ਡੱਡੂ ਦੀ ਟਰ ਟਰ

ਬਲਜੀਤ ਬਾਸੀ
ਫੋਨ: 734-259-9353
ਚਿਰਕਾਲ ਤੋਂ ਭਾਰਤ ਦੀਆਂ ਪੌਰਾਣਿਕ ਲਿਖਤਾਂ ਵਿਚ ਡੱਡੂ ਬਾਰੇ ਇੱਕ ਕਥਾ ਚਲਦੀ ਰਹੀ ਹੈ। ਇੱਕ ਵਾਰੀ ਇਕ ਡੱਡੂ ਸਮੁੰਦਰ ‘ਚੋਂ ਨਿਕਲ ਕੇ ਕਿਨਾਰੇ ‘ਤੇ ਆਇਆ ਤਾਂ ਉਹ ਮੌਜ ਮੌਜ ਵਿਚ ਹੋਰ ਅੱਗੇ ਵਧਦਾ ਇਕ ਖੂਹ ‘ਤੇ ਪਹੁੰਚਿਆ ਤਾਂ ਅਚਾਨਕ ਇਸ ਵਿਚ ਡਿਗ ਪਿਆ।

ਖੂਹ ਦੇ ਪੇਤਲੇ ਪਾਣੀਆਂ ਵਿਚ ਉਸ ਨੂੰ ਇੱਕ ਹੋਰ ਹਮਜਾਤੀ ਭਾਈਵੰਦ ਮਿਲਿਆ ਤੇ ਉਹ ਆਪਸ ਵਿਚ ਗੱਲਾਂ-ਬਾਤਾਂ ਵਿਚ ਰੁੱਝ ਗਏ। ਖੂਹ ਵਾਲੇ ਡੱਡੂ ਦੇ ਪੁੱਛਣ ‘ਤੇ ਕਿ ਉਹ ਕਿਥੋਂ ਆਇਆ ਹੈ, ਸਮੁੰਦਰ ਵਾਲੇ ਨੇ ਦੱਸਿਆ ਕਿ ਉਹ ਸਮੁੰਦਰ ‘ਚੋਂ ਆਇਆ ਹੈ ਤੇ ਉਥੇ ਹੀ ਰਹਿੰਦਾ ਹੈ। ਖੂਹ ਵਾਲੇ ਨੇ ਅੱਗੇ ਪੁੱਛਿਆ ਕਿ ਸਮੁੰਦਰ ਕਿੰਨਾ ਕੁ ਵੱਡਾ ਹੈ ਜਿਸ ਦਾ ਜਵਾਬ ਮਿਲਿਆ ਕਿ ਬਹੁਤ ਵੱਡਾ ਹੈ। ‘ਮੇਰੇ ਪੱਟ ਜਿੱਡਾ’? ਖੂਹ ਵਾਲੇ ਨੇ ਸਵਾਲ ਕੀਤਾ। ਜਵਾਬ ਮਿਲਿਆ,‘ਉਸ ਤੋਂ ਵੀ ਵੱਡਾ’। ‘ਤਾਂ ਫਿਰ ਮੇਰੇ ਦੋਨੋਂ ਪੱਟਾਂ ਜਿੱਡਾ ਹੋਵੇਗਾ?’ ਖੂਹ ਵਾਲਾ ਥੋੜ੍ਹਾ ਪਰੇਸ਼ਾਨ ਹੋਇਆ। ਸਮੁੰਦਰ ਵਾਲੇ ਨੇ ਸਹਿਜ ਭਾਅ ਜਵਾਬ ਦਿੱਤਾ, ‘ਇਸ ਤੋਂ ਵੀ ਵੱਡਾ’। ਖੂਹ ਵਾਲਾ ਡੱਡੂ ਇਸ ਵਾਰੀ ਪੂਰੇ ਯਕੀਨ ਨਾਲ ਬੋਲਿਆ,‘ਤਾਂ ਫਿਰ ਖੂਹ ਤੋਂ ਤਾਂ ਵੱਡਾ ਨਹੀਂ ਹੋਣ ਲੱਗਾ’? ਸਮੁੰਦਰ ਵਾਲੇ ਦਾ ਹਾਸਾ ਨਿਕਲ ਗਿਆ,‘ਸਮੁੰਦਰ ਬਹੁਤ ਵੱਡਾ ਹੁੰਦਾ ਹੈ, ਮੈਨੂੰ ਤਾਂ ਲਗਦਾ ਇਸ ਦਾ ਕੋਈ ਹੱਦ-ਬੰਨਾ ਹੀ ਨਹੀਂ ਹੁੰਦਾ’। ਇਹ ਸੁਣ ਕੇ ਖੂਹ ਵਾਲਾ ਟੁੱਟ ਪਿਆ, ‘ਝੂਠ ਹੈ, ਖੂਹ ਤੋਂ ਵੱਡੀ ਕੋਈ ਚੀਜ਼ ਨਹੀਂ ਹੋ ਸਕਦੀ’। ਸਵਾਮੀ ਵਿਵੇਕਾਨੰਦ ਨੇ ਵੀ ਇਹ ਕਥਾ ਕਿਤੇ ਬਿਆਨ ਕੀਤੀ ਹੈ ਜਿਸ ਦੀ ਸਿੱਖਿਆ ਉਸ ਵਿਅਕਤੀ ‘ਤੇ ਢੁਕਾਈ ਜਾਂਦੀ ਹੈ ਜਿਸ ਨੇ ਆਪਣਾ ਅਲਪ ਗਿਆਨ ਸੀਮਤ ਅਨੁਭਵ ਤੋਂ ਹੀ ਗi੍ਰਹਣ ਕੀਤਾ ਹੋਵੇ। ਗੁਰੂ ਗ੍ਰੰਥ ਸਾਹਿਬ ਵਿਚ ਦੋ-ਤਿੰਨ ਵਾਰੀ ਇਸ ਵੱਲ ਸੰਕੇਤ ਮਿਲਦਾ ਹੈ ਜਿੱਥੇ ਡੱਡੂ ਲਈ ਦਾਦਰ ਸ਼ਬਦ ਵਰਤਿਆ ਗਿਆ ਹੈ। ਭਗਤ ਕਬੀਰ ਫਰਮਾਉਂਦੇ ਹਨ,
ਸੰਧਿਆ ਪ੍ਰਾਤ ਇਸ਼ਨਾਨ ਕਰਾਹੀ
ਜਿਉ ਭਏ ਦਾਦੁਰੁ ਪਾਨੀ।
ਭਗਤ ਰਵਿਦਾਸ ਹੋਰ ਵੀ ਸਪੱਸ਼ਟ ਹਨ, ‘ਕੂਪਿ ਭਰਿਓ ਜੈਸੇ ਦਾਦਿਰਾ ਕਛੁ ਦੇਸੁ ਬਿਦੇਸੁ ਨ ਬੂਝ’।
ਡੱਡੂ ਜਾਂ ਦਾਦਰ ਆਦਿ ਜਿਹੇ ਸ਼ਬਦ ਤੋਂ ਕੁਝ ਇਕ ਮੁਹਾਵਰੇ ਬਣੇ ਹਨ: ਖਵਾਜੇ ਦਾ ਗਵਾਹ ਡੱਡੂ, ਡੱਡੂਆਂ ਦੀ ਪਸੇਰੀ। ਕਿਸਾਨਾਂ ਨੂੰ ਬੀਜਣ ਬਾਰੇ ਸਿਖਿਆ ਦੇਣ ਵਾਲੀਆਂ ਲਹਿੰਦੀ ਵਿਚ ਦੋ ਕਹਾਵਤਾਂ ਹਨ। ਪਹਿਲੀ ਹੈ, ‘ਮੂੰਗ ਘਣੇ ਤਿਲ ਪਤਲੇ, ਦੇਦਰ ਟੱਪ ਜੁਆਰ, ਹਾਲੀ ਉਹ ਸਰਾਹੀਏ, ਜੋ ਢਾਂਗੇ ਸੇਟੇ ਵਾਰ’ ਅਰਥਾਤ ਮੂੰਗੀ ਘਣੀ, ਤਿਲ ਵਿਰਲੇ ਅਤੇ ਜੁਆਰ ਡੱਡੂ ਦੀ ਛਲਾਂਗ ਜਿੰਨੀ ਦੂਰੀ `ਤੇ ਬੀਜਣੇ ਚਾਹੀਦੇ ਹਨ। ਦੂਜਾ ਹੈ, ‘ਦਾਦ ਟਪੂਸੀ ਕੰਗਣੀ, ਕਰੋ ਕਰੋ ਕਪਾਹ, ਲੇਫ਼ ਦੀ ਬੁੱਕਲ ਮਾਰ ਕੇ, ਮੱਕੀ ਵਿਚ ਦੀ ਜਾਹ’ ਮਤਲਬ ਕੰਗਣੀ ਡੱਡੂ ਦੀ ਟਪੂਸੀ ਜਿੰਨੀ ਦੂਰੀ ਤੇ, ਕਪਾਹ ਕਦਮ ਜਿੰਨੀ ਦੂਰੀ ਤੇ ਅਤੇ ਮੱਕੀ ਏਨੀ ਦੂਰੀ ਤੇ ਬੀਜਣੀ ਚਾਹੀਦੀ ਹੈ ਜਿੰਨੀ ਵਿਚ ਕਿਸਾਨ ਲੇਫ ਦੀ ਬੁੱਕਲ ਮਾਰ ਕੇ ਲੰਘ ਸਕਦਾ ਹੈ। ਡੱਡੂ ਲਈ ਮੁਖ ਤੌਰ `ਤੇ ਦੋ ਹੋਰ ਸ਼ਬਦ ਹਨ, ਮੇਂਡਕ ਤੇ ਭੇਕ। ਸੰਸਕ੍ਰਿਤ ਵਿਚ ਸੀਮਿਤ ਗਿਆਨ ਵਾਲੇ ਮਨੁੱਖ ਲਈ ਕੂਪ ਮੰਡੂਕ (ਕੂਪ = ਖੂਹ) ਅਤੇ ਕੁੰਭ ਮੰਡੂਕ (ਕੁੰਭ = ਘੜਾ) ਸਮਾਸੀ ਸ਼ਬਦ ਚੱਲਦੇ ਹਨ ਜਿਨ੍ਹਾਂ ਲਈ ਪੰਜਾਬੀ ਵਿਚ ਕ੍ਰਮਵਾਰ ‘ਖੂਹ ਦਾ ਡੱਡੂ’ ਅਤੇ ‘ਘੜੇ ਦਾ ਡੱਡੂ’ ਮੁਹਾਵਰੇ ਪ੍ਰਸਿੱਧ ਹਨ। ਹੋਰ ਦੇਸ਼ਾਂ ਵਿਚ ਵੀ ਅਜਿਹੀ ਕਹਾਣੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਇਹ ਮੁਢਲੇ ਤੌਰ `ਤੇ ਚੀਨ ਤੋਂ ਆਈ ਹੈ। ਮਲਾਇਆ ਵਿਚ ਖੂਹ ਦਾ ਡੱਡੂ ‘ਖੋਪੇ ਦਾ ਡੱਡੂ’ ਬਣ ਗਿਆ ਹੈ।
ਤੁਸੀਂ ਇੱਕ ਡੱਡੂ ਦੇ ਸਮੁੰਦਰ ਤੋਂ ਖੂਹ ਵੱਲ ਵਧਣ ਦੀ ਵਿਥਿਆ ਸੁਣੀ। ਵਾਸਤਵ ਵਿਚ ਡੱਡੂ ਪ੍ਰਜਾਤੀ ਦੇ ਵਿਕਾਸ ਦੀ ਕਹਾਣੀ ਵੀ ਸਮੁੰਦਰ ਤੋਂ ਹੀ ਸ਼ੁਰੂ ਹੁੰਦੀ ਹੈ। ਡੱਡੂ ਇੱਕ ਜਲਥਲੀ ਜੀਵ ਹੈ, ਮਾਅਨੇ ਇਹ ਪਾਣੀ ਵਿਚ ਵੀ ਰਹਿ ਸਕਦਾ ਹੈ ਤੇ ਜ਼ਮੀਨ ‘ਤੇ ਵੀ। ਇਸ ਦੇ ਪੂਰਵਜ ਇੱਕ ਪ੍ਰਕਾਰ ਦੀ ਮੱਛੀ ਤੋਂ ਵਿਕਸਿਤ ਹੋਏ ਜੋ ਸਮੁੰਦਰ ਦੇ ਪੇਤਲੇ ਪਾਣੀਆਂ ਵਿਚ ਰਹਿੰਦੀ ਸੀ ਅਤੇ ਇਸਦੇ ਖੰਬੜੇ ਤਾਕਤਵਰ ਪੱਠਿਆਂ ਵਾਲੇ ਲੱਤਾਂ ਜਿਹੇ ਸਨ। ਜਦ ਇਹ ਮੱਛੀ ਕਰੋੜਾਂ ਸਾਲ ਪਹਿਲਾਂ ਸਮੁੰਦਰ ਵਿਚੋਂ ਨਿਕਲ ਕੇ ਪਾਣੀ ਦੇ ਕਿਨਾਰੇ ਆਈ ਤੇ ਫਿਰ ਅੱਗੇ ਵਧਦੀ ਗਈ ਤਾਂ ਇਹ ਨਾਲ ਦੀ ਨਾਲ ਮੱਛੀ ਵਾਲੇ ਖੰਬੜੇ ਤੇ ਹੋਰ ਅੰਗ ਛੰਡਦੀ ਗਈ ਤੇ ਇਸ ਦੇ ਥਾਂ ਧਰਤੀ ‘ਤੇ ਚੱਲਣ ਵਾਲੇ ਅੰਗ ਜਿਵੇਂ ਲੱਤਾਂ ਆਦਿ ਵਿਕਸਿਤ ਕਰਦੀ ਗਈ। ਲੱਖਾਂ ਸਾਲਾਂ ਵਿਚ ਇਸ ਨੇ ਆਪਣੀ ਸਮਰੱਥਾ ਨੂੰ ਧਰਤੀ ਦੇ ਅਨੁਕੂਲ ਢਾਲ ਲਿਆ। ਇਸ ਤਰ੍ਹਾਂ ਵਿਕਸਿਤ ਇਹ ਜੀਵ ਜਲ ਅਤੇ ਥਲ ਦੋਨਾਂ ਵਿਚ ਰਹਿਣਾ ਗਿੱਝ ਗਿਆ ਇਸ ਲਈ ਇਸ ਨੂੰ ਵਿਗਿਆਨਕ ਭਾਸ਼ਾ ਵਿਚ ਜਲਥਲੀ ਜੀਵ ਕਿਹਾ ਜਾਂਦਾ ਹੈ। ਵੱਖ-ਵੱਖ ਪਰਿਵੇਸ਼ਾਂ ਵਿਚ ਰਹਿਣ ਕਾਰਨ ਕ੍ਰਮ-ਵਿਕਾਸ ਹੁੰਦਿਆਂ ਹਰ ਜੀਵ ਦੀ ਬਣਾਵਟ, ਡੀਲ-ਡੌਲ, ਰੰਗ-ਢੰਗ ਤੇ ਹੋਰ ਕਈ ਕੁਝ ਉਘੜਦਿਆਂ ਕਈ-ਕਈ ਵੰਨਗੀਆਂ ਬਣ ਜਾਂਦੀਆਂ ਹਨ। ਡੱਡੂ ਦੀਆਂ ਸੈਂਕੜੇ ਕਿਸਮਾਂ ਹਨ, ਦਰਜਨਾਂ ਰੰਗ ਹਨ ਤੇ ਦਰਜਨਾਂ ਆਕਾਰ ਹਨ। ਹਰ ਪ੍ਰਜਾਤੀ ਦੀ ਆਪਣੀ ਨਿਵੇਕਲੀ ਆਵਾਜ਼ ਹੈ। ਮੁੱਖ ਤੌਰ ‘ਤੇ ਡੱਡੂ ਦੀਆਂ ਦੋ ਕਿਸਮਾਂ ਦੱਸੀਆਂ ਜਾਂਦੀਆਂ ਹਨ: ਇੱਕ ਚੀਕਣੀ ਖਲੜੀ ਵਾਲਾ ਤੇ ਦੂਸਰਾ ਚਿੱਬ ਖੜਿੱਬੀ ਮੁਹਕੇਦਾਰ ਖਲੜੀ ਵਾਲਾ। ਚੀਕਣੀ ਖਲੜੀ ਵਾਲੇ ਨੂੰ ਅੰਗਰੇਜ਼ੀ ਵਿਚ ਫਰੌਗ ਤੇ ਖੁਰਦਰੀ ਵਾਲੇ ਨੂੰ ਟੋਡ ਕਿਹਾ ਜਾਂਦਾ ਹੈ। ਪਰ ਆਮ ਬੋਲਚਾਲ ਵਿਚ ਇਨ੍ਹਾਂ ਵਿਚ ਬਹੁਤਾ ਫਰਕ ਨਹੀਂ ਪਾਇਆ ਜਾਂਦਾ ਇਸ ਲਈ ਇੱਕ ਦੂਜੇ ਦੇ ਬਦਲ ਵਜੋਂ ਵਰਤ ਲਿਆ ਜਾਂਦਾ ਹੈ। ਅਸੀਂ ਸਭ ਲਈ ਪੰਜਾਬੀ ਡੱਡੂ ਨਾਲ ਹੀ ਕੰਮ ਚਲਾਉਂਦੇ ਹਾਂ, ਸਾਡਾ ਮਕਸਦ ਵੀ ਮੁੱਖ ਤੌਰ ‘ਤੇ ਡੱਡੂ ਸ਼ਬਦ ‘ਤੇ ਹੀ ਚਰਚਾ ਕਰਨਾ ਹੈ। ਜਿਵੇਂ ਪਹਿਲਾਂ ਦੱਸਿਆ ਹੈ, ਡੱਡੂ ਦੇ ਹੋਰ ਨਾਂ ਭੇਕ, ਮੇਂਡਕ, ਦਾਦਰ ਆਦਿ ਵੀ ਹਨ ਪਰ ਇਹ ਕਿਸੇ ਪ੍ਰਜਾਤੀ ਭੇਦ ਕਰਕੇ ਨਹੀਂ ਹਨ। ਹਾਂ, ਪੰਜਾਬੀ ਵਿਚ ਮਾਦਾ ਮੱਛੀ ਲਈ ਡੱਡ ਜਾਂ ਡਿੱਡ ਸ਼ਬਦ ਜ਼ਰੂਰ ਚਲਦਾ ਹੈ ਜੋ ਆਕਾਰ ਵਿਚ ਛੋਟੀਆਂ ਸਮਝੀਆਂ ਜਾਂਦੀਆਂ ਹਨ। ਪਰ ਮੇਰੇ ਅਧਿਐਨ ਅਨੁਸਾਰ ਕੁਦਰਤੀ ਜਾਂ ਕਹਿ ਲਵੋ ਕ੍ਰਮ-ਵਿਕਾਸ ਸਦਕਾ ਮਾਦਾ ਡੱਡੂ ਨਰ ਡੱਡੂ ਨਾਲੋਂ ਵੱਡੀ ਹੁੰਦੀ ਹੈ ਕਿਉਂਕਿ ਇਹ ਸੰਤਾਨ ਉਤਪਤੀ ਲਈ ਆਪਣੇ ਵੱਡੇ ਸਰੀਰ ਕਰਕੇ ਨਰ ਡੱਡੂ ਨੂੰ ਵਧੇਰੇ ਖਿੱਚ ਸਕਦੀ ਹੈ। ਐਨ ਇਸ ਤਰ੍ਹਾਂ ਜਿਵੇਂ ਭਰਵੇਂ ਜਿਸਮ ਵਾਲੀਆਂ ਮੁਟਿਆਰਾਂ ਮਰਦਾਂ ਨੂੰ ਵਧੇਰੇ ਖਿੱਚ ਪਾਉਂਦੀਆਂ ਹਨ। ਡੱਡ ਜਾਂ ਡਿੱਡ ਸ਼ਬਦ ਡੱਡੂ ਦੀ ਪਹਿਲੀ ਅਵਸਥਾ ਲਈ ਢੁਕਦੇ ਹਨ ਕਿਉਂਕਿ ਉਦੋਂ ਇਹ ਛੋਟੇ ਹੁੰਦੇ ਹਨ ਅਤੇ ਪੂਛ ਵੀ ਲੱਗੀ ਹੁੰਦੀ ਹੈ। ਹੌਲੀ-ਹੌਲੀ ਇਸ ਦੀ ਪੂਛ ਅੰਦਰ ਧਸਦੀ-ਧਸਦੀ ਅਲੋਪ ਹੀ ਹੋ ਜਾਂਦੀ ਹੈ ਤੇ ਬਾਲਗ ਉਮਰ ਤੱਕ ਡੱਡੂ ਇਕ ਲੰਡਾ ਜਿਹਾ ਜੀਵ ਬਣ ਜਾਂਦਾ ਹੈ। ਸੋ ਅਖੌਤੀ ਡਿੱਡ/ਡੱਡ ਨਰ ਵੀ ਹੋ ਸਕਦੇ ਹਨ ਤੇ ਮਦੀਨ ਵੀ। ਛੋਟੇ ਬੱਚੇ ਨੂੰ ਵੀ ਲਾਡ ਨਾਲ ਡੱਡ ਜਾਂ ਡੱਡਾ ਕਹਿ ਦਿੱਤਾ ਜਾਂਦਾ ਹੈ।
ਡੱਡੂ ਦੇ ਦੋ-ਤਿੰਨ ਗੁਣ ਬੜੇ ਉਘੜਵੇਂ ਹਨ, ਇਸ ਦੀ ਉਛਲ ਕੁੱਦ, ਇਸ ਦੀ ਨਿਰਾਲੀ ਆਵਾਜ਼ ਅਤੇ ਇਸ ਦਾ ਲੰਡਾਪਣ। ਬਰਸਾਤ ਵਿਚ ਜਦ ਕਈ ਤਰ੍ਹਾਂ ਦੇ ਡੱਡੂ ਛੱਪੜਾਂ ਆਦਿ ਵਿਚ ਪ੍ਰਗਟ ਹੋ ਜਾਂਦੇ ਸਨ ਤਾਂ ਬੱਚਿਆਂ ਨੂੰ ਇਨ੍ਹਾਂ ਦੀਆਂ ਆਵਾਜ਼ਾਂ ਦੇ ਅਰਥਾਂ ਬਾਰੇ ਇੱਕ ਦਿਲਚਸਪ ਗੱਲ ਸੁਣਾਈ ਜਾਂਦੀ ਸੀ। ਇੱਕ ਕਿਨਾਰੇ ‘ਤੇ ਬੈਠਾ ਮੋਟਾ ਡੱਡੂ ਆਪਣੀ ਮਰਦਾਨੀ ਆਵਾਜ਼ ਵਿਚ ਕਹਿੰਦਾ ਹੈ, ‘ਬਿਆਹ ਜਾਣਾ, ਬਿਆਹ ਜਾਣਾ’। ਦੂਜਾ, ਜੋ ਉਸ ਦੀ ਪਤਨੀ ਹੈ, ਬਰੀਕ ਆਵਾਜ਼ ਵਿਚ ਪੁੱਛਦਾ ਹੈ, ‘ਕਿੰਨ, ਕਿੰਨ, ਕਿੰਨ ਕਿੰਨ’? ਪਹਿਲਾ, ਉਸ ਦਾ ਘਰਵਾਲਾ, ‘ਤੂੰ ਤਾਂ ਮੈਂ, ਤੂੰ ਤਾਂ ਮੈਂ’। ਖਿਝਿਆ ਹੋਇਆ ਘਰ ਦਾ ਬਜ਼ੁਰਗ ਬੁੱਢਿਆਂ ਵਾਲੀ ਆਵਾਜ਼ ਕਢਦਾ ਪੁੱਛਦਾ ਹੈ, ‘ਘਰ ਕੌਣ ਰਹੂ?, ਘਰ ਕੌਣ ਰਹੂ’? ਪਹਿਲਾ ਜਵਾਬ ਦਿੰਦਾ ਹੈ, ‘ਤੁਮ ਤੁਮ ਤੁਮ ਤੁਮ’। ਇਹ ਬਚਗਾਨਾ ਜਿਹੀ ਗੱਲ ਮੈਂ ਐਵੇਂ ਨਹੀਂ ਸੁਣਾਈ। ਡੱਡੂ ਦੀ ਭਾਰੀ ਭਰਕਮ’ ਗੁੜੈਂ ਗੁੜੈਂ’ ਜਿਹੀ ਆਵਾਜ਼ ਕਾਰਨ ਸੰਸਕ੍ਰਿਤ ਵਿਚ ‘ਦਰਦੁਰ’ (ਡੱਡੂ) ਦਾ ਇਕ ਅਰਥ ਢੋਲ ਹੈ। ਇਸ ਦੀ ਇਕਸਾਰ ਸੁਰੀਲੀ ਆਵਾਜ਼ ਤੋਂ ਇੱਕ ਹੋਰ ਅਰਥ ਬੰਸਰੀ ਮਿਲਦਾ ਹੈ। ਪਲੈਟਸ ਅਨੁਸਾਰ ਡੱਡੂ ਦੀ ਇੱਕ ਟੱਕ ਆਵਾਜ਼ ਤਂੋ ਹੀ ਸੰਗੀਤ ਦੀ ਇੱਕ ਵਿਧਾ ਦਾ ਨਾਂ ‘ਦਾਦਰਾ’ ਪਿਆ ਦੱਸਿਆ ਜਾਂਦਾ ਹੈ। ਇਸ ਦੀ ਉਛਲ ਕੁੱਦ ਤੋਂ ਬੱਦਲ ਤੇ ਇਸ ਦੀ ਮੋਟੀ ਠੁੱਲੀ ਸ਼ਕਲ ਤੋਂ ਇੱਕ ਪਰਬਤ ਦਾ ਨਾਂ ਪਿਆ ਹੈ।
ਪੰਜਾਬੀ ਸ਼ਬਦ ਡੱਡੂ ਮੁਢਲੇ ਤੌਰ ‘ਤੇ ਸੰਸਕ੍ਰਿਤ ‘ਦਰਦੁਰ’ ਸ਼ਬਦ ਤੋਂ ਹੀ ਵਿਉਤਪਤ ਹੋਇਆ ਮੰਨਿਆ ਜਾਂਦਾ ਹੈ। ਕੁਝ ਨਿਰੁਕਤਕਾਰਾਂ ਨੇ ਇਸ ਨੂੰ ਭਾਰੋਪੀ ਸ਼ਬਦ ਮੰਨਦਿਆਂ ਇਸ ਨੂੰ ਧੁਨੀ ਅਨੁਕ੍ਰਮਣਕ ਕਿਹਾ ਹੈ ਅਰਥਾਤ ਡੱਡੂ ਦੀ ਆਵਾਜ਼ ਤੋਂ ਇਸ ਸ਼ਬਦ ਦੀ ਉਤਪਤੀ ਹੋਈ। ਲਿਥੂਏਨੀਅਨ ਅਤੇ ਵੈਲਿਸ਼ ਭਾਸ਼ਾ ਵਿਚ ਇਸ ਦੇ ਸਜਾਤੀ ਸ਼ਬਦ ਮਿਲਦੇ ਹਨ। ਦੇਖਿਆ ਜਾਵੇ ਤਾਂ ਡੱਡੂ ਦੀ ਆਵਾਜ਼ ਨੂੰ ਅਸੀਂ ਆਮ ਤੌਰ ਤੇ ‘ਟਰ ਟਰ ਕਰਨਾ’ ਕਹਿੰਦੇ ਹਾਂ। ਪਾਲੀ ਅਤੇ ਪ੍ਰਾਕ੍ਰਿਤ ਵਿਚ ਇਸ ਦਾ ਰੂਪ ਹੈ, ਦੱਦੁਰ। ਹੋਰ ਹਿੰਦ-ਆਰਿਆਈ ਭਾਸ਼ਾਵਾਂ ਵਿਚ ਕੁਝ ਇਸ ਪ੍ਰਕਾਰ ਹਨ, ਖੋਵਾਰ: ਦੋਦੋਰ = ਕਿਰਲੀ, ਗਿਰਗਿਟ, ਆਸਾਮੀ ਦਾਦੁਰ = ਡੱਡੂ, ਮੈਥਿਲੀ, ਹਿੰਦੀ: ਦਾਦਰ = ਡੱਡੂ; ਸਿੰਧੀ: ਡੇਡਰੁ = ਡੱਡੂ; ਲਹਿੰਦੀ: ਦੇਦਰ, ਡੇਡਰ = ਡੱਡੂ। ਨੋਟ ਕਰੋ, ਪੰਜਾਬੀ ਦੀਆਂ ਕੁਝ ਉਪਭਾਸ਼ਾਵਾਂ ਵਿਚ ਇਹ ਸ਼ਬਦ ਦ ਧੁਨੀ ਨਾਲ ਵੀ ਬੋਲਿਆ ਜਾਂਦਾ ਹੈ। ਗੌਰਤਲਬ ਹੈ ਕਿ ਕੁਝ ਭਾਸ਼ਾਵਾਂ ਵਿਚ ਡੱਡੂ ਜਾਂ ਇਸ ਨਾਲ ਮਿਲਦੇ-ਜੁਲਦੇ ਸ਼ਬਦਾਂ ਦਾ ਅਰਥ ‘ਡੌਲਾ’ ਵੀ ਹੈ। ਅਸਲ ਵਿਚ ਬਾਂਹ ਦਾ ਉਪਰਲਾ ਹਿੱਸਾ ਯਾਨੀ ਡੌਲਾ, ਮੁਕਾਬਲਤਨ ਮੋਟਾ, ਪੀਡਾ ਅਤੇ ਖਾਸ ਤੌਰ ‘ਤੇ ਕਮਾਏ ਹੋਏ ਪੱਠਿਆਂ ਵਾਲਾ ਹੁੰਦਾ ਹੈ। ਇਸ ਲਈ ਡੌਲੇ ਲਈ ਅਜਿਹੀ ਬਣਾਵਟ ਵਾਲੇ ਜਾਨਵਰਾਂ ਦੇ ਨਾਂ ਪਾਏ ਜਾਂਦੇ ਹਨ। ਪੰਜਾਬੀ ਵਿਚ ਕਹਿ ਦਿੰਦੇ ਹਨ, ਉਸ ਦੇ ਡੌਲਿਆਂ ਵਿਚ ਡੱਡੂ ਪੈਂਦੇ ਹਨ। ਇਸ ਨੂੰ ਮਛਲੀਆਂ ਵੀ ਕਹਿੰਦੇ ਹਨ। ਦੂਜੇ ਪਾਸੇ ਇੱਕ ਤਰ੍ਹਾਂ ਦੀ ਮੱਛੀ ਦਾ ਨਾਂ ਵੀ ਡੌਲਾ ਹੈ।
ਟੋਡੀ ਬੱਚਾ
ਅੰਗਰੇਜ਼ੀ ਵਿਚ ਡੱਡੂ ਲਈ ਇੱਕ ਸ਼ਬਦ ਟੋਡ ((toad) ) ਵੀ ਹੈ। ਇਸ ਤੋਂ ਬਣੇ ਇਕ ਸ਼ਬਦ ਟੋਡ-ਈਟਰ (toad eater) ਦਾ ਸ਼ਾਬਦਿਕ ਅਰਥ ਤਾਂ ਬਣਿਆ ਡੱਡੂ-ਖਾਣਾ/ ਡੱਡੂਖੋਰ ਪਰ ਇਹ ਹੋਰ ਅਰਥਾਂ ਵਿਚ ਵਰਤਿਆ ਜਾਂਦਾ ਹੈ। ਕੋਈ ਦੋ ਸੌ ਸਾਲ ਪੁਰਾਣੀ ਗੱਲ ਹੈ। ਉਸ ਵੇਲੇ ਕੋਈ ਨੀਮ-ਹਕੀਮ ਆਪਣਾ ਕੋਈ ਮੁਰੀਦ, ਜਮੂਰਾ ਜਾਂ ਕਹਿ ਲਵੋ ਨੌਕਰ ਰੱਖਿਆ ਕਰਦਾ ਸੀ ਜੋ ਇਕੱਠੇ ਹੋਏ ਮਜਮੇ ਵਿਚਕਾਰ ਜ਼ਹਿਰੀਲਾ ਡੱਡੂ ਖਾਣ ਦਾ ਢੋਂਗ ਰਚ ਲੈਂਦਾ ਸੀ। ਨੀਮ ਹਕੀਮ ਜ਼ਾਹਿਰਾ ਤੌਰ ‘ਤੇ ਉਸ ਦਾ ਇਲਾਜ ਕਰ ਦਿੰਦਾ ਸੀ ਕਿਉਂਕਿ ਉਹ ਡੱਡੂ ਜਾਂ ਤਾਂ ਵਾਸਤਵ ਵਿਚ ਖਾਧਾ ਨਹੀਂ ਸੀ ਹੁੰਦਾ ਜਾਂ ਜ਼ਹਿਰੀਲਾ ਨਹੀਂ ਸੀ ਹੁੰਦਾ। ਸੋ ਮੁਢਲੇ ਤੌਰ ‘ਤੇ ਤਾਂ ਇਹ ਜਮੂਰਾ ਹੀ ਟੋਡਈਟਰ ਹੋਇਆ। ਹੌਲੀ-ਹੌਲੀ ਅੰਗਰੇਜ਼ੀ ਟੋਡਈਟਰ ਸ਼ਬਦ ਸੁੰਗੜ ਕੇ ਟੋਡੀ (toady)ਬਣ ਗਿਆ ਜਿਸ ਦਾ ਲਾਖਣਿਕ ਪ੍ਰਯੋਗ ਹੋਇਆ ਅਜਿਹਾ ਵਿਅਕਤੀ ਜੋ ਕਿਸੇ ਤੋਂ ਫਾਇਦਾ ਲੈਣ ਲਈ ਕੋਈ ਵੀ ਘਟੀਆ ਕੰਮ ਕਰ ਸਕਦਾ ਹੋਵੇ, ਚਾਪਲੂਸ, ਚਮਚਾ, ਖੁਸ਼ਾਮਦੀ, ਲੈਕੀ, ਟਊਟ, ਜੁੱਤੀ-ਚੱਟ, ਝੋਲੀ ਚੁੱਕ। ਅੰਗਰੇਜ਼ੀ ਵਿਚ ਇਸ ਸ਼ਬਦ ਦੀ ਖੁਸ਼ਾਮਦ ਕਰਨ ਦੇ ਅਰਥਾਂ ਵਿਚ ਕਿਰਿਆ ਵਜੋਂ ਵੀ ਵਰਤੋਂ ਹੁੰਦੀ ਹੈ। ਭਾਰਤ ਦੇ ਆਜ਼ਾਦੀ ਸੰਗਰਾਮ ਦੌਰਾਨ ਇਹ ਸ਼ਬਦ ਅਜਿਹੇ ਪੁਲਸ ਜਾਂ ਹੋਰ ਵੱਡੇ ਦੇਸੀ ਜਾਂ ਗੋਰੇ ਅਫਸਰਾਂ ਲਈ ਵਰਤਿਆ ਜਾਣ ਲੱਗਾ ਜੋ ਦੇਸ਼-ਭਗਤਾਂ ਨੂੰ ਸਰਕਾਰੇ-ਦਰਬਾਰੇ ਫਸਾ ਕੇ ਸਜ਼ਾ ਦੇਣ ਦਾ ਕੰਮ ਕਰਦੇ ਸਨ। ਭਾਰਤੀਆਂ ਨੇ ਟੋਡੀ ਤੋਂ ਵੀ ਅੱਗੇ ਜਾ ਕੇ ਅਜਿਹਾ ਪਾਪ ਕਰਨ ਵਾਲੇ ਲਈ ‘ਟੋਡੀ ਬੱਚਾ’ ਕਹਿਣਾ ਸ਼ੁਰੂ ਕਰ ਦਿੱਤਾ। ਖਾਸ ਤੌਰ ‘ਤੇ ਕਿਸੇ ਜਲਸੇ ਜਾਂ ਜਲੂਸ ਵਿਚ ਕ੍ਰੋਧ ਵਿਚ ਆਏ ਲੋਕ ‘ਟੋਡੀ ਬੱਚਾ, ਹਾਇ ਹਾਇ’ ਦੇ ਨਾਹਰੇ ਲਾਇਆ ਕਰਦੇ ਸਨ। ਸ਼ਹੀਦ ਫਿਲਮ ਵਿਚ ਇਹ ਸ਼ਬਦ ਖੂਬ ਸੁਣਨ ਨੂੰ ਮਿਲਦਾ ਹੈ।