ਜਾਈਆਂ ਖੇਡ ਮੈਦਾਨ ਦੀਆਂ: ਮਝੈਲਣ ਕੁਸ਼ਤੀ ਚੈਂਪੀਅਨ ਨਵਜੋਤ ਕੌਰ

ਨਵਦੀਪ ਸਿੰਘ ਗਿੱਲ
ਕੁਸ਼ਤੀ ਖੇਡ ਵਿੱਚ ਪੰਜਾਬੀਆਂ ਨੇ ਬਹੁਤ ਮੱਲਾਂ ਮਾਰੀਆਂ ਹਨ। ਕੁਸ਼ਤੀ ਖੇਡ ਸਾਨੂੰ ਗੁਰੂ ਸਾਹਿਬਾਨ ਤੋਂ ਵਿਰਸੇ ਵਿੱਚ ਮਿਲੀ ਹੈ। ਪੁਰਸ਼ ਪਹਿਲਵਾਨਾਂ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਮਹਿਲਾ ਪਹਿਲਵਾਨਾਂ ਵਿੱਚੋਂ ਨਵਜੋਤ ਕੌਰ ਦਾ ਨਾਮ ਚੋਟੀ ਉੱਤੇ ਆਉਂਦਾ ਹੈ ਜਿਸ ਨੇ ਜ਼ੋਰ ਤੇ ਜੁਗਤ ਦੇ ਸੁਮੇਲ ਵਾਲੀ ਇਸ ਰੂਹਦਾਰੀ ਤੇ ਜੀਅ ਖਾਨ ਨਾਲ ਖੇਡੀ ਜਾਣ ਵਾਲੀ ਖੇਡ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।

ਪੰਜਾਬ ਦੇ ਸਰਹੱਦੀ ਜ਼ਿਲ੍ਹੇ ਅਤੇ ਕੁਸ਼ਤੀ ਦੇ ਗੜ੍ਹ ਤਰਨ ਤਾਰਨ ਦੇ ਸਾਧਾਰਣ ਕਿਸਾਨ ਪਰਿਵਾਰ ਦੀ ਮਾਣਮੱਤੀ ਧੀ ਨਵਜੋਤ ਕੌਰ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਹੈ ਜਿਸ ਨੇ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਜਿੱਤੀ ਹੈ। ਉਸ ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤਮਗiLਆਂ ਦੀ ਹੈਟ੍ਰਿਕ ਲਗਾਉਂਦਿਆਂ ਤਿੰਨੋਂ ਰੰਗਾਂ ਦੇ ਤਮਗ਼ੇ ਜਿੱਤੇ ਹਨ। ਨਵਜੋਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਉਸ ਨੇ ਕੁਸ਼ਤੀ ਦੇ ਵਿਸ਼ਵ ਕੱਪ ਵਿੱਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਹੈ।
ਨਵਜੋਤ ਕੌਰ ਦਾ ਜਨਮ 10 ਫਰਵਰੀ 1990 ਨੂੰ ਤਰਨ ਤਾਰਨ ਜ਼ਿਲੇ ਦੇ ਪਿੰਡ ਬਾਗੜੀਆ ਵਿੱਚ ਪਿਤਾ ਸੁਖਚੈਨ ਸਿੰਘ ਦੇ ਘਰ ਹੋਇਆ। ਨਵਜੋਤ ਨੇ ਛੇਵੀਂ ਜਮਾਤ ਵਿੱਚ ਪੜ੍ਹਦਿਆਂ ਕੁਸ਼ਤੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂਆਤੀ ਪੜਾਅ ਵਿੱਚ ਉਸ ਨੇ ਕੁਸ਼ਤੀ ਦੇ ਗੁਰ ਕੋਚ ਅਸ਼ੋਕ ਕੁਮਾਰ ਤੋਂ ਸਿੱਖੇ।ਮੁੱਢ ਵਿੱਚ ਉਸ ਨੂੰ ਕਈ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਪਰ ਉਸ ਦੇ ਪਿਤਾ ਨੇ ਉਸ ਦਾ ਬਹੁਤ ਸਾਥ ਦਿੱਤਾ। ਪਹਿਲੀ ਵਾਰ ਜਦੋੰ ਉਸ ਨੇ ਜ਼ਿਲਾ ਪੱਧਰੀ ਟੂਰਨਾਮੈਂਟ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ (ਉਦੋਂ ਅੰਮ੍ਰਿਤਸਰ ਜ਼ਿਲਾ ਹੁੰਦਾ ਸੀ) ਤਾਂ ਉਸ ਦੇ ਪਿਤਾ ਨੇ ਨਵਜੋਤ ਦੀ ਖੇਡ ਨੂੰ ਗੰਭੀਰਤਾ ਨਾਲ ਲੈਣਾ ਸ਼ੁਰੂ ਕਰ ਦਿੱਤਾ। ਨਵਜੋਤ ਨੇ ਆਪਣੇ ਪਰਿਵਾਰ ਦਾ ਪੂਰਾ ਨਾਮ ਚਮਕਾਇਆ।
ਨਵਜੋਤ ਦੀ ਵੱਡੀ ਭੈਣ ਨਵਜੀਤ ਕੌਰ ਵੀ ਕੁਸ਼ਤੀ ਖੇਡਦੀ ਸੀ ਜਿਸ ਨੇ ਲਗਾਤਾਰ ਤਿੰਨ ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤਣ ਸਮੇਤ ਕਈ ਕੌਮੀ ਤੇ ਕੌਮਾਂਤਰੀ ਮੁਕਾਬਲੇ ਜਿੱਤੇ। ਦੋਵੇਂ ਭੈਣਾਂ ਛੋਟੀਆਂ ਹੁੰਦੀਆਂ ਕੁਸ਼ਤੀ ਸਿੱਖਣ ਲਈ 13 ਕਿਲੋਮੀਟਰ ਸਾਈਕਲ ਚਲਾ ਕੇ ਜਾਂਦੀਆਂ ਸਨ। ਨਵਜੀਤ ਨੂੰ ਪਿੱਠ ਦੀ ਸੱਟ ਲੱਗਣ ਕਾਰਨ ਖੇਡ ਵਿਚਕਾਰ ਛੱਡਣੀ ਪਈ ਜਿਸ ਦੇ ਅਧੂਰੇ ਸੁਫ਼ਨੇ ਨੂੰ ਪੂਰਾ ਕਰਨ ਦਾ ਬੀੜਾ ਛੋਟੀ ਭੈਣ ਨਵਜੋਤ ਨੇ ਚੱਕਿਆ।ਨਵਜੋਤ ਨੇ ਬਾਰ੍ਹਵੀਂ ਕਲਾਸ ਤਰਨਤਾਰਨ ਦੇ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ ਤੋਂ ਪਾਸ ਕੀਤੀ ਅਤੇ ਗਰੈਜੂਏਸ਼ਨ ਡੀ.ਏ.ਵੀ. ਕਾਲਜ ਅੰਮ੍ਰਿਤਸਰ ਤੋਂ ਕੀਤੀ।ਨਵਜੋਤ ਨੇ ਆਪਣੀ ਪਹਿਲੀ ਵੱਡੀ ਪ੍ਰਾਪਤੀ ਕੌਮੀ ਪੱਧਰ ਉੱਤੇ ਵੀਹ ਵਰਿ੍ਹਆਂ ਦੀ ਉਮਰੇ ਉਦੋਂ ਖੱਟੀ ਜਦੋਂ ਉਸ ਨੇ ਸਾਲ 2010 ਵਿੱਚ ਰੋਹਤਕ ਅਤੇ ਝਾਰਖੰਡ ਵਿਖੇ ਹੋਈਆਂ ਦੋ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈਂਦਿਆਂ ਦੋਵੇਂ ਵਾਰ ਸੋਨੇ ਦਾ ਤਮਗ਼ਾ ਜਿੱਤਿਆ।ਅਗਲੇ ਸਾਲ 2011 ਵਿੱਚ ਉਸ ਨੇ ਝਾਰਖੰਡ ਵਿਖੇ ਨੈਸ਼ਨਲ ਗੇਮਜ਼ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ।
ਸਾਲ 2011 ਵਿੱਚ ਹੀ ਨਵਜੋਤ ਨੇ ਆਪਣੀ ਪਹਿਲੀ ਕੌਮਾਂਤਰੀ ਜਿੱਤ ਹਾਸਲ ਕੀਤੀ। ਮੈਲਬਰਨ ਵਿਖੇ ਹੋਈ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਨਵਜੋਤ ਨੇ ਸੋਨੇ ਦਾ ਤਮਗ਼ਾ ਜਿੱਤਿਆ। ਤਾਸ਼ਕੰਦ ਵਿਖੇ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਤੋਂ ਬਾਅਦ ਨਵਜੋਤ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।ਸਾਲ 2013 ਵਿੱਚ ਮੰਗੋਲੀਆ ਵਿਖੇ ਹੋਏ ਕੁਸ਼ਤੀ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਮਗ਼ਾ ਅਤੇ ਇਸੇ ਸਾਲ ਨਵੀਂ ਦਿੱਲੀ ਵਿਖੇ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਚਾਂਦੀ ਦਾ ਤਮਗ਼ਾ ਜਿੱਤਿਆ। ਸਾਲ 2014 ਵਿੱਚ ਗਲਾਸਗੋ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ ਜਿੱਤਿਆ।ਇਹ ਉਸ ਦਾ ਕੌਮਾਂਤਰੀ ਪੱਧਰ ਉਤੇ ਮਲਟੀ ਸਪੋਰਟਸ ਖੇਡਾਂ ਵਿੱਚ ਪਹਿਲਾ ਤਮਗ਼ਾ ਸੀ।
ਸਾਲ 2018 ਵਿੱਚ ਕਿਰਗਿਸਤਾਨ ਦੇ ਸ਼ਹਿਰ ਬਿਸ਼ਕੇਕ ਵਿਖੇ ਹੋਈ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਨਵਜੋਤ ਨੇ ਉਸ ਵੇਲੇ ਇਤਿਹਾਸ ਸਿਰਜਿਆ ਜਦੋਂ ਉਸ ਨੇ ਆਪਣੇ ਤਮਗ਼ੇ ਦਾ ਰੰਗ ਬਦਲਦਿਆਂ ਸੁਨਹਿਰੀ ਪ੍ਰਾਪਤੀ ਹਾਸਲ ਕਰਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਨਵਜੋਤ ਨੇ ਫ਼ਾਈਨਲ ਵਿੱਚ ਜਪਾਨ ਦੀ ਮਿਆ ਇਮਾਈ ਨੂੰ ਇਕਪਾਸੜ ਮੁਕਾਬਲੇ ਵਿੱਚ 9-1 ਨਾਲ ਹਰਾਇਆ। ਇਸ ਦੇ ਨਾਲ ਹੀ ਨਵਜੋਤ ਸੀਨੀਅਰ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣੀ ਸੀ।
ਨਵਜੋਤ ਕੌਰ ਰੇਲਵੇ ਵਿੱਚ ਸੀਨੀਅਰ ਕਲਰਕ ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੀ ਸੀ। ਅੱਜ-ਕੱਲ੍ਹ ਉਹ ਅਮਰੀਕਾ ਰਹਿੰਦੀ ਹੈ।