ਬੰਦੇ ਅੰਦਰਲਾ ਬੱਚਾ

ਡਾ ਗੁਰਬਖ਼ਸ਼ ਸਿੰਘ ਭੰਡਾਲ
ਕੀ ਸਾਨੂੰ ਪਤਾ ਹੈ ਕਿ ਸਾਡੇ ਅੰਦਰ ਵੀ ਇਕ ਬੱਚਾ ਵੱਸਦਾ ਹੈ? ਉਹ ਬੱਚਾ ਕਿਸ ਹਾਲਤ ਵਿਚ ਹੈ? ਉਸ ਦੀ ਮਾਨਸਿਕ ਅਵਸਥਾ ਕੀ ਹੈ? ਉਹ ਕਿਸ ਤਰ੍ਹਾਂ ਜੀਅ ਰਿਹਾ ਹੈ? ਕੀ ਤੁਸੀਂ ਜਵਾਨ ਹੋਣ ਤੋਂ ਬਾਅਦ ਕਦੇ ਉਸ ਨੂੰ ਮਿਲੇ ਹੋ? ਕੀ ਕਦੇ ਤੁਹਾਨੂੰ ਯਾਦ ਵੀ ਆਇਆ ਕਿ ਉਹ ਬੱਚਾ ਤੁਹਾਡੇ ਅੰਦਰ ਬਚਪਣਾ ਸੰਭਾਲੀ ਬੈਠਾ ਹੈ? ਕੀ ਕਦੇ ਤੁਹਾਡੇ ਮਨ ਵਿਚ ਉਸ ਨੂੰ ਮਿਲਣ ਦੀ ਤਮੰਨਾ ਪੈਦਾ ਹੋਈ?

ਕੀ ਤੁਸੀਂ ਕਦੇ ਚਾਹਿਆ ਕਿ ਉਸ ਬੱਚੇ ਵਾਂਗ ਮੁੜ ਤੋਂ ਬਚਪਣੇ ਨੂੰ ਜੀਵਿਆ ਤੇ ਮਾਣਿਆ ਜਾਵੇ?
ਹਰ ਵਿਅਕਤੀ ਦੇ ਅੰਦਰ ਇਕ ਮਾਸੂਮ ਬੱਚਾ ਬੈਠਾ ਹੁੰਦਾ। ਭੋਲਾ-ਭਾਲਾ, ਪਾਕੀਜ਼ ਅਤੇ ਪਾਰਦਰਸ਼ੀ। ਸ਼ੀਸ਼ੇ ਵਾਂਗ ਸਾਫ਼। ਦੁਨਿਆਵੀ ਚੁਸਤ-ਚਲਾਕੀਆਂ ਅਤੇ ਕੂੜ-ਕਪਟ ਤੋਂ ਕੋਰਾ। ਬੋਲਾਂ ਵਿਚ ਸਚਾਈ। ਕਹਿਣੀ ਤੇ ਕਰਨੀ ਵਿਚ ਸਮਾਨਤਾ।
ਕਦੇ ਬੱਚੇ ਨੂੰ ਮਿਲਣ ‘ਤੇ ਇਹ ਸੋਚਣਾ ਕਿ ਕੀ ਤੁਸੀਂ ਉਸ ਬੱਚੇ ਦਾ ਹੀ ਇਕ ਰੂਪ ਹੋ ਜਾਂ ਉਸ ਬੱਚੇ ਦੇ ਵਿਪਰੀਤ। ਅਗਰ ਤੁਸੀਂ ਬਦਲੇ ਹੋ ਤਾਂ ਕਿਉਂ? ਕੀ ਇਹ ਬਦਲਾਅ ਬਿਹਤਰੀ ਲਈ ਸੀ? ਕੀ ਇਸ ਤਬਦੀਲੀ ਨੇ ਤੁਹਾਡੀ ਝੋਲੀ ਵਿਚ ਲਾਲਚ, ਧੋਖਾਧੜੀ ਤੇ ਝੂਠ ਤਾਂ ਨਹੀਂ ਪਾਇਆ? ਕਿਧਰੇ ਤੁਸੀਂ ਅੰਦਰਲੇ ਬੱਚੇ ਦੇ ਕਤਲ ਦੇ ਦੋਸ਼ੀ ਤਾਂ ਨਹੀਂ? ਕੀ ਉਸ ਦੀ ਉਹਦੀ ਵੀ ਤੁਸੀਂ ਅੰਦਰ ਦਫ਼ਨਾਈ ਬੈਠੇ ਹੋ? ਕੀ ਬੱਚੇ ਲਾਸ਼ ਦੀ ਬਦਬੂ ਨੇ ਤੁਹਾਨੂੰ ਕਦੇ ਪੀੜਤ ਕੀਤਾ? ਕੀ ਕਤਲ ਦੇ ਦੋਸ਼ ਨੇ ਤੁਹਾਨੂੰ ਰਾਤਾਂ ਨੂੰ ਬੇਚੈਨ ਤਾਂ ਨਹੀਂ ਕੀਤਾ? ਕੀ ਮਨ ਦੀ ਅਵੱਗਿਆ ਕਾਰਨ ਤੁਸੀਂ ਅੰਦਰਲੇ ਬੱਚੇ ਨੂੰ ਕੋਹਿਆ? ਇਉਂ ਲੱਗਦਾ ਕਿ ਉਹ ਜ਼ਾਰੋਜ਼ਾਰ ਰੋਇਆ ਪਰ ਤੁਹਾਡਾ ਮਨ ਜ਼ਰਾ ਵੀ ਵਿਚਲਿਤ ਨਹੀਂ ਹੋਇਆ। ਤਾਂ ਹੀ ਤੁਸੀਂ ਪੱਥਰ ਦਿਲ ਬਣੇ, ਅੱਜ ਕੱਲ੍ਹ ਪੱਥਰ ਨਗਰੀ ਦੇ ਵਾਸੀ ਹੋ। ਜ਼ਰਾ ਸੋਚਣਾ! ਅਹਿਸਾਸ ਵਿਹੂਣੇ ਹੋ, ਤੁਸੀਂ ਪੱਥਰ ਦੀ ਜੂਨ ਹੰਢਾਉਂਦੇ, ਕਿੰਨਾ ਕੁ ਚਿਰ ਆਪਣੇ ਸਾਹਾਂ ਨੂੰ ਸੂਲੀ ‘ਤੇ ਟੰਗੀ ਰੱਖੋਗੇ?
ਕੀ ਕਦੇ ਤੁਸੀਂ ਆਪਣੇ ਅੰਦਰਲੇ ਬੱਚੇ ਦੀ ਚੀਖ਼ ਸੁਣੀ? ਕੀ ਉਸ ਦੀ ਵੇਦਨਾ ਵੰਨੀ ਧਿਆਨ ਦਿੱਤਾ? ਕੀ ਕਦੇ ਇਹ ਵੀ ਖ਼ਿਆਲ ਆਇਆ ਕਿ ਆਪਣੇ ਅੰਦਰ ਬੈਠੇ ਉਸ ਨਾਦਾਨ ਨੂੰ ਕਿਉਂ ਅਨਿਆਈ ਮੌਤੇ ਮਾਰਦੇਂ? ਅੰਦਰਲੇ ਬੱਚੇ ਦਾ ਕਤਲ ਕਰਕੇ ਕੀ ਖੱਟਿਆ ਤੇ ਕੀ ਗਵਾਇਆ? ਕਿੰਨੀ ਪੀੜਾ ਦਿੱਤੀ ਅਤੇ ਕਿੰਨਾ ਰੁਆਇਆ?
ਬੰਦੇ ਨੂੰ ਇਹ ਤਾਂ ਯਾਦ ਹੋਣਾ ਚਾਹੀਦਾ ਕਿ ਆਪਣੇ ਅੰਦਰਲਾ ਬੱਚਾ ਤਾਂ ਬੰਦੇ ਦਾ ਮੂਲ ਸਰੂਪ ਹੁੰਦਾ। ਜਿਉਂ ਜਿਉਂ ਬੰਦਾ ਵੱਡਾ ਹੁੰਦਾ ਆਲੇ-ਦੁਆਲੇ ਮੁਲੱਮਿਆਂ ਦੀਆਂ ਕੇਹੀਆਂ ਤਹਿਆਂ ਬਣਾਈ ਜਾਂਦਾ ਕਿ ਅੰਦਰਲੇ ਬੱਚੇ ਦਾ ਸਾਹ ਘੁਟਣ ਲੱਗਦਾ। ਬੰਦਾ ਬਾਹਰੀ ਦੁਨੀਆ ਵਿਚ ਅਜਿਹਾ ਗਵਾਚਦਾ ਕਿ ਉਸ ਨੂੰ ਆਪਣੇ ਅੰਤਰੀਵ ਵਿਚ ਝਾਕਣ ਅਤੇ ਉਸ ਬੱਚੇ ਦੀ ਖ਼ੈਰ-ਸੁੱਖ ਪਤਾ ਕਰਨਾ ਹੀ ਭੁੱਲ ਜਾਂਦਾ।
ਬੰਦਿਆ! ਅੰਦਰਲੇ ਬੱਚੇ ਨੂੰ ਮਿਲੇਂ ਤਾਂ ਤੈਨੂੰ ਪਤਾ ਲੱਗਾ ਕਿ ਤੂੰ ਕਿੰਨਾ ਸੱਚਾ, ਸੁੱਚਾ ਸੈਂ ਅਤੇ ਹੁਣ ਤੂੰ ਕੇਹੀ ਮਲੀਨਤਾ ਦਾ ਆਦੀ ਹੋ ਗਿਆ। ਤੈਨੂੰ ਮਾਨਸਿਕ ਗੰਦਗੀ ਹੀ ਚੰਗੀ ਲੱਗਣ ਲੱਗ ਪਈ। ਕਦੇ ਮਨ ਦੀ ਮੈਲ ਉਤਾਰ ਕੇ ਦੇਖੀਂ, ਤੇਰੇ ਅੰਦਰੋਂ ਤੇਰੇ ਅੰਦਰਲਾ ਬੱਚਾ ਜਾਗ ਪਵੇਗਾ। ਉਸ ਨੂੰ ਪਛਾਣ ਕੇ ਪਤਾ ਲੱਗੇਗਾ ਕਿ ਚੰਦਰਮਾ ਤੇ ਇਕ ਵੀ ਦਾਗ਼ ਬਹੁਤ ਮਾੜਾ ਹੁੰਦਾ। ਤੇਰਾ ਤਾਂ ਦਾਗ਼-ਦਾਗ਼ ਹੋਇਆ ਚਿਹਰਾ ਤਾਂ ਚਾਨਣ ਦੀ ਕਾਤਰ ਲਈ ਤਰਸਦਾ ਏ।
ਦੋਸਤ! ਉਸ ਬੇਆਸਰੇ ਬੱਚੇ ਨੂੰ ਮਿਲ ਕੇ ਹੀ ਪਤਾ ਲੱਗਣਾ ਕਿ ਉਹ ਬੱਚਾ ਨਿਰਵਸਤਰ ਹੁੰਦਿਆਂ ਵੀ ਪਾਕ ਸੀ ਅਤੇ ਤੂੰ ਮਹਿੰਗੇ ਲਿਬਾਸ ਵਿਚ ਵੀ ਨੰਗਾ ਏਂ। ਇਹੀ ਨੰਗੇਜ ਤੇਰੇ ਵਿਚ ਹੀਣ-ਭਾਵਨਾ ਪੈਦਾ ਕਰਦਾ। ਤੂੰ ਨੰਗੇਜ ਨੂੰ ਬੇਸ਼ਰਮੀ ਦੀ ਉਸ ਹੱਦ ਤੀਕ ਲੈ ਗਿਆ ਕਿ ਤੈਨੂੰ ਦੇਖ ਕੇ ਬੱਚੇ ਨੂੰ ਨਮੋਸ਼ੀ ਆਉਂਦੀ ਹੈ। ਲੋੜ ਹੈ ਕਿ ਉਸ ਬੱਚੇ ਵਾਂਗ ਤੂੰ ਬਾਹਰੀ ਨੰਗੇਜ ਨੂੰ ਲੁਕਾਉਣ ਦੀ ਬਜਾਏ ਅੰਦਰੋਂ ਇੰਨਾ ਪਾਕੀਜ਼ ਹੋ ਕਿ ਤੇਰੀ ਮਾਨਸਿਕ ਲਗਾਉਣ ਸਾਹਵੇਂ ਸਰੀਰਕ ਨੰਗੇਜ ਦੇ ਕੋਈ ਅਰਥ ਹੀ ਨਾ ਰਹਿ ਜਾਵੇ।
ਸੱਜਣਾਂ! ਤੂੰ ਇਹ ਜੋ ਆਪਣੇ ਵਰਤਾਰੇ, ਬੋਲਾਂ ਅਤੇ ਸ਼ਬਦਾਂ ਵਿਚ ਕੂੜ-ਕਪਟ ਦਾ ਜਾਲ ਬੁਣ ਰਿਹਾਂ। ਨਿੱਜੀ ਮੁਫ਼ਾਦਾਂ ਦੀ ਪੂਰਤੀ ਕਰਕੇ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਸਿਆਣਾ ਅਤੇ ਚਲਾਕ ਸਮਝਦਾਂ। ਬੱਚੇ ਨੂੰ ਮਿਲ ਕੇ ਪਤਾ ਲੱਗੇਗਾ ਕਿ ਮਸੂਮੀਅਤ ਸਾਹਵੇਂ ਹਾਰ ਜਾਂਦੀਆਂ ਨੇ ਚਲਾਕੀਆਂ। ਨੀਂਦ ਦੀਆਂ ਗੋਲੀਆਂ ਖਾ ਕੇ ਜਾਂ ਨਸ਼ਾ ਕਰਕੇ ਸੌਣ ਵਾਲਿਆ! ਨੀਂਦ ਦੀ ਬੇਕਰਾਰੀ ਅਤੇ ਅਵਾਜ਼ਾਰੀ ਨੇ ਤੇਰੇ ਸੁਖਨ ਨੂੰ ਕਿਵੇਂ ਸਿਉਂਕਿਆ, ਇਸ ਦਾ ਅੰਦਾਜ਼ਾ ਮੌਕਾ ਮਿਲੇ ਤਾਂ ਜ਼ਰੂਰ ਲਾਵੀਂ। ਤੇਰੇ ਅੰਦਰਲਾ ਬੱਚਾ ਅਕਸਰ ਹੀ ਖੇਡਦਾ-ਖੇਡਦਾ ਜਦੋਂ ਮਰਜ਼ੀ ਸੌਂ ਜਾਂਦਾ ਸੀ ਅਤੇ ਸੁਪਨਈ ਨੀਂਦ ਮਾਣਦਾ ਸੀ। ਆਪਣੇ ਮਨ ਵਿਚ ਅੰਦਰਲੇ ਬੱਚੇ ਵਰਗਾ ਬਣਨ ਦੀ ਲੋਚਾ ਪੈਦਾ ਕਰ।
ਐ ਦੁਨੀਆਦਾਰਾ! ਜਾਅਲਸਾਜ਼ੀ ਤੇ ਫ਼ਰੇਬ ਰਾਹੀਂ ਮਹਿਲ ਉਸਾਰਨ ਅਤੇ ਜਾਇਦਾਦਾਂ ਦਾ ਮਾਣ ਕਰਨ ਵਾਲਿਆ ਕਦੇ ਸੋਚਿਆ ਕਿ ਤੇਰੇ ਭਟਕਣ ਨੇ ਤੇਰੇ ਕੋਲ ਕੀ ਖੋਹਿਆ? ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਿਚ ਗ੍ਰਸਿਆ ਕਦੇ ਅੰਦਰਲੇ ਆਰੋਗ ਬੱਚੇ ਨੂੰ ਮਿਲਣ ਦਾ ਕੋਈ ਮੌਕਾ ਮਿਲੇ ਤਾਂ ਤੈਨੂੰ ਇਹ ਤਾਂ ਅਹਿਸਾਸ ਹੋਵੇਗਾ ਕਿ ਆਪਣੀ ਅੱਧੀ ਰੋਟੀ ਵੀ ਆਪਣੇ ਹਾਣੀ ਨੂੰ ਦੇਣ ਵਾਲੇ ਅਤੇ ਆਪਣੇ ਖਿਡੌਣੇ ਆਵੀਆਂ ਨਾਲ ਸਾਂਝੇ ਕਰਦਿਆਂ, ਬਹਿਸ਼ਤੀ ਨਜ਼ਾਰਿਆਂ ਨਾਲ ਜਿਹੜੇ ਸੁਖਦ ਪਲਾਂ ਨੂੰ ਉਸ ਨੇ ਰੱਜ ਕੇ ਮਾਣਿਆ ਸੀ, ਤੂੰ ਵੀ ਕਦੇ ਇੰਨੀ ਧਨ ਦੌਲਤ ਨਾਲ ਮਾਣੇ ਨੇ? ਜੇ ਨਹੀਂ ਤਾਂ ਬੱਚੇ ਵਰਗਾ ਬਣਨ ‘ਚ ਹਰਜ ਹੀ ਕੀ ਆ?
ਐ ਮਿੱਤਰ। ਤੂੰ ਅੱਜ ਕੱਲ੍ਹ ਵੱਡੇ ਲੋਕਾਂ ਦੇ ਸਾਥ ਵਿਚ ਆਪਣੀ ਹਓਮੈ ਨੂੰ ਪੱਠੇ ਪਾਉਂਦੈ। ਆਪਣੇ ਗਰੂਰ ਨੂੰ ਸਿਰ ਤੇ ਚੱਕ ਕੇ ਕਿਸ ਨੂੰ ਕੀ ਦਿਖਾਉਣਾ ਚਾਹੁੰਦਾ? ਕੀ ਤੈਨੂੰ ਪਤਾ ਹੈ ਕਿ ਤੇਰੇ ਅੰਦਰਲੇ ਬੱਚੇ ਲਈ ਗ਼ਰੀਬ-ਅਮੀਰ ਦਾ ਕੋਈ ਫ਼ਰਕ ਨਹੀਂ ਸੀ। ਬੱਚਿਆਂ ਲਈ ਸਾਰੇ ਬੱਚੇ ਹੀ ਸੋਹਣੇ ਅਤੇ ਪਿਆਰੇ ਹੁੰਦੇ। ਇਹ ਪਿਆਰ ਭਰਿਆ ਭੋਲਾਪਣ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਦੌਲਤ। ਅੰਦਰਲੇ ਬੱਚੇ ਨੂੰ ਹੰਕਾਰ ਜਾਂ ਰੁਤਬਿਆਂ ਦਾ ਕੋਈ ਪਤਾ ਹੀ ਨਹੀਂ ਸੀ। ਇਹ ਤਾਂ ਸਭ ਤੇਰੇ ਹੀ ਮਨ ਦੀ ਉਪਜ ਹੈ।
ਬੀਬਾ ਆਪਣੇ ਨਾਵੇਂ ਡਿਗਰੀਆਂ, ਮਾਨ-ਸਨਮਾਨ ਦੀਆਂ ਪੂਛਾਂ, ਅਹਿਲਕਾਰੀ ਦੇ ਮੁਕਟ ਜਾਂ ਸਰਦਾਰੀਆਂ ਦਾ ਰੋਹਬ ਤਾਂ ਸਭ ਕੁਝ ਤੇਰੇ ਹੀ ਮਨ ਦੀ ਪੈਦਾਇਸ਼। ਬੱਚੇ ਨੂੰ ਤਾਂ ਕੁਝ ਵੀ ਪਤਾ ਨਹੀਂ ਹੁੰਦਾ ਅਤੇ ਨਾ ਪਤਾ ਹੋਣਾ ਚਾਹੀਦਾ। ਇਹੀ ਉਸ ਦੀ ਸਭ ਤੋਂ ਵੱਡੀ ਅਮੀਰਤਾ ਅਤੇ ਮਾਨਵੀ ਗੁਣ ਹਨ। ਦਰਅਸਲ ਬੱਚਾ ਸੱਚਮੁੱਚ ਦਾ ਇਨਸਾਨ ਹੁੰਦਾ। ਜ਼ਰਾ ਦੱਸੀਂ ਤੂੰ ਵੱਡਾ ਹੋ ਕੇ ਕਦੇ ਇਨਸਾਨ ਬਣਿਆਂ? ਸਦਾ ਹੈਵਾਨੀਅਤ ਅੰਦਾਜ਼ ਅਤੇ ਰੁੱਖਾਪਣ ਹਾਵੀ। ਕਦੇ ਬੱਚੇ ਨਾਲ ਪਿਆਰਿਆਂ ਅਤੇ ਤੋਤਲੀਆਂ ਗੱਲਾਂ ਰਾਹੀਂ ਆਲੇ-ਦੁਆਲੇ ਹਾਸਿਆਂ ਦੀਆਂ ਫੁਲਝੜੀਆਂ ਖਿੰਡਾਈਂ। ਤੈਨੂੰ ਪਤਾ ਲੱਗੇਗਾ ਕਿ ਬੱਚੇ ਵਰਗੀ ਜਿਊਣ-ਜਾਚ ਵਿਚੋਂ ਮਨੁੱਖੀ ਜੀਵਨ ਨੂੰ ਕਿਹੜੀਆਂ ਨਿਆਮਤਾਂ ਸੰਗ ਝੋਲੀ ਭਰਨ ਦਾ ਮੌਕਾ ਮਿਲਦਾ।
ਮੀਤ-ਪਿਆਰੇ। ਆਪਣੇ ਅੰਦਰਲੇ ਬੱਚੇ ਨੂੰ ਮਿਲੇਂ ਤਾਂ ਤੈਨੂੰ ਇਹ ਵੀ ਪਤਾ ਲੱਗੇਗਾ ਕਿ ਇਮਾਨਦਾਰੀ, ਦਿਆਨਤਦਾਰੀ ਅਤੇ ਸੱਚੀ-ਸੁੱਚੀ ਜ਼ਿੰਦਗੀ ਨਾਲ ਕਿਹੜੀਆਂ ਰਹਿਮਤਾਂ ਘਰ ਦਾ ਹੁਸਨ-ਏ-ਹਾਸਲ ਬਣਦੀਆਂ? ਇਨ੍ਹਾਂ ਤੋਂ ਮਹਿਰੂਮੀਅਤ ਨੇ ਘਰ ਨੂੰ ਮਕਾਨ, ਕਮਰਿਆਂ ਨੂੰ ਕੈਦ ਖਾਨਾ ਅਤੇ ਚੌਂਕੇ-ਚੁੱਲਿ੍ਹਆਂ ਨੂੰ ਵੈਰਾਨਗੀ ਦਿੱਤੀ। ਇੱਟਾਂ-ਪੱਥਰਾਂ ਦੇ ਮਕਾਨ ਨੂੰ ਘਰ ਬਣਾਉਣ ਦੀ ਮਨ ਵਿਚ ਚਾਹਤ ਹੈ ਤਾਂ ਆਪਣੇ ਅੰਦਰ ਬੈਠੇ ਬੱਚੇ ਨੂੰ ਮਿਲ ਕੇ ਉਸ ਦੀਆਂ ਆਦਤਾਂ ਤੇ ਗੁਣਾਂ ਵਰਗਾ ਹੋਣ ਦਾ ਅਹਿਦ ਕਰੀਂ। ਦੇਖਣਾ ਸੱਭੇ ਦਾਤਾਂ ਤੇਰੀ ਰਹਿਨੁਮਾਈ ਕਬੂਲਣਗੀਆਂ।
ਦੋਸਤਾ! ਤੈਨੂੰ ਆਪਣੇ ਅੰਦਰਲਾ ਬੱਚਾ ਤਾਂ ਹੀ ਯਾਦ ਆਵੇਗਾ ਜੇਕਰ ਤੂੰ ਬੱਚੇ ਵਰਗਾ ਬਣਨਾ ਲੋਚੇਂਗਾ। ਅੰਦਰੋਂ-ਬਾਹਰੋਂ ਇਕ ਸਾਰ, ਸਾਰੇ ਹੀ ਮਿੱਤਰ ਪਿਆਰੇ, ਸਾਰਿਆਂ ਦੀ ਝੋਲੀ ਵਿਚ ਮੋਹ-ਮੁਹੱਬਤ ਦਾ ਨਿਉਂਦਾ ਪਾਉਣ ਵਾਲਾ। ਉਸ ਲਈ ਸਾਰੀਆਂ ਬਜ਼ੁਰਗ ਔਰਤਾਂ ਮਾਵਾਂ। ਹਮ-ਉਮਰ ਦੋਸਤ। ਬਜ਼ੁਰਗ ਮਾਪੇ। ਪਰ ਤੂੰ ਤਾਂ ਉਸ ਬੱਚੇ ਨੂੰ ਚੁੱਪ ਕਰਵਾ ਕੇ ਉਸ ਦੀ ਮਾਨਸਿਕ ਪਾਕੀਜ਼ਗੀ ਤੋਂ ਤ੍ਰਹਿਕਦਾ। ਤੂੰ ਉਸ ਵਰਗਾ ਬਣਨਾ ਹੀ ਨਹੀਂ ਚਾਹੁੰਦਾ ਜਾਂ ਤੇਰੀ ਅਜੋਕੀ ਜੀਵਨ ਸ਼ੈਲੀ ਬੱਚੇ ਵਰਗੀ ਜੀਵਨ-ਜਾਚ ਦੇ ਰਾਸ ਹੀ ਨਹੀਂ ਆਉਣੀ। ਇਸ ਲਈ ਤੂੰ ਆਪਣੇ ਉਸ ਬੱਚੇ ਨੂੰ ਕਦੇ ਵੀ ਜੱਗ-ਜ਼ਾਹਿਰ ਨਹੀਂ ਕਰਨਾ ਚਾਹੁੰਦਾ ਅਤੇ ਸਦਾ ਲਈ ਉਸ ਤੋਂ ਅਣਜਾਣ ਬਣਿਆ ਰਹਿੰਦਾ।
ਐ ਬੰਦਿਆ! ਸ਼ਾਇਦ ਤੇਰੇ ਲਈ ਉਸ ਬੱਚੇ ਨੂੰ ਅਣਗੌਲਿਆ ਕਰਨਾ ਤੇਰੀ ਮਜਬੂਰੀ, ਕਿਉਂਕਿ ਤੇਰੀ ਸੋਚ, ਸੁਪਨੇ ਅਤੇ ਸੰਭਾਵਨਾਵਾਂ ਸਥਿਰ ਹੋ ਗਈਆਂ। ਤੂੰ ਬੱਚੇ ਵਾਂਗ ਸੁੰਦਰ ਸੁਪਨੇ ਲੈਣ, ਨਵੇਂ ਪ੍ਰਸ਼ਨ ਕਰਨ ਅਤੇ ਉਨ੍ਹਾਂ ਦੇ ਜਵਾਬਾਂ ਬਾਰੇ ਜਗਿਆਸਾ ਪ੍ਰਗਟਾਉਣ ਕਰਨ ਤੋਂ ਅੱਕ ਗਿਆ। ਤੂੰ ਆਪਣੇ-ਆਪ ਨੂੰ ਬਦਲਦੇ ਵਕਤਾਂ ਦੇ ਅਨੁਕੂਲ ਨਹੀਂ ਕਰਨਾ ਚਾਹੁੰਦਾ। ਕੁਝ ਵੀ ਨਵਾਂ ਸਿੱਖਣ ਅਤੇ ਇਸ ਨੂੰ ਖ਼ੁਦ ਤੇ ਲਾਗੂ ਕਰਨ ਵਿਚ ਤੇਰੀ ਕੋਈ ਰੁਚੀ ਨਹੀਂ ਤਾਂ ਹੀ ਤੇਰੀ ਅਣਗਹਿਲੀ ਨੂੰ ਸਮਝਿਆ ਜਾ ਸਕਦਾ।
ਦਰਅਸਲ ਇਹ ਕੇਹਾ ਸੱਚ ਇਹ ਕਿ ਕਿਸੇ ਵੀ ਵਿਅਕਤੀ ਦਾ ਬੰਦਾ ਬਣਨਾ ਬਹੁਤ ਅਸਾਨ ਪਰ ਬੰਦੇ ਲਈ ਬੱਚਾ ਬਣਨਾ ਬਿਖਮ। ਉਸ ਵਾਂਗ ਦਿਲ ਦੇ ਸ਼ੀਸ਼ੇ ‘ਤੇ ਝਰੀਟ ਨਾ ਪੈਣ ਦੇਣਾ ਅਤੇ ਬਚਪਨੀ ਬਾਦਸ਼ਾਹੀਆਂ ਨਾਲ ਜੀਵਨੀ ਅਕੀਦਤ ਕਰਨਾ, ਬੱਚੇ ਦਾ ਆਮ ਵਰਤਾਰਾ। ਪਰ ਖ਼ਾਸ ਬਣਿਆ ਬੰਦਾ ਭਲਾ ਆਮ ਕਿਵੇਂ ਬਣ ਸਕਦਾ? ਤਾਂ ਹੀ ਉਹ ਬੱਚੇ ਨੂੰ ਅੰਦਰਲੀ ਦੁਨੀਆ ਤੀਕ ਸੀਮਤ ਰੱਖਣਾ, ਇਸ ਤੋਂ ਦੂਰੀ ਬਣਾਈ ਰੱਖਣ ਵਿਚ ਹੀ ਭਲਾਈ ਸਮਝਦਾ। ਇਹੀ ਉਸ ਦੀ ਸਭ ਤੋਂ ਵੱਡੀ ਭੁੱਲ।
ਆਪਣੇ ਅੰਦਰਲੇ ਬੱਚੇ ਨੂੰ ਮਿਲਿਆ ਕਰੋ। ਉਸ ਵਾਂਗ ਤੋਤਲੀਆਂ ਗੱਲਾਂ ਕਰਿਆ ਕਰੋ। ਬਚਪਨੀ ਪਲਾਂ ਨੂੰ ਮਾਣਨ ਲਈ ਬੱਚੇ ਨਾਲ ਖੇਡਿਆ ਕਰੋ। ਬੱਚੇ ਨਾਲ ਬੱਚਾ ਬਣਿਆ ਬੰਦਾ ਆਪਣੀ ਉਮਰ ਵੀ ਭੁੱਲ ਜਾਂਦਾ। ਇਹ ਉਸ ਲਈ ਸਭ ਤੋਂ ਵੱਡੀ ਨਿਆਮਤ ਹੁੰਦੀ। ਉਹ ਆਪਣੀਆਂ ਜੀਵਨੀ ਦੁਸ਼ਵਾਰੀਆਂ ਤੋਂ ਮੁਕਤ ਹੋਇਆ ਸਿਰਫ਼ ਬਚਪਨ ਦੇ ਰਾਂਗਲੇ ਅਤੇ ਬੇਫ਼ਿਕਰੇ ਪਲਾਂ ਨੂੰ ਹੀ ਆਪਣਾ ਜੀਵਨ ਸਮਝਦਾ, ਸਾਹਾਂ ਦੀ ਆਉਧ ਅਚੇਤ ਰੂਪ ਵਿਚ ਹੀ ਲੰਮੇਰੀ ਕਰ ਦਿੰਦਾ।
ਯਾਦ ਰੱਖਣਾ ਜਿਸ ਦਿਨ ਤੁਹਾਡੇ ਅੰਦਰਲਾ ਬੱਚਾ ਮਰ ਗਿਆ। ਤੁਸੀਂ ਆਪਣੇ ਹੱਥੀਂ ਉਸ ਨੂੰ ਕਬਰਾਂ ਵਿਚ ਦਫ਼ਨਾ ਦਿੱਤਾ ਤਾਂ ਤੁਸੀਂ ਵੀ ਬੰਦਾ ਨਹੀਂ ਰਹਿਣਾ। ਸੰਵੇਦਨਾ ਸੰਗ ਜਿਊਣਾ ਅਤੇ ਜਿਉਂਦੇ ਅਹਿਸਾਸਾਂ ਨੂੰ ਕਰਮ-ਸ਼ੈਲੀ ਵਿਚ ਸੁਰਵੰਤ ਰੱਖਣ ਵਾਲੇ ਹੀ ਦਰਅਸਲ ਬੰਦੇ ਹੁੰਦੇ । ਅੰਦਰਲਾ ਬੱਚੇ ਮਰ ਜਾਵੇ ਤਾਂ ਬੰਦਾ ਮਰਦਾ, ਉਸ ਦੀ ਬੰਦਿਆਈ ਮਰਦੀ, ਬਚਪਨੀ ਭਾਵਨਾਵਾਂ ਰਾਖ਼ ਹੋ ਜਾਂਦੀਆਂ। ਫਿਰ ਬੰਦੇ ਦੇ ਪੁਨਰ ਸੰਜੀਵ ਦੀ ਕੋਈ ਵੀ ਸੰਭਾਵਨਾ ਨਹੀਂ ਰਹਿੰਦੀ।
ਯਾਰਾ! ਆਪਣੇ ਅੰਦਰਲੇ ਬੱਚੇ ਨੂੰ ਹਮੇਸ਼ਾ ਜਿਊਂਦਾ ਰੱਖੀਂ। ਜ਼ਿਆਦਾ ਸਿਆਣਪ, ਸੰਜਮ, ਸਰਫ਼ਾ ਅਤੇ ਸਮਝਦਾਰੀ ਜੀਵਨ ਨੂੰ ਬੇਰੰਗ ਵੀ ਕਰ ਦਿੰਦੀ ਆ।
ਬੱਚੇ ਵਰਗੇ ਬੇਤਕੱਲਫ਼ੀ ਬੋਲਾਂ ਵਰਗੀ ਸਚਾਈ, ਉਸ ਦੀਆਂ ਭਾਵਨਾਵਾਂ ਵਰਗੀ ਮਾਨਵੀ ਸੰਵੇਦਨਾ ਬੰਦੇ ਵਿਚ ਜਿਊਂਦੀ ਰਹੇ ਤਾਂ ਬੰਦੇ ਵੀ ਜਿਉਂਦੇ ਜੀਅ ਲਾਸ਼ ਨਹੀਂ ਬਣਦਾ।
ਕਈ ਵਾਰ ਬਾਹਰੋਂ ਕਠੋਰ ਦਿਲ ਅਤੇ ਸਖ਼ਤ ਸੁਭਾ ਵਾਲਾ ਬੰਦਾ ਵੀ ਅੰਦਰੋਂ ਇਕ ਬੱਚੇ ਵਰਗਾ ਹੁੰਦਾ ਕਿਉਂਕਿ ਉਸ ਨੇ ਬਾਹਰੀ ਕੁੜੱਤਣ ਦੇ ਬਾਵਜੂਦ ਵੀ ਆਪਣੇ ਅੰਦਰਲੇ ਬੱਚੇ ਨੂੰ ਸਦਾ ਲਾਡ ਹੀ ਲਡਾਏ ਅਤੇ ਉਸ ਨੂੰ ਜਿਊਂਦਾ ਰੱਖਿਆ।
ਕਦੇ ਸੋਚਿਆ! ਤੁਹਾਡੇ ਅੰਦਰ ਬੈਠਾ ਬੱਚਾ ਤੁਹਾਡੇ ਨਾਲ ਖੇਡਣਾ ਚਾਹੁੰਦਾ। ਹੱਸਣਾ ਤੇ ਹਸਾਉਣਾ ਚਾਹੁੰਦਾ। ਪਿਆਰ ਕਰਨਾ ਅਤੇ ਪਿਆਰ ਮਾਣਨਾ ਚਾਹੁੰਦਾ। ਨਿੱਕੀਆਂ ਸ਼ਰਾਰਤਾਂ ਵਿਚ ਉਲਝਾਉਣਾ ਚਾਹੁੰਦਾ। ਤੁਹਾਡੇ ਨਾਲ ਤੋਤਲੀਆਂ ਗੱਲਾਂ ਕਰਨਾ ਚਾਹੁੰਦਾ। ਪਰੀਆਂ ਦੀਆਂ ਕਹਾਣੀਆਂ ਅਤੇ ਚੰਦਾ ਮਾਮਾ ਦੀਆਂ ਬਾਤਾਂ ਸੁਣਨ ਲਈ ਉਤੇਜਿਤ। ਰਾਜੇ-ਰਾਣੀਆਂ ਦੇ ਕਿੱਸੇ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣਨ ਲਈ ਬੇਤਾਬ। ਕੀ ਤੁਸੀਂ ਕਦੇ ਕੋਈ ਸਮਾਂ ਕੱਢਿਆ ਕਿ ਆਪਣੇ ਅੰਦਰਲੇ ਬੱਚੇ ਦੀਆਂ ਲੋੜਾਂ ਅਤੇ ਤਮੰਨਾ ਦੀ ਪੂਰਤੀ ਵੱਲ ਕੁਝ ਤਵੱਜੋ ਦੇ, ਕੁਝ ਸਮੇਂ ਲਈ ਬੱਚਾ ਹੀ ਬਣਿਆ ਹੋਵੇ।
‘ਕੇਰਾਂ ਮੈਂ ਬੱਚੇ ਦੇ ਅੰਗ-ਸੰਗ ਨਿਮਨ ਅਹਿਸਾਸਾਂ ਨੂੰ ਮਾਣਿਆ;
ਮੈਂ ਸੋਫ਼ੇ ‘ਤੇ ਅੱਧ-ਲੇਟਿਆਂ ਹਾਂ
ਬੱਚੀ ਮੇਰੇ ਉੱਪਰ ਘੂਕ ਸੁੱਤੀ ਪਈ ਹੈ
ਮੇਰੀ ਛਾਤੀ ਉਸ ਦਾ ਉਦਾਸ ਵਿਛੌਣਾ
ਤੇ ਮੋਢਾ ਸਿਰ ਦਾ ਸਿਰਹਾਣਾ
ਉਸ ਦੀ ਮਲੂਕ ਬਾਂਹਾਂ ਦੀ ਕੁਰੰਗੜੀ
ਮੇਰੇ ਗਲ਼ ਦੁਆਲੇ ਫੁੱਲਾਂ ਦਾ ਹਾਰ
ਉਸ ਦਾ ਹਰ ਸਾਹ ਬਣ ਰਿਹਾ ਮੇਰੀ ਧੜਕਣ
ਉਸ ਦੇ ਚਿਹਰੇ ਦੀ ਮਸੂਮੀਅਤ
ਮੇਰੀ ਕੁਰੱਖਤਾ ਲਈ ਸਬਕ
ਉਸ ਦੀ ਗੂੜ੍ਹੀ ਨੀਂਦ ਦਾ ਪ੍ਰਤਾਪ
ਮੇਰੀ ਭਟਕਣ ਨੂੰ ਵਿਰਾਮ
ਉਸ ਦੀ ਬਚਪਨੀ ਅਲੋਕਾਰਤਾ
ਮੇਰਾ ਮਖੌਟਾ ਉਤਾਰਦੀ
ਤੇ ਉਸ ਦੀ ਕੋਮਲਤਾ ਦਾ ਜਲੌ
ਮੇਰੇ ਅੰਤਰੀਵ ਦੀ ਰੌਸ਼ਨੀ।

ਬੱਚੀ ਨੂੰ ਸੁੱਤਿਆਂ ਦੇਖ
ਮੇਰਾ ਬਚਪਣਾ ਪਰਤਿਆ
ਜਾਪਿਆ ਮੈਂ ਬਾਪ ਦੀ ਗੋਦ ‘ਚ
ਨੀਂਦ ਦੇ ਹਿਲੋਰੇ ਮਾਣ ਰਿਹਾ ਹੋਵਾਂ।

ਬੱਚੀ ਜਾਗ ਪੈਂਦੀ ਹੈ
ਮੇਰਾ ਬਚਪਨੀ ਤਲਿੱਸਮ ਟੁੱਟ ਜਾਂਦਾ ਹੈ
ਤੇ
ਮੈਂ ਫਿਰ ਬਜ਼ੁਰਗ ਬਣ ਜਾਂਦਾ ਹਾਂ।
ਸਮਾਜ ਵਿਚ ਵਿਚਰਦਿਆਂ ਉਹ ਹੀ ਵਿਅਕਤੀ ਆਮ ਲੋਕਾਂ ਵਿਚ ਹਰਮਨ ਪਿਆਰਾ ਹੁੰਦਾ ਜੋ ਅੰਦਰਲੇ ਬੱਚੇ ਨੂੰ ਬੇਪਨਾਹ ਮੁਹੱਬਤ ਕਰਦਾ ਅਤੇ ਉਸ ਨੂੰ ਆਪਣੀ ਗਲਵੱਕੜੀ ਦਾ ਨਿੱਘ ਦਿੰਦਾ।
ਮਰਦ-ਔਰਤ ਦੇ ਪਿਆਰ ਵਿਚ ਮਰਦ ਦੇ ਅੰਦਰ ਬੈਠਾ ਉਹ ਬੱਚਾ ਹੀ ਹੁੰਦਾ ਜੋ ਇਸ ਮੁਹੱਬਤ ਦੀ ਸ਼ੁਰੂਆਤ ਕਰਦਾ ਅਤੇ ਪਿਆਰ ਕਹਾਣੀ ਦਾ ਸਿਖਰ ਬਣਦਾ।
ਦਰਅਸਲ ਤੁਹਾਡੀ ਰੂਹ ਦਾ ਹਾਣੀ ਹੀ ਅਜਿਹਾ ਵਿਅਕਤੀ ਹੁੰਦਾ ਜੋ ਤੁਹਾਡੇ ਅੰਦਰਲੇ ਬੱਚੇ ਦੀ ਪਛਾਣ ਕਰਦਾ। ਉਹ ਤੁਹਾਡੇ ਮਨ ਵਿਚ ਅਜਿਹਾ ਅਹਿਸਾਸ ਪੈਦਾ ਕਰਦਾ ਕਿ ਤੁਹਾਡੇ ਅੰਦਰਲੇ ਬੱਚਾ ਖ਼ੁਦ ਬਖ਼ੁਦ ਹੀ ਪ੍ਰਗਟ ਹੋ ਜਾਂਦਾ।
ਬੰਦੇ ਦੇ ਅੰਦਰਲੇ ਬੱਚੇ ਨੂੰ ਹੀ ਇਹ ਸਮਝ ਹੁੰਦੀ ਕਿ ਪ੍ਰੇਸ਼ਾਨੀਆਂ ਭਾਵੇਂ ਕਿੰਨੀਆਂ ਵੀ ਹੋਣ, ਮੁਸਕਰਾਉਣ ਦਾ ਤਾਂ ਕੋਈ ਮੁੱਲ ਨਹੀਂ ਹੁੰਦਾ।
ਮੈਂ ਹਰ ਰੋਜ਼ ਅੰਦਰਲੇ ਬੱਚੇ ਨੂੰ ਮਿਲਦਾਂ
ਹਾਲ-ਚਾਲ ਪੁੱਛਦਾ
ਉਹ ਮੇਰੇ ਨਾਲ ਹੱਸਦਾ ਤੇ ਹਸਾਉਂਦਾ
ਥੱਕੇ ਹਾਰੇ ਨੂੰ ਵੀ ਖਿਡਾਉਂਦਾ
ਚਿੰਤਾਵਾਂ ਅਤੇ ਫ਼ਿਕਰਾਂ ਨੂੰ ਘਟਾਉਂਦਾ
ਪ੍ਰੇਸ਼ਾਨੀਆਂ ਵਿਚ ਮੁਸਕਰਾਉਂਦਾ
ਨਕਾਮੀਆਂ ਦਾ ਦਰਦ ਘਟਾਉਂਦਾ
ਦੀਦਿਆਂ ਵਿਚ ਸੁਪਨਿਆਂ ਦਾ ਜਾਗ ਲਾਉਂਦਾ
ਥੱਕੇ ਕਦਮਾਂ ਦੇ ਨਾਵੇਂ ਜੋਸ਼ ਲਾਉਂਦਾ
ਹਨੇਰੀਆਂ ਰਾਤਾਂ ਵਿਚ ਚਿਰਾਗ਼ ਜਗਾਉਂਦਾ
ਰੋਸਿਆਂ, ਤੇ ਸ਼ਿਕਵਿਆਂ ਦੀ ਥਾਵੇਂ
ਸ਼ੁਕਰਗੁਜ਼ਾਰੀ ਦਾ ਨਾਦ ਗੁੰਜਾਉਂਦਾ
ਮਨ ਦੀ ਤਿੜਕਣ ‘ਚ ਢਾਰਸ ਬੰਨ੍ਹਾਉਂਦਾ
ਡਿੱਗੇ ਪਏ ਨੂੰ ਉਠਾਉਂਦਾ
ਸੁੱਤੇ ਪਏ ਨੂੰ ਜਗਾਉਂਦਾ
ਤੇ ਮੈਂ ਜ਼ਿੰਦਗੀ ਦੀ ਜੰਗ ਜਿੱਤ ਲੈਂਦਾ
ਕਿਉਂਕਿ ਬੱਚੇ ਕਦੇ ਵੀ ਹਾਰਦੇ ਨਹੀਂ।
ਆਪਣੇ ਅੰਦਰਲੇ ਬੱਚੇ ਨੂੰ ਮਿਲਿਆਂ ਹੀ ਪਤਾ ਲੱਗਦਾ ਕਿ ਭੁੱਖੇ ਢਿੱਡ ਨੱਚਿਆ ਟੱਪਿਆ ਜਾ ਸਕਦਾ। ਨੰਗੇ ਪਿੰਡੇ ਧੁੱਪ ਵੀ ਸੇਕੀ ਜਾ ਸਕਦੀ ਹੈ ਤੇ ਠੰਢ ਵੀ ਕੁਝ ਨਹੀਂ ਵਿਗਾੜਦੀ। ਮੀਂਹ ਵਿਚ ਭਿੱਜਦਿਆਂ ਛੱਤਰੀ ਦਾ ਚਿੱਤ-ਚੇਤਾ ਹੀ ਨਹੀਂ ਹੁੰਦਾ। ਮਾਪਿਆਂ ਦੀ ਝਿੜਕਾਂ ਵਿਚ ਵੀ ਜੀਵਨ ਬਹੁ-ਰੰਗੀਂ। ਬੇਫ਼ਿਕਰੀ ਦੇ ਆਲਮ ਵਿਚ ਆਪਣਾ ਹੀ ਅਸਮਾਨ ਹੁੰਦਾ। ਸਾਰੀ ਧਰਤੀ ਆਪਣੀ। ਬੱਚੇ ਤਾਂ ਪੌਣ ਨੂੰ ਪੱਲੇ ਨਾਲ ਬੰਨ੍ਹੀਂ ਰੱਖਦੇ ਅਤੇ ਰੱਬ ਨੂੰ ਆਪਣਾ ਸੇਵਾਦਾਰ ਬਣਾ ਲੈਂਦੇ। ਆਪਣੇ ਅੰਦਰਲੇ ਬੱਚੇ ਦੀਆਂ ਸੁੱਖਾਂ ਸੁੱਖਿਆ ਕਰੋ, ਤੁਸੀਂ ਸੁੱਖੀ ਵਸੋਗੇ।
ਬੰਦਿਆ! ਅੰਦਰਲੇ ਬੱਚੇ ਨੂੰ ਹਰਦਮ ਖ਼ੁਸ਼ ਰੱਖਿਆ ਕਰ। ਉਸ ਤੋਂ ਹਰ ਮੋੜ ਤੇ ਕੁਝ ਨਾ ਕੁਝ ਸਿੱਖਿਆ ਕਰ। ਉਸ ਦੀਆਂ ਆਦਤਾਂ, ਤੱਕਣੀ, ਦਰਿਆ-ਦਿਲੀ ਅਤੇ ਖੁੱਲ੍ਹਦਿਲੀ ਨੂੰ ਨਜ਼ਰ-ਅੰਦਾਜ਼ ਨਾ ਕਰਿਆ ਕਰ। ਬੱਚੇ ਵਰਗੀ ਜ਼ਿੰਦਗੀ ਜਿਊਣ ਵਾਲੇ ਦਰਅਸਲ ਜੀਵਨ ਦੇ ਸ਼ਾਹ-ਅਸਵਾਰ।
ਬੰਦਾ ਹੁੰਦਿਆਂ ਵੀ ਬੱਚਾ ਬਣੇ ਰਹਿਣਾ, ਜੀਵਨ ਦੀ ਸਭ ਤੋਂ ਵੱਡੀ ਉਪਲਬਧੀ।