ਨਵੀਂ ਦਿੱਲੀ: ‘ਆਪ’ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 15 ਗਾਰੰਟੀਆਂ ਦਾ ਐਲਾਨ ਕੀਤਾ ਹੈ, ਜਿਸ ਵਿਚ ਰੁਜ਼ਗਾਰ ਦੀ ਗਾਰੰਟੀ, ਮਹਿਲਾ ਸਨਮਾਨ ਯੋਜਨਾ, ਸੰਜੀਵਨੀ ਯੋਜਨਾ ਸਮੇਤ ਹੋਰ ਸਹੂਲਤਾਂ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਮੁਖੀ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ
ਜੇਕਰ ਉਨ੍ਹਾਂ ਦੀ ਸਰਕਾਰ ਬਣੀ ਤਾਂ ਇਨ੍ਹਾਂ 15 ਗਾਰੰਟੀਆਂ ਦੇ ਇਲਾਵਾ ‘6 ਰਿਉੜੀਆਂ’ ਵੀ ਮਿਲਦੀਆਂ ਰਹਿਣਗੀਆਂ। ਹਾਲਾਂਕਿ ਇਸ ਦੌਰਾਨ ਕੇਜਰੀਵਾਲ ਨੇ 2020 ‘ਚ ਕੀਤੇ ਗਏ ਕੁਝ ਵਾਅਦੇ ਪੂਰੇ ਨਾ ਕਰ ਸਕਣ ਲਈ ਜਨਤਾ ਕੋਲੋਂ ਮੁਆਫ਼ੀ ਵੀ ਮੰਗੀ ਤੇ ਕਿਹਾ ਕਿ ਉਹ ਅੱਜ ਕਬੂਲ ਕਰ ਰਹੇ ਹਨ ਕਿ ਪਿਛਲੇ 5 ਸਾਲ ‘ਚ ਉਹ ਇਹ ਵਾਅਦੇ ਪੂਰੇ ਨਹੀਂ ਕਰ ਸਕੇ, ਕਿਉਂਕਿ ਢਾਈ ਸਾਲ ਕੋਰੋਨਾ ਦਾ ਸਮਾਂ ਰਿਹਾ ਅਤੇ ਬਾਅਦ ਵਿਚ ਉਨ੍ਹਾਂ (ਕੇਂਦਰ) ਨੇ ਜੇਲ੍ਹ-ਜੇਲ੍ਹ ਦੀ ਖੇਡ ਖੇਡੀ, ਜਿਸ ਕਾਰਨ ਸਾਡੀ ਟੀਮ ਖਿਲਰ ਗਈ।
ਉਨ੍ਹਾਂ ਕਿਹਾ ਕਿ ਹੁਣ ਅਸੀਂ ਸਾਰੇ ਜੇਲ੍ਹ ਤੋਂ ਬਾਹਰ ਆ ਗਏ ਹਾਂ ਅਤੇ ਸਾਡਾ ਸੁਪਨਾ ਹੈ ਕਿ ਪਿਛਲੇ ਜਿਹੜੇ ਵਾਅਦੇ ਅਸੀਂ ਪੂਰੇ ਨਹੀਂ ਕਰ ਸਕੇ, ਉਹ ਇਸ ਵਾਰੀ ਹਰ ਹਾਲਤ ‘ਚ ਪੂਰੇ ਕੀਤੇ ਜਾਣ।