ਵਾਣੀ ਕਪੂਰ ਦੀ ਨਵੀਂ ਪਾਰੀ

ਸਵਰਗੀ ਅਦਾਕਾਰ ਸੁਸ਼ਾਂਤ ਸਿੰਘ ਰਾਜਪੁਰ ਅਤੇ ਪਰਣਿਤੀ ਚੋਪੜਾ ਨਾਲ ਫ਼ਿਲਮ ‘ਸ਼ੁੱਧ ਦੇਸੀ ਰੋਮਾਂਸ’ (2013) ਤੋਂ ਐਕਟਿੰਗ ਵਿਚ ਕਦਮ ਰੱਖਣ ਵਾਲੀ ਵਾਣੀ ਕਪੂਰ ਅੱਜ ਕੱਲ੍ਹ ਹਿੰਦੀ ਸਿਨੇਮਾ ਜਗਤ ਦੀਆਂ ਵੱਡੀਆਂ ਅਭਿਨੇਤਰੀਆਂ ਵਿਚ ਸ਼ਾਮਿਲ ਹੈ। ਦਿੱਲੀ ਦੀ ਰਹਿਣ ਵਾਲੀ ਵਾਣੀ ਕਪੂਰ ਦੀ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਉਸ ਨੂੰ ‘ਯਸ਼ਰਾਜ ਫਿਲਮਜ਼’ ਦੀ ‘ਸ਼ੁੱਧ ਦੇਸੀ ਰੋਮਾਂਸ’ (2013) ਦੀ ਪੇਸ਼ਕਸ਼ ਮਿਲੀ ਸੀ।

ਇਸ ਫ਼ਿਲਮ ਦੇ ਨਾਲ ਹੀ ਉਸ ਦਾ ਐਕਟਿੰਗ ਕਰੀਅਰ ਸ਼ੁਰੂ ਹੋ ਗਿਆ। ਰਣਵੀਰ ਸਿੰਘ ਦੇ ਨਾਲ ਫ਼ਿਲਮ ‘ਬੇਫਿਕਰੇ’ (2016) ਵਿਚ ਜਿਸ ਤਰ੍ਹਾਂ ਅਤੇ ਜਿਸ ਅੰਦਾਜ਼ ਨਾਲ ਵਾਣੀ ਕਪੂਰ ਨੇ ਇਕ ਤੋਂ ਬਾਅਦ ਦ੍ਰਿਸ਼ ਦਿੱਤੇ, ਉਸ ਦੀ ਵਜ੍ਹਾ ਕਰਕੇ ਉਸ ਨੂੰ ਬਹੁਤ ਸੁਰਖੀਆਂ ਮਿਲੀਆਂ। ਪਰ ਉਸ ਦੀ ਬਦਕਿਸਮਤੀ ਰਹੀ ਕਿ ਟਿਕਟ ਖਿੜਕੀ ਦੇ ਮੋਰਚੇ ‘ਤੇ ਫ਼ਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ।
ਵਾਣੀ ਕਪੂਰ ਨੇ ਫ਼ਿਲਮ ‘ਵਾਰ’ (2019) ਵਿਚ ਨੈਨਾ ਵਰਮਾ ਦੇ ਕਿਰਦਾਰ ਵਿਚ ਆਪਣੇ ਬੇਹੱਦ ਗਲੈਮਰਸ ਅੰਦਾਜ਼ ਵਿਚ ਦਰਸ਼ਕਾਂ ਦੀ ਜੰਮ ਕੇ ਵਾਹ-ਵਾਹੀ ਖੱਟੀ। ਸਹੀ ਅਰਥਾਂ ਵਿਚ ਇਹ ਉਸ ਕਰੀਅਰ ਦੀ ਪਹਿਲੀ ਸੁਪਰਹਿੱਟ ਫ਼ਿਲਮ ਸਾਬਿਤ ਹੋਈ। ਉਸ ਤੋਂ ਬਾਅਦ ਆਈ ਵਾਣੀ ਦੀ ‘ਬੈੱਲ ਬਾਟਮ’ (2021) ਇਕ ਔਸਤ ਦਰਜੇ ਦੀ ਫ਼ਿਲਮ ਸੀ। ਉਸੇ ਸਾਲ ਉਸ ਦੀ ਇਕ ਹੋਰ ਫ਼ਿਲਮ ‘ਚੰਡੀਗੜ੍ਹ ਕਰੇ ਆਸ਼ਕੀ’ ਰਿਲੀਜ਼ ਹੋਈ। ਰਣਬੀਰ ਕਪੂਰ ਅਤੇ ਸੰਜੈ ਦੱਤ ਨਾਲ ਫ਼ਿਲਮ ‘ਸ਼ਮਸ਼ੇਰਾ’ (2022) ਵਿਚ ਉਸ ਨੇ ਇਕ ਵੱਖਰੇ ਤਰ੍ਹਾਂ ਦਾ ਕਿਰਦਾਰ ਨਿਭਾਇਆ, ਪਰ ਬਦਕਿਸਮਤੀ ਨਾਲ ਫ਼ਿਲਮ ਫਲਾਪ ਹੋ ਗਈ। ਵਾਣੀ ਕਪੂਰ ਅਕਸ਼ੈ ਕੁਮਾਰ ਨਾਲ ਫ਼ਿਲਮ ‘ਖੇਲ ਖੇਲ ਮੇਂ’ (2024) ਵਿਚ ਵੀ ਨਜ਼ਰ ਆਈ। ਇਹ ਇਕ ਚੰਗੀ ਫ਼ਿਲਮ ਹੋਣ ਦੇ ਬਾਵਜੂਦ ਦਰਸ਼ਕਾਂ ਦੇ ਮਨੋਰੰਜਨ ਦੀ ਕਸੌਟੀ ‘ਤੇ ਖਰੀ ਨਹੀਂ ਉਤਰ ਸਕੀ। 11 ਸਾਲ ਦੇ ਆਪਣੇ ਕਰੀਅਰ ਵਿਚ ਹੁਣ ਤੱਕ 7 ਹਿੰਦੀ ਅਤੇ 1 ਤੇਲਗੂ ਫ਼ਿਲਮਾਂ ਕਰ ਚੁੱਕੀ ਵਾਣੀ ਕਪੂਰ ਇਨ੍ਹੀਂ ਦਿਨੀਂ ਫਿਲਮ ‘ਸਰਵਗੁਣ ਸੰਪੰਨ’ ਨੂੰ ਲੈ ਕੇ ਖ਼ਾਸੀ ਚਰਚਾ ਵਿਚ ਹੈ। ਇਸ ਫਿਲਮ ਵਿਚ ਉਹ ਇਕ ਇਸ ਤਰ੍ਹਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ, ਜਿਸ ਦਾ ਚਿਹਰਾ ਇਕ ‘ਪੋਰਨ ਸਟਾਰ’ ਨਾਲ ਮੇਲ ਖਾਂਦਾ ਹੈ। ‘ਵਾਰ’ (2019) ਤੋਂ ਬਾਅਦ ਇਸ ਫ਼ਿਲਮ ਵਿਚ ਇਕ ਵਾਰ ਫਿਰ ਵਾਣੀ ਕਪੂਰ ਬੇਹੱਦ ਬੋਲਡ ਅੰਦਾਜ਼ ਵਿਚ ਨਜ਼ਰ ਆਵੇਗੀ। ਸੋਨਾਲੀ ਰਤਨ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਵਿਚ ਉਸ ਦੇ ਨਾਲ ‘ਰਾਕੇਟ ਬੁਆਏਜ਼-2’ ਫੇਮ ਇਸ਼ਵਾਕ ਸਿੰਘ ਨਜ਼ਰ ਆਉਣਗੇ। ਰਫੋਨਕਰ ਇਸਵਾਕ ਅਤੇ ਵਾਣੀ ਕਪੂਰ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਆਨ ਸਕ੍ਰੀਨ ਕੈਮਿਸਟਰੀ ਬਿਨਾਂ ਸ਼ੱਕ ਦਰਸ਼ਕਾਂ ਨੂੰ ਲੁਭਾਏਗੀ। ਇਸ ਤੋਂ ਇਲਾਵਾ ਵਾਣੀ ਕਪੂਰ ‘ਬਦਤਮੀਜ਼ ਗਿਲ’, ‘ਰੇਡ-2’ ਅਤੇ ‘ਅਬੀਰ ਗੁਲਾਲ’ ਵਰਗੀਆਂ ਫ਼ਿਲਮਾਂ ਵੀ ਕਰ ਰਹੀ ਹੈ। ਫ਼ਿਲਮ ‘ਰੇਡ-2’ ਵਿਚ ਉਹ ਪਹਿਲੀ ਵਾਰ ਅਜੈ ਦੇਵਗਨ ਨਾਲ ਨਜ਼ਰ ਆਵੇਗੀ। ਇਨ੍ਹਾਂ ਫ਼ਿਲਮਾਂ ਤੋਂ ਇਲਾਵਾ ਵਾਣੀ ਕਪੂਰ ਯਸ਼ਰਾਜ ਫ਼ਿਲਮਜ਼ ਦੀ ਕ੍ਰਾਈਮ ਕਿਲਰ ਵੈੱਬ ਸੀਰੀਜ਼ ‘ਮੰਡਲਾ ਮਰਡਰਜ਼’ ਵੀ ਕਰ ਰਹੀ ਹੈ। ਇਸ ਨੂੰ ਗੋਪੀ ਪੁਥਰਨ ਨੇ ਨਿਰਦੇਸ਼ਿਤ ਕੀਤਾ ਹੈ।