਗਮਾਂ ‘ਚ ਵੀ ਅਮਰੀਕੀਆਂ ਦਾ ਵਿਰੋਧ ਕੀਤਾ ਹੈ। ਹਾਲਾਂਕਿ ਟਰੰਪ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਕੈਨੇਡਾ ਤੇ ਮੈਕਸੀਕੋ ‘ਤੇ ਟੈਰਿਫ ਲਗਾਉਣ ਦਾ ਵਾਅਦਾ ਕੀਤਾ ਸੀ, ਪਰ ਇਕ ਦੇਸ਼, ਜੋ ਸੱਭਿਆਚਾਰਕ ਤੇ ਭੂਗੋਲਿਕ ਤੌਰ ‘ਤੇ ਅਮਰੀਕਾ ਦੇ ਬਹੁਤ ਨੇੜੇ ਹੈ, ‘ਤੇ ਆਰਥਿਕ ਯੁੱਧ ਵਰਗੀ ਕਾਰਵਾਈ ਬਹੁਤ ਸਾਰੇ ਕੈਨੇਡੀਅਨਾਂ ਲਈ ਇਕ ਝਟਕਾ ਹੈ। ਕੈਨੇਡੀਅਨ ਸਰਹੱਦੀ ਸ਼ਹਿਰ ਵਿੰਡਸਰ ਦੇ ਮੇਅਰ ਡ੍ਰਿਊ ਡਿਲਕੇਨਸ ਨੇ ਇਕ ਇੰਟਰਵਿਊ ‘ਚ ਕਿਹਾ ਕਿ ਇਹ ਮਹਿਸੂਸ ਹੁੰਦਾ ਹੈ ਕਿ ਟਰੰਪ ਵਿਸ਼ਵ ਵਿਵਸਥਾ ਦਾ ਪੁਨਰਗਠਨ ਕਰਨਾ ਚਾਹੁੰਦਾ ਹੈ। ਉਹ ਆਪਣੇ ਸਭ ਤੋਂ ਨਜ਼ਦੀਕੀ ਸਹਿਯੋਗੀ ਨਾਲ ਸ਼ੁਰੂਆਤ ਕਰਨ ਲਈ ਤਿਆਰ ਹੈ। ਜੇਕਰ ਉਹ ਕੈਨੇਡਾ ਨਾਲ ਅਜਿਹਾ ਕਰਨ ਲਈ ਤਿਆਰ ਹੈ ਤਾਂ ਉਹ ਬਾਕੀ ਸਾਰਿਆਂ ਨਾਲ ਕੀ ਕਰੇਗਾ। ਡਿਲਕੇਨਸ ਨੇ ਕਿਹਾ ਕਿ ਡੇਟ੍ਰੋਇਟ ਤੇ ਵਿੰਡਸਰ ਨੂੰ ਜੋੜਨ ਵਾਲੇ ਅੰਬੈਸਡਰ ਬ੍ਰਿਜ ਤੋਂ ਹਰ ਰੋਜ਼ 400 ਮਿਲੀਅਨ ਕੈਨੇਡੀਅਨ ਡਾਲਰ ਦਾ ਵਪਾਰ ਹੁੰਦਾ ਹੈ। ਉਸ ਦੇ 240000 ਵਿਅਕਤੀਆਂ ਵਾਲੇ ਭਾਈਚਾਰੇ ਲਈ ਟਰੰਪ ਦੇ ਟੈਰਿਫਾਂ ਦਾ ਨਤੀਜਾ ਤੁਰੰਤ ਹੋਵੇਗਾ। ਉਸ ਨੂੰ ਉਮੀਦ ਹੈ ਕਿ ਵਸਨੀਕ ਸਥਾਨਕ ਵਾਈਨਰੀਆਂ ਤੇ ਡਿਸਟਿਲਰੀਆਂ ਦਾ ਸਮਰਥਨ ਕਰਨਗੇ। ਕੈਲਗਰੀ ਨਿਵਾਸੀ ਕੇਨ ਲੀਮਾ-ਕੋਏਲਹੋ ਨੇ ਕਿਹਾ ਕਿ ਟੈਰਿਫ ਖ਼ਬਰਾਂ ਨੇ ਉਸ ਦੇ ਘਰ ‘ਚ ਕੈਨੇਡਾ ਪ੍ਰਤੀ ਮਾਣ ਦੀ ਲਹਿਰ ਨੂੰ ਉਤਸ਼ਾਹਿਤ ਕੀਤਾ ਹੈ। ਉਸ ਦਾ 19 ਸਾਲਾ ਪੁੱਤਰ ਹੁਣ ਯੂਰਪ ਦੀ ਆਉਣ ਵਾਲੀ ਯਾਤਰਾ ਲਈ ਆਪਣੇ ਬੈਕਪੈਕ ‘ਤੇ ਇਕ ਛੋਟਾ ਕੈਨੇਡੀਅਨ ਝੰਡਾ ਸਿਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਦਕਿ ਉਸ ਦੀ ਧੀ ਨੇ ਸਨਿਚਰਵਾਰ ਰਾਤ ਪਰਿਵਾਰ ਦੀ ਰਸੋਈ ‘ਚ ਕੈਨੇਡੀਅਨ ਭੋਜਨ ਉਤਪਾਦਾਂ ਦੀ ਸੂਚੀ ਬਣਾਉਣ ‘ਚ ਬਿਤਾਈ।