ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦੀ ਦਾਸਤਾਨ ਹਮੇਸ਼ਾ ਹੀ ਬੇਹੱਦ ਗੁੰਝਲਦਾਰ ਰਹੀ ਹੈ। ਸਮੇਂ ਸਮੇਂ ਆਈਆਂ ਭਾਰਤ ਦੀਆਂ ਸਰਕਾਰਾਂ ਇਤਿਹਾਸ ਵਿਚ ਕਦੇ ਰੂਸ ਪ੍ਰਤੀ ਉਲਾਰ ਰਹੀਆਂ ਅਤੇ ਕਦੇ ਅਮਰੀਕਾ ਪ੍ਰਤੀ। ਆਮ ਤੌਰ `ਤੇ ਭਾਰਤ ਦੀਆਂ ਸਰਕਾਰਾਂ ਦਾ ਯਤਨ ਦੋਹਾਂ ਮਹਾ ਸ਼ਕਤੀਆਂ ਨਾਲ ਆਪਣੇ ਸੰਬੰਧਾਂ ਦਾ ਇਕੋ ਜਿਹਾ ਤਵਾਜ਼ਨ ਬਣਾਉਣ ਵਾਲਾ ਰਿਹਾ ਹੈ। ਪਰ ਕਦੇ ਕਦੇ ਇਹ ਝੋਲ ਏਧਰ ਜਾਂ ਓਧਰ ਵੀ ਹੁੰਦੀ ਰਹੀ ਹੈ।
ਤਾਜ਼ਾ ਘਟਨਾਕ੍ਰਮ ਦੀ ਰੌਸ਼ਨੀ ਵਿਚ ਅਮਰੀਕਾ ਨਾਲ ਭਾਰਤ ਦੇ ਸੰਬੰਧਾਂ ਉੱਤੇ ਨਜ਼ਰ ਟਿਕਾਈਏ ਤਾਂ ਇਸਦੇ ਕਈ ਪੱਖ ਉਜਾਗਰ ਹੋ ਰਹੇ ਹਨ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਕਈ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਭ ਤੋਂ ਜ਼ਿਆਦਾ ਚਰਚਾ ਇਸ ਗੱਲ ਦੀ ਹੈ ਕਿ ਅਮਰੀਕਾ ਵਿਚ ਵਸਣ ਵਾਲੇ ਭਾਰਤੀਆਂ ਨੂੰ ਮੁੜ ਕੇ ਉਨ੍ਹਾਂ ਦੀ ਜੰਮਣ ਭੋਂਇੰ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਕ ਨਵੀਂ ਬਹਿਸ ਛਿੜੀ ਹੈ ਕਿ ਇਸ ਤਰੀਕੇ ਨਾਲ ਜੇ ਟਰੰਪ ਪ੍ਰਸ਼ਾਸਨ ਆਉਂਦਿਆਂ ਹੀ ਸਖ਼ਤ ਫ਼ੈਸਲੇ ਲਵੇਗਾ ਤਾਂ ਭਾਰਤ ਨਾਲ ਸੰਬੰਧ ਕਿਵੇਂ ਸੁਖਾਲੇ ਰਹਿਣਗੇ? ਟਰੰਪ ਦੇ ਕੁਰਸੀ ਸਾਂਭਦਿਆਂ ਹੀ ਕਈ ਸਖ਼ਤ ਨੀਤੀਆਂ ਘੜੀਆਂ ਗਈਆਂ ਹਨ। ਇਨ੍ਹਾਂ ਵਿਚ ਦੂਜੇ ਮੁਲਕਾਂ ਦੇ ਲੋਕਾਂ ‘ਤੇ ਕਾਰਵਾਈ ਦੇ ਨਾਲ-ਨਾਲ ਦੇਸ਼ ‘ਚ ਵੱਖਵਾਦੀ ਵਿਚਾਰਾਂ ਵਾਲੀਆਂ ਜਥੇਬੰਦੀਆਂ, ਨਸ਼ਾ ਤਸਕਰਾਂ ‘ਤੇ ਕਾਰਵਾਈਆਂ ਵਰਗੇ ਕਰੜੇ ਫੈਸਲੇ ਵੀ ਲਏ ਗਏ ਹਨ ਪਰ ਭਾਰਤਵਾਸੀਆਂ ‘ਤੇ ਕਾਰਵਾਈਆਂ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਜੇਕਰ ਅਮਰੀਕਾ ਭਾਰਤੀਆਂ ‘ਤੇ ਕਾਰਵਾਈ ਕਰਦਾ ਹੈ ਤਾਂ ਉਸ ਲਈ ਭਾਰਤ ਪਹਿਲਾਂ ਤੋਂ ਹੀ ਤਿਆਰ ਹੈ। ਵਿਦੇਸ਼ ਮੰਤਰੀ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਕਾਰਵਾਈ ਦੀ ਮਾਰ ਹੇਠਾਂ ਆਉਣ ਵਾਲੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਬਾਰੇ ਗਿਣਤੀ ਸਪਸ਼ਟ ਨਹੀਂ ਹੈ। ਉਨ੍ਹਾਂ ਇਸ ਗੱਲ ਦਾ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਅਮਰੀਕਾ ਸਰਕਾਰ ਦੀ ਅਜੇਹੀ ਕਾਰਵਾਈ ਨਾਲ ਦੋਵਾਂ ਦੇਸ਼ਾਂ ਦੇ ਸੰਬੰਧ ਬਹੁਤੇ ਸੁਖਾਵੇਂ ਨਹੀਂ ਰਹਿਣਗੇ। ਇਹ ਚਰਚਾ ਹਾਲੇ ਚੱਲ ਹੀ ਰਹੀ ਹੈ ਤੇ ਇਸ ਵਿਚਾਲੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਵੀ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਵੀਡੀਓ ਵਿਚ ਭਾਰਤ ਵੱਲੋਂ ਐਲਾਨੇ ਵੱਖਵਾਦੀ ਤੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂੰ ਨੂੰ ਡੋਨਲਡ ਟਰੰਪ ਦੇ ਸਹੁੰ ਚੁੱਕ ਪ੍ਰੋਗਰਾਮ ਵਿਚ ਦੇਖਿਆ ਗਿਆ ਹੈ। ਵੀਡੀਓ ਵਿਚ ਪੰਨੂੰ ਸਾਫ਼ ਦਿਖਾਈ ਦੇ ਰਿਹਾ ਹੈ ਤੇ ਇਸ ਦੌਰਾਨ ਉਹ ਕੁਝ ਕਹਿ ਵੀ ਰਿਹਾ ਹੈ, ਜੋ ਫ਼ਿLਲਹਾਲ ਸਪਸ਼ਟ ਨਹੀਂ ਹੋ ਸਕਿਆ। ਪਰ ਇਸ ‘ਤੇ ਭਾਰਤ ਵੱਲੋਂ ਤਿੱਖੇ ਪ੍ਰਤੀਕਰਮ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਨੂੰ ਦੀ ਟਰੰਪ ਦੇ ਸਹੁੰ ਚੁੱਕ ਸਮਾਗਮ ਵਿਚ ਮੌਜੂਦਗੀ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਕੀ ਅਸਰ ਪਵੇਗਾ? ਇਹ ਤਾਂ ਆਉਣ ਵਾਲੇ ਦਿਨਾਂ ਵਿਚ ਹੀ ਸਪਸ਼ਟ ਹੋਵੇਗਾ।
ਪਿਛਲੇ ਸਾਲ ਪੰਨੂੰ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮਾਮਲੇ ਦੀ ਜਾਂਚ ਲਈ ਅਮਰੀਕਾ ਤੋਂ ਇਕ ਵਿਸ਼ੇਸ਼ ਜਾਂਚ ਟੀਮ ਭਾਰਤ ਵੀ ਆ ਚੁੱਕੀ ਹੈ। ਇਸ ਬਾਰੇ ਬਾਕਾਇਦਾ ਭਾਰਤੀ ਗ੍ਰਹਿ ਮੰਤਰਾਲੇ ਨੇ ਅਮਰੀਕੀ ਪ੍ਰਸ਼ਾਸਨ ਵੱਲੋਂ ਅਪਰਾਧਕ ਗਰੁੱਪਾਂ, ਅੱਤਵਾਦੀ ਜਥੇਬੰਦੀਆਂ ਤੇ ਡਰੱਗਜ਼ ਮਾਫ਼ੀਆ ਬਾਰੇ ਜਾਣਕਾਰੀ ਉਨ੍ਹਾਂ ਦੀ ਜਾਂਚ ਕਮੇਟੀ ਨੂੰ ਸੌਂਪ ਦਿੱਤੀ ਸੀ। ਇਹ ਉਹ ਸਮਾਂ ਸੀ ਜਦੋਂ ਦੋਵਾਂ ਦੇਸ਼ਾਂ ਵਿਚ ਮਾਹੌਲ ਤਣਾਅ ਵਾਲਾ ਸੀ। ਇਸ ਤੋਂ ਇਲਾਵਾ ਭਾਰਤ ਦੇ ਕੈਨੇਡਾ ਨਾਲ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਵੀ ਸੰਬੰਧ ਖ਼ਰਾਬ ਰਹੇ ਹਨ। ਹਾਲਾਂਕਿ, ਅਮਰੀਕਾ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਇਸ ਗੱਲ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਭਾਰਤ ਤੇ ਅਮਰੀਕਾ ਦੇ ਸੰਬੰਧ ਸੁਖਾਵੇਂ ਹੋਣਗੇ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੀ ਦੋਸਤੀ ਤੇ ਗਲਵੱਕੜੀ ਵਾਲੀਆਂ ਤਸਵੀਰਾਂ ਵੀ ਖੂਬ ਵਾਇਰਲ ਹੁੰਦੀਆਂ ਰਹੀਆਂ ਹਨ, ਪਰ ਹੁਣ ਪੰਨੂੰ ਦੇ ਇਸ ਤਰ੍ਹਾਂ ਟਰੰਪ ਦੇ ਸਹੁੰ ਚੁੱਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੀ ਵੀਡੀਓ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਤਰ੍ਹਾਂ ਘੱਟੋ-ਘੱਟ ਇਹ ਆਸ ਨਹੀਂ ਰੱਖੀ ਜਾ ਸਕਦੀ ਕਿ ਭਾਰਤ ਨਾਲ ਅਮਰੀਕਾ ਦੀ ਦੋਸਤੀ ਨੂੰ ਕੋਈ ਧੱਕਾ ਨਹੀਂ ਲੱਗੇਗਾ। ਇਸ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਆਪਣੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਵਿਦੇਸ਼ੀਆਂ ਦੇ ਅਮਰੀਕਾ ਵਿਚ ਵਸੇਵੇਂ ਅਤੇ ਸਿਰਫ਼ ਔਰਤ-ਮਰਦ ਵਸੇਵੇਂ ਸਮੇਤ ਟਰੰਪ ਸਰਕਾਰ ਵਲੋਂ ਕੀਤੇ ਗਏ ਤਾਬੜਤੋੜ ਫੈਸਲਿਆਂ ਪ੍ਰਤੀ ਲੋਕਾਂ ਵਿਚ ਪੈਦਾ ਹੋ ਰਹੀ ਹੜਬੜੀ ਅਤੇ ਅਮਰੀਕੀ ਅਦਾਲਤ ਵਲੋਂ ਕੁਝ ਫੈਸਲਿਆਂ ਉਤੇ ਲਗਾਈ ਗਈ ਰੋਕ ਸਾਬਤ ਕਰਦੀ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਵ੍ਹਾਈਟ ਹਾਊਸ ਵਿਚ ਪ੍ਰਵੇਸ਼ ਕਰਨ ਉਪਰੰਤ ਜਿੰਨੇ ਕਾਹਲੇ ਕਦਮੀਂ ਤੁਰਨ ਲੱਗ ਪਏ ਹਨ, ਏਨੇ ਕਾਹਲੇ ਤੁਰਨ ਦੇ ਰਾਹ ਵਿਚ ਅਜੇ ਬਹੁਤ ਰੁਕਾਵਟਾਂ ਹਨ। ਅਮਰੀਕਾ ਦੀਆਂ ਅੰਦਰੂਨੀ ਰੁਕਾਵਟਾਂ ਨਾਲ ਨਜਿੱਠਣ ਦੇ ਨਾਲ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਯੂਕਰੇਨ-ਰੂਸ ਜੰਗ, ਸੀਰੀਆ ਦੀ ਸਥਿਤੀ, ਇਜ਼ਰਾਈਲ-ਹਮਾਸ ਜੰਗ ਵਰਗੇ ਮਸਲਿਆਂ ਨਾਲ ਵੀ ਸਿੱਝਣਾ ਪੈਣਾ ਹੈ।